ਅਬ ਕੀ ਬਾਰ ਟਰੰਪ ਸਰਕਾਰ' ਦਾ ਦਿੱਤਾ ਨਾਅਰਾ
ਹਿਊਸਟਨ /ਅਮਰੀਕਾ, ਸਤੰਬਰ 2019 (ਏਜੰਸੀ)-
ਹਿਊਸਟਨ ਦੇ ਐਨ. ਆਰ. ਜੀ. ਸਟੇਡੀਅਮ ਵਿਖੇ ਹੋਏ ਇਤਿਹਾਸਕ 'ਹਾਓਡੀ ਮੋਦੀ' ਪ੍ਰੋਗਰਾਮ ਮੌਕੇ ਇਕੱਠੇ ਹੋਏ 50 ਹਜ਼ਾਰ ਤੋਂ ਜ਼ਿਆਦਾ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਬੋਧਨ ਕੀਤਾ | ਆਪਣੇ ਨਿੱਜੀ ਸਬੰਧਾਂ ਨੂੰ ਨਵੀਂਆਂ ਉਚਾਈਆਂ 'ਤੇ ਲਿਜਾਂਦਿਆਂ ਅਤੇ ਭਾਰਤੀ-ਅਮਰੀਕੀ ਦੁਵੱਲੇ ਸਬੰਧਾਂ ਦਾ ਨਵਾਂ ਦਿ੍ਸ਼ ਪੇਸ਼ ਕਰਦਿਆਂ ਦੋਵੇਂ ਨੇਤਾ ਇਕ-ਦੂਜੇ ਦੇ ਹੱਥ 'ਚ ਹੱਥ ਪਾ ਕੇ ਮੰਚ 'ਤੇ ਪੁੱਜੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਥੇ ਦਾ ਦਿ੍ਸ਼ ਅਤੇ ਮਾਹੌਲ ਕਲਪਨਾ ਤੋਂ ਪਰ੍ਹੇ ਹੈ | ਉਨ੍ਹਾਂ ਕਿਹਾ ਇਹ ਵਿਸ਼ਾਲ ਜਨ ਸਮੂਹ ਦੀ ਮੌਜੂਦਗੀ ਸਿਰਫ ਗਿਣਤੀ ਨਹੀਂ, ਅੱਜ ਇਥੇ ਅਸੀਂ ਇਕ ਨਵਾਂ ਇਤਿਹਾਸ ਬਣਦਾ ਦੇਖ ਰਹੇ ਹਾਂ ਅਤੇ ਨਵੀਂ ਕੈਮਿਸਟਰੀ ਵੀ ਦੇਖ ਰਹੇ ਹਾਂ | ਰਾਸ਼ਟਰਪਤੀ ਟਰੰਪ ਤੇ ਹੋਰ ਨੇਤਾਵਾਂ ਦਾ ਆਉਣਾ ਅਮਰੀਕਾ 'ਚ ਰਹਿਣ ਵਾਲੇ ਭਾਰਤੀਆਂ ਦਾ ਸਨਮਾਨ ਹੈ | ਉਨ੍ਹਾਂ ਕਿਹਾ ਕਿ ਮੋਦੀ ਇਕੱਲਾ ਕੁਝ ਨਹੀਂ, ਉਹ 130 ਕਰੋੜ ਭਾਰਤੀਆਂ ਦੇ ਆਦੇਸ਼ 'ਤੇ ਕੰਮ ਕਰਨ ਵਾਲੇ ਸਾਧਾਰਨ ਵਿਅਕਤੀ ਹਨ | 'ਹਾਓਡੀ ਮੋਦੀ' ਦਾ ਅਰਥ ਉਨ੍ਹਾਂ ਨੇ 'ਸਭ ਚੰਗਾ ਹੈ' ਦੱਸਿਆ ਅਤੇ ਇਸ ਨੂੰ ਪੰਜਾਬੀ ਸਮੇਤ ਕਈ ਭਾਸ਼ਾਵਾਂ 'ਚ ਦੁਹਰਾਇਆ | ਉਨ੍ਹਾਂ ਕਿਹਾ ਕਿ ਹਰ ਗੱਲ ਵਿਸ਼ਾਲ ਹੋਣੀ ਟੈਕਸਾਸ ਦੇ ਸੁਭਾਅ 'ਚ ਹੈ | ਉਨ੍ਹਾਂ ਕਿਹਾ ਕਿ ਟਰੰਪ ਵਲੋਂ ਕੀਤੀ ਪ੍ਰਸੰਸਾ ਭਾਰਤੀਆਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਹੈ | ਉਨ੍ਹਾਂ ਕਿਹਾ ਕਿ ਭਾਰਤ 'ਚ ਸਸਤਾ ਡਾਟਾ ਡਿਜ਼ੀਟਲ ਇੰਡੀਆ ਦੀ ਮਜ਼ਬੂਤੀ ਦੀ ਪਛਾਣ ਬਣ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਦੀ ਸੋਚ ਨੂੰ ਬਦਲ ਰਿਹਾ ਹੈ ਜਿਨ੍ਹਾਂ ਨੂੰ ਲਗਦਾ ਹੈ ਕਿ ਕੁਝ ਨਹੀਂ ਬਦਲ ਸਕਦਾ | ਉਨ੍ਹਾਂ ਕਿਹਾ ਕਿ ਅਸੀਂ ਵੱਡਾ ਟੀਚਾ ਰੱਖ ਰਹੇ ਹਾਂ ਅਤੇ ਵੱਡਾ ਪ੍ਰਾਪਤ ਕਰ ਰਹੇ ਹਾਂ | ਸਵੱਛਤਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ 11 ਕਰੋੜ ਪਖਾਨੇ ਬਣਾਏ | ਦੇਸ਼ 'ਚ ਰਸੋਈ ਗੈਸ ਕੁਨੈਕਸ਼ਨ ਪਹਿਲਾਂ 55 ਫ਼ੀਸਦੀ ਸੀ ਜੋ ਪਿਛਲੇ 5 ਸਾਲਾਂ 'ਚ 95 ਫ਼ੀਸਦੀ 'ਤੇ ਪਹੁੰਚਾ ਦਿੱਤਾ ਤੇ 15 ਕਰੋੜ ਲੋਕਾਂ ਨੂੰ ਗੈਸ ਕੁਨੈਕਸ਼ਨ ਉਪਲਬਧ ਕਰਵਾਇਆ | 5 ਸਾਲਾਂ 'ਚ ਦੇਸ਼ ਦੇ ਪੇਂਡੂ ਖੇਤਰਾਂ 'ਚ 2 ਲੱਖ ਕਿੱਲੋਮੀਟਰ ਸੜਕਾਂ ਬਣਾਈਆਂ | 37 ਕਰੋੜ ਲੋਕਾਂ ਦੇ ਬੈਂਕ ਖਾਤੇ ਖੁੱਲ੍ਹਵਾਏ |
ਉਨ੍ਹਾਂ ਕਿਹਾ ਕਿ ਅੱਜ ਅਮਰੀਕਾ ਭਾਰਤ ਦੀ ਈ-ਵੀਜ਼ਾ ਸਹੂਲਤ ਦੀ ਵਰਤੋਂ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕੰਪਨੀ ਰਜਿਸਟਰ ਕਰਨ 'ਚ 2-3 ਹਫ਼ਤੇ ਲਗਦੇ ਸਨ, ਹੁਣ 24 ਘੰਟੇ 'ਚ ਹੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ | ਪਹਿਲਾਂ ਕਰ ਰਿਫੰਡ ਆਉਣ 'ਚ ਮਹੀਨੇ ਲੱਗਦੇ ਸਨ | ਇਸ ਵਾਰ 31 ਅਗਸਤ ਨੂੰ ਇਕ ਦਿਨ 'ਚ ਕਰੀਬ 50 ਲੱਖ ਲੋਕਾਂ ਨੇ ਰਿਟਰਨ ਆਨ ਲਾਈਨ ਭਰੀ | ਕਈ ਪੁਰਾਣੇ ਕਾਨੂੰਨ ਖਤਮ ਕੀਤੇ | ਉਨ੍ਹਾਂ ਕਿਹਾ ਕਿ ਡੇਢ ਲੱਖ ਕਰੋੜ ਰੁਪਏ ਨੂੰ ਅਸੀਂ ਗ਼ਲਤ ਹੱਥਾਂ 'ਚ ਜਾਣ ਤੋਂ ਰੋਕਿਆ | ਉਨ੍ਹਾਂ ਕਿਹਾ ਕਿ ਨਵੇਂ ਭਾਰਤ ਲਈ ਕੁਝ ਪੁਰਾਣੀਆਂ ਚੀਜ਼ਾਂ ਨੂੰ ਹਟਾਇਆ ਹੈ |
ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਅਲਵਿਦਾ ਕਹਿ ਦਿੱਤਾ ਗਿਆ ਹੈ | ਧਾਰਾ 370 ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਵਿਕਾਸ ਅਤੇ ਬਰਾਬਰ ਅਧਿਕਾਰਾਂ ਤੋਂ ਵਾਂਝੇ ਰੱਖਿਆ ਸੀ | ਇਸ ਸਥਿਤੀ ਦਾ ਲਾਭ ਅੱਤਵਾਦ ਅਤੇ ਵੱਖਵਾਦ ਵਧਾਉਣ ਵਾਲੀਆਂ ਤਾਕਤਾਂ ਲੈ ਰਹੀਆਂ ਸਨ | ਭਾਰਤ ਦੇ ਸੰਵਿਧਾਨ ਅਨੁਸਾਰ ਜੋ ਅਧਿਕਾਰ ਬਾਕੀ ਭਾਰਤੀਆਂ ਨੂੰ ਦਿੱਤੇ ਗਏ ਹਨ ਉਹ ਹੀ ਅਧਿਕਾਰ ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਮਿਲ ਗਏ ਹਨ |
ਉਨ੍ਹਾਂ ਕਿਹਾ ਕਿ ਭਾਰਤ ਨੇ 5 ਲੱਖ ਕਰੋੜ ਦੀ ਅਰਥ ਵਿਵਸਥਾ ਲਈ ਕਮਰ ਕੱਸੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦੋ-ਤਿੰਨ ਦਿਨਾਂ 'ਚ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਹੋਣ ਵਾਲੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦੇ ਚੰਗੇ ਨਤੀਜੇ ਨਿਕਣਗੇ |
ਭਾਰਤੀ ਭਾਈਚਾਰੇ ਨੂੰ ਸੰਬੋਧਨ ਹੁੰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਦੇ ਤਰੀਕੇ ਬਦਲ ਦਿੱਤੇ ਗਏ ਹਨ | ਉਨ੍ਹਾਂ ਉਥੇ ਹਾਜ਼ਰ ਭਾਰਤੀ ਭਾਈਚਾਰੇ ਨੂੰ ਕਿਹਾ ਕਿ ਤੁਸੀਂ ਦੇਸ਼ ਤੋਂ ਦੂਰ ਹੋ ਪਰ ਦੇਸ਼ ਤੁਹਾਡੇ ਤੋਂ ਦੂਰ ਨਹੀਂ ਹੈ |
ਉਨ੍ਹਾਂ ਨੇ ਸਭ ਤੋਂ ਪਹਿਲਾਂ ਟਰੰਪ ਦੀ ਪ੍ਰਸੰਸਾ ਕੀਤੀੇ ਉਨ੍ਹਾਂ ਕਿਹਾ ਕਿ ਸਦੀਆਂ ਤੋਂ ਸਾਡੇ ਦੇਸ਼ 'ਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ | ਵਿਭਿੰਨਤਾ 'ਚ ਏਕਤਾ ਦੀ ਸਾਡੀ ਪਛਾਣ ਅਤੇ ਏਕਤਾ ਹੈ | ਵੱਖ-ਵੱਖ ਧਰਮ ਅਤੇ ਸੰਪਰਦਾਵਾਂ ਇਸ ਧਰਤੀ ਨੂੰ ਅਦਭੁੱਤ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਸ਼ਾਂਤੀ ਸਾਡੀ ਪਛਾਣ ਹੈ ਤੇ ਹੁਣ ਅਸੀਂ ਵਿਕਾਸ ਲਈ ਉਤਸੁਕ ਹਾਂ | 'ਨਵਾਂ ਭਾਰਤ' ਸਾਡਾ ਸਭ ਤੋਂ ਵੱਡਾ ਸੰਕਲਪ ਹੈ | ਉਨ੍ਹਾਂ ਨੇ ਨਵਾਂ ਨਾਅਰਾ 'ਅਬ ਕੀ ਵਾਰ ਟਰੰਪ ਸਰਕਾਰ' ਦਿੱਤਾ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਵਿਚ ਇਕ ਮਹੱਤਵਪੂਰਨ ਹਸਤੀ ਮੌਜੂਦ ਹੈ, ਇਨ੍ਹਾਂ ਨੂੰ ਮਿਲ ਕੇ ਦੋਸਤੀ ਦਾ ਅਹਿਸਾਸ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਨਾਂਅ ਧਰਤੀ ਦਾ ਹਰ ਇਨਸਾਨ ਜਾਣਦਾ ਹੈ | ਉਨ੍ਹਾਂ ਕਿਹਾ ਕਿ ਮੈਂ ਇਨ੍ਹਾਂ ਦੀ ਅਗਵਾਈ ਤੋਂ ਪ੍ਰਭਾਵਿਤ ਹਾਂ ਤੇ ਟਰੰਪ ਅਜਿਹੇ ਵਿਸ਼ੇਸ਼ ਵਿਅਕਤੀ ਹਨ ਜਿਹੜੇ ਕਿਤੇ ਵੀ ਆਪਣਾ ਡੂੰਘਾ ਤੇ ਲੰਬਾ ਪ੍ਰਭਾਵ ਰੱਖਦੇ ਹਨ | ਵਿਸ਼ਵ ਤੇ ਭਾਰਤ 'ਚ ਆਪਣੇ ਸਾਥੀਆਂ ਨੂੰ ਇਸ ਪ੍ਰੋਗਰਾਮ ਲਈ ਵਧਾਈਆਂ ਦਿੰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨਾਲ ਅੱਜ ਬਹੁਤ ਹੀ ਮਹੱਤਵਪੂਰਨ ਵਿਅਕਤੀ ਹਾਜ਼ਰ ਹਨ | ਉਨ੍ਹਾਂ ਨਾਅਰਾ ਲਗਾਇਆ 'ਅਬ ਕੀ ਬਾਰ-ਟਰੰਪ ਸਰਕਾਰ' | ਮੋਦੀ ਨੇ ਕਿਹਾ ਕਿ ਟਰੰਪ ਨੇ ਅਮਰੀਕਾ ਤੇ ਦੁਨੀਆ ਲਈ ਕਾਫ਼ੀ ਕੁਝ ਹਾਸਿਲ ਕੀਤਾ ਹੈ ਤੇ ਟਰੰਪ ਵਾਈਟ ਹਾਊਸ 'ਚ ਭਾਰਤ ਦੇ ਸੱਚੇ ਮਿੱਤਰ ਹਨ | ਉਨ੍ਹਾਂ ਕਿਹਾ ਕਿ ਤੁਹਾਨੂੰ ਇਥੇ ਸਾਡੇ ਦੋਵਾਂ ਦੇਸ਼ਾਂ 'ਚ ਜੁੜਾਅ (ਚੰਗੇ ਸਬੰਧ) ਮਹਿਸੂਸ ਹੋ ਰਿਹਾ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਇਕ ਇਤਿਹਾਸਕ ਪਲ ਹੈ | ਇਥੇ ਆ ਕੇ ਇਸ ਤਰ੍ਹਾਂ ਲੱਗਾ ਜਿਵੇਂ ਮੈਂ ਆਪਣੇ ਪਰਿਵਾਰ ਨੂੰ ਮਿਲ ਰਿਹਾ ਹਾਂ |
'ਹਾਓਡੀ ਮੋਦੀ' ਸਮਾਗਮ ਵਾਲੇ ਸਥਾਨ 'ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਹਿਊਸਟਨ ਦੇ ਮੇਅਰ ਸਿਲਵਿਸਟਰ ਟਰਨਰ ਨੇ ਭਾਰਤ-ਅਮਰੀਕਾ ਦੇ ਸਬੰਧਾਂ ਪ੍ਰਤੀ ਸਨਮਾਨ ਅਤੇ ਇਕਜੁੱਟਤਾ ਪ੍ਰਦਰਸ਼ਿਤ ਕਰਦੇ ਹੋਏ ਪ੍ਰਤੀਕਾਤਮਕ ਸ਼ਹਿਰ ਦੀ ਚਾਬੀ ਸੌਪੀ | ਅਮਰੀਕੀ ਰਾਸ਼ਟਰਪਤੀ ਟਰੰਪ ਦਾ ਸਮਾਗਮ ਵਾਲੇ ਸਥਾਨ 'ਤੇ ਪੁੱਜਣ 'ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਵਾਗਤ ਕੀਤਾ | ਟਰੰਪ ਪ੍ਰਧਾਨ ਮੰਤਰੀ ਮੋਦੀ ਨੂੰ ਗਰਮਜੋਸ਼ੀ ਨਾਲ ਮਿਲੇ |