ਅਜਾਦੀ ਦਾ ਅੰਮ੍ਰਿਤ ਮਹਾ-ਉਤਸਵ!
- ਵੱਡੇ-ਵੱਡੇਰਿਆਂ ਨੇ
ਅਜਾਦੀ ਲਈ
ਯੁੱਧ ਲੜਦਿਆਂ,
ਦੇਸ਼ ਲਈ ਮਰਦਿਆਂ,
ਪਤਾ ਨਹੀਂ ਦਿਲ ਵਿਚ
ਕਿੰਨੀਆਂ ਉਮੰਗਾਂ,
ਕਿੰਨੀਆਂ ਆਸਾਂ,
ਸਿਰਜੀਆਂ ਹੋਣਗੀਆਂ!
ਉਨ੍ਹਾਂ ਤਾਂ
ਸੋਚਿਆ ਵੀ
ਨ੍ਹੀਂ ਹੋਣਾ ਕਿ-
ਅਜਾਦ ਭਾਰਤ ਦੇ ਹੁਕਮਰਾਨ
ਲੋਕਾਂ ਨੂੰ
ਮੂਰਖ ਬਣਾ ਕੇ,
ਆਪਣੇ ਪਿਛੇ ਲਾ ਕੇ,
ਕਣਕ, ਚੌਲ
ਲੈਣ ਲਈ ਕਤਾਰਾਂ
ਵਿਚ ਖੜ੍ਹਾ ਕਰਨ ਲਈ
ਮਜਬੂਰ ਕਰ ਦੇਣਗੇ!
ਅਣਖ ਨਾਲ ਜੀਣ ਦੇ
ਖੁਆਬ ਦੂਰ ਕਰ ਦੇਣਗੇ!
ਸੋਚਿਆ ਨਹੀਂ ਹੋਵੇਗਾ
ਕਿ ਸਾਰਾ ਦਿਨ
ਸਿਰ 'ਤੇ ਗੰਦ ਚੁੱਕਣ,
ਸੀਵਰੇਜਾਂ 'ਚ ਹੱਥ ਮਾਰਕੇ
ਹੱਕ ਮੰਗਦੇ
ਸਫਾਈ ਸੇਵਕਾਂ ਨੂੰ
ਜੇਲ੍ਹਾਂ ਦੀ ਹਵਾ
ਖਾਣੀ ਪਵੇਗੀ!
'ਕਾਣੀ-ਵੰਡ' ਦੀ ਸੱਟ
ਸਹਿਣੀ ਪਵੇਗੀ!
ਨੌਕਰੀਆਂ ਲਈ
ਟੈਂਕੀਆਂ 'ਤੇ
ਚੜ੍ਹਨਾ ਪਵੇਗਾ!
ਜੀਣ ਲਈ
ਮਰਨਾ ਪਵੇਗਾ!
ਜਾਤੀ ਦਾ ਘੁਮੰਡ ਕਰਦਿਆਂ
ਨੀਵਿਆਂ ਨੂੰ 'ਨਿਕੰਮੇ'
ਕਹਿ ਕੇ
ਜਲੀਲ ਕਰਨਗੇ!
ਨੀਵੇੰ ਗੁਲਾਮਾਂ ਵਾਂਗ
'ਫੀਲ' ਕਰਨਗੇ!
ਉਨ੍ਹਾਂ ਸੋਚਿਆ ਵੀ
ਨਹੀਂ ਹੋਣਾ ਕਿ -
ਇਥੇ ਦੁੱਧ-ਮੱਖਣਾਂ ਦੀ ਥਾਂ
ਗੱਭਰੂ 'ਚਿੱਟਾ' ਚੱਟਣਗੇ !
ਅਧਿਕਾਰੀ, ਵਪਾਰੀ,
ਸਿਆਸਤ ਧਾਰੀ
ਪੁੱਲ ਨਿਗਲਣਗੇ!
ਸੜਕਾਂ, ਜੰਗਲ,
ਵਜੀਫਾ ਛਕਣਗੇ !
ਲੋਕਾਂ ਦੀਆਂ ਜੇਬਾਂ
ਕੱਟਣਗੇ!
ਉਨ੍ਹਾਂ ਸੋਚਿਆ ਵੀ ਨ੍ਹੀਂ ਹੋਣਾ ਕਿ-
ਡਾਲਰ ਰੁਪਈਏ 'ਤੇ
ਰੁਪਈਆ ਵੋਟਾਂ 'ਤੇ
ਵਿਧਾਇਕਾਂ 'ਤੇ
ਸਿਆਸਤ 'ਤੇ
ਫਿਰ ਸਰਕਾਰਾਂ 'ਤੇ
ਪਵੇਗਾ ਭਾਰੂ!
ਸੰਵਿਧਾਨ ਦੀ ਸਹੁੰ
ਖਾਣ ਵਾਲਾ,
ਸੰਵਿਧਾਨ ਨੂੰ ਲਤਾੜੂ!
ਗੈੰਗਸਟਰਾਂ ਬਾਰੇ ਤਾਂ
ਉਨ੍ਹਾਂ ਦੇ ਫਰਿਸ਼ਤਿਆਂ ਨੂੰ ਵੀ
ਯਾਦ ਨਹੀਂ ਹੋਣਾ ਕਿ -
ਬਣਨਗੇ ਭਰਾ ਮਾਰੂ!
ਉਨ੍ਹਾਂ ਆਪਣੀਆਂ ਅੱਖਾਂ ਵਿਚ
ਸੁਫਨੇ ਸੰਜੋਏ ਹੋਣਗੇ ਕਿ -
ਸੱਭ ਨੂੰ ਕੁੱਲੀ,ਗੁੱਲੀ ਤੇ ਜੁੱਲੀ
ਨਸੀਬ ਹੋਵੇਗੀ!
ਸੰਸਾਰ ਵਿੱਚ ਦੇਸ਼ ਦੀ ਤਸਵੀਰ
ਅਜੀਬ ਹੋਵੇਗੀ!
ਭਾਰਤ ਇੱਕ ਖੁਸ਼ਹਾਲ
ਤੇ ਵਿਸ਼ਾਲ
ਦੇਸ਼ ਹੋਵੇਗਾ!
ਸਵਰਗਾਂ ਤੋਂ ਸੁਹਣਾ
ਮਾਲੋਮਾਲ ਦੇਸ਼ ਹੋਵੇਗਾ!
-ਸੁਖਦੇਵ ਸਲੇਮਪੁਰੀ
09780620233
17 ਜੁਲਾਈ, 2022.