You are here

ਰਾਜੋਆਣਾ ਦੀ ਭੈਣ ਦਾ ਰਵਨੀਤ ਬਿੱਟੂ ਨੂੰ ਜਵਾਬ, ਪਹਿਲਾਂ '84 ਦੇ ਕਾਤਲਾਂ' ਨੂੰ ਦਿਓ ਫ਼ਾਸੀ

ਕੱਲ੍ਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ NIA ਦੇ ਸੋਧ ਬਿੱਲ ਤੇ ਹੋਈ ਬਹਿਸ ਦੇ ਦੌਰਾਨ ਕਾਂਗਰਸ ਦੇ ਐੱਮ.ਪੀ ਰਵਨੀਤ ਸਿੰਘ ਬਿੱਟੂ ਨੇ ਬਲਵੰਤ ਸਿੰਘ ਰਾਜੋਆਣਾ ਜੀ ਨੂੰ ਜਲਦ ਫਾਂਸੀ ਦੇਣ ਦੀ ਮੰਗ ਕੀਤੀ ਸੀ। ਜਿਸ ਦੇ ਜੁਆਬ 'ਚ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਹੁਕਮਰਾਨ ਉਨ੍ਹਾਂ ਨੂੰ ਫਾਸੀ ਦੀ ਸਜ਼ਾ ਦੀ ਮੰਗ ਕਿਉਂ ਨਹੀਂ ਕਰਦੇ ਜਿਹਨਾਂ ਨੇ ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਮਾਰਿਆ, ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਬੇਪਤੀ ਕੀਤੀ। ਇਸ ਤੋਂ ਬਿਨਾਂ ਉਨ੍ਹਾਂ ਨੇ ਕਿਹਾ ਕਿ ਬਿੱਟੂ ਨੇ 8% ਵੋਟਾਂ ਨਾਲ ਬਣੇ ਗੈਰ ਸੰਵਿਧਾਨਕ ਮੁੱਖ ਮੰਤਰੀ ਬੇਅੰਤ ਸਿੰਘ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਘਰਾਂ ਤੋਂ ਚੁੱਕ ਕੇ ਕਤਲ ਕੀਤੇ ਗਏ 25,000 ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਖੜ੍ਹ ਕੇ ਫਾਂਸੀ ਦੇਣ ਦੀ ਮੰਗ ਕਿਉਂ ਨਹੀਂ ਕੀਤੀ ? ਜੇਕਰ ਦੇਸ਼ ਦਾ ਸੰਵਿਧਾਨ ਅਤੇ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਤਾਂ ਉਨ੍ਹਾਂ ਹਜ਼ਾਰਾਂ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਫਾਂਸੀ ਦੀਆਂ ਸਜਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ।

ਰਵਨੀਤ ਸਿੰਘ ਬਿੱਟੂ ਪਿਛਲੇ ਸਮੇਂ ਕਾਂਗਰਸ ਦੀ ਸਰਕਾਰ ਵੇਲੇ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕੀਤੇ ਗਏ ਇੱਕ ਸਿੱਖ ਨੌਜਵਾਨ ਦੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਚਾਰ ਸਾਲਾਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਰਿਹਾਅ ਕਰਨ ਦੇ ਵਿਰੁੱਧ ਪਾਰਲੀਮੈਂਟ ਵਿੱਚ ਆਵਾਜ਼ ਕਿਉਂ ਨਹੀਂ ਚੁੱਕੀ। ਇਸ ਤੋਂ ਬਿਨਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਟੈਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕਰਕੇ, ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਅਤੇ ਹੋਰ ਵੀ ਅਫ਼ਸੋਸ ਦੀ ਗੱਲ ਹੈ ਕਿ ਇਹੀ ਕਾਤਲ ਅਤੇ ਜ਼ਾਲਮ ਲੋਕ ਅੱਜ ਵੀ ਸਾਡੇ ਤੇ ਰਾਜ ਕਰਦੇ ਹਨ ਅਤੇ ਸਾਡੇ ਤਖ਼ਤਾਂ ਤੇ ਬੈਠੇ ਜਥੇਦਾਰ ਇਨ੍ਹਾਂ ਨਾਲ ਮਿਲਕੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਿਲਕੇ ਮਨਾਉਣ ਲਈ ਆਦੇਸ਼ ਜਾਰੀ ਕਰਦੇ ਹਨ ਅਤੇ ਕਾਂਗਰਸੀ ਹੁਕਮਰਾਨਾਂ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹੀ ਸਿਰੋਪੇ ਪਾਏ ਜਾਂਦੇ ਹਨ। ਇਹੀ ਕਾਂਗਰਸੀ ਹੁਕਮਰਾਨ ਸਾਡੇ ਭਰਾਵਾਂ ਨੂੰ ਫਾਂਸੀ ਦੇਣ ਦੀ ਮੰਗ ਕਰਦੇ ਹਨ ਅਤੇ ਜਦੋਂ ਕਿ ਸਿੱਖਾਂ ਦੇ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਦੇ ਬਾਵਜੂਦ ਵੀ ਚਾਰ ਸਾਲ ਬਾਅਦ ਹੀ ਰਿਹਾਅ ਕੀਤਾ ਜਾਂਦਾ ਹੈ।