You are here

550ਵਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਸਜਾਉਣ ਦੀ ਮਨਜ਼ੂਰੀ

ਅੰਮ੍ਰਿਤਸਰ, ਜੂਨ 2019  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਨਗਰ ਕੀਰਤਨ ਦਿੱਲੀ ਤੋਂ ਗੁਰਦੁਆਰਾ ਨਨਕਾਣਾ ਸਾਹਿਬ (ਪਾਕਿਸਤਾਨ) ਤਕ ਸਜਾਇਆ ਜਾਵੇਗਾ। ਇਸ ਸਬੰਧ ਵਿੱਚ ਪਾਕਿਸਤਾਨ ਸਰਕਾਰ ਵੱਲੋਂ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਸ੍ਰੀ ਸਰਨਾ ਨੇ ਦੱਸਿਆ ਕਿ ਪਾਕਿਸਤਾਨ ਸਰਕਾਰ ਵਲੋਂ ਇਹ ਪ੍ਰਵਾਨਗੀ ਭਾਵੇਂ ਪਹਿਲਾਂ ਹੀ ਦੇ ਦਿੱਤੀ ਗਈ ਸੀ ਪਰ ਇਸ ਸਬੰਧੀ ਰਸਮੀ ਪ੍ਰਵਾਨਗੀ ਪੱਤਰ ਅਪਰੈਲ ਮਹੀਨੇ ਜਾਰੀ ਕੀਤਾ ਗਿਆ ਹੈ।
ਇਹ ਪ੍ਰਵਾਨਗੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਤਰ ਰਾਹੀਂ ਦਿੱਤੀ ਗਈ ਹੈ, ਜਿਸ ਉਪਰ ਪ੍ਰਧਾਨ ਤਾਰਾ ਸਿੰਘ ਦੇ ਦਸਤਖ਼ਤ ਹਨ। ਸ੍ਰੀ ਸਰਨਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ 28 ਅਕਤੂਬਰ ਨੂੰ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਤੋਂ ਰਵਾਨਾ ਹੋਵੇਗਾ। ਅੰਮ੍ਰਿਤਸਰ ਵਿੱਚ ਠਹਿਰਾਅ ਮਗਰੋਂ ਨਗਰ ਕੀਰਤਨ 31 ਅਕਤੂਬਰ ਨੂੰ ਅਟਾਰੀ ਵਾਹਗਾ ਸਰਹੱਦ ਪਾਰ ਕਰਕੇ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। ਪਾਵਨ ਸਰੂਪ ਵਾਲੀ ਬੱਸ ਸਰਹੱਦ ਪਾਰ ਕਰਕੇ ਨਨਕਾਣਾ ਸਾਹਿਬ ਤਕ ਜਾਵੇਗੀ। ਜਦੋਂਕਿ ਸੁਨਹਿਰੀ ਪਾਲਕੀ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਕਰਨ ਦੀ ਯੋਜਨਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਲਗਪਗ 1500 ਵਿਅਕਤੀਆਂ ਨੂੰ ਸੰਗਤ ਦੇ ਰੂਪ ਵਿਚ ਵੀਜ਼ਾ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਸੰਗਤ ਦਿੱਲੀ ਤੋਂ ਨਗਰ ਕੀਰਤਨ ਦੇ ਰੂਪ ਵਿਚ ਸਰਹੱਦ ਤਕ ਪੁੱਜੇਗੀ ਅਤੇ ਸਰਹੱਦ ਪਾਰ ਕਰਕੇ ਨਨਕਾਣਾ ਸਾਹਿਬ ਜਾਵੇਗੀ। ਪੀਜੀਪੀਸੀ ਵੱਲੋਂ ਜਾਰੀ ਕੀਤੇ ਪੱਤਰ ਵਿਚ ਸ੍ਰੀ ਪਰਮਜੀਤ ਸਿੰਘ ਸਰਨਾ ਵਲੋਂ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੀ ਕੀਤੀ ਗਈ ਕਾਰ ਸੇਵਾ ਦੀ ਸ਼ਲਾਘਾ ਕੀਤੀ ਗਈ ਹੈ।