ਵਾਸ਼ਿੰਗਟਨ — ਬ੍ਰੈਗਜ਼ਿਟ ਮਤਲਬ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਦੀ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਯੋਜਨਾ ਨੂੰ ਸੰਸਦ ਦੀ ਮਨਜ਼ੂਰੀ ਨਹੀ ਮਿਲ ਪਾਈ। ਥੈਰੇਸਾ ਮੇਅ ਦੀ ਯੋਜਨਾ ਨੂੰ 432 ਸੰਸਦੀ ਮੈਂਬਰਾਂ ਨੇ ਖਾਰਿਜ ਕਰ ਦਿੱਤਾ ਅਤੇ ਉਨ੍ਹਾਂ ਨੂੰ ਸਿਰਫ 202 ਸੰਸਦੀ ਮੈਂਬਰਾਂ ਦਾ ਸਮਰਥਨ ਮਿਲ ਸਕਿਆ। ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਯੋਜਨਾ ਨੂੰ ਮਿਲੀ ਇਸ ਇਤਿਹਾਸਕ ਹਾਰ ਤੋਂ ਬਾਅਦ ਵਿਰੋਧੀ ਧਿਰ ਲੇਬਰ ਪਾਰਟੀ ਨੇ ਸਰਕਾਰ ਖਿਲਾਫ ਅਵਿਸ਼ਵਾਸ ਮਤ ਦਾ ਪ੍ਰਸਤਾਵ ਦਿੱਤਾ ਹੈ। ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੋਰਬਿਨ ਨੇ ਆਖਿਆ ਕਿ ਸੰਸਦੀ ਨੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੇ ਬ੍ਰੈਗਜ਼ਿਟ ਸਮਝੌਤੇ ਨੂੰ ਖਾਰਿਜ ਕੀਤਾ ਹੈ, ਉਸ ਤੋਂ ਸਾਫ ਹੈ ਕਿ ਸਰਕਾਰ ਨੇ ਸਦਨ ਦਾ ਵਿਸ਼ਵਾਸ਼ ਖੋਹ ਦਿੱਤਾ ਹੈ। ਉਨ੍ਹਾਂ ਨੇ ਸਰਕਾਰ ਖਿਲਾਫ ਅਵਿਸ਼ਵਾਸ ਦਾ ਪ੍ਰਸਤਾਵ ਜਿਸ 'ਤੇ ਬੁੱਧਵਾਰ ਨੂੰ ਬਹਿਸ ਹੋ ਸਕਦੀ ਹੈ।
ਬ੍ਰੈਗਜ਼ਿਟ ਡੀਲ 'ਤੇ ਮਿਲੀ ਇੰਨੀ ਵੱਡੀ ਹਾਰ ਤੋਂ ਬਾਅਦ ਥੈਰੇਸਾ ਮੇਅ ਦੇ ਸਿਆਸੀ ਭਵਿੱਖ 'ਤੇ ਸਵਾਲ ਉੱਠਣ ਲੱਗੇ ਹਨ। ਜੇਕਰ ਬੁੱਧਵਾਰ ਨੂੰ ਥੈਰੇਸਾ ਮੇਅ ਸਦਨ ਦਾ ਵਿਸ਼ਵਾਸ ਹਾਸਲ ਕਰਨ 'ਚ ਨਾਕਾਮ ਰਹਿੰਦੀ ਹੈ ਤਾਂ ਉਨ੍ਹਾਂ ਨੂੰ ਜਾਂ ਕਿਸੇ ਹੋਰ ਨੂੰ 14 ਦਿਨਾਂ ਦੇ ਅੰਦਰ ਸਦਨ ਦਾ ਵਿਸ਼ਵਾਸ ਹਾਸਲ ਕਰਨ ਦਾ ਮੌਕਾ ਮਿਲੇਗਾ। ਪਰ ਜੇਕਰ ਕੋਈ ਸਰਕਾਰ ਨਹੀਂ ਬਣ ਪਾਉਂਦੀ ਹੈ ਤਾਂ ਫਿਰ ਬ੍ਰਿਟੇਨ 'ਚ ਆਮ ਚੋਣਾਂ ਦਾ ਐਲਾਨ ਹੋਵੇਗਾ। ਵੋਟਿੰਗ ਤੋਂ ਪਹਿਲਾਂ ਥੈਰੇਸਾ ਮੇਅ ਨੇ ਆਪਣੀ ਯੋਜਨਾ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ। ਉਨ੍ਹਾਂ ਨੇ ਸੰਸਦ 'ਚ ਬਹੁਤ ਹੀ ਭਾਵੁਕ ਭਾਸ਼ਣ 'ਚ ਆਖਿਆ ਕਿ ਇਸ ਯੋਜਨਾ 'ਤੇ ਵੋਟਿੰਗ ਉਨ੍ਹਾਂ ਸਿਆਸੀ ਕਰੀਅਰ ਦਾ ਸਭ ਤੋਂ ਅਹਿਮ ਪਲ ਹੈ।