ਮੋਗਾ, ਜੂਨ 2019- ਇਥੇ ਧਰਮਕੋਟ ਨੇੜਲੇ ਪਿੰਡ ਨੂਰਪੁਰ ਹਕੀਮਾਂ ਕੋਲੋਂ ਲੰਘਦੀ ਅਲਾਈ ਵਾਲਾ ਨਹਿਰ ਅਤੇ ਬਾਘਾਪੁਰਾਣਾ ਨੇੜੇ ਪਿੰਡ ਮੰਡੀਰਾਂ ਵਾਲਾ ਨਵਾਂ ਵਿੱਚ ਸੂਏ ’ਚ ਪਾੜ ਪੈਣ ਕਾਰਨ ਝੋਨੇ ਦੀ ਸੈਂਕੜੇ ਏਕੜ ਫ਼ਸਲ ਡੁੱਬ ਗਈ ਅਤੇ ਸੈਂਕੜੇ ਏਕੜ ਜ਼ਮੀਨ ’ਚ ਪਾਣੀ ਜਮ੍ਹਾਂ ਹੋ ਗਿਆ।
ਸਰਪੰਚ ਪਿੱਪਲ ਸਿੰਘ ਨੇ ਦੱਸਿਆ ਕਿ ਉਕਤ ਨਹਿਰ ’ਚ ਪਾੜ ਪੈਣ ਕਾਰਨ 50 ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪਾਣੀ ’ਚ ਡੁੱਬ ਗਈ ਅਤੇ 200 ਏਕੜ ਦੇ ਕਰੀਬ ਖੇਤਾਂ ’ਚ ਪਾਣੀ ਭਰ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਣੀ ਹਵੇਲੀਆ ’ਚ ਵੀ ਦਾਖ਼ਲ ਹੋ ਗਿਆ। ਪਾਣੀ ਕਾਰਨ ਤੂੜੀ, ਹਰਾ ਚਾਰਾ ਅਤੇ ਸਬਜ਼ੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ।
ਖੇਤਾਂ ਵਿੱਚ ਪਾਣੀ ਭਰਨ ਦਾ ਮਾਮਲਾ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੇ ਧਿਆਨ ’ਚ ਆਉਣ ਮਗਰੋਂ ਸਿੰਜਾਈ ਵਿਭਾਗ ਹਰਕਤ ’ਚ ਆਇਆ। ਵਿਧਾਇਕ ਲੋਹਗੜ ਨੇ ਸਰਕਾਰ ਤੋਂ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਇਥੇ ਬਾਘਾਪੁਰਾਣਾ ਨੇੜੇ ਪਿੰਡ ਮੰਡੀਰਾਂ ਵਾਲਾ ਨਵਾਂ ਵਿੱਚ ਨਹਿਰ (ਸੂਏ) ’ਚ ਪਾੜ ਪੈਣ ਕਾਰਨ ਖੇਤਾਂ ’ਚ ਪਾਣੀ ਭਰ ਗਿਆ ਅਤੇ ਤਾਜ਼ਾ ਲੱਗਿਆ ਝੋਨਾ ਡੁੱਬ ਗਿਆ। ਕਿਸਾਨਾਂ ਨੇ ਦੱਸਿਆ ਕਿ ਪਿੰਡ ਮੰਡੀਰਾਵਾਲਾ ਨਵਾਂ ਕੋਲੋਂ ਲੰਘਦੇ ਸੂਏ ਸਬੰਧੀ ਸਿੰਜਾਈ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪਰ ਪਾਣੀ ਅਜੇ ਤੱਕ ਬੰਦ ਨਹੀਂ ਹੋਇਆ। ਇਸ ਕਾਰਨ ਕਿਸਾਨਾਂ ਦਾ 50 ਏਕੜ ਤੋਂ ਵੱਧ ਝੋਨਾ ਡੁੱਬ ਗਿਆ। ਹੋਰ ਫ਼ਸਲਾਂ ਵੀ ਪਾਣੀ ਦੀ ਲਪੇਟ ’ਚ ਆ ਕੇ ਨੁਕਸਾਨੀਆਂ ਗਈਆਂ ਹਨ।
ਟੂ-ਆਰ ਮਾਈਨਰ ਗੋਲੇਵਾਲਾ ਵਿੱਚ ਪਾੜ ਪੈਣ ਕਾਰਨ 50 ਏਕੜ ਤੋਂ ਵਧ ਰਕਬੇ ਵਿੱਚ ਪਾਣੀ ਭਰ ਗਿਆ। ਪਾਣੀ ਦੇ ਤੇਜ਼ ਵਹਾਅ ਕਾਰਨ ਨੇੜਲੇ ਖੇਤਾਂ ਵਿੱਚ ਝੋਨੇ ਲਈ ਤਿਆਰ ਪਨੀਰੀ ਵੀ ਰੁੜ੍ਹ ਗਈ। ਮਾਈਨਰ ਟੁੱਟਣ ਦਾ ਕਾਰਨ ਬੀਤੀ ਰਾਤ ਆਏ ਝੱਖੜ੍ਹ ਦੌਰਾਨ ਡਿੱਗ ਰੁੱਖਾਂ ਦਾ ਰੁਪਈਆਂ ਵਾਲੇ ਪੁਲ ਕੋਲ ਪੈਂਦੀ ਝਾਲ ਵਿੱਚ ਫਸਣਾ ਦੱਸਿਆ ਜਾਂਦਾ ਹੈ। ਜਦੋਂ ਤੜਕਸਾਰ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨਹਿਰੀ ਵਿਭਾਗ ਨੂੰ ਸੂਚਿਤ ਕਰਨ ਉਪਰੰਤ ਵਰ੍ਹਦੇ ਮੀਂਹ ਵਿੱਚ ਆਪੋ-ਆਪਣੇ ਟਰੈਕਟਰਾਂ ਨਾਲ ਪਾੜ ਨੂੰ ਭਰਨਾ ਸ਼ੁਰੂ ਕਰ ਦਿੱਤਾ।
ਕਿਸਾਨ ਰੂਪ ਸਿੰਘ , ਕਰਮ ਸਿੰਘ , ਗੁਰਵਿੰਦਰ ਸਿੰਘ ਤੇ ਮਨਿੰਦਰ ਸਿੰਘ ਨੇ ਦੱਸਿਆ ਕਿ ਮਾਈਨਰ ਦੇ ਆਸ-ਪਾਸ ਜ਼ਮੀਨਾਂ ਵਾਲਿਆਂ ਵੱਲੋਂ ਸਾਫ ਸਫਾਈ ਦੌਰਾਨ ਲਗਾਤਾਰ ਪਟੜੀ ਵੱਢੀ ਗਈ ਪਰ ਲੋੜੀਂਦੀ ਮਿੱਟੀ ਨਹੀਂ ਲਾਈ ਗਈ ਜਿਸ ਕਾਰਨ ਅਜਿਹੇ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਸੀ। ਖ਼ਬਰ ਲਿਖੇ ਜਾਣ ਤੱਕ ਪਾੜ ਨੂੰ ਪੂਰਨ ਦੇ ਯਤਨ ਜਾਰੀ ਸਨ।