You are here

ਪਿ੍ੰਸ ਵਿਲੀਅਮ ਤੇ ਕੇਟ ਦੀ ਇਮਰਾਨ ਖ਼ਾਨ ਨਾਲ ਮੁਲਾਕਾਤ

ਇਸਲਾਮਾਬਾਦ, ਅਕਤੂਬਰ 2019-(ਏਜੰਸੀ)-

ਬਰਤਾਨੀਆ ਦੇ ਪਿ੍ੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਨੇ ਆਪਣੇ ਪੰਜ ਰੋਜ਼ਾ ਪਾਕਿਸਤਾਨ ਦੌਰੇ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਰਾਸ਼ਟਰਪਤੀ ਆਰਿਫ਼ ਅਲਵੀ ਨਾਲ ਮੁਲਾਕਾਤ ਕੀਤੀ । ਦੱਸਿਆ ਜਾ ਰਿਹਾ ਹੈ ਕਿ ਸ਼ਾਹੀ ਜੋੜਾ ਪਹਿਲਾਂ ਰਾਸ਼ਟਰਪਤੀ ਅਲਵੀ ਨੂੰ ਮਿਲਣ ਏਵਾਨ-ਏ-ਸਦਰ ਪਹੁੰਚਿਆ, ਜਿੱਥੇ ਦੋਵਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ । ਉਸ ਤੋਂ ਬਾਅਦ ਦੋਵਾਂ ਨੇ ਇਮਰਾਨ ਖ਼ਾਨ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ । ਰਾਵਲਪਿੰਡੀ ਦੇ ਨੂਰ ਖ਼ਾਨ ਹਵਾਈ ਅੱਡੇ 'ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਉਨ੍ਹਾਂ ਦੀ ਪਤਨੀ ਨੇ ਕੇਟ ਤੇ ਵਿਲੀਅਮ ਦਾ ਸਵਾਗਤ ਕੀਤਾ । ਇਸ ਤੋਂ ਪਹਿਲਾਂ ਸ਼ਾਹੀ ਜੋੜੇ ਨੇ ਇਸਲਾਮਾਬਾਦ ਮਾਡਲ ਕਾਲਜ ਫ਼ਾਰ ਗਰਲਜ਼ ਦਾ ਦੌਰਾ ਕੀਤਾ । ਉਨ੍ਹਾਂ ਵਿਦਿਆਰਥੀਆਂ ਨਾਲ ਲੰਬਾ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਸਮੂਹਿਕ ਤਸਵੀਰਾਂ ਵੀ ਖਿਚਵਾਈਆਂ । ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਕਾਰਨਾਂ ਕਰ ਕੇ ਸ਼ਾਹੀ ਜੋੜੀ ਦੀ ਯਾਤਰਾ ਗੁਪਤ ਰੱਖੀ ਗਈ ਸੀ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਵੀ ਜਨਤਕ ਨਹੀਂ ਕੀਤਾ ਗਿਆ । ਦੱਸਿਆ ਜਾ ਰਿਹਾ ਹੈ ਕਿ ਪਿ੍ੰਸਿਸ ਆਫ਼ ਵੇਲਜ਼ ਡਾਇਨਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਜੇਮੀਮਾ ਗੋਲਡਸਮਿੱਥ ਰਾਹੀਂ ਉਨ੍ਹਾਂ ਦੀ ਕਰੀਬੀ ਦੋਸਤ ਸੀ । ਸ਼ਾਹੀ ਪਰਿਵਾਰ ਦੀ ਫੇਰੀ ਦੌਰਾਨ ਇਕ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਕੀਤੇ ਗਏ ਹਨ ।