ਅੰਮ੍ਰਿਤਸਰ, ਅਕਤੂਬਰ 2020 - (ਜਸਮੇਲ ਗਾਲਿਬ / ਮਨਜਿੰਦਰ ਗਿੱਲ )- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਮਨਾਈ ਗਈ ਬਰਸੀ ਮੌਕੇ ਉਸ ਵੇਲੇ ਤਕਰਾਰ ਪੈਦਾ ਹੋ ਗਿਆ, ਜਦੋਂ ਸਮਾਗਮ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰਨਾਂ ਅੰਤ੍ਰਿੰਗ ਕਮੇਟੀ ਮੈਂਬਰ ਸ਼ਾਮਲ ਹੋਣ ਪਹੁੰਚੇ। ਅਕਾਲ ਫੈਡਰੇਸ਼ਨ ਦੇ ਮੁਖੀ ਭਾਈ ਨਰੈਣ ਸਿੰਘ ਚੌੜਾ ਨੇ ਇਤਰਾਜ਼ ਪ੍ਰਗਟਾਇਆ। ਭਾਈ ਕੌੜਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਮੁਤਾਬਕ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਜਨਤਕ ਸਮਾਗਮਾਂ 'ਚ ਜਾਣ ਦੀ ਮਨਾਹੀ ਹੈ, ਜਦੋਂਕਿ ਭਾਈ ਲੌਂਗੋਵਾਲ ਤੇ ਉਨ੍ਹਾਂ ਦੇ ਸਾਥੀਆਂ ਦਾ ਕਹਿਣਾ ਸੀ ਕਿ ਜਨਤਕ ਸਮਾਗਮਾਂ 'ਚ ਜਾਣ ਦੀ ਮਨਾਹੀ ਨਹੀਂ, ਸਿਰਫ਼ ਇਕ ਮਹੀਨਾ ਸਮਾਗਮਾਂ ਨੂੰ ਸੰਬੋਧਨ ਕਰਨ ਦੀ ਮਨਾਹੀ ਹੈ। ਕੁਝ ਸਮੇਂ ਦੀ ਬਹਿਸ ਉਪਰੰਤ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ 'ਤੇ ਛੱਡ ਦਿੱਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਲੰਮੇ ਅਰਸੇ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਭਾਈ ਜਿੰਦਾ ਤੇ ਭਾਈ ਸੁੱਖਾ ਦੇ ਬਰਸੀ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਸਨ, ਜਿਸ 'ਤੇ ਦਲ ਖ਼ਾਲਸਾ ਸਮੇਤ ਕੁਝ ਗਰਮ ਖ਼ਿਆਲੀ ਜਥੇਬੰਦੀਆਂ ਵਲੋਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ।