ਮਾਨਸਾ, ਜੂਨ 2019 ਮਾਨਸਾ ਨਜ਼ਦੀਕ ਗੁਜ਼ਰਦੇ ਜਵਾਹਰਕੇ ਸੂਏ ਰਾਹੀਂ ਜੋ ਮਾਨਸਾ ਦੇ ਵਾਟਰ ਵਰਕਸ ਨੂੰ ਅਤੇ ਜਿਲ੍ਹੇ ਦੇ ਪਿੰਡਾਂ ਦੇ ਵਾਟਰ ਵਰਕਸਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਹੁੰਦਾ ਹੈ, ਇਹ ਪਾਣੀ ਬਹੁਤ ਪ੍ਰਦੂਸ਼ਿਤ ਹੋ ਚੁੱਕਾ ਹੈ। ਇਹ ਮਸਲਾ ਕਈ ਵਾਰ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਮਾਨਸਾ ਸ਼ਹਿਰ ਅਤੇ ਜਿਲ੍ਹੇ ਦੇ ਵਸਨੀਕਾਂ ਨੂੰ ਗੰਦਾ ਪਾਣੀ ਪੀਣ ਲਈ ਮਜ਼ਬੂਰ ਹੋਣ ਪੈ ਰਿਹਾ ਹੈ। ਪ੍ਰੈਸ ਦੇ ਨਾਮ ਜਾਰੀ ਸੰਦੇਸ਼ ਵਿੱਚ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਮੰਗ ਕੀਤੀ ਕਿ ਇਹ ਗੰਦਾ ਪਾਣੀ ਇਸ ਸੂਏ ਵਿੱਚ ਪੈਣ ਤੋਂ ਤੁਰੰਤ ਰੋਕਿਆ ਜਾਵੇ ਅਤੇ ਵਾਟਰ ਵਰਕਸ ਮਾਨਸਾ ਦੇ ਨਾਲ ਨਾਲ ਹੋਰਨਾਂ ਪੇਂਡੂ ਖੇਤਰਾਂ ਦੀਆਂ ਡਿੱਗੀਆਂ ਦੀ ਵੀ ਸਫਾਈ ਕਰਵਾਈ ਜਾਵੇ ਤਾਂ ਕਿ ਲੋਕਾਂ ਨੂੰ ਸਾਫ ਪਾਣੀ ਉਪਲੱਬਧ ਹੋ ਸਕੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪਾਣੀ ਦੀ ਸੁਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਪੀਲੀਏ, ਡੇਂਗੂ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਗਰ ਦੂਸ਼ਿਤ ਪਾਣੀ ਦੀ ਸਪਲਾਈ ਨਾਲ ਪਬਲਿਕ ਨੂੰ ਕਿਸੇ ਅਜਿਹੀ ਬਿਮਾਰੀ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਪ੍ਰਤੀ ਨਗਰ ਕੌਂਸਲ ਅਤੇ ਜਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਹੋਣਗੇ। ਇਸ ਮੌਕੇ ਜਿਹੜਾ ਗੰਦਾ ਪਾਣੀ ਵਾਟਰ ਵਰਕਸ ਦੀ ਡਿੱਗੀ ਵਿੱਚ ਰਲਿਆ ਹੋਇਆ ਹੈ, ਉਹ ਤੁਰੰਤ ਕਢਵਾ ਕੇ ਡਿੱਗੀਆਂ ਅਤੇ ਪਾਈਪ ਲਾਇਨਾਂ ਦੀ ਸਫਾਈ ਕਰਵਾਈ ਜਾਵੇ। ਇਸਦੇ ਨਾਲ ਹੀ ਜਿਹੜੇ ਵਿਅਕਤੀ ਇਸ ਗੰਦੇ ਪਾਣੀ ਨੂੰ ਸੂਏ ਵਿੱਚ ਪਾਉਦੇ ਹਨ, ਉਨ੍ਹਾਂ ਖਿਲਾਫ ਵੀ ਬਣਦੀ ਫੌਜਦਾਰੀ ਕਾਰਵਾਈ ਕੀਤੀ ਜਾਵੇ ਅਤੇ ਅਣਗਹਿਲੀ ਕਰਨ ਵਾਲੇ ਦੋਸ਼ੀ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ।