ਚੰਡੀਗੜ੍ਹ, ਪੰਜਾਬ ਸਰਕਾਰ ਵੱਲੋਂ ਬਰਗਾੜੀ ਪਿੰਡ (ਫ਼ਰੀਦਕੋਟ) ’ਚ ਹੋਈ ਬੇਅਦਬੀ ਦੀ ਘਟਨਾਂ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਹਿਮ ਮੈਂਬਰ ਅਤੇ ਚਰਚਿਤ ਆਈਪੀਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਚੋਣ ਕਮਿਸ਼ਨ ਨੇ ਤਬਾਦਲਾ ਕਰ ਦਿੱਤਾ ਹੈ। ਕਮਿਸ਼ਨ ਦੀਆਂ ਹਦਾਇਤਾਂ ’ਤੇ ਅੱਜ ਰਾਜ ਸਰਕਾਰ ਨੇ ਇਸ ਪੁਲੀਸ ਅਧਿਕਾਰੀ ਨੂੰ ਆਈ.ਜੀ. (ਕਾਉਂਟਰ ਇੰਟੈਲੀਜੈਂਸ) ਅੰਮ੍ਰਿਤਸਰ ਲਾਇਆ ਗਿਆ ਹੈ। ਚੋਣ ਕਮਿਸ਼ਨ ਵੱਲੋਂ ਮੁੱਖ ਸਕੱਤਰ ਨੂੰ ਜੋ ਪੱਤਰ ਲਿਖਿਆ ਗਿਆ ਹੈ ਉਸ ਵਿੱਚ ਕੁੰਵਰਵਿਜੈ ਪ੍ਰਤਾਪ ਸਿੰਘ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਗਏ ਹਨ ਤੇ ਇਨ੍ਹਾਂ ਦੋਸ਼ਾਂ ਦੇ ਅਧਾਰ ’ਤੇ ਕਾਰਵਾਈ ਕਰਨ ਦੀ ਹਦਾਇਤ ਵੀ ਕੀਤੀ ਹੈ। ਸਰਕਾਰ ਵੱਲੋਂ ਆਈਜੀ ਰੈਂਕ ਦੇ ਇਸ ਅਧਿਕਾਰੀ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ 5 ਅਪਰੈਲ ਨੂੰ ਲਿਖੇ ਪੱਤਰ ਰਾਹੀਂ ਰਾਜ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਆਈਜੀ ਰੈਂਕ ਦੇ ਇਸ ਅਧਿਕਾਰੀ ਦੇ ਮਾਮਲੇ ਵਿੱਚ ਕਾਰਵਾਈ ਅਮਲ ’ਚ ਲਿਆ ਕੇ 8 ਅਪਰੈਲ ਸ਼ਾਮੀ 5 ਵਜੇ ਤੱਕ ਸੂਚਿਤ ਕਰਨ ਲਈ ਕਿਹਾ ਸੀ। ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਦੇ ਨਾਲ ਇਸ ਪੁਲੀਸ ਅਧਿਕਾਰੀ ਵੱਲੋਂ ਮੀਡੀਆ ਨਾਲ ਕੀਤੀ ਗੱਲਬਾਤ ਦੀ ਇੱਮਕ ਵੀਡੀਓ ਵੀ ਨੱਥੀ ਕੀਤੀ ਗਈ ਸੀ। ਇਹ ਸ਼ਿਕਾਇਤ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੇ ਦਸ਼ਤਖਤਾਂ ਹੇਠ ਕੀਤੀ ਗਈ ਸੀ।