ਕਿਸਾਨਾਂ ਨੂੰ ਨਕਲੀ ਖਾਦ/ਕੀਟਨਾਸ਼ਕ ਦਵਾਈਆਂ ਵੇਚਣ ਵਾਲਿਆਂ ਖਿਲਾਫ ਸਖ਼ਤੀ ਨਾਲ ਹੋਵੇਗੀ ਕਾਰਵਾਈ - ਡਿਪਟੀ ਕਮਿਸ਼ਨਰ ਲੁਧਿਆਣਾ
ਲੁਧਿਆਣਾ, ਜੁਲਾਈ ( ਮਨਜਿੰਦਰ ਗਿੱਲ )- ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਅਤੇ ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਕਾਹਨ ਸਿੰਘ ਪੰਨੂੰ, ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਡਾ. ਸਵਤੰਤਰ ਕੁਮਾਰ ਐਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ,ਲੁਧਿਆਣਾ ਡਾ. ਬਲਦੇਵ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਸਿਧਵਾਂ ਬੇਟ ਦੇ ਖੇਤੀਬਾੜੀ ਅਫਸਰ ਡਾ. ਨਿਰਮਲ ਸਿੰਘ ਦੀ ਟੀਮ ਜਿਨ੍ਹਾਂ ਵਿਚ ਡਾ. ਕ੍ਰਿਪਾਲ ਸਿੰਘ, ਡਾ. ਸਾਹਬ ਅਹਿਮਦ, ਖੇਤੀਬਾੜੀ ਵਿਕਾਸ ਅਫਸਰ, ਡਾ. ਵਿਕਰਾਂਤ, ਡਾ.ਸ਼ੇਰਅਜੀਤ ਸਿੰਘ, ਜਸਕੀਰਤ ਸਿੰਘ ਨਾਲ ਭੂੰਦੜੀ ਵਿਖੇ ਮੈ/ਸ ਭਰੋਵਾਲ ਕਿਸਾਨ ਸੇਵਾ ਕੇਂਦਰ 'ਤੇ ਛਾਪੇ ਮਾਰੀ ਦੌਰਾਨ ਨਕਲੀ ਖਾਦ ( ਜਿੰਕ ਸਲਫੇਟ 33) ਬਰਾਮਦ ਕੀਤੀ। ਸਮੁੱਚੀ ਟੀਮ ਵਲੋਂ ਕਾਰਵਾਈ ਕਰਦੇ ਹੋਏ ਨਕਲੀ ਖਾਦ ਦੇ ਸੈਂਪਲ ਭਰੇ ਗਏ ਅਤੇ ਸਟਾਕ ਨੂੰ ਆਪਣੇ ਕਬਜੇ ਵਿਚ ਲਿਆ ਅਤੇ ਸੈਂਪਲ ਪਰਖ ਕਰਵਾਉਣ ਲਈ ਲਬਾਰਟਰੀ ਨੂੰ ਭੇਜ ਦਿਤੇ ਗਏ ਹਨ। ਖੇਤੀਬਾੜੀ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਦੌਰਾਨ ਅਣ੍ਰਅਧਿਕਾਰਤ ਅਤੇ ਗੈਰ ਮਿਆਰੀ ਖਾਦਾਂ ਅਤੇ ਕੀਟਨਾਸ਼ਕਾਂ ਦੀ ਸੇਲ ਬੰਦ ਕਰਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਹ ਖਾਦ ਟਾਟਾ ਪਾਰਸ ਕੰਪਨੀ ਵਲੋਂ ਮਾਰਕੀਟ ਕੀਤੀ ਗਈ ਸੀ ਅਤੇ ਗਨੇਸ਼ ਐਗਰੋ ਸੰਗਰੂਰ (ਬੈਚ ਨੰ: BA-115-08-919) ਵਲੋਂ ਜੂਨ, 2018 ਵਿੱਚ ਤਿਆਰ ਕੀਤੀ ਗਈ ਸੀ। ਮੁੱਖ ਖੇਤੀਬਾੜੀ ਅਫਸਰ, ਡਾ. ਬਲਦੇਵ ਸਿੰਘ ਵਲੋਂ ਨਕਲੀ ਖਾਦ ਦਾ ਮਾਮਲਾ ਮਾਨਯੋਗ ਡਿਪਟੀ ਕਮਿਸਨਰ, ਲੁਧਿਆਣਾ, ਪ੍ਰਦੀਪ ਅਗਰਵਾਲ ਜੀ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਨਕਲੀ ਖਾਦ/ਕੀਟਨਾਸ਼ਕ ਦਵਾਈਆਂ ਵੇਚਣ ਵਾਲਿਆਂ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਅਤੇ ਕਿਸਾਨਾਂ ਦੀ ਲੁਟ ਬਰਦਾਸ਼ਤ ਨਹੀਂ ਹੋਵੇਗੀ । ਡਾ. ਬਲਦੇਵ ਸਿੰਘ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਹੈਲਪ ਲਾਈਨ ਨੰਬਰ 84373-12288 ਤੇ ਕਿਸੇ ਵੇਲੇ ਵੀ ਕੋਈ ਕਿਸਾਨ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਅਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਤੁਰੰਤ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸ਼ਿਕਾਇਤ ਕਰਤਾ ਕਿਸਾਨ ਗੁਰਪ੍ਰੀਤ ਸਿੰਘ ਭਰੋਵਾਲ, ਕੁਲਦੀਪ ਸਿੰਘ, ਦਲਜੀਤ ਸਿੰਘ, ਪਲਵਿੰਦਰ ਸਿੰਘ ਗੋਰਾ, ਦਵਿੰਦਰ ਸਿੰਘ, ਅਮਰਜੀਤ ਸਿੰਘ ਅਤੇ ਹੋਰ ਕਿਸਾਨ ਵੀ ਹਾਜਰ ਸਨ।