You are here

ਪੰਜਾਬ

ਰੁੱਖਾਂ ਦੀ ਮਹਾਨਤਾ(ਕਵਿਤਾ) ✍️ ਪੂਜਾ ਰਤੀਆ

ਰੁੱਖ ਰੱਬ ਦੀ ਦਾਤ ਨੇ,
ਮਨੁੱਖੀ ਜ਼ਿੰਦਗੀ ਦੀ ਸੌਗਾਤ ਨੇ।
ਰੁੱਖ ਤਾਂ ਗਿੱਠ ਕੁ ਜਗ੍ਹਾ ਵਿੱਚ ਹੁੰਦੇ ਨੇ,
ਨਾ ਬਹੁਤੀ ਜਗ੍ਹਾ ਰੋਕਦੇ ਨੇ।
ਰੁੱਖ ਹੀ ਜੰਗਲ ਦਾ ਰੂਪ ਧਾਰਦੇ ਨੇ,
ਬਰਸਾਤਾਂ ਨੂੰ ਆਉਣ ਲਈ ਪੁਕਾਰਦੇ ਨੇ।
ਹਵਾ ਖਾ ਕੇ ਲਹਿਰਾਉਂਦੇ ਰੁੱਖ,
ਸਾਰੇ ਠੰਡੀ ਛਾਂ ਦਾ ਮਾਣਦੇ ਸੁੱਖ।
ਫਿਰ ਵੀ ਲੋਕ ਇਨ੍ਹਾਂ ਨੂੰ ਵੱਢਦੇ ਨੇ,
ਨਾ ਕਿਸੇ ਨੂੰ ਵੀ ਛੱਡਦੇ ਨੇ।
ਕਿੰਨੀਆਂ ਮਿਲ ਜਾਣ ਏ. ਸੀ, ਪੱਖਿਆ ਦੀਆ ਸਹੂਲਤਾਂ,
ਰੁੱਖਾਂ ਵਰਗੀ ਠੰਡੀ ਹਵਾ ਮਿਲਦੀ ਨਹੀਓਂ ਮੁੱਲ ਨਾ।
ਪੂਜਾ ਰੁੱਖਾਂ ਨੂੰ ਨਾ ਕੱਟੋ ਲੋਕੋ,
ਵੱਧ ਤੋਂ ਵੱਧ ਰੁੱਖ ਲਗਾਓ ਲੋਕੋ।
ਨਹੀਂ ਰੁੱਖਾਂ ਬਿਨਾਂ ਵੀਰਾਣ ਹੋ ਜਾਣਾ ਹੈ ਜਹਾਨ,
ਇਹਨਾਂ ਨਾਲ ਹੀ ਹੈ ਜੀਵਨ ਮਹਾਨ।
ਪੂਜਾ ਰਤੀਆ
9815591967

ਸਾਉਣ ਮਹੀਨਾ (ਕਵਿਤਾ) ✍️ ਪੂਜਾ ਰਤੀਆ

ਸਾਉਣ ਮਹੀਨਾ ਚੜ ਗਿਆ ਕੁੜੀਓ,
ਮਨ ਨੂੰ ਚਾਅ ਜਾ ਚੜ੍ਹਿਆ ਨੀ ਕੁੜੀਓ।
ਪਿੱਪਲੀ ਪੀਘਾਂ ਪਾਈਆਂ ਝੂਟਦੀਆਂ ਰਲ ਕੇ,
ਲੋਕੀ ਵੇਖਣ ਖੜ ਖੜ ਖੜਕੇ।
ਚੂੜੀਆਂ ਪਾਉਣ ਰੰਗ ਵਰੰਗੀਆ,
ਤੀਆਂ ਲਾਵਣ ਰਲ ਕੇ ਕੁੜੀਆਂ।
ਮਨ ਦੇ ਭੇਦ ਸਾਰੇ ਫਰੋਲਦੀਆਂ,
ਵਿੱਚ ਬੋਲੀਆਂ ਸੁਣਾ ਕੇ ਬੋਲਦੀਆਂ।
 ਖੀਰ ਪੂੜੇ ਖਾਵਣ ਲੋਕੀ,
ਪੂਜਾ ਸਾਵਣ ਦਾ ਨਜ਼ਾਰਾ ਮਾਨਣ ਲੋਕੀ।
ਸਾਵਣ ਵਿੱਚ ਮੀਂਹ ਵੀ ਕਿਣ ਮਿਣ ਕਰਦਾ,
ਪੈਲਾ ਪਾ ਕੇ ਮੋਰ ਵੀ ਨੱਚਦਾ।
ਕੁੜੀਆ ਦੇ ਮਨ ਦੀ ਇਕੋ ਰੀਝ,
ਮਨਾਉਂਦੀਆਂ ਮਿਲ ਕੇ ਹਰਿਆਲੀ ਤੀਜ।
ਮਹਿੰਦੀ ਲਾਉਂਦੀਆਂ ਹੋ ਕੇ ਮਗਨ,
ਸਾਵਣ ਦਾ ਇਹ ਹੁੰਦਾ ਸਗਨ।
ਸਾਵਣ ਮਹੀਨਾ ਕੁਦਰਤੀ ਸੁੰਦਰਤਾ ਕਰੇ ਬਿਆਨ,
ਹਰਿਆਲੀ ਦੇ ਗੁਣ ਬੜੇ ਮਹਾਨ।
ਪੂਜਾ ਰਤੀਆ
9815591967

 ਜਨ ਸ਼ਕਤੀ

ਅਜਾਦੀ ਦਾ ਅੰਮ੍ਰਿਤ ਮਹਾ-ਉਤਸਵ! ✍️. ਸਲੇਮਪੁਰੀ ਦੀ ਚੂੰਢੀ -

ਅਜਾਦੀ ਦਾ ਅੰਮ੍ਰਿਤ ਮਹਾ-ਉਤਸਵ!
-  ਵੱਡੇ-ਵੱਡੇਰਿਆਂ ਨੇ
ਅਜਾਦੀ ਲਈ
ਯੁੱਧ ਲੜਦਿਆਂ,
ਦੇਸ਼ ਲਈ ਮਰਦਿਆਂ,
ਪਤਾ ਨਹੀਂ ਦਿਲ ਵਿਚ
ਕਿੰਨੀਆਂ ਉਮੰਗਾਂ,
ਕਿੰਨੀਆਂ ਆਸਾਂ,
ਸਿਰਜੀਆਂ ਹੋਣਗੀਆਂ!
ਉਨ੍ਹਾਂ ਤਾਂ
 ਸੋਚਿਆ ਵੀ
ਨ੍ਹੀਂ ਹੋਣਾ ਕਿ-
ਅਜਾਦ ਭਾਰਤ ਦੇ ਹੁਕਮਰਾਨ
 ਲੋਕਾਂ ਨੂੰ
ਮੂਰਖ ਬਣਾ ਕੇ,
ਆਪਣੇ ਪਿਛੇ ਲਾ ਕੇ,
ਕਣਕ, ਚੌਲ
ਲੈਣ ਲਈ ਕਤਾਰਾਂ
ਵਿਚ ਖੜ੍ਹਾ ਕਰਨ ਲਈ
ਮਜਬੂਰ ਕਰ ਦੇਣਗੇ!
ਅਣਖ ਨਾਲ ਜੀਣ ਦੇ
ਖੁਆਬ ਦੂਰ ਕਰ ਦੇਣਗੇ!
ਸੋਚਿਆ ਨਹੀਂ ਹੋਵੇਗਾ
ਕਿ ਸਾਰਾ ਦਿਨ
ਸਿਰ 'ਤੇ ਗੰਦ ਚੁੱਕਣ,
ਸੀਵਰੇਜਾਂ 'ਚ ਹੱਥ ਮਾਰਕੇ
 ਹੱਕ ਮੰਗਦੇ
 ਸਫਾਈ ਸੇਵਕਾਂ ਨੂੰ
ਜੇਲ੍ਹਾਂ ਦੀ ਹਵਾ
ਖਾਣੀ ਪਵੇਗੀ!
 'ਕਾਣੀ-ਵੰਡ' ਦੀ ਸੱਟ
ਸਹਿਣੀ ਪਵੇਗੀ!
ਨੌਕਰੀਆਂ ਲਈ
ਟੈਂਕੀਆਂ 'ਤੇ
ਚੜ੍ਹਨਾ ਪਵੇਗਾ!
ਜੀਣ ਲਈ
 ਮਰਨਾ ਪਵੇਗਾ!
 ਜਾਤੀ ਦਾ ਘੁਮੰਡ ਕਰਦਿਆਂ
ਨੀਵਿਆਂ ਨੂੰ 'ਨਿਕੰਮੇ'
ਕਹਿ ਕੇ
ਜਲੀਲ ਕਰਨਗੇ!
ਨੀਵੇੰ ਗੁਲਾਮਾਂ ਵਾਂਗ
'ਫੀਲ' ਕਰਨਗੇ!
ਉਨ੍ਹਾਂ  ਸੋਚਿਆ ਵੀ
 ਨਹੀਂ ਹੋਣਾ ਕਿ -
ਇਥੇ ਦੁੱਧ-ਮੱਖਣਾਂ ਦੀ ਥਾਂ
ਗੱਭਰੂ 'ਚਿੱਟਾ' ਚੱਟਣਗੇ !
ਅਧਿਕਾਰੀ, ਵਪਾਰੀ,
ਸਿਆਸਤ ਧਾਰੀ
ਪੁੱਲ ਨਿਗਲਣਗੇ!
ਸੜਕਾਂ, ਜੰਗਲ,
ਵਜੀਫਾ ਛਕਣਗੇ !
ਲੋਕਾਂ ਦੀਆਂ ਜੇਬਾਂ
ਕੱਟਣਗੇ!
ਉਨ੍ਹਾਂ ਸੋਚਿਆ ਵੀ ਨ੍ਹੀਂ ਹੋਣਾ ਕਿ-
ਡਾਲਰ ਰੁਪਈਏ 'ਤੇ
ਰੁਪਈਆ ਵੋਟਾਂ 'ਤੇ
ਵਿਧਾਇਕਾਂ 'ਤੇ
ਸਿਆਸਤ 'ਤੇ
ਫਿਰ ਸਰਕਾਰਾਂ 'ਤੇ
 ਪਵੇਗਾ ਭਾਰੂ!
ਸੰਵਿਧਾਨ ਦੀ ਸਹੁੰ
ਖਾਣ ਵਾਲਾ,
ਸੰਵਿਧਾਨ ਨੂੰ ਲਤਾੜੂ!
ਗੈੰਗਸਟਰਾਂ ਬਾਰੇ ਤਾਂ
ਉਨ੍ਹਾਂ ਦੇ ਫਰਿਸ਼ਤਿਆਂ ਨੂੰ ਵੀ
ਯਾਦ ਨਹੀਂ ਹੋਣਾ ਕਿ -
ਬਣਨਗੇ ਭਰਾ ਮਾਰੂ!
ਉਨ੍ਹਾਂ ਆਪਣੀਆਂ ਅੱਖਾਂ ਵਿਚ
ਸੁਫਨੇ ਸੰਜੋਏ ਹੋਣਗੇ ਕਿ -
ਸੱਭ ਨੂੰ ਕੁੱਲੀ,ਗੁੱਲੀ ਤੇ ਜੁੱਲੀ
ਨਸੀਬ ਹੋਵੇਗੀ!
ਸੰਸਾਰ ਵਿੱਚ ਦੇਸ਼ ਦੀ ਤਸਵੀਰ
ਅਜੀਬ ਹੋਵੇਗੀ!
 ਭਾਰਤ ਇੱਕ ਖੁਸ਼ਹਾਲ
ਤੇ ਵਿਸ਼ਾਲ
 ਦੇਸ਼ ਹੋਵੇਗਾ!
ਸਵਰਗਾਂ ਤੋਂ ਸੁਹਣਾ
ਮਾਲੋਮਾਲ ਦੇਸ਼ ਹੋਵੇਗਾ!
-ਸੁਖਦੇਵ ਸਲੇਮਪੁਰੀ
09780620233
17 ਜੁਲਾਈ, 2022.

“ਉਘੜ ਗਿਆ ਜੈਸੇ ਖੋਟਾ ਡਬੂਆ , ਜਾਂ ਨਜ਼ਰ ਸਰਾਫੇ ਆਇਆ “ ✍️ ਪਰਮਿੰਦਰ ਸਿੰਘ ਬਲ 

“ਉਘੜ ਗਿਆ ਜੈਸੇ ਖੋਟਾ ਡਬੂਆ , ਜਾਂ ਨਜ਼ਰ ਸਰਾਫੇ ਆਇਆ “ ਇਕ ਧਾਤ ਦੇ ਡੱਬੇ ਨੂੰ ਉਦੋਂ ਤੱਕ ਕਈ ਵਾਰ ਲੋਕ ਸੋਨਾ ਸਮਝਣ ਦਾ ਭੁਲੇਖਾ ਖਾ ਜਾਂਦੇ ਹਨ , ਪਰ ਉਸ ਦੀ ਅਸਲੀ ਪਛਾਣ ਬਾਰੇ ਧੋਖਾ ਇਕ ਸਰਾਫ਼ਾ (ਸੁਨਿਆਰਾ) ਹੀ ਦੱਸਦਾ ਹੈ ਜਦ ਇਕ ਸਿਰਫ਼ ਧਾਤੂ ਡਬੂਆ ਸੁਨਿਆਰੇ ਦੀ ਨਿਗਾ ਚੜਦਾ ਹੈ ।
 ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਦੀ ਦੇਸ਼ ਪ੍ਰਤੀ ਕੁਰਬਾਨੀ ਨੂੰ ਅੱਤਵਾਦੀ ਆਧਾਰ  ਕਹਿਕੇ  ਸ਼ਹਾਦਤਾਂ ਦੇ ਸੁਨਹਿਰੀ ਇਤਿਹਾਸ ਨਾਲ ਧੋਖਾ ਕੀਤਾ ਹੈ । ਅੰਗਰੇਜ਼ ਰਾਜ ਦੇ ਰਹਿ ਚੁੱਕੇ ਸਫ਼ੈਦਪੋਸ਼ ਤੇ ਇਸ ਪਿਠੂ ਪਰਵਾਰ ਨੇ ਹਮੇਸ਼ਾ ਸਿੱਖਾਂ ਅਤੇ ਪੰਜਾਬੀਅਤ ਦਾ ਘਾਣ ਹੀ ਕਰਵਾਇਆ ਹੈ । - ਸਿੱਖ ਅਤੇ ਪੰਜਾਬੀਆਂ ਦੇ ਵਿਰਸੇ , ਇਤਿਹਾਸ ਨੂੰ ਗਲਤ ਰੰਗਤ ਦੇ ਕੇ ਆਪਣੀਆਂ ਰੋਟੀਆਂ ਸੇਕਣੀਆਂ ਇਹਨਾਂ ਦੇ ਨਾਨਾ ਜੀ ਜਥੇਦਾਰ ਅਰੂੜ੍ਹ ਸਿੰਘ ਸਮੇਂ ਤੋਂ ਪ੍ਰਚਲਿਤ ਚੱਲਿਆ ਆ ਰਿਹਾ ਹੈ । ਅੱਜ ਉਹੀ ਸੋਚ ਸਰਦਾਰ ਮਾਨ ਦੇ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਬੋਲ ਰਹੀ ਹੈ । ਸ਼ਹੀਦੀ ਆਜਮ ਸਰਦਾਰ ਭਗਤ ਸਿੰਘ ਜਿਸ ਦੀ ਸੋਚ ਅੰਗਰੇਜ਼ ਤੋਂ ਆਜ਼ਾਦ ਹੋਣਾ ਸੀ , ਉਸ ਨੇ ਤਨ, ਮਨ  ਕਰਕੇ ਉਹੀ ਕੁਰਬਾਨੀ ਦਿੱਤੀ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਦੇਸ਼ ਦਿੱਤਾ ਸੀ । ਇਤਿਹਾਸਕ ਅੰਕੜੇ ਗਵਾਹ ਹਨ ਕਿ ਜਦ ਅਮਰੀਕਾ, ਕੈਨੇਡਾ ਤੋਂ ਗਦਰੀ ਬਾਬਿਆਂ ਨੇ ਦੇਸ਼ ਦੀ ਆਜ਼ਾਦੀ ਲਈ ਦੇਸ਼  ਵਾਪਸ ਆਉਣ ਦਾ ਫੈਸਲਾ ਲਿਆ , ਕਿ ਆ ਕੇ ਅੰਗਰੇਜ਼ ਵਿਰੁੱਧ ਆਜ਼ਾਦੀ ਦਾ ਜਹਾਦ ਵਿਕਣਗੇ , ਕਲਕੱਤੇ ਬੰਦਰਗਾਹ ਤੇ ਉਹਨਾਂ ਦੇ ਜਹਾਜ਼ ਨੂੰ ਰੋਕ ਕੇ ਅੰਗਰੇਜ਼ ਸਾਮਰਾਜ ਨੇ ਤੋਪਾਂ ਗੋਲੀਆਂ , ਇਹਨਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ , ਸੈਂਕੜੇ ਉੱਥੇ ਮਾਰੇ , ਜੋ ਬੱਚੇ ਉਹ ਔਕੜਾਂ ਵਿਚੀ ਵਿਚਰਦੇ ਪੰਜਾਬ ਆਏ । ਉਹਨਾਂ ਵਿੱਚੋਂ ਬੱਬਰ ਅਕਾਲੀ ਲਹਿਰ ਨੇ ਜਨਮ ਲਿਆ । ਮਾਨ ਦੇ ਨਾਨਾ ਜੀ ਨੇ ਅੰਗਰੇਜ਼ ਦੀ ਪਿੱਠ ਪੂਰਦਿਆਂ , ਕਲਕੱਤੇ ਗਦਰੀ ਬਾਬਿਆਂ ਦੀਆਂ ਸ਼ਹਾਦਤਾਂ ਵਿਰੁੱਧ ਅਕਾਲ ਤਖਤ ਤੋਂ ਜੋ ਮਤਾ ਲਿਖ ਕੇ ਦਿੱਤਾ - ਉਸ ਮਤੇ ਦੇ ਅੱਖਰ ਇਸ ਤਰਾਂ ਹਨ — “ ਕਲਕੱਤੇ , ਬਜਬਜਘਾਟ ਵਿਖੇ ਜੋ ਆਦਮੀ (ਵਿਅਕਤੀ) ਅੰਗਰੇਜ਼ ਸਰਕਾਰ ਦੁਆਰਾ ਮਾਰੇ ਗਏ , ਉਹ ਸਿੱਖ ਨਹੀਂ ਸਨ ਅਤੇ ਪੰਜਾਬੀ ਭੀ ਨਹੀਂ ਸਨ “ (ਪੂਰੀ ਵਿਥਿਆ ਪੜੋ ਸਿੱਖ ਇਤਿਹਾਸ ਕਿਤਾਬ- “ਅਕਾਲੀ ਮੋਰਚੇ ਅਤੇ ਝਬਰ “ ਵਿੱਚੋਂ ) ਜਦ ਅੰਗਰੇਜ਼ ਸਾਮਰਾਜ ਦੇ ਜਨਰਲ ਡਾਇਰ ਨੇ ਸੰਮਤ 1919 ਦੀ ਵਿਸਾਖੀ ਵਾਲੇ ਦਿਨ , ਅੰਮਰਤਸਰ , ਜਲਿਆਂ ਵਾਲੇ ਬਾਗ ਵਿੱਚ ਇਕੱਤਰ ਹੋਏ ਸਿੱਖਾਂ ਨੂੰ ਮਸ਼ੀਨਗੰਨਾਂ ਤੇ ਪੁਲੀਸ ਗੋਲੀਆਂ ਨਾਲ ਸੈਂਕੜੇ ਸਿੱਖਾਂ ਨੂੰ ਸ਼ਹੀਦ ਕੀਤਾ । ਇਸੇ ਮਾਨ ਸਾਹਿਬ ਦੇ ਨਾਨੇ ਜਥੇਦਾਰ ਅਰੂੜ੍ਹ ਸਿੰਘ ਨੇ ਜਲਿਆਂ ਵਾਲੇ ਬਾਗ ਦੇ ਸਾਕੇ ਦੇ ਦੋਸ਼ੀ ਜਨਰਲ ਡਾਇਰ ਨੂੰ ਅਕਾਲ ਤਖਤ ਵਿਖੇ ਸਿਰੋਪਾ ਦੇ ਕੇ ਕੌਮੀ ਅਪਰਾਧ ਕੀਤਾ । ਮਾਨ ਸਾਹਿਬ ਨੇ ਹੁਣੇ ਇਕ ਤਾਜ਼ੀ ਵੀਡੀਓ ਵਿੱਚ ਆਪਣੇ ਨਾਨੇ ਦਾ ਪੱਖ ਪੂਰਦਿਆਂ ਇਹ ਕਿਹਾ ਕਿ “ ਕਿ ਮੇਰੇ ਨਾਨਾ ਜੀ ਨੇ ਡਾਇਰ ਨੂੰ ਸਿਰੋਪਾ ਦੇਕੇ ਉਸ (ਡਾਇਰ) ਦਾ ਹੋਰ  ਵੱਧ ਰਹੇ ਕ੍ਰੋਧ ਨੂੰ ਠੰਡਾ ਕਰਨ ਲਈ ਕੀਤਾ ਸੀ । ਕਹਾਣ ਹੈ ਕਿ “ਖ਼ਵਾਜੇ ਦਾ ਗਵਾਹ ਡੱਡੂ “ ਮਾਨ ਸਾਹਿਬ ਡਾਇਰ ਤਾਂ ਇਕ ਘੋਰ ਅਪਰਾਧੀ ਤੇ ਜ਼ਹਿਰੀਲਾ ਸੱਪ ਸੀ , ਪਰੰਤੂ ਤੁਹਾਡਾ ਨਾਨਾ ਜੀ ਤਾਂ ਕੋਈ “ਸਪੇਰਾ” ਨਹੀਂ ਸਨ । ਉਹ ਤਾਂ ਉੱਪਰ ਦੱਸੇ ਇਤਿਹਾਸਕ ਅੰਕੜਿਆਂ ਅਨੁਸਾਰ ਸਿੱਖ ਅਤੇ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਦੋਸ਼ੀ ਪਾਏ ਗਏ ਹਨ , ਜਿਨਾਂ ਅਕਾਲ ਤਖਤ ਸਾਹਿਬ ਦੀ ਪਦਵੀ ਦੀ ਦੁਰਵਰਤੋਂ ਕੀਤੀ । ਨਾਨਾ ਸਾਹਿਬ ਨੇ ਅੰਗਰੇਜ਼ ਦੇ ਅੱਤਿਆਚਾਰਾਂ ਦੀ ਹਮੇਸ਼ਾ ਪਿੱਠ ਪੂਰੀ ਅਤੇ ਕੌਮ ਨਾਲ ਦਗਾ ਕੀਤਾ । ਮਾਨ ਸਾਹਿਬ ਨੂੰ ਚੇਤੇ ਕਰਵਾਉਂਦੇ ਹਾਂ , ਜਦੋਂ ਇਹ ਪੁਲੀਸ ਦੀ ਨੌਕਰੀ ਛੱਡ ਕੇ ਪੰਥਕ ਮੋਹਰੀਆਂ ਵਿੱਚ ਦਾਖਲ ਹੋਏ ਸਨ ਤਾਂ ਇਕ ਸਟੇਟਮੈਂਟ ਵਿੱਚ ਇਹਨਾਂ ਆਪਣੇ ਨਾਨੇ ਦੀ ਉਪਰੋਕਤ ਕਰਨੀਆਂ ਨੂੰ ਵੱਡੀਆਂ ਗਲਤੀਆਂ ਦੱਸਿਆ ਸੀ । ਕੀ ਕਾਂਗਰਸ ਸਰਕਾਰ ਦੇ ਪੁਲਿਸ ਅਫਸਰ ਵਜੋਂ ਉਸ ਸਮੇਂ ਪੰਥਕ ਪਿੜ ਵਿੱਚ ਦਾਖਲ ਹੋਣਾ ?ਕੀ ਇਹ ਸਿੱਖ ਪੰਥ ਵਿਰੋਧੀ ਸਾਜ਼ਿਸ਼ ਹੀ ਸੀ ? ਜੋ ਅੱਜ ਪ੍ਰਤੱਖ ਰੂਪ ਵਿੱਚ ਸਾਹਮਣੇ ਸਾਫ਼ ਨਜ਼ਰ ਆ ਰਹੀ ਹੈ । ਇੱਥੇ ਹੀ ਬੱਸ ਨਹੀਂ ਸ਼ਹੀਦ ਭਗਤ ਸਿੰਘ ਵਿਰੁੱਧ ਕਬੋਲ ਬੋਲ ਕੇ ਇਹਨਾਂ ਇਕ ਅਪਰਾਧਕ ਰਸਤਾ ਅਪਨਾਇਆ ਹੈ । ਕੱਲ ਨੂੰ ਇਹ ਆਪਣੀ ਖ਼ਾਨਦਾਨ ਦੀ ਪਿੱਠ ਪੂਰਨ ਲਈ ਸ਼ਹੀਦ ਊਦਮ ਸਿੰਘ ਜਾਂ ਮੌਜੂਦਾ ਸਮੇਂ ਦੇ ਕਿੰਨਿਆਂ ਕੌਮੀ ਸੂਰਮਿਆਂ ਤੇ ਉਂਗਲ ਧਰਨ ਦਾ ਇਰਾਦਾ ਧਰ ਕੇ , ਕਿਉਂ ਕੌਮ ਦੀ ਪਿੱਠ ਵਿੱਚ ਛੁਰੇ ਘੌਪਣ ਦਾ ਕਿਤਨਾ ਕੁ ਗਹਿਰਾ ਇਰਾਦਾ ਬਣਾਈ ਜਾ ਰਹੇ ਹਨ ? 1947 ਸਮੇਂ ਦੀ ਪੰਡਤ ਜਵਾਹਰ ਲਾਲ ਨਹਿਰੂ ਦੀ ਇਕ ਵੀਡੀਓ , ਅੰਗਰੇਜ਼ਾਂ ਸਾਹਮਣੇ ਬੇਨਤੀ ਕਰਦੇ ਦੀ ਸਾਹਮਣੇ ਆਈ ਤੇ ਪਤਾ  ਚੱਲਿਆ ਕਿ ਉਹ ਆਜ਼ਾਦੀ ਸੰਘਰਸ਼ ਨੇਤਾ ਸੁਬਾਸ਼ ਚੰਦਰ ਨੂੰ ਅੰਗਰੇਜ਼ ਸਾਮਰਾਜ ਦਾ ਵਿਰੋਧੀ ਅਤੇ ਅੱਤਵਾਦੀ ਕਹਿਕੇ , ਅੰਗਰੇਜ਼ਾਂ ਨਾਲ ਵਾਇਦਾ ਕਰ ਰਹੇ ਹਨ ਕਿ ਜਦ ਭੀ “ਸੁਭਾਸ਼ ਚੰਦਰ  ਹੋਸ਼ “ ਸਾਡੇ ( ਭਾਵ ਨਹਿਰੂ ਸਰਕਾਰ ) ਦੇ ਹੱਥ ਆਇਆ ਅਸੀਂ ਉਸ ਨੂੰ ਅੱਤਵਾਦੀ ਅਤੇ ਅੰਗਰੇਜ਼ ਸਾਮਰਾਜ  ਵਿਰੋਧੀ ਦੋਸ਼ੀ ਬਤੌਰ ਅੰਗਰੇਜ਼ਾਂ ਹਵਾਲੇ ਕਰਾਂਗੇ ।ਮਾਨ ਸਾਹਿਬ ਦੀ ਰਾਜੀਵ ਗਾਂਧੀ ਨਾਲ ਪਾਰਲੀਮੈਂਟ ਮੈਂਬਰ ਬਣ ਕੇ 1990 ਦੀ ਮਿਲਣੀ ਦੀ ਪ੍ਰਕਾਸ਼ਤ ਹੋਈ ਤਸਵੀਰ ਵੀ ਨਹਿਰੂ ਖ਼ਾਨਦਾਨ ਨਾਲ ਕਿਸ ਪੱਖ ਦਾ ਪਿਛੋਕੜ ਦਰਸਾ ਰਹੀ ਹੈ , ਕੀ ਕੋਈ ਅਜੇ ਸ਼ੱਕ ਬਾਕੀ ਹੈ । ਸੰਗਰੂਰ ਦੇ ਬਹੁ ਪੱਖੀ ਵੋਟਰਾਂ ਦੇ ਦਿਲ ਵਿੱਚ ਹੁਣ ਕੀ ਪਛਤਾਵਾ ਹੋ ਰਿਹਾ ਹੋਵੇਗਾ ਕਿ ਉਹਨਾਂ ਕਿਹੋ ਜਿਹਾ ਨੁਮਾਇੰਦਾ ਚੁਣ ਲਿਆ , ਜਿਸ ਨੇ ਲੋਕਾਂ ਦੇ ਦਿਲਾਂ ਦੀ  ਚਾਹਤ ਦੇ ਆਜ਼ਾਦੀ ਸ਼ੰਗਰਸ਼ ਦੇ ਦੇਵਤਿਆਂ ਦੇ ਸੁਨਹਿਰੀ ਇਤਿਹਾਸ ਦੇ ਪੰਨਿਆਂ ਨੂੰ ਹੀ ਰੋਲਣਾ ਸ਼ੁਰੂ ਕਰ ਦਿੱਤਾ ਹੈ । ਲੋਕ ਉਮੀਦਵਾਰ , ਨੁਮਾਇੰਦੇ ਨੂੰ ਸੋਨਾ ਸਮਝਣ ਦੀ ਗਲਤੀ ਕਰ ਬੈਠੇ , ਪਰ ਜਦ ਅੱਜ ਤਸਵੀਰ ਸਾਹਮਣੇ ਆਈ ਤਾਂ ਇਹੀ ਸਾਬਤ ਹੋਇਆ - “ਉਘੜ ਗਿਆ ਜੈਸੇ ਖੋਟਾ ਡਬੂਆ , ਜਾਂ ਨਜ਼ਰ ਸਰਾਫ਼ੇ ਆਇਆ “ ।
 ਪਰਮਿੰਦਰ ਸਿੰਘ ਬਲ --  ਪ੍ਰੂਫ਼ ਚੈੱਕ — ਜਹਾਦ ਵਿਡਣਗੇ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 148ਵਾਂ ਦਿਨ ਪਿੰਡ ਛਾਪਾ ਨੇ  ਹਾਜ਼ਰੀ ਭਰੀ    

ਪੰਜਾਬ ਹੱਕਾਂ ਤੇ ਡਾਕੇ ਮਾਰਨ ਵਾਲੇ ਕਾਲੇ ਅੰਗਰੇਜ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਇਕੱਠੇ ਹੋਵੋ : ਦੇਵ ਸਰਾਭਾ  

ਮੁੱਲਾਂਪੁਰ ਦਾਖਾ,18 ਜੁਲਾਈ  (ਸਤਵਿੰਦਰ  ਸਿੰਘ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 148ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਸਹਿਯੋਗੀ ਜਥੇਦਾਰ ਮੁਖਤਿਆਰ ਸਿੰਘ ਛਾਪਾ, ਢਾਡੀ ਕਰਨੈਲ ਸਿੰਘ ਛਾਪਾ,ਕੁਲਦੀਪ ਸਿੰਘ  ਛਾਪਾ,ਬਲਦੇਵ ਸਿੰਘ ਛਾਪਾ,ਆਤਮਾ ਸਿੰਘ ਛਾਪਾ,ਢਾਡੀ ਗੁਰਦੀਪ ਸਿੰਘ ਅਲੀਪੁਰ ਖਾਲਸਾ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਪੱਤਰਕਾਰਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪੰਜਾਬ ਦੀ ਧਰਤੀ ਤੇ ਜਿਸ ਗੱਲ ਦੀ ਸ਼ੱਕ ਸੀ ਉਹੀ ਹੋਇਆਂ। ਜਿਵੇਂ ਆਪ ਪਾਰਟੀ ਦੇ 92 ਵਿਧਾਇਕ ਸੰਵਿਧਾਨ ਦੀ ਸਹੁੰ ਚੁੱਕ ਕੇ ਸੱਤਾ ਵਿੱਚ ਆਏ ਪਰ ਉਹ ਲੱਗਦਾ ਸੰਵਿਧਾਨ ਨੂੰ ਨਹੀਂ ਮੰਨਦੇ ਉਹ ਸਿਰਫ਼ ਮਨੂੰਵਾਦੀ ਸੋਚ ਤੇ ਪਹਿਰਾ ਦੇ ਰਹੇ ਹਨ। ਜਿਸ ਦਿਨ ਤੋਂ ਆਪ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਸ ਦਿਨ ਤੋਂ ਹੀ ਪੰਜਾਬ ਦਾ ਦਿਨੋਂ ਦਿਨ ਹਾਲ ਬਹੁਤ ਹੀ ਚਿੰਤਾਜਨਕ ਹੁੰਦਾ ਜਾ ਰਿਹਾ ਹਨ । ਜਿਵੇਂ ਕਿ ਸ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਹੱਕ ਮੰਗਦੇ ਲੋਕਾਂ ਤੇ ਸ਼ਰ੍ਹੇਆਮ ਡਾਂਗਾਂ ਵਰ੍ਹਾਉਣਾ ਮੰਦਭਾਗਾ । ਬਠਿੰਡੇ ਵਿਖੇ ਗ਼ਰੀਬ ਪਰਿਵਾਰਾਂ ਦੇ ਘਰਾਂ ਤੇ ਜੇ ਵੀ ਸੀ ਚਲਾਉਣੀ ਅਤੇ ਔਰਤਾਂ ਦੇ ਮੂੰਹ ਤੇ ਪੰਜਾਬ ਪੁਲੀਸ  ਵੱਲੋਂ ਚਪੇੜਾਂ ਮਾਰਨੀਆਂ ਤੇ ਮਜ਼ਦੂਰਾਂ ਵੱਲੋਂ ਮਿਹਨਤ ਕਰਕੇ ਬਣਾਇਆ ਸਾਮਾਨ ਵੀ ਨਾ ਚੱਕਣ ਦੇਣਾ ਅਤਿ ਮੰਦਭਾਗਾ । ਉਨ੍ਹਾਂ ਅੱਗੇ ਆਖਿਆ ਕਿ ਜਿਹੜੇ ਲੋਕਾਂ ਨੇ ਬਦਲਾਅ ਨੂੰ ਵੋਟਾਂ ਪਾਈਆਂ ਕਿ ਪੰਜਾਬ ਰੰਗਲਾ ਬਣ ਜਾਓ ਪਰ ਸ. ਭਗਵੰਤ ਸਿੰਘ ਮਾਨ ਜਿਵੇਂ ਐੱਮ ਪੀ ਹੁੰਦੇ ਹੋਏ ਲੋਕ ਸਭਾ ਦੇ ਵਿੱਚ ਬੋਲਿਆ ਕਰਦੇ ਸਨ ਅੱਜ ਮੁੱਖ ਮੰਤਰੀ ਬਣ ਕੇ ਆਖਿਰ ਕਿਉਂ ਚੁੱਪ ਹਨ। ਜੇਕਰ ਉਨ੍ਹਾਂ ਵੱਲੋਂ ਜਲਦ ਸਿੱਖ ਕੌਮ ਦੀਆਂ  ਮੰਗਾਂ ਜਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ  ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਨ ਲਈ ਉਪਰਾਲਾ ਕਾਰਨ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਆਪ ਪਾਰਟੀ ਦਾ ਹਾਲ ਅਕਾਲੀ,ਕਾਂਗਰਸ ਤੋਂ ਵੀ ਭੈੜਾ ਹੋਵੇਗਾ। ਅੱਜ ਪੰਜਾਬ ਦੇ ਸਾਰੇ ਮਸਲੇ ਦਿੱਲੀ ਆਪਣੇ ਹੱਥ ਵਿੱਚ ਲੈ ਕੇ ਪੰਜਾਬ ਦੇ ਨਾਲ ਧੋਖਾ ਕਮਾ ਰਹੇ ਹਨ  ਜੋ ਕਦੇ ਚੰਡੀਗੜ੍ਹ ਪੰਜਾਬ ਤੋਂ ਖੋਹਣ ਦੀ ਗੱਲ ਹੋਵੇ । ਕਦੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਗੱਲ । ਪੰਜਾਬ ਸਰਕਾਰ ਨੇ ਜਲਦ ਜੇਕਰ ਲੋਕਾਂ ਦੀ ਗੱਲ ਨਾ ਸੁਣੀ ਤਾਂ ਅੱਕੇ ਹੋਏ ਲੋਕ ਸੜਕਾਂ ਤੇ ਆਉਣਗੇ। ਉਨ੍ਹਾਂ ਆਖ਼ਰ ਵਿੱਚ ਆਖਿਆ ਕਿ ਸਾਡੇ ਪੰਜਾਬ ਦੇ ਜੁਝਾਰੂ ਲੋਕਾਂ ਨੂੰ ਅਪੀਲ ਹੈ ਕਿ ਉੱਠੋ ਜਾਗੋ ਸੰਘਰਸ਼ ਕਰੋ । ਅੱਜ ਪੰਜਾਬ ਹੱਕਾਂ ਤੇ ਡਾਕੇ ਮਾਰਨ ਵਾਲੇ ਕਾਲੇ ਅੰਗਰੇਜ਼ਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਇਕੱਠੇ ਹੋਵੋ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਪੰਥਕ ਮੋਰਚੇ 'ਚ ਆਪ ਜੀ ਦੀ ਉਡੀਕ ਕਰ ਰਹੇ ਹਾਂ। ਇਸ ਮੌਕੇ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਭਿੰਦਰ ਸਿੰਘ ਬਿੱਲੂ ਸਰਾਭਾ, ਬੂਟਾ ਸਰਾਭਾ,ਭੋਲਾ ਸਰਾਭਾ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ,ਗੁਲਜ਼ਾਰ ਸਿੰਘ ਮੋਹੀ,ਹਰਬੰਸ ਸਿੰਘ ਪੰਮਾ ਹਿੱਸੋਵਾਲ ਆਦਿ ਹਾਜ਼ਰੀ ਭਰੀ।

ਵਿਧਾਇਕ ਇਆਲੀ ਦੀ ਜਾਗੀ ਜ਼ਮੀਰ,

ਰਾਸ਼ਟਰਪਤੀ ਚੋਣ ਚ ਨਹੀਂ ਪਾਈ ਵੋਟ
*ਕਿਹਾ ਕੇਂਦਰ ਸਰਕਾਰ ਨੇ ਸਾਡੇ ਤੇ ਧੱਕੇ ਕੀਤੇ ਨੇ
ਮੁੱਲਾਂਪੁਰ ਦਾਖਾ, 18 ਜੁਲਾਈ ( ਸਤਵਿੰਦਰ ਸਿੰਘ ਗਿੱਲ)
ਲੰਘੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੂਬੇ ਦੇ ਮਾਲਵਾ ਇਲਾਕੇ ਵਿਚੋਂ ਇਜ਼ਤ ਰੱਖਣ ਵਾਲੇ ਹਲਕਾ ਦਾਖਾ ਤੋਂ ਜੇਤੂ ਰਹੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਰਾਸ਼ਟਰਪਤੀ ਦੀ ਹੋ ਰਹੀ ਚੋਣ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਦੀ ਦੇਸ਼ ਦੇ ਸਰਵਉਚ ਅਹੁਦੇ ਰਾਸ਼ਟਰਪਤੀ ਦੀ ਉਮੀਦਵਾਰ ਦਰੋਪਾਉਦੀ ਮੁਰਮੂ ਨੂੰ ਵੋਟ ਪਾਉਣ ਲਈ ਕੀਤੇ ਐਲਾਨ ਨੂੰ ਦਰਕਿਨਾਰ ਕਰਕੇ ਵੋਟ ਨਾ ਪਾਉਣ ਦਾ ਐਲਾਨ ਕੀਤਾ ਹੈ। ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਪੰਜਾਬ ਦੇ ਅਹਿਮ ਮੁੱਦਿਆਂ ਅਤੇ ਆਪਣੀ ਜ਼ਮੀਰ ਦੀ ਆਵਾਜ਼ ਦਾ ਜ਼ਿਕਰ ਕਰਦਿਆਂ ਸ੍ਰ ਮਨਪ੍ਰੀਤ ਸਿੰਘ ਇਆਲੀ ਨੇ ਅੱਜ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਰੀਬ 8 ਮਿੰਟ ਦੇ ਆਪਣੇ ਇਸ ਐਲਾਨ ਰਾਹੀਂ ਪੰਜਾਬ ਦੇ ਵੱਖ ਵੱਖ ਮੁੱਦਿਆਂ, ਸਿੱਖ ਕੌਮ ਦੇ ਭਖਵੇਂ ਮਸਲੇ ਤੇ ਭਾਵਨਾਵਾਂ ਦਾ ਖੁੱਲ੍ਹ ਕੇ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਪਾਰਟੀ ਨੇ ਸਮਰਥਣ ਕੀਤਾ ਹੈ ਪਰ ਇਸ ਵਿਸ਼ੇ ਤੇ ਮੇਰੀ ਰਾਏ ਨਹੀਂ ਲਈ ਗਈ, ਭਾਜਪਾ ਸਾਡੀ ਸਹਿਜੋਗੀ ਰਹੀ ਪਰ ਕੇਂਦਰ ਸਰਕਾਰ ਨੇ ਸਾਡੇ ਕੋਈ ਮਸਲੇ ਹੱਲ ਨਹੀਂ ਕੀਤੇ ਬਲਕਿ ਸਾਡੇ ਨਾਲ ਧੱਕੇ ਕੀਤੇ ਹਨ। ਉਨ੍ਹਾ ਲੰਬਾ ਸਮਾਂ ਦੇਸ਼ ਵਿੱਚ ਰਾਜ ਕਰਨ ਵਾਲੀ ਕਾਂਗਰਸ ਦੀ ਸਿੱਖ ਕੌਮ ਖਾਸ ਕਰਕੇ ਅਤੇ ਪੰਜਾਬ ਉੱਪਰ ਕੀਤੇ ਜੁਲਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਐਲਾਨ ਦੇ ਨਾਲ ਨਾਲ ਸ੍ਰ ਮਨਪ੍ਰੀਤ ਸਿੰਘ ਇਆਲੀ ਨੇ ਆਪਣੀ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਸੰਬੰਧੀ ਵੀ ਸਾਫ ਕਰ ਦਿੱਤਾ ਕਿ 100 ਹਲਕਿਆਂ ਵਾਲੀ ਸ੍ਰ ਝੂੰਧਾ ਦੀ ਲੋਕਾਂ ਦੀਆਂ ਭਾਵਨਾਵਾਂ ਵਾਲੀ ਰੀਪੋਰਟ ਨੂੰ ਦੇਖਦਿਆਂ ਅਗਰ ਪਾਰਟੀ ਲੀਡਰਸ਼ਿਪ ਬਦਲੀ ਜਾਂਦੀ ਤਾਂ ਅੱਜ ਅਸੀਂ ਵਿਧਾਨ ਸਭਾ ਵਿਚ 3 ਹੀ ਨਾ ਰਹਿੰਦੇ। ਚੰਗਾ ਹੁੰਦਾ ਕਿ ਅਸੀਂ ਰਾਜਸੱਤਾ ਪਿੱਛੇ ਭੱਜਣ ਤੋਂ ਪਹਿਲਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ। ਸ੍ਰ ਇਆਲੀ ਦੇ ਇਸ ਫੈਸਲੇ ਦਾ ਸਮਰਥਨ ਕਰਦਿਆਂ ਅਮਰਜੀਤ ਸਿੰਘ ਮੁੱਲਾਂਪੁਰ ਸਾਬਕਾ ਚੇਅਰਮੈਨ, ਪ੍ਰਧਾਨ ਬਲਦੇਵ ਕ੍ਰਿਸ਼ਨ ਅਰੋੜਾ, ਸਾਬਕਾ ਕੌਂਸਲਰ ਸੱਜਣ ਬਾਂਸਲ, ਸਰਵਰਿੰਦਰ ਚੀਮਾ ਸਾਬਕਾ ਪ੍ਰਧਾਨ ਦੁਕਾਨਦਾਰ ਯੂਨੀਅਨ ਮੁੱਲਾਂਪੁਰ ਦਾਖਾ, ਸੁਸ਼ੀਲ ਕੁਮਾਰ ਵਿੱਕੀ ਚੌਧਰੀ ਸਾਬਕਾ ਕੌਂਸਲਰ ਅਤੇ ਸਮੂਹ ਮੁੱਲਾਂਪੁਰ ਸ਼ਹਿਰ ਦੀ ਅਕਾਲੀ ਦਲ ਲੀਡਰਸ਼ਿਪ ਨੇ ਕਿਹਾ ਕਿ ਸ੍ਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਲਿਆ ਗਿਆ ਇਹ ਫੈਸਲਾ ਬਿਲਕੁੱਲ ਸਹੀ ਅਤੇ ਦਲੇਰਾਨਾ ਕਦਮ ਹੈ ਜਿਸ ਲਈ ਸ੍ਰ ਇਯਾਲੀ ਵਧਾਈ ਦੇ ਹੱਕਦਾਰ ਹਨ।

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਬੁੱਕ ਮਾਰਕ ਗਤੀਵਿਧੀ ਕਰਵਾਈ ਗਈ  

ਜਗਰਾਉ 19 ਜੁਲਾਈ  (ਅਮਿਤਖੰਨਾ) ਬਲੌਜ਼ਮਜ਼  ਕਾਨਵੈਂਟ ਸਕੂਲ ਵਿਖੇ ਅੱਜ ਐਲ.ਕੇ.ਜੀ ਜਮਾਤ ਦੇ ਵਿਿਦਆਰਥੀਆਂ ਵੱਲੋਂ ਬੁੱਕ ਮਾਰਕ ਗਤੀਵਿਧੀ ਕਰਵਾਈ ਗਈ ਜਿਸ ਵਿਚ ਉਹਨਾਂ ਨੇ ਅਲੱਗ-ਅਲੱਗ ਤਰ੍ਹਾਂ ਤਸਵੀਰਾਂ ਬਣਾ ਕੇ ਕਿਤਾਬਾਂ ਦੇ ਪੇਜ਼ਾਂ ਦੇ ਕਿਨਾਰਿਆਂ ਤੇ ਲਗਾਏ ਜਿਸ ਨਾਲ ਕਿ ਪੇਜ਼ਾਂ ਨੂੰ ਵੀ ਅੱਗੇ-ਪਿੱਛੇ ਕਰਨਾ ਸੁਖਾਲਾ ਹੋ ਜਾਂਦਾ ਹੈ। ਇਸ ਤਰ੍ਹਾਂ ਨਾਲ ਬੱਚਿਆਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਿਲਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬੱਚਿਆਂ ਅੰਦਰ ਬਹੁਤ ਸਾਰੀਆਂ ਕਲਾਵਾਂ ਹੁੰਦੀਆਂ ਹਨ ਪਰ ਲੋੜ ਕੇਵਲ ਉਹਨਾਂ ਨੂੰ ਬਾਹਰ ਕੱਢਣ ਦੀ ਹੁੰਦੀ ਹੈ। ਅਸੀਂ ਆਪਣੇ ਬੱਚਿਆਂ ਨੂੰ ਬਹੁ-ਗੁਣੇ ਬਣਾਉਣ ਲਈ ਹਰ ਪੱਖੋਂ ਸੰਪੂਰਨ ਕਰਨ ਲਈ ਹਰ ਸਮੇਂ ਕੋਸ਼ਿਸ਼ ਵਿਚ ਰਹਿੰਦੇ ਹਾਂ ਤਾਂ ਜੋ ਬੱਚੇ ਆਪਣੇ ਆਉਣ ਵਾਲੇ ਜੀਵਨ ਵਿਚ ਸਫ਼ਲ ਹੋ ਸਕਣ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਇਸ ਗਤੀਵਿਧੀ ਦੀ ਸ਼ਲਾਘਾ ਕੀਤੀ।

 ਵਣਮਹਾਂ ਉਤਸਵ ਮਨਾਇਆ


 ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ) ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਦੇ  ਪ੍ਰਿੰਸੀਪਲ ਵਿਨੋਦ ਕੁਮਾਰ ਜੀ ਦੀ ਅਗਵਾਈ ਹੇਠ ਸਕੂਲ ਵਿਖੇ ਵਣਮਹਾਂ ਉਤਸਵ ਮਨਾਇਆ ਗਿਆ। ਵਿਦਿਆਰਥੀਆਂ ਦੇ ਸਹਿਯੋਗ ਸਦਕਾ ਸਕੂਲ ਵਿਖੇ ਲਗਭਗ ਸੱਤਰ ਬੂਟੇ ਲਗਾਏ ਗਏ ਹਨ। ਇਸ ਮੌਕੇ  ਪ੍ਰਿੰਸੀਪਲ ਵਿਨੋਦ ਕੁਮਾਰ ,ਲੈਕਚਰਾਰ ਕੰਵਲਜੀਤ ਸਿੰਘ, ਬਲਦੇਵ ਸਿੰਘ,ਕੁਲਵਿੰਦਰ ਕੌਰ,  ਸੀਮਾਂ ਸ਼ੈਲੀ, ਰਵਿੰਦਰ ਕੌਰ, ਕਿਰਨਜੀਤ ਕੌਰ, ਸਰਬਜੀਤ ਕੌਰ, ਮਨਰਮਨ ਕੌਰ, ਗੁਰਿੰਦਰ ਛਾਬੜਾ, ਪ੍ਰਗਟ ਸਿੰਘ, ਹਰਮਿੰਦਰ ਸਿੰਘ, ਮਨਦੀਪ ਸਿੰਘ ਅਤੇ ਵਿਦਿਆਰਥੀ ਵਰਗ ਹਾਜਰ ਸੀ।

 

ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਗਹਿਲ ਵਿਖੇ ਧਾਰਮਕ ਸਮਾਗਮ

ਬਰਨਾਲਾ/ ਮਹਿਲ ਕਲਾਂ- 19 ਜੁਲਾਈ (ਗੁਰਸੇਵਕ ਸੋਹੀ)-ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਗਹਿਲ ਵੱਡਾ ਘੱਲੂਘਾਰਾ 1762 ਈਸਵੀ ਨਾਲ ਸਬੰਧਤ ਅਸਥਾਨ ਹੈ ।ਇਸ ਅਸਥਾਨ  ਵਿਖੇ 24-7-2022 ਨੂੰ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ।ਪ੍ਰੈੱਸ ਮਿਲਣੀ ਦੌਰਾਨ ਗੁਰਦੁਆਰਾ ਦੇ ਮੈਨੇਜਰ ਭਾਈ ਬਲਦੇਵ ਸਿੰਘ ਨੇ ਕਿਹਾ ਹੈ ਕਿ ਇਹ ਸਮਾਗਮ ਗੁਰੂ ਕਾ ਬਾਗ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ 100 ਵੀ ਸ਼ਤਾਬਦੀ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ।ਇਸ ਮੌਕੇ ਰਾਗੀ ਢਾਡੀ ਅਤੇ ਕਥਾਵਾਚਕ ਭਾਈ ਅਵਤਾਰ ਸਿੰਘ (ਪਟਿਆਲਾ)ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ।ਸੰਗਤਾਂ ਇਸ ਧਾਰਮਿਕ ਸਮਾਗਮ ਵਿਚ ਹਾਜ਼ਰੀ ਭਰ ਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ ।

ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ

ਜਗਰਾਉ,ਹਠੂਰ,18,ਜੁਲਾਈ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਇੱਕ ਮੋਹਰੀ ਸੰਸਥਾ ਬਣ ਚੁੱਕੀ ਹੈ ਅਤੇ ਪਿਛਲੇ ਬਾਰਾਂ ਸਾਲਾਂ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਇਸ ਸੰਸਥਾ ਦੇ ਕੱਲ੍ਹ ਐਤਵਾਰ ਨੂੰ ਐਲਾਨੇ ਗਏ ਆਈ. ਸੀ. ਐਸ. ਈ ਬੋਰਡ ਦੇ ਨਤੀਜਿਆਂ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਦਿਆਂ ਨਵਂੇ ਕੀਰਤੀਮਾਨ ਸਥਾਪਿਤ ਕੀਤੇ।ਇਸ ਸਬੰਧੀ ਜਾਣਕਾਰੀ ਦਿੰਦਿਆ ਚੇਅਰਮੈਨ ਸਤੀਸ ਕਾਲੜਾ ਨੇ ਦੱਸਿਆ ਕਿ ਬੋਰਡ ਦੇ ਆਈ. ਸੀ. ਐਸ. ਸੀ. (ਦਸਵੀਂ) ਜਮਾਤ ਵਿੱਚ ਗੁਰਲੀਨ ਕੌਰ ਸੰਧੂ ਨੇ ਮੈਡੀਕਲ,ਨਾਨ ਮੈਡੀਕਲ ਗਰੁੱਪ ਵਿੱਚੋਂ 98% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇੰਦਰਵੀਰ ਕੌਰ ਨੇ 96.4% ਅੰਕ ਲੈ ਕੇ ਦੂਜਾ, ਗੁਰਨੂਰ ਸਿੰਘ ਨੇ 96.2% ਅੰਕ ਲੈ ਕੇ ਤੀਜਾ ਅਤੇ ਜੈਸਮੀਨ ਕੌਰ ਨੇ 93.4% ਅੰਕ ਲੈ ਕੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਕਾਮਰਸ ਗਰੁੱਪ ਵਿੱਚੋਂ ਵੀ ਪੁਨੀਤ ਕੌਰ ਨੇ 97.2% ਅੰਕ ਲੈ ਕੇ ਪਹਿਲਾ, ਡੋਲਪ੍ਰੀਤ ਕੌਰ ਨੇ 95% ਅੰਕ ਲੈ ਕੇ ਦੂਜਾ ਜੀਵਨਜੋਤ ਕੌਰ ਨੇ 94.4% ਅੰਕ ਲੈ ਕੇ ਤੀਜਾ ਅਤੇ ਜੋਬਨਪ੍ਰੀਤ ਕੌਰ ਨੇ 94% ਅੰਕ ਲੈ ਕੇ ਚੌਥਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਅਨੀਤਾ ਕੁਮਾਰੀ ਜੀ ਨੇ ਸਮੂਹ ਵਿਿਦਆਰਥੀਆ ਅਤੇ ਅਧਿਆਪਕਾ ਨੂੰ ਊਹਨਾਂ ਦੀ ਅਣਥੱਕ ਮਿਹਨਤ ਤੇ ਵਧਾਈ ਦਿੰਦਿਆ ਕਿਹਾ ਕਿ ਬੇਟ ਇਲਾਕੇ ਵਿੱਚ ਆਈ. ਸੀ. ਐਸ. ਈ. ਬੋਰਡ ਵਿੱਚੋ 98% ਅੰਕ ਪ੍ਰਾਪਤ ਕਰਨਾ ਕੋਈ ਸੌਖਾ ਕੰਮ ਨਹੀ ਹੈ । ਉਹਨਾਂ ਬੱਚਿਆ ਨੂੰ ਇਸੇ ਤਰਾ੍ਹ ਹੀ ਮਿਹਨਤ ਕਰਨ ਅਤੇ ਹੋਰ ਵੀ ਚੰਗੇ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।ਇਸ ਮੋਕੇ ਚੇਅਰਮੈਨ ਸਤੀਸ ਕਾਲੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਕੂਲ ਦੇ ਇਹਨਾ ਸ਼ਾਨਦਾਰ ਨਤੀਜਿਆ ਦਾ ਸਿਹਰਾ ਸਕੂਲ ਦੇ ਪਿੰ੍ਰਸੀਪਲ ਅਨੀਤਾ ਕੁਮਾਰੀ ਦੀ ਅਣਥੱਕ ਮਿਹਨਤ ਅਤੇ ਸਮੇਂ-ਸਮੇਂ ਤੇ ਵਿਿਦਆਰਥੀਆਂ ਤੇ ਸਟਾਫ ਦਾ ਕੀਤਾ ਮਾਰਗ ਦਰਸ਼ਨ ਨੂੰ ਹੀ ਜਾਂਦਾ ਹੈ। ਊਹਨਾ ਨੇ ਸਮੂਹ ਵਿਿਦਆਰਥੀਆ ਤੇ ਮਾਪਿਆ ਨੂੰ ਇਸ ਸਫਲਤਾ ਤੇ ਵਧਾਈ ਦਿੰਦੇ ਹੋਏ ਇਹ ਵਿਸ਼ਵਾਸ਼ ਦੁਆਇਆ ਕਿ ਇਸ ਸੰਸਥਾ ਵੱਲੋ ਅੱਗੇ ਤੋ ਹੋਰ ਵੀ ਮਿਹਨਤ ਤੇ ਲਗਨ ਨਾਲ ਹੋਰ ਵੀ ਸ਼ਾਨਦਾਰ ਨਤੀਜਿਆ ਨੂੰ ਪ੍ਰਾਪਤ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਸਕੂਲ ਚੇਅਰਮੈਨ ਸਤੀਸ ਕਾਲੜਾ ਪ੍ਰਾਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕ੍ਰਿਸ਼ਨ ਭਗਵਾਨਦਾਸ ਬਾਵਾ, ਵਾਈਸ ਪ੍ਰੈਜ਼ੀਡੈਂਟ ਸਨੀ ਅਰੋੜਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਅਤੇ ਡਇਰੈਕਟਰ ਰਾਜੀਵ ਸੱਗੜ ਸਮੂਹ ਮੈਨਜਮੈਂਟ ਮੈਂਬਰਜ ਨੇ ਵਿਿਦਆਰਥੀਆ ਅਤੇ ਉਹਨਾ ਦੇ ਮਾਪਿਆ ਨੂੰ ਸਾਨਦਾਰ ਨਤੀਜੇ ਪ੍ਰਾਪਤ ਕਰਨ ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਸ਼ਾਨਦਾਰ ਨਤੀਜੇ ਪ੍ਰਾਪਤ ਕਰਨ ਦੀ ਕਾਮਨਾ ਵੀ ਕੀਤੀ।

ਪੁਜੀਸਨਾ ਪ੍ਰਾਪਤ ਕਰਨ ਵਾਲੀਆ ਵਿਿਦਆਰਥਣਾ ਨੂੰ ਸਨਮਾਨਿਤ ਕੀਤਾ

ਹਠੂਰ,18,ਜੁਲਾਈ-(ਕੌਸ਼ਲ ਮੱਲ੍ਹਾ)-ਸਰਕਾਰੀ ਪ੍ਰਇਮਰੀ ਸਕੂਲ ਭੰਮੀਪੁਰਾ ਕਲਾਂ ਦੇ ਪੰਜਵੀ ਕਲਾਸ ਵਿਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਿਦਆਰਥਣ ਰਾਮਪ੍ਰੀਤ ਕੌਰ ਅਤੇ ਸਰਕਾਰੀ ਹਾਈ ਸਕੂਲ ਭੰਮੀਪੁਰਾ ਦੇ ਕਲਾਸ ਦਸਵੀਂ ਵਿਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਿਦਆਰਥਣ ਮਨਦੀਪ ਕੌਰ ਨੂੰ ਅੱਜ ਇਲਾਕੇ ਦੇ ਸਮਾਜ ਸੇਵੀ ਸਵ:ਮਾਸਟਰ ਭਾਗ ਸਿੰਘ ਦੇ ਪਰਿਵਾਰ ਵੱਲੋ ਸਹਾਇਤਾ ਰਾਸੀ ਦੇ ਕੇ ਹੌਸਲਾ ਅਫਜਾਈ ਕੀਤੀ ਗਈ।ਇਸ ਮੌਕੇ ਸਕੂਲ ਇੰਚਾਰਜ ਰਾਜਨ ਬਾਂਸਲ ਨੇ ਕਿਹਾ ਕਿ ਮਾਸਟਰ ਭਾਗ ਸਿੰਘ ਦਾ ਪਰਿਵਾਰ ਸਮੇਂ-ਸਮੇਂ ਤੇ ਸਰਕਾਰੀ ਸਕੂਲਾ ਵਿਚ ਪੜ੍ਹਦੇ ਵਿਿਦਆਰਥੀਆ ਦੀ ਸਹਾਇਤਾ ਕਰਦਾ ਆ ਰਿਹਾ ਹੈ ਅਤੇ ਸਕੂਲਾ ਦੇ ਵਿਕਾਸ ਕਾਰਜਾ ਵਿਚ ਵੀ ਵੱਡਾ ਯੋਗਦਾਨ ਪਾ ਚੁੱਕਾ ਹੈ।ਇਸ ਮੌਕੇ ਦੋਵੇ ਸਕੂਲਾ ਦੇ ਸਟਾਫ ਵੱਲੋ ਬੀਬੀ ਅਮਰਜੀਤ ਕੌਰ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਹਰਪ੍ਰੀਤ ਸਿੰਘ,ਮੈਡਮ ਰਮਾਂ ਦੇਵੀ,ਵਰਿੰਦਰਜੀਤ ਕੌਰ,ਕੁਲਵੰਤ ਸਿੰਘ,ਰਮਨਦੀਪ ਕੌਰ,ਕੁਲਦੀਪ ਕੌਰ,ਅਤਿੰਦਰਪਾਲ ਸਿੰਘ,ਬੇਅੰਤ ਕੌਰ ਆਦਿ ਹਾਜ਼ਰ ਸਨ।

ਛਾਂਦਾਰ ਅਤੇ ਫਲਦਾਰ ਬੂਟੇ ਲਾਏ

ਹਠੂਰ,18,ਜੁਲਾਈ-(ਕੌਸ਼ਲ ਮੱਲ੍ਹਾ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਬਲਾਕ ਮੀਤ ਪ੍ਰਧਾਨ ਮਾਸਟਰ ਮਨਦੀਪ ਸਿੰਘ ਭੰਮੀਪੁਰਾ ਦੀ ਅਗਵਾਈ ਹੇਠ ਪਿੰਡ ਭੰਮੀਪੁਰਾ ਕਲਾਂ ਵਿਖੇ ਛਾਂਦਾਰ ਅਤੇ ਫਲਦਾਰ ਬੂਟੇ ਲਾਏ ਗਏ।ਇਸ ਮੌਕੇ ਗੱਲਬਾਤ ਕਰਦਿਆ ਮਾਸਟਰ ਮਨਦੀਪ ਸਿੰਘ ਭੰਮੀਪੁਰਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋ ਪਿੰਡ ਦੀ ਬੇਅਬਾਦ ਪਈ ਸਾਝੀ ਇੱਕ ਏਕੜ ਜਮੀਨ ਵਿਚ ਸੋਮਵਾਰ ਨੂੰ ਦੋ ਸੌ ਛਾਂਦਾਰ,ਫਲਦਾਰ ਅਤੇ ਰਵਾਇਤੀ ਬੂਟੇ ਲਾਏ ਗਏ ਹਨ ਅਤੇ ਆਉਣ ਵਾਲੇ ਦਿਨਾ ਵਿਚ ਤਿੰਨ ਸੌ ਬੂਟੇ ਹੋਰ ਲਾਏ ਜਾਣਗੇ।ਉਨ੍ਹਾ ਦੱਸਿਆ ਕਿ ਇਨ੍ਹਾ ਬੂਟਿਆ ਨੂੰ ਪਾਲਣ ਲਈ ਵੱਖ-ਵੱਖ ਟੀਮਾ ਬਣਾਇਆ ਗਈਆ ਹਨ ਜੋ ਸਮੇਂ ਸਿਰ ਪਾਣੀ ਅਤੇ ਖਾਦ ਪਾਉਣ ਦੀ ਜਿਮੇਵਾਰੀ ਨਿਭਾਉਣਗੀਆ।ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੂਟੇ ਪਾਲਣ ਵਿਚ ਸਹਿਯੋਗ ਦੇਣ ਲਈ ਦੀ ਬੇਨਤੀ ਕੀਤੀ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਸੁਰਿੰਦਰ ਸਿੰਘ ਸੱਗੂ,ਰਘਵੀਰ ਸਿੰਘ,ਨਿਰਮਲ ਸਿੰਘ,ਦਵਿੰਦਰ ਸਿੰਘ,ਲਖਵੀਰ ਸਿੰਘ,ਗੁਰਜੀਤ ਸਿੰਘ,ਪ੍ਰਦੀਪ ਸਿੰਘ,ਹਰਨਾਮ ਸਿੰਘ,ਗੁਰਜੀਤ ਸਿੰਘ,ਕੁਲਵਿੰਦਰ ਸਿੰਘ,ਰਾਣਾ ਸਿੰਘ,ਜੱਸਾ ਸਿੰਘ ਆਦਿ ਹਾਜ਼ਰ ਸਨ।
 

ਐੱਸਡੀਐੱਮ ਅਤੇ ਤਹਿਸੀਲਦਾਰ ਨੇ ਕੀਤਾ ਗ੍ਰੀਨ ਮਿਸ਼ਨ ਪੰਜਾਬ ਟੀਮ ਦੇ ਬੂਥ ਦਾ ਉਦਘਾਟਨ  

ਜਗਰਾਉਂ ,(ਮੋਹਿਤ ਗੋਇਲ ਕੁਲਦੀਪ ਕੋਮਲ  ) ਐਸ.ਡੀ.ਐਮ ਜਗਰਾਉਂ ਵਿਕਾਸ ਹੀਰਾ ਅਤੇ ਤਹਿਸੀਲਦਾਰ ਜਗਰਾਉਂ ਮਨਮੋਹਨ ਕੌਸ਼ਿਕ ਨੇ ਅੱਜ ਜਗਰਾਉਂ ਤਹਿਸੀਲ ਕੰਪਲੈਕਸ ਨੇੜੇ ਐਸ.ਡੀ.ਐਮ ਦਫ਼ਤਰ ਵਿਖੇ ਗਰੀਨ ਪੰਜਾਬ ਮਿਸ਼ਨ ਟੀਮ ਦੇ ਗਰੀਨ ਪੰਜਾਬ ਮਿਸ਼ਨ ਬੂਥ ਦਾ ਉਦਘਾਟਨ ਕੀਤਾ।  ਸੰਸਥਾ ਦੇ ਮੁੱਖ ਮੈਂਬਰ ਸਤਪਾਲ ਸਿੰਘ ਦੇਹੜਕਾ ਨੇ ਐਸ.ਡੀ.ਐਮ ਜਗਰਾਉਂ ਵਿਕਾਸ ਹੀਰਾ, ਤਹਿਸੀਲਦਾਰ ਮਨਮੋਹਨ ਕੌਸ਼ਿਕ ਅਤੇ ਸੀ.ਟੀ.ਯੂਨੀਵਰਸਿਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਗਰਾਉਂ ਸਿਵਲ ਪ੍ਰਸ਼ਾਸਨ ਨੇ ਸੰਸਥਾ ਨੂੰ ਗ੍ਰੀਨ ਪੰਜਾਬ ਮਿਸ਼ਨ ਬੂਥ ਲਗਾਉਣ ਲਈ ਜਗ੍ਹਾ ਬਿਨਾਂ ਕਿਸੇ ਕਿਰਾਏ ਦੇ ਦਿੱਤੀ ਹੈ ਅਤੇ ਸਿਟੀ ਯੂਨੀਵਰਸਿਟੀ ਜਗਰਾਉਂ ਵੱਲੋਂ ਗਰੀਨ ਪੰਜਾਬ ਮਿਸ਼ਨ ਬੂਥ ਦਾ ਨਿਰਮਾਣ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਗਰੀਨ ਪੰਜਾਬ ਮਿਸ਼ਨ ਦੇ ਬੂਥ 'ਤੇ ਠੰਡੀ ਲੱਸੀ, ਦਹੀਂ ਪਨੀਰ ਅਤੇ ਹੋਰ ਬਹੁਤ ਸਾਰੀਆਂ ਵਸਤੂਆਂ ਉਪਲਬਧ ਹੋਣਗੀਆਂ ਅਤੇ ਇਨ੍ਹਾਂ ਵਸਤਾਂ ਨੂੰ ਵੇਚ ਕੇ ਹੋਣ ਵਾਲਾ ਮੁਨਾਫ਼ਾ ਧਰਤੀ ਮਾਂ ਦੀ ਸੇਵਾ ਵਿੱਚ ਵਰਤਿਆ ਜਾਵੇਗਾ।  ਜਗਰਾਉਂ ਦੇ ਐਸ.ਡੀ.ਐਮ ਵਿਕਾਸ ਹੀਰਾ ਅਤੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਕਿਹਾ ਕਿ ਸੰਸਥਾ ਵੱਲੋਂ ਵਾਤਾਵਰਨ ਨੂੰ ਸੰਭਾਲਣ ਲਈ ਕੀਤਾ ਜਾ ਰਿਹਾ ਕਾਰਜ ਬਹੁਤ ਹੀ ਸ਼ਲਾਘਾਯੋਗ ਹੈ।  ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਕਰਨ ਵਾਲੀ ਹਰ ਸੰਸਥਾ ਨੂੰ ਹਰ ਸੰਭਵ ਮਦਦ ਦੇਣ ਲਈ ਜਗਰਾਉਂ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤਾ ਜਾਵੇਗਾ।  ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਮਾਜ ਸੇਵੀ ਨਵੀਨ ਗੋਇਲ, ਮੈਡਮ ਕੰਚਨ ਗੁਪਤਾ, ਕੇਵਲ ਕ੍ਰਿਸ਼ਨ ਮਲਹੋਤਰਾ, ਮੇਜਰ ਸਿੰਘ ਛੀਨਾ, ਡਾ: ਜਸਵੰਤ ਸਿੰਘ, ਗੁਰਮੁੱਖ ਸਿੰਘ, ਪਰਮਜੀਤ ਸਿੰਘ, ਹਰਨਰਾਇਣ ਸਿੰਘ, ਮਾਸਟਰ ਪਰਮਿੰਦਰ ਸਿੰਘ, ਲਖਵਿੰਦਰ ਧੰਜਲ, ਵਿਸ਼ਾਲ ਕੁਮਾਰ, ਹਰਿੰਦਰਪਾਲ ਸਿੰਘ, ਤਹਿਸੀਲ ਕੰਪਲੈਕਸ ਦੇ ਸਮੂਹ ਮੈਂਬਰ ,ਗਰੀਨ ਮਿਸ਼ਨ ਪੰਜਾਬ ਦੀ ਟੀਮ ਸਮੇਤ ਪਾਰਕਿੰਗ ਅਤੇ ਐਸ.ਡੀ.ਐਮ ਦਫ਼ਤਰ ਦਾ ਸਮੂਹ ਸਟਾਫ ਹਾਜ਼ਰ ਸੀ।

ਮਾਂ-ਧੀ ਨੂੰ ਨਜਾਇਜ਼ ਹਿਰਾਸਤ 'ਚ ਰੱਖਣਾ ਹੀ ਮੁੱਢਲਾ ਦੋਸ਼- ਧਾਲੀਵਾਲ 

ਮੁਲਜ਼ਮਾਂ ਦੀ ਗ੍ਰਿਫਤਾਰੀ ਲਈ 118ਵੇਂ ਦਿਨ ਵੀ ਲਾਇਆ ਧਰਨਾ!

ਜਗਰਾਉਂ 18 ਜੁਲਾਈ ( ) ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਨਜਾਇਜ ਹਿਰਾਸਤ ਚ ਰੱਖਣ ਅਤੇ ਥਾਣੇ ਵਿਚ ਮਾਂ-ਧੀ ਨੂੰ ਤਸੀਹੇ ਦੇਣ ਦੇ ਮਾਮਲੇ ਵਿਚ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂਮ ਅਨੁਸਾਰ ਮ੍ਰਿਤਕਾ ਦੀ ਮੌਤ ਤੋਂ ਬਾਦ ਦਰਜ ਕੀਤੇ ਮੁਕੱਦਮੇ ਦੇ ਦੋਸ਼ੀ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ, ਏਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਅੱਜ ਜਨਤਕ ਜੱਥੇਬੰਦੀਆਂ ਵਲੋਂ ਅਰੰਭ ਕੀਤਾ ਪੱਕਾ ਧਰਨਾ ਅੱਜ 118ਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਧਰਨੇ ਵਿਚ ਮੌਜੂਦ ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ, ਕਿਸਾਨ ਯੂਨੀਅਨ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਰਾਮਗੜ੍ਹੀਆ ਭਾਈਚਾਰੇ ਦੇ ਆਗੂ ਬਲਜੀਤ ਸਿੰਘ ਸੋਹੀਅ‍ਾ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਦੇ ਆਗੂ ਬਲਦੇਵ ਸਿੰਘ ਫੌਜ਼ੀ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਵਲੋ ਪਰਵਿੰਦਰ ਸਿੰਘ ਕੁਲਾਰ, ਕਿਰਤੀ ਕਿਸਾਨ ਯੂਨੀਅਨ ਵਲੋਂ ਦਰਸ਼ਨ ਸਿੰਘ ਬੰਗਸੀਪੁਰਾ ਨੇ ਕਿਹਾ ਕਿ ਕੁਲਵੰਤ ਕੌਰ ਮਾਮਲੇ ਵਿਚ ਮੁੱਖ ਮੁੱਦਾ ਮਾਂ-ਧੀ ਨੂੰ ਘਰੋਂ ਚੁੱਕ ਕੇ ਨਜ਼ਾਇਜ਼ ਹਿਰਾਸਤ ਚ ਰੱਖਣ ਅਤੇ ਤਸੀਹੇ ਦੇਣ/ਕੁੱਟਮਾਰ ਕਰਨ ਅਤੇ ਫਿਰ ਕੁੱਟਮਾਰ ਨੂੰ ਲਕੋਣ ਲਈ ਮ੍ਰਿਤਕਾ ਕੁਲਵੰਤ ਕੌਰ ਦੇ ਭਰਾ ਇਕਬਾਲ ਸਿੰਘ ਅਤੇ ਭਰਜਾਈ ਮਨਪ੍ਰੀਤ ਕੌਰ ਨੂੰ ਇੱਕ ਸਾਜ਼ਿਸ਼ ਤਹਿਤ ਫਰਜ਼ੀ ਕਹਾਣੀ ਅਤੇ ਫਰਜ਼ੀ ਗਵਾਹ ਝੂਠੇ ਕਤਲ਼ ਕੇਸ ਫਸਾ ਕੇ ਜੇਲ਼ ਭੇਜ ਦਿੱਤਾ ਸੀ। ਉੱਧਰ ਦੂਜੇ ਦਿਨ ਪਿੰਡ ਰਸੂਲਪੁਰ ਦੇ ਪੰਚਾਇਤੀ ਲੋਕਾਂ ਨੇ ਥਾਣਾਮੁਖੀ ਦੀ ਨਜਾਇਜ ਹਿਰਾਸਤ ਚੋਂ ਛੁਡਾ ਕੇ ਪੀੜ੍ਹਤਾ ਡਾਕਟਰੀ ਮੁਲਾਹਜ਼ਾ ਕਰਵਾ ਕੇ ਲਿਖਤੀ ਸ਼ਿਕਾਇਤ ਦਾਇਰ ਕੀਤੀ ਅਤੇ ਪੜਤਾਲਾਂ ਸ਼ੁਰੂ ਕਰਵਾਈਆਂ ਅੰਤ ਪੁਲਿਸ ਨੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਦੋਸ਼ੀਆਂ ਖਿਲਾਫ਼ ਮੁਕੱਦਮਾ ਤਾਂ ਦਰਜ ਕਰ ਲਿਆ ਪਰ ਅਜੇ ਤੱਕ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ ਜੋ ਹੁਣ ਡੀਅੈਸਪੀ ਹੈ, ਏਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਨੂੰ ਗੈਰ-ਜਮਾਨਤੀ ਸੰਗੀਨ ਧਰਾਵਾਂ ਹੋਣ ਬਾਵਜੂਦ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ। ਉੱਧਰ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ 23 ਮਾਰਚ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਦੇ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਬੀਕੇਯੂ(ਡਕੌਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਨੇ ਕਿਹਾ ਕਿ 118 ਦਿਨਾਂ ਤੋਂ ਸਰਕਾਰ ਵਲੋਂ ਸੁਣਵਾਈ ਨਾਂ ਕਰਨ ਤੋਂ ਨਰਾਜ਼ ਕਿਰਤੀ ਲੋਕ ਹੁਣ 22 ਜੁਲਾਈ ਨੂੰ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਘਰ ਦਾ ਘਿਰਾਓ ਕਰਨਗੇ ਅਤੇ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਨਗੇ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਬੀਕੇਯੂ ਡਕੌਦਾ ਦੇ ਬਾਬਾ ਬੰਤਾ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਬਖਤਾਵਰ ਸਿੰਘ ਜਗਰਾਉਂ, ਗੱਜਣ ਸਿੰਘ ਹਠੂਰ, ਜੱਥੇਦਾਰ ਚੜਤ ਸਿੰਘ, ਜੋਗਿੰਦਰ ਸਿੰਘ ਅਖਾੜਾ ਤੇ ਸੁਖਵਿੰਦਰ ਸਿੰਘ ਭੰਮੀਪੁਰਾ ਵੀ ਹਾਜ਼ਰ ਸਨ।

ਬੀ.ਬੀ.ਐੱਸ.ਬੀ ਕਾਨਵੈਂਟ ਸਕੂਲ ਦੇ ਦਸਵੀਂ ਜਮਾਤ ਦੇ ਬੱਚਿਆਂ ਨੇ ਚੰਗੀਆਂ ਪੁਜੀਸ਼ਨਾਂ ਹਾਸਲ ਕਰਕੇ ਆਪਣੇ ਸਕੂਲ ਨਾਂਅ ਰੌਸ਼ਨ ਕੀਤਾ 

ਜਗਰਾਉ 18 ਜੁਲਾਈ  (ਅਮਿਤਖੰਨਾ,,ਅਮਨਜੋਤ ) ਆਈ.ਸੀ.ਐੱਸ.ਈ. ਬੋਰਡ ਦੁਆਰਾ ਐਲਾਨੇ ਗਏ ਨਤੀਜਿਆਂ 'ਚ ਬੀ.ਬੀ.ਐੱਸ.ਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਦਸਵੀਂ ਜਮਾਤ ਦੇ ਬੱਚਿਆਂ ਨੇ ਚੰਗੀਆਂ ਪੁਜੀਸ਼ਨਾਂ ਹਾਸਲ ਕਰਕੇ ਆਪਣੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਅਨੀਤਾ ਕਾਲੜਾ ਅਤੇ ਡਾਇਰੈਕਟਰ ਸਤੀਸ਼ ਕਾਲੜਾ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਗੁਰਲੀਨ ਸੰਧੂ ਨੇ 97.6 ਪ੍ਰਤੀਸ਼ਤ, ਪੁਨੀਤ ਕੌਰ 97.2 ਪ੍ਰਤੀਸ਼ਤ, ਗੁਰਨੂਰ ਸਿੰਘ ਨੇ 96.2 ਪ੍ਰਤੀਸ਼ਤ, ਡੋਲਪ੍ਰੀਤ ਕੌਰ ਨੇ 95.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਚੰਗੀਆਂ ਪੁਜੀਸ਼ਨਾਂ ਹਾਸਲ ਕੀਤੀਆਂ | ਚੰਗੇ ਨਤੀਜੇ ਆਉਣ 'ਤੇ ਸਕੂਲ ਦੇ ਪਿ੍ੰਸੀਪਲ ਅਨੀਤਾ ਕਾਲੜਾ ਨੇ ਸਕੂਲ ਦੇ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ

ਸਰਬਨ ਸਿੰਘ ਬਰਾੜ ਦਾ ਭੋਗ 20 ਜੁਲਾਈ ਨੂੰ

 ਜਗਰਾਉ 18 ਜੁਲਾਈ  (ਅਮਿਤਖੰਨਾ,,ਅਮਨਜੋਤ )ਬਲੌਜ਼ਮਜ਼ ਕਾਨਵੈਂਟ ਸਕੂਲ ਦੀ ਮੈਨੇਜਮੈਂਟ ਦੇ ਮੈਂਬਰ ਸ. ਰਸ਼ਪਾਲ ਸਿੰਘ ਬਰਾੜ ਨੂੰ ਆਪਣੇ ਛੋਟੇ ਭਰਾ ਸ. ਸਰਬਨ ਸਿੰਘ ਬਰਾੜ ਦਾ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਨਾਲ ਉਹਨਾਂ ਨੂੰ ਗਹਿਰਾ ਸਦਮਾ ਲੱਗਾ ਹੈ। ਉਹ ਸ਼ੁਰੂ ਤੋਂ ਹੀ ਆਪਣੇ ਸਾਂਝੇ ਪਰਿਵਾਰ ਵਿਚ ਰਹਿੰਦੇ ਹੋਏ ਖੇਤੀਬਾੜੀ ਪੂਰੀ ਮਿਹਨਤ ਨਾਲ ਕਰ ਰਹੇ ਸਨ। ਉਹਨਾਂ ਦੇ ਬੱਚੇ ਵਿਦੇਸ਼ਾਂ ੁਵਿਚ ਮਿਹਨਤ ਕਰ ਰਹੇ ਹਨ ਅਤੇ ਇਧਰ ਰਹਿੰਦੇ ਬੱਚੇ ਆਪਣੇ ਪਿਤਾ ਪੁਰਖੀ ਕੰਮਾਂ ਵਿਚ ਹੱਥ ਵੰਢਾ ਰਹੇ ਹਨ। ਅੱਜ ਕੱਲ ਦੇ ਸਮੇਂ ਵਿਚ ਇੱਕਠੇ ਪਰਿਵਾਰ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਪਰ ਬਰਾੜ ਪਰਿਵਾਰ ਨੇ ਆਪਣੇ ਪਰਿਵਾਰ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋਅ ਕੇ ਰੱਖਿਆ ਹੋਇਆ ਹੈ। ਇਸ ਦੁੱਖ ਦੀ ਘੜੀ ਵਿਚ ਬਲੌਜ਼ਮਜ਼ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ਨਾਜ਼, ਚੇਅਰਮੈਨ ਸ. ਹਰਭਜਨ ਸਿੰਘ ਜੌਹਲ,  ਪ੍ਰੈਜੀਡੈਂਟ ਸ. ਮਨਪ੍ਰੀਤ ਸਿੰਘ ਬਰਾੜ, ਸ. ਅਜਮੇਰ ਸਿੰਘ ਰੱਤੀਆਂ ਅਤੇ ਸਮੂਹ ਬਲੋਜ਼ਮਜ਼ ਸਕੂਲ ਪਰਿਵਾਰ ਵੱਲੋਂ ਇਸ ਅਭਾਗੀ ਘੜੀ ਵਿਚ ਉਹਨਾਂ ਦੇ ਦੁੱਖ ਵਿਚ ਉਹਨਾਂ ਦੇ ਨਾਲ ਖੜਨ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ ਪਰਿਵਾਰ ਨੂੰ ਭਾਣਾ ਮੰਨਣ ਤੇ ਬਲ ਬਖਸ਼ਣ ਦੀ ਅਰਦਾਸ ਕੀਤੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦੇ ਭੋਗ ਉਹਨਾਂ ਦੇ ਪਿੰਡ ਰਾਜੇਆਣਾ ਜ਼ਿਲਾ ਮੋਗਾ ਵਿਖੇ ਮਿਤੀ 20 ਜੁਲਾਈ 2022 ਦਿਨ ਬੁੱਧਵਾਰ ਨੂੰ ਦੁਪਹਿਰ 1 ਵਜੇ ਤੱਕ ਸਥਾਨ ਡੇਰਾ ਰਾਜਾ ਪੀਰ ਝਿੜੀ ਵਿਖੇ ਪਵੇਗਾ। ਉਹਨਾਂ ਦੇ ਭਰਾ ਸ. ਰਛਪਾਲ ਸਿੰਘ ਬਰਾੜ ਸ. ਜੁਗਰਾਜ ਸਿੰਘ ਬਰਾੜ, ਬੇਟੇ ਬਲਜਿੰਦਰ ਸਿੰਘ ਬਰਾੜ, ਹਰਜਿੰਦਰ ਸਿੰਘ ਬਰਾੜ, ਅਤੇ ਗੰਗਾ ਗਾਈਸ ਮਿਲ, ਗੰਗਾ ਫੂਡਜ਼, ਗੰਗਾ ਰਿਜੋਰਟ, ਭਾਰਤ ਟਰੇਡਿੰਗ ਕੰਪਨੀ ਵਲੋਂ ਭੋਗ ਤੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ।

117ਵੇਂ ਦਿਨ ਵੀ ਗ੍ਰਿਫਤਾਰੀ ਲਈ ਲਾਇਆ ਧਰਨਾ!

ਪੀੜ੍ਹਤਾਂ ਲਈ ਮੁਆਵਜ਼ੇ ਤੇ ਸਰਕਾਰੀ ਨੌਕਰੀ ਦੀ ਮੰਗ ਦੁਹਰਾਈ !

ਪੰਜਾਬ ਸਰਕਾਰ ਦੇਵੇ ਕਰੋੜ ਰੁਪਿਆ ਤੇ ਸਰਕਾਰੀ ਨੌਕਰੀ 

ਜਗਰਾਉਂ 17 ਜੁਲਾਈ (         ) ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ ਤੇ ਏ.ਅੈਸ.ਆਈ.ਰਾਜਵੀਰ ਵਲੋਂ ਰਸੂਲਪੁਰ ਪਿੰਡ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਮਾਵਾਂ-ਧੀਆਂ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ ਅਤੇ ਧੀ ਕੁਲਵੰਤ ਕੌਰ ਨੂੰ ਬਿਜ਼ਲੀ ਦਾ ਕਰੰਟ ਲਗਾ ਕੇ ਨਕਾਰਾ ਕਰਕੇ ਮਾਰਨ ਸਬੰਧੀ ਥਾਣਾ ਸਿਟੀ ਚ ਦਰਜ ਕੀਤੇ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅੱਜ 117ਵੇਂ ਦਿਨ ਵੀ ਥਾਣੇ ਮੂਹਰੇ ਧਰਨਾ ਲਾਇਆ ਗਿਆ। ਅੱਜ ਦੇ ਧਰਨੇ ਵਿਚ ਸ਼ਾਮਿਲ ਕਿਰਤੀ ਕਿਸਾਨ ਯੂਨੀਅਨ ਦੇ ਜਿਲ਼ਾ ਪ੍ਰਧਾਨ ਤਰਲੋਚਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਦੇ ਆਗੂ ਹਰੀ ਸਿੰਘ ਚਚਰਾੜੀ, ਬੀਕੇਯੂ(ਡਕੌਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਨੇ ਇਸ ਗੱਲ ਦੀ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਆਦੇਸ਼ਾਂ ਦੇ ਬਾਵਜੂਦ ਅਜੇ ਤੱਕ ਤਫਤੀਸ਼ ਸ਼ੁਰੂ ਨਹੀਂ ਕੀਤੀ ਇਨਸਾਫ਼ ਮਿਲਣਾ ਤਾਂ ਉਸ ਤੋਂ ਵੀ ਅੱਗੇ ਦੀ ਗੱਲ ਹੈ ਫਿਰ ਵੀ ਧਰਨਾਕਾਰੀਆਂ ਦੇ ਹੌਸਲੇ ਬੁਲੰਦ ਹਨ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋ, ਕੇਕੇਯੂ ਯੂਥ ਵਿੰਗ ਮਨੋਹਰ ਸਿੰਘ ਝੋਰੜਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌੰਦਾ) ਦੇ ਰਾਮਤੀਰਥ ਸਿੰਘ ਲੀਲ੍ਹਾ, ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਅੱਜ ਮੁੜ ਸਾਂਝੇ ਰੂਪ ਚ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ  ਮੰਗ ਕੀਤੀ ਕਿ ਧਾਰਾ 304, 342, 34 ਤੇ ਅੈਸ.ਸੀ./ਅੈਸ.ਟੀ. ਅੈਕਟ 1989 ਅਧੀਨ ਦਰਜ ਮੁਕੱਦਮੇ 'ਚ ਨਾਮਜ਼ਦ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਮੰਗੀ, ਉਥੇ ਪੀੜ੍ਹਤ ਪਰਿਵਾਰ ਦੇ 17 ਸਾਲਾਂ ਦੇ ਹੋਏ ਭਾਰੀ ਆਰਥਿਕ ਨੁਕਸਾਨ ਦੀ ਭਰਪਾਈ ਲਈ ਕਰੋੜ-ਕਰੋੜ  ਰੁਪਏ ਮੁਆਵਜ਼ਾ ਅਤੇ ਇਕ -ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਪ੍ਰੈਸ ਨੂੰ ਜਾਰੀ ਬਿਆਨ 'ਚ ਉਕਤ ਆਗੂਆਂ ਨੇ ਕਿਹਾ ਕਿ ਪੁਲਿਸ ਅੱਤਿਆਚਾਰ ਦੀ ਸ਼ਿਕਾਰ ਲੜਕੀ ਕੁਲਵੰਤ ਕੌਰ ਇਨਸਾਫ਼ ਮੰਗਦੀ-ਮੰਗਦੀ ਲੰਘੀ10 ਦਸੰਬਰ ਨੂੰ ਫੌਤ ਹੋ ਗਈ ਸੀ ਤੇ ਦੂਜੇ ਦਿਨ 11 ਦਸੰਬਰ 2021 ਨੂੰ ਦੋਸ਼ੀਆਂ ਖਿਲਾਫ਼ ਉਕਤ ਮੁਕੱਦਮਾ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੀੜ੍ਹਤ ਲੋਕ 117 ਦਿਨਾਂ ਤੋਂ ਥਾਣੇ ਮੂਹਰੇ ਧਰਨੇ 'ਤੇ ਬੈਠੇ ਹਨ ਪਰ ਸਬੰਧਤ ਪੁਲਿਸ ਅਧਿਕਾਰੀ ਨਿਆਂ ਦੇਣ ਤੋਂ ਪਾਸਾ ਵੱਟ ਰਹੇ ਹਨ। ਆਗੂਆਂ ਨੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਦੋਸ਼ੀਆਂ ਨੂੰ ਸੀਖਾਂ ਪਿੱਛੇ ਬੰਦ ਨਾਂ ਕਰਕੇ ਪੀੜ੍ਹਤ ਪਰਿਵਾਰ ਨੂੰ ਨਿਆਂ ਨਾਂ ਦਿੱਤਾ ਅਤੇ ਪੀੜ੍ਹਤ ਦੋਵੇਂ ਪਰਿਵਾਰਾਂ ਨੂੰ ਯੋਗ ਮੁਆਵਾਜ਼ਾ ਤੇ ਸਰਕਾਰੀ ਨੌਕਰੀ ਨਾਂ ਦੇ ਕੇ ਇਨਸਾਫ਼ ਨਾਂ ਕੀਤਾ ਤਾਂ ਮਜ਼ਬੂਰੀਬੱਸ ਸੰਘਰਸ਼ੀਲ ਜੱਥੇਬੰਦੀਆਂ ਨੂੰ ਸੰਘਰਸ਼ ਤੇਜ਼ ਕਰਨਾ ਹੀ ਪਵੇਗਾ। ਦੱਸਣਯੋਗ ਹੈ ਕਿ ਥਾਣਾ ਸਿਟੀ ਜਗਰਾਉਂ ਦੇ ਆਪੂ ਬਣੇ ਥਾਣਾਮੁਖੀ ਗੁਰਿੰਦਰ ਬੱਲ ਤੇ ਏ.ਅੈਸ.ਆਈ.ਰਾਜਵੀਰ ਨੇ ਮ੍ਰਿਤਕ ਕੁਲਵੰਤ ਕੌਰ ਦੀ ਭਤੀਜੀ ਦੇ ਆਤਮਹੱਤਿਆ ਦੇ ਕੇਸ ਨੂੰ ਇੱਕ ਸਾਲ ਬਾਦ ਸਾਜਿਸ਼ ਤਹਿਤ ਕਤਲ਼ ਕੇਸ ਬਣਾਉਣੇ ਹੋਏ ਮ੍ਰਿਤਕ ਕੁਲਵੰਤ ਕੌਰ ਅਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਅੱਧੀ ਰਾਤ ਨੂੰ ਘਰੋਂ ਜ਼ਬਰੀ ਚੁੱਕ ਕੇ ਥਾਣੇ ਲਿਆ ਕੇ ਕੁਲਵੰਤ ਕੌਰ ਨੂੰ ਤੀਜੇ ਦਰਜੇ ਦੇ ਤਸੀਹੇ ਦਿੰਦੇ ਹੋਏ ਕਰੰਟ ਵੀ ਲਗਾਇਆ ਅਤੇ ਫਿਰ ਇਸ ਅੱਤਿਆਚਾਰ ਨੂੰ ਲਕੋਣ ਲਈ ਕੁਲਵੰਤ ਕੌਰ ਦੇ ਭਰਾ ਇਕਬਾਲ ਸਿੰਘ ਅਤੇ ਭਰਜਾਈ ਮਨਪ੍ਰੀਤ ਕੌਰ ਨੂੰ ਝੂਠੇ ਕਤਲ਼ ਵਿੱਚ ਫਸਾ ਕੇ ਜੇਲ਼ ਡੱਕ ਦਿੱਤਾ ਸੀ ਜੋ ਕਿ ਦਹਾਕੇ ਬਾਦ ਬਰੀ ਹੋਏ। ਥਾਣਾਮੁਖੀ ਵਲੋਂ ਦਿੱਤੇ ਤਸੀਹਿਆਂ ਕਾਰਨ ਅਤੇ ਲਗਾਏ ਕਰੰਟ ਕਾਰਨ ਕੁਲਵੰਤ ਕੌਰ ਨਕਾਰਾ ਹੋ ਕੇ 15 ਸਾਲ ਮੰਜੇ ਤੇ ਪਈ ਰਹਿਣ ਤੋ ਬਾਦ ਇਨਸਾਫ਼ ਮੰਗਦੀ-ਮੰਗਦੀ 10 ਦਸੰਬਰ 2021 ਨੂੰ ਦੁਨੀਆਂ ਤੋਂ ਚਲ ਵਸੀ ਅਤੇ ਮੌਤ ਉਪਰੰਤ ਪੁਲਿਸ ਨੇ ਦੋਸ਼ੀ ਥਾਣਾਮੁਖੀ ਗੁਰਿੰਦਰ ਬੱਲ, ਏ.ਅੈਸ.ਆਈ.ਰਾਜਵੀਰ ਤੇ ਹਰਜੀਤ ਸਰਪੰਚ ਖਿਲਾਫ਼ ਉਕਤ ਧਰਾਵਾਂ ਅਧੀਨ ਮੁਕੱਦਮਾ ਤਾਂ ਦਰਜ ਕੀਤਾ ਪਰ ਅੱਜ ਤੱਕ ਗ੍ਰਿਫਤਾਰੀ ਨਹੀਂ ਕੀਤੀ ਕਿਉਂਕਿ ਦੋਸ਼ੀ ਕੁੱਝ ਪੁਲਿਸ ਅਧਿਕਾਰੀਆਂ ਤੇ ਸਿਆਸੀ ਲੀਡਰਾਂ ਦੇ ਚਹੇਤੇ ਹਨ ਜਦਕਿ ਪੀੜ੍ਹਤ ਅਨੁਸੂਚਿਤ ਜਾਤੀ ਦਾ ਆਮ ਪਰਿਵਾਰ ਹੈ। ਇੱਕ ਸਵਾਲ ਦੇ ਜਵਾਬ ਵਿੱਚ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਅੱਤਿਆਚਾਰ ਦੇ ਇਸ ਸਾਰੇ ਮਾਮਲੇ ਦੀ ਪੜਤਾਲ ਪਹਿਲਾਂ ਇੰਟੈਲੀਜ਼ੈਸ ਨੇ ਤੇ ਫਿਰ ਡੀਜੀਪੀ ਮਨੁੱਖੀ ਅਧਿਕਾਰ ਵਲੋਂ ਕੀਤੀ ਗਈ ਅਤੇ ਪੜਤਾਲੀਆ ਰਿਪੋਰਟਾਂ ਅਨੁਸਾਰ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਨੇ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਸਨ ਪਰ ਲੋਕਲ ਪੁਲਿਸ ਦੇ ਦਬਾ ਅਧੀਨ ਕੋਈ ਕਾਰਵਾਈ ਨਹੀਂ ਸੀ ਕੀਤੀ।

ਸਿਹਤ ਵਿਭਾਗ ਵੱਲੋ ਮੁਫਤ ਬੂਸਟਰ ਡੋਜ਼ ਦੀ ਸਹੂਲਤ ਸ਼ੁਰੂ 

 

ਬਰਨਾਲਾ /ਮਹਿਲ ਕਲਾ- 17 ਜੁਲਾਈ - (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ)- ਸਿਹਤ ਵਿਭਾਗ ਬਰਨਾਲਾ ਵੱਲੋ 18 ਤੋਂ 59 ਸਾਲ ਦੀ ਉਮਰ ਦੇ ਲੋਕਾਂ ਨੂੰ ਕੋਵਿਡ 19 ਵੈਕਸੀਨ ਦੀ ਬੂਸਟਰ ਡੋਜ਼ ਲਗਾਵਾਉਣ ਦੀ ਅਪੀਲ ਕਰਦਿਆਂ ਡਾ ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਮਿਤੀ 15 ਜੁਲਾਈ ਤੋਂ ਇਹ ਬੂਸਟਰ ਡੋਜ਼ ਜਿਲੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਲਗਾਈ ਜਾ ਰਹੀ ਹੈ ਜੋ ਕਿ ਪਹਿਲਾਂ ਪ੍ਰਾਈਵੇਟ ਸੰਸਥਾਵਾਂ ਵਿੱਚ ਲਾਗਤ ਨਾਲ ਲਗਾਈ ਜਾ ਰਹੀ ਸੀ ।
ਡਾ ਔਲ਼ਖ ਨੇ ਦੱਸਿਆ   ਕਿ ਜਿੰਨਾ 18 ਤੋਂ  59 ਸਾਲ ਦੇ ਉਮਰ ਦੇ ਲੋਕਾਂ ਜਿੰਨਾਂ ਕੋਰੋਨਾ ਵੈਕਸੀਨ ਦੇ ਦੋਵੇਂ  ਟੀਕੇ ਲਗਵਾ ਲਏ ਹਨ , ਓਹ ਇਹ ਬੂਸਟਰ ਡੋਜ਼ ਜ਼ਰੂਰ ਲਗਵਾਉਣ ਅਤੇ ਇਹ ਬੂਸਟਰ ਡੋਜ਼ ਜਿਲਾ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ ।
ਡਾ ਗੁਰਬਿੰਦਰ ਕੌਰ ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ  ਕੋਰੋਨਾ ਤੋਂ ਬਚਾਅ ਲਈ ਵੈਕਸੀਨ ਅਤੇ ਸਿਹਤ ਵਿਭਾਗ ਵੱਲੋ ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਤੋਂ ਬਚਾਅ ਕੀਤਾ ਜਾ ਸਕੇ ।

ਆਰ. ਕੇ.ਹਾਈ.ਸਕੂਲ ਜਗਰਾੳ ਦੇ 100 ਬੱਚਿਆ ਨੂੰ ਬੂਟ ਵੰਡੇ

ਜਗਰਾਉ 17 ਜੁਲਾਈ  (ਅਮਿਤਖੰਨਾ,,ਅਮਨਜੋਤ ) ਆਰ.ਕੇ.ਹਾਈ.ਸਕੂਲ ਜਗਰਾੳ ਤੋਂ ਪੜਕੇ ਸਮਾਜ ਸੇਵਾ ਦੇ ਨਾਲ ਅਪਣੀ ਅਲੱਗ ਪਹਿਚਾਣ ਬਨਾਉਣ ਵਾਲੇ  ਐਡਵੋਕੇਟ ਸੰਦੀਪ ਗੋਇਲ ਨੇ ਅਪਣੀ ਧਰਮਪਤਨੀ ਤਮੰਨਾ ਗੋਇਲ ਦੇ ਦਾਦੀ ਜੀ ਦੀ ਪੂੰਨ ਤਿਥੀ ਦੇ ਮੋਕੇ ਤੇ ਸਕੂਲ ਦੇ 100 ਬੱਚਿਆ  ਨੂੰ ਬੂਟ ਤਕਸੀਮ ਕੀਤੇ। ਇਸ ਮੋਕੇ ਬੱਚਿਆ  ਦੇ ਅਨੁਸ਼ਾਸਨ ਨੂੰ ਵੇਖ ਕੇ 15 ਅਗਸਤ ਨੂੰ ਬਾਕੀ ਸਾਰੇ ਬਚਿੱਆ ਨੂੰ ਵੀ ਬੂਟ ਦੇਣ ਦਾ ਐਲਾਨ ਕੀਤਾ।।ਐਡਵੋਕੇਟ ਸੰਦੀਪ ਗੋਇਲ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਉਹ ਅਜ ਜਿਸ ਮੁਕਾਮ ਤੇ ਨੇ, ਉਹ ਸਭ ਇਸ ਸਕੂਲ ਦੀ ਬਦੋਲਤ ਹੈ।।ਇਸ ਮੋਕੇ ਉਨਾਂ ਦੀ ਮਾਤਾ ਸ਼ੁਸ਼ੀਲਾ ਗੋਇਲ ਨੇ ਵੀ ਸਕੂਲ ਦੇ ਅਧਿਆਪਕਾ ਅਤੇ ਪ੍ਰਿਸੀਪਲ ਦਾ ਬੱਚਿਆ ਨੂੰ ਵਧੀਆ  ਸੰਸਕਾਰ ਦੇਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਕੈਪਟਨ ਨਰੇਸ਼ ਵਰਮਾ ਨੇ ਬਾਖੂਬੀ ਕੀਤਾ।ਇਸ ਮੋਕੇ ਸਕੂਲ ਵਲੋ ਐਡਵੋਕੇਟ ਸੰਦੀਪ ਗੋਇਲ  ਤੇ ਪਰਿਵਾਰਕ ਮੈਂਬਰਾ ਦਾ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ, ਮੈਨੇਜਰ ਰਜਿੰਦਰ ਜੈਨ, ਮੈਂਬਰ ਕੰਚਨ ਗੁਪਤਾ,ਸੁਰਿੰਦਰ ਮਿੱਤਲ,ਡਾ:ਮਦਨ ਮਿੱਤਲ,ਪ੍ਰੇਮ ਨਾਥ ਗਰਗ ਅਤੇ ਪ੍ਰਿਸੀਪਲ ਕੈਪਟਨ ਨਰੇਸ਼ ਵਰਮਾ ਵੱਲੋ ਸਨਮਾਨ ਕੀਤਾ ਗਿਆ। 
ਫੋਟੋ।।ਆਰ.ਕੇ.ਹਾਈ.ਸਕੂਲ ਜਗਰਾੳ ਦੇ ਬੱਚਿਆ ਨੂੰ ਬੂਟ ਵੰਡਦੇ ਹੋਏ ਐਡਵੋਕੇਟ ਸੰਦੀਪ ਗੋਇਲ,ਤਮੰਨਾ ਗੋਇਲ, ਸ਼ੁਸ਼ੀਲਾ ਗੋਇਲ ਐਡਵੋਕੇਟ ਨਵੀਨ ਗੁਪਤਾ, ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਤੇ ਹੋਰ।

ਜੀ.ਅੈਚ.ਜੀ.ਅਕੈਡਮੀ ,ਦੇ ਵਿਦਿਆਰਥੀਆਂ ਨੇ ਸਵੱਦੀ ਖੁਰਦ ਵਿਖੇ ਗੁਰਮਤਿ ਸਮਾਗਮ ਵਿੱਚ ਲਿਆ ਹਿੱਸਾ ।

 ਜਗਰਾਉ 16 ਜੁਲਾਈ  (ਅਮਿਤਖੰਨਾ,,ਅਮਨਜੋਤ ) ਜੀ.ਅੈਚ.ਜੀ.ਅਕੈਡਮੀ ,ਜਗਰਾਉਂ ਦੇ ਵਿਦਿਆਰਥੀਆਂ ਨੇ ਸਵੱਦੀ ਖੁਰਦ ਵਿਖੇ ਗੁਰਮਤਿ ਸਮਾਗਮ ਵਿਚ ਭਾਗ ਲੈ ਕੇ ਸੰਗਤਾਂ ਨੂੰ ਰਸ ਭਿੰਨੇ ਕੀਰਤਨ ਨਾਲ  ਨਿਹਾਲ ਕੀਤਾ । ਅੱਜ ਹੀ ਜੀ. ਐਚ. ਜੀ. ਅਕੈਡਮੀ ਵਿਖੇ   ਸ਼ਰਧਾ ਭਾਵਨਾ ਨਾਲ  ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ  ਗਿਆ।ਜਿਸ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਸਿਮਰਨ ਕੌਰ ਨੇ ਭਾਸ਼ਣ ਰਾਹੀਂ ਭਾਈ ਤਾਰੂ ਸਿੰਘ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਿੱਖ ਧਰਮ ਵਿੱਚ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਇੱਕ ਅਦੁੱਤੀ ਮਿਸਾਲ ਹੈ।ਉਨ੍ਹਾਂ ਨੇ ਦੱਸਿਆ ਕਿ ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪੂਹਲਾ ਵਿਖੇ ਹੋਇਆ ।ਭਾਈ ਤਾਰੂ ਸਿੰਘ ਜੀ ਦੇ ਬਚਪਨ ਵਿੱਚ ਹੀ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗੲੇ ਸਨ,ਇਸ ਲਈ ਉਨ੍ਹਾਂ ਦਾ ਪਾਲਣ ਪੋਸ਼ਣ ਉਨ੍ਹਾਂ ਦੇ ਮਾਤਾ ਜੀ ਨੇ ਕੀਤਾ ।ਭਾਈ ਤਾਰੂ ਸਿੰਘ ਜੀ ਨੇ ਆਪਣੇ ਮਾਤਾ ਜੀ ਤੋਂ ਹੀ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ।ਉਨ੍ਹਾਂ ਨੇ ਦੱਸਿਆ ਕਿ ਜ਼ਕਰੀਆ ਖਾਨ ਨੇ ਹੁਕਮ ਦਿੱਤਾ ਕਿ ਜਿੱਥੇ ਵੀ ਕਿਤੇ ਸਿੱਖ ਦਿਖਾਈ ਦੇਵੇ ਉਸ ਦਾ ਕਤਲ ਕਰ ਦਿੱਤਾ ਜਾਵੇ। ਉਸ ਸਮੇਂ ਭਾਈ ਤਾਰੂ ਸਿੰਘ ਜੀ ਸਿੱਖਾਂ ਨੂੰ ਆਪਣੇ ਘਰ ਪਨਾਹ ਦਿੰਦੇ।ਭਾਈ ਤਾਰੂ ਸਿੰਘ ਜੀ ਨੂੰ ਸਜਾ ਦੇਣ ਲਈ ਉਨ੍ਹਾਂ ਦੇ ਵਾਲ ਕੱਟਣ ਲਈ ਕਿਹਾ ਗਿਆ ਪਰ ਭਾਈ ਤਾਰੂ ਸਿੰਘ ਜੀ ਨੇ ਇਹ ਕਬੂਲ ਨਾ ਕਰਦੇ ਹੋਏ ਖੋਪਰੀ ਲਹਾਉਣੀ ਮਨਜ਼ੂਰ ਕਰ ਲਈ।ਇਸ ਮੌਕੇ ਜਮਾਤ ਗਿਆਰ੍ਹਵੀਂ ਸਾਇੰਸ  ਦੀਆਂ ਵਿਦਿਆਰਥਣਾਂ  ਨੇ ਭਾਈ ਤਾਰੂ ਸਿੰਘ ਜੀ ਦੇ ਜੀਵਨ ਬਾਰੇ ਕਵੀਸ਼ਰੀ ਪੇਸ਼ ਕੀਤੀ ।ਅਖੀਰ ਵਿੱਚ ਜੀ.ਐਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਇਤਿਹਾਸ ਪੜ੍ਹਨ ਅਤੇ ਉਸ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ ।