ਨਿਹਾਲ ਸਿੰਘ ਵਾਲਾ, ਜੂਨ 2019 ਬੀਤੇ ਦਿਨੀਂ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਦੀ 62 ਸਾਲਾ ਅੰਮ੍ਰਿਤਧਾਰੀ ਔਰਤ ਨੂੰ ਉਸ ਦੇ ਆਪਣਿਆਂ ਵੱਲੋਂ ਹੀ ਨਿਰਵਸਤਰ ਕਰਨ ਅਤੇ ਕਥਿਤ ਰੂਪ ਵਿੱਚ ਵੀਡੀਓ ਬਣਾਈ ਗਈ ਸੀ। ਸਿੱਖ ਜਥੇਬੰਦੀਆਂ ਨੇ ਅੰਮ੍ਰਿਤਧਾਰੀ ਔਰਤ ਦੇ ਮਾਮਲੇ ਵਿੱਚ ਕਕਾਰਾਂ ਦੀ ਬੇਅਦਬੀ ਦੀ ਧਾਰਾ ਸ਼ਾਮਲ ਕਰਵਾਉਣ ਲਈ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਪਿੰਡ ਮਾਣੂੰਕੇ ਦੀ 62 ਸਾਲਾ ਬਜ਼ੁਰਗ ਅੰਮ੍ਰਿਤਧਾਰੀ ਔਰਤ ਦੇ ਪਤੀ ਦੇ ਭਰਾ, ਭਰਜਾਈ, ਭੈਣ ਆਦਿ ਅੱਠ ਵਿਅਕਤੀਆਂ ਨੇ ਵਿਰਾਸਤੀ ਪੈਲੀ ਹੜੱਪਣ ਲਈ ਬਜ਼ੁਰਗ ਮਾਤਾ ਨੂੰ ਕੁੱਟਮਾਰ ਕਰਦਿਆਂ ਖਿੱਚ-ਧੂਹ ਕੀਤੀ ਤੇ ਨਿਰਵਸਤਰ ਕਰਕੇ ਵੀਡੀਓ ਬਣਾਈ। ਇਸ ਸ਼ਰਮਨਾਕ ਘਟਨਾ ਬਾਰੇ ਸਿੱਖ ਜਥੇਬੰਦੀਆਂ ਤੇ ਹੋਰ ਲੋਕਾਂ ਨੂੰ ਪਤਾ ਲੱਗਣ ’ਤੇ ਰੋਸ ਦੀ ਲਹਿਰ ਫ਼ੈਲ ਗਈ। ਪੁਲੀਸ ਨੇ ਪ੍ਰੀਤਮ ਕੌਰ ਦੇ ਬਿਆਨਾਂ ’ਤੇ ਅੱਠ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਸੀ। ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਮੱਖਣ ਸਿੰਘ ਖਾਲਸਾ, ਮੰਗਲ ਸਿੰਘ ਭੋਡੀਪੁਰਾ, ਵਜੀਰ ਸਿੰਘ ਕੋਇਰ ਸਿੰਘ ਵਾਲਾ ਨੇ ਨਵ ਨਿਯੁਕਤ ਥਾਣਾ ਮੁਖੀ ਨੂੰ ਮਿਲੇ ਅਤੇ ਦੋਸ਼ੀਆਂ ਖ਼ਿਲਾਫ਼ ਕੇਸ ਕਕਾਰਾਂ ਦੀ ਬੇਅਦਬੀ ਕਰਨ ਵਾਲੀ ਧਾਰਾ 295 ਲਗਾਉਣ ਲਈ ਮਹਿਕਮੇਂ ਵੱਲੋਂ ਢਿੱਲ ਮੱਠ ਕਰਨ ’ਤੇ ਸਖਤ ਕਾਰਵਾਈ ਕਰਵਾਉਣ ਲਈ ਦੋ ਦਿਨ ਦਾ ਸਮਾਂ ਦੇ ਕੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।