You are here

ਭਾਜਪਾ ਆਪਣੀਆਂ ਨਫ਼ਰਤੀ ਨੀਤੀਆਂ ਕਾਰਨ ਹਾਰੇਗੀ: ਮਾਇਆਵਤੀ

ਦਿਓਬੰਦ,  ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਅੱਜ ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਲੋਕ ਦਲ ਨਾਲ ਇੱਥੇ ਪਹਿਲੀ ਸਾਂਝੀ ਰੈਲੀ ਕਰਦਿਆਂ ਭਾਜਪਾ ਤੇ ਕਾਂਗਰਸ ਦੀ ਤਿੱਖੀ ਨਿਖੇਧੀ ਕੀਤੀ। ਬਸਪਾ ਸੁਪਰੀਮੋ ਨੇ ਇਹ ਰੈਲੀ ਲੋਕ ਸਭਾ ਦੀਆਂ ਪਹਿਲੇ ਗੇੜ ਦੀਆਂ ਚੋਣਾਂ ਤੋਂ ਹਫ਼ਤਾ ਪਹਿਲਾਂ ਕੀਤੀ ਹੈ।
ਮਾਇਆਵਤੀ ਨੇ ਕਿਹਾ ਕਿ ਭਾਜਪਾ ‘ਨਫ਼ਰਤ ਭਿੱਜੀਆਂ ਆਪਣੀਆਂ ਨੀਤੀਆਂ’ ਤੇ ਖ਼ਾਸ ਕਰ ਕੇ ‘ਚੌਕੀਦਾਰ’ ਮੁਹਿੰਮ ਕਾਰਨ ਹੀ ਚੋਣ ਹਾਰ ਜਾਵੇਗੀ। ਉਨ੍ਹਾਂ ਕਿਹਾ ਕਿ ਛੋਟੇ, ਵੱਡੇ ਜਿੰਨੇ ਮਰਜ਼ੀ ਚੌਕੀਦਾਰ ਕੋਸ਼ਿਸ਼ ਕਰੀ ਜਾਣ, ਭਾਜਪਾ ਜਿੱਤ ਨਹੀਂ ਸਕੇਗੀ। ਇਸ ਰੈਲੀ ’ਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਤੇ ਰਾਸ਼ਟਰੀ ਲੋਕ ਦਲ ਦੇ ਮੁਖੀ ਅਜੀਤ ਸਿੰਘ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਕਈ ਵਰ੍ਹੇ ਰਾਜ ਕਰਨ ਤੋਂ ਬਾਅਦ ਨਾਕਾਮ ਸਾਬਿਤ ਹੋਈ ਹੈ। ਬਸਪਾ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਘੱਟੋ ਘੱਟ ਆਮਦਨ ਸਹਾਇਤਾ ਦੇਣ ਦੀ ਬਜਾਏ ਗਰੀਬਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ। ਮਾਇਆਵਤੀ ਨੇ ਸਵਾਲ ਕੀਤਾ ਕਿ ਇੰਦਰਾ ਗਾਂਧੀ ਨੇ ਵੀ ਗਰੀਬੀ ਖ਼ਤਮ ਕਰਨ ਲਈ 20 ਨੁਕਤਿਆਂ ਵਾਲਾ ਇਕ ਪ੍ਰੋਗਰਾਮ ਤਿਆਰ ਕੀਤਾ ਸੀ ਪਰ ਕੀ ਉਹ ਸਫ਼ਲ ਰਿਹਾ? ਬਸਪਾ ਮੁਖੀ ਨੇ ਕਿਹਾ ਕਿ ਉਹ ਦੂਜੀਆਂ ਪਾਰਟੀਆਂ ਵਾਂਗ ਰੌਲਾ ਪਾਉਣ ਵਿਚ ਯਕੀਨ ਨਹੀਂ ਰੱਖਦੇ ਤੇ ਚੁੱਪਚਾਪ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਡੇ-ਵੱਡੇ ਵਾਅਦੇ ਕਰ ਰਹੀ ਹੈ, ਕੀ ਉਨ੍ਹਾਂ ਨੂੰ ਦਹਾਕਿਆਂ ਬੱਧੀ ਮੌਕਾ ਨਹੀਂ ਮਿਲਿਆ? ਉਨ੍ਹਾਂ ਕਿਹਾ ਕਿ ਨਿਆਏ ਸਕੀਮ ਗਰੀਬੀ ਦਾ ਹੱਲ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਭਾਜਪਾ ਸਰਕਾਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਪੱਛੜੇ ਵਰਗ ਦੇ ਲੋਕ ਵੀ ਭਾਜਪਾ ਤੇ ਸਾਥੀ ਧਿਰਾਂ ਦੀ ਵੰਡਪਾਊ ਨੀਤੀ ਕਾਰਨ ਸੰਤਾਪ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਪੱਧਰ ’ਤੇ ਵੀ ਰਾਖ਼ਵਾਂਕਰਨ ਮੁੱਦੇ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਹੈ ਅਤੇ ਪੱਛੜੇ ਵਰਗ ਨੂੰ ਕੋਈ ਲਾਭ ਨਹੀਂ ਹੋਇਆ। ਮਾਇਆਵਤੀ ਨੇ ਕਿਹਾ ਕਿ ਘੱਟ ਗਿਣਤੀਆਂ ਦਾ ਵੀ ਸ਼ੋਸ਼ਣ ਹੋ ਰਿਹਾ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਕਾਂਗਰਸ ਬੋਫੋਰਜ਼ ਤੇ ਭਾਜਪਾ ਰਾਫਾਲ ਜਿਹੇ ਘੁਟਾਲਿਆਂ ਵਿਚ ਘਿਰੀ ਹੋਈ ਹੈ ਤੇ ਭ੍ਰਿਸ਼ਟਾਚਾਰ ਸਿਖ਼ਰਾਂ ’ਤੇ ਹੈ।