You are here

ਆਪਣਿਆਂ ਦੇ ਹੀ ਧੱਕੇ ਦਾ ਸ਼ਿਕਾਰ ਹੋਇਆ ਹੈਪੀ ਬਾਜਵਾ- ਰਜਿੰਦਰ ਰਾਜੂ ਠੀਕਰੀਵਾਲ

ਹਲਕਾ ਮਹਿਲ ਕਲਾਂ ਚ ਵੀ ਟਕਸਾਲੀ ਕਾਂਗਰਸੀ ਵਰਕਰਾਂ ਚ ਨਿਰਾਸ਼ਾ, 

ਹਲਕਾ ਮਹਿਲ ਕਲਾਂ ਵੱਲ ਵੀ ਧਿਆਨ ਦੇਵੇ ਹਾਈ ਕਮਾਨ

ਮਹਿਲ ਕਲਾਂ/ਬਰਨਾਲਾ- 31 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਬੀਤੇ ਦਿਨੀਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਾਂਗਪੁਰ ਦੇ ਜੁਝਾਰੂ ਵਰਕਰ ਤੇ ਸਾਫ ਸੁਥਰੇ ਅਕਸ ਵਾਲੇ ਵਰਕਰ ਹੈਪੀ ਬਾਜਵਾ ਵੱਲੋਂ ਕੀਤੀ ਖੁਦਕੁਸ਼ੀ ਤੇ ਸੀਨੀਅਰ ਕਾਂਗਰਸੀ ਆਗੂ ਤੇ ਪੰਚਾਇਤੀ ਰਾਜ ਬੋਰਡ ਦੇ ਚੇਅਰਮੈਨ ਰਾਜਿੰਦਰ ਰਾਜੂ ਠੀਕਰੀਵਾਲ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਰਾਜਿੰਦਰ ਰਾਜੂ ਠੀਕਰੀਵਾਲ ਨੇ ਕਿਹਾ ਕਿ ਹੈਪੀ ਬਾਜਵਾ ਕਾਂਗਰਸ ਦੇ ਉਹ ਵਰਕਰ ਸਨ, ਜੋ ਸਖ਼ਤ ਮਿਹਨਤ ਕਰ ਰਹੇ ਸਨ। ਕਾਂਗਰਸ ਨੂੰ ਪ੍ਰਣਾਏ ਹੋਣ ਕਰਕੇ ਇਲਾਕੇ ਵਿੱਚ ਉਨ੍ਹਾਂ ਦਾ ਚੰਗਾ ਅਸਰ ਰਸੂਖ ਸੀ। ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪੁੱਜਦਾ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਸਨ, ਪਰ ਕਾਂਗਰਸ ਦੇ ਹੀ ਸੀਨੀਅਰ ਲੀਡਰਾਂ ਨੇ ਹੈਪੀ ਬਾਜਵਾ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਹੈਪੀ ਬਾਜਵਾ ਦੇ ਆਖ਼ਰੀ ਬੋਲ ਦਿਲ ਚੀਰਵੇਂ ਹਨ, ਜਿਸ ਵਿੱਚ ਉਹ ਅਰਦਾਸ ਕਰ ਰਹੇ ਹਨ ਕਿ ਉਹ ਅਗਲੇ ਜਨਮ ਵਿੱਚ ਵੀ ਕਾਂਗਰਸੀ ਹੀ ਜੰਮਣ। ਅੱਜ ਅਜਿਹੇ ਵਰਕਰਾਂ ਦੀ ਕਦਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਵੀ ਕਾਂਗਰਸੀ ਵਰਕਰਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ, ਜਿੱਥੇ ਦਲ ਬਦਲੂਆਂ ਨੂੰ ਵੱਡੇ ਵੱਡੇ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ ਉਥੇ ਟਕਸਾਲੀ ਕਾਂਗਰਸੀ ਘਰਾਂ ਚ ਬਹਿਣ ਲਈ ਮਜਬੂਰ ਹਨ। ਹਲਕਾ ਮਹਿਲ ਕਲਾਂ ਦੇ ਟਕਸਾਲੀ ਕਾਂਗਰਸੀ ਲੰਮੇ ਸਮੇਂ ਤੋਂ ਹਲਕਾ ਉਮੀਦਵਾਰ ਬਦਲੇ ਜਾਣ ਦੀ ਮੰਗ ਕਰ ਰਹੇ ਹਨ, ਇਸ ਵਾਰ ਟਕਸਾਲੀ ਕਾਂਗਰਸੀਆਂ ਨੂੰ ਆਸ ਹੈ ਕਿ ਕਾਂਗਰਸ ਹਾਈਕਮਾਨ ਨਵੇਂ ਚਿਹਰੇ ਨੂੰ ਹਲਕਾ ਮਹਿਲ ਕਲਾਂ ਤੋਂ ਚੋਣ ਮੈਦਾਨ ਵਿੱਚ ਉਤਾਰੇਗੀ। ਉਨ੍ਹਾਂ ਕਿਹਾ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਘਰਾਂ ਚ ਨਿਰਾਸ਼ ਬੈਠੇ ਕਾਂਗਰਸੀ ਵਰਕਰਾਂ ਚ ਉਤਸ਼ਾਹ ਪੈਦਾ ਹੋਇਆ ਹੈ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਫਿਰ ਤੋਂ ਸਰਕਾਰ ਸਥਾਪਤ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਵੱਲ ਕਾਂਗਰਸ ਹਾਈ ਕਮਾਨ ਨੇ ਧਿਆਨ ਨਾ ਦਿੱਤਾ ਤਾਂ ਹੈਪੀ ਬਾਜਵਾ ਵਰਗੀ ਘਟਨਾ ਮਹਿਲ ਕਲਾਂ ਵਿੱਚ ਵੀ ਵਾਪਰ ਸਕਦੀ ਹੈ, ਕਿਉਕਿ ਬਹੁਤ ਸਾਰੇ ਟਕਸਾਲੀ ਕਾਂਗਰਸੀ ਵਰਕਰਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਟਕਸਾਲੀ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਨਵੇਂ ਚਿਹਰੇ ਨੂੰ ਮੌਕਾ ਦੇਣ ਤਾਂ ਜੋ ਹਲਕਾ ਮਹਿਲ ਕਲਾਂ ਚ ਜਿੱਤ ਦਾ ਝੰਡਾ ਬੁਲੰਦ ਹੋ ਸਕੇ।