You are here

ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨੂੰ ਕਰਨਗੇ ਕਰਤਾਰਪੁਰ ਲਾਂਘੇ ਦਾ ਉਦਘਾਟਨ

ਚੰਡੀਗੜ੍ਹ, ਅਕਤੂਬਰ 2019- ( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘੇ ਲਈ ਭਾਰਤ ਵਾਲੇ ਪਾਸੇ ਉਸਾਰੇ ਜਾ ਰਹੇ 'ਇੰਟਰਨੈਸ਼ਨਲ ਵਿਜ਼ਟਰ ਸੈਂਟਰ ਕੰਪਲੈਕਸ' ਅਤੇ ਲਾਂਘੇ ਲਈ ਸਰਹੱਦ ਤੱਕ ਉਸਾਰੀ ਗਈ 4.2 ਕਿੱਲੋਮੀਟਰ ਸੜਕ ਦਾ ਉਦਘਾਟਨ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਰੱਖੇ ਜਾ ਰਹੇ ਵਿਸ਼ੇਸ਼ ਸਮਾਗਮ ਦੌਰਾਨ ਕਰਨਗੇ | ਰਾਜ ਦੇ ਕੈਬਨਿਟ ਮੰਤਰੀ ਅਤੇ ਰਾਜ ਸਰਕਾਰ ਵਲੋਂ ਕਰਤਾਰਪੁਰ ਲਾਂਘੇ ਦੇ ਪ੍ਰਬੰਧਾਂ ਲਈ ਇੰਚਾਰਜ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਨੁਸਾਰ ਰਾਜ ਦੇ ਮੁੱਖ ਸਕੱਤਰ ਨੂੰ ਕੇਂਦਰ ਸਰਕਾਰ ਵਲੋਂ ਅੱਜ ਉਕਤ ਪ੍ਰੋਗਰਾਮ ਸਬੰਧੀ ਬਕਾਇਦਾ ਲਿਖਤੀ ਸੂਚਨਾ ਪ੍ਰਾਪਤ ਹੋਈ, ਜਿਸ 'ਚ ਰਾਜ ਸਰਕਾਰ ਨੂੰ ਪ੍ਰਧਾਨ ਮੰਤਰੀ ਦੀ ਇਸ ਫੇਰੀ ਅਤੇ ਪ੍ਰੋਗਰਾਮ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ | ਵਰਨਣਯੋਗ ਹੈ ਕਿ ਕਰਤਾਰਪੁਰ ਲਾਂਘੇ ਲਈ ਹਿੰਦ-ਪਾਕਿ ਸਰਹੱਦ 'ਤੇ ਡੇਰਾ ਬਾਬਾ ਨਾਨਕ ਵਿਖੇ ਸੰਗਤ ਦੀ ਆਮਦ ਅਤੇ ਕਸਟਮ ਤੇ ਇਮੀਗੇ੍ਰਸ਼ਨ ਜਾਂਚ ਲਈ ਭਾਰਤ ਸਰਕਾਰ ਵਲੋਂ 'ਇੰਟਰਨੈਸ਼ਨਲ ਵਿਜ਼ਟਰ ਸੈਂਟਰ' ਅਟਾਰੀ ਸਰਹੱਦ ਦੀ ਤਰਜ਼ 'ਤੇ ਹੀ ਉਸਾਰਿਆ ਜਾ ਰਿਹਾ ਹੈ ਤਾਂ ਜੋ ਰੋਜ਼ਾਨਾ 10 ਹਜ਼ਾਰ ਸ਼ਰਧਾਲੂਆਂ ਦੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ-ਆਉਣ ਦਾ ਪ੍ਰਬੰਧ ਹੋ ਸਕੇ | ਕੇਂਦਰ ਦੇ ਸੜਕੀ ਆਵਾਜਾਈ ਵਿਭਾਗ ਵਲੋਂ ਹਿੰਦ-ਪਾਕਿ ਸਰਹੱਦ ਤੋਂ ਇਸ ਸੈਂਟਰ ਤੱਕ ਬਣਾਈ ਗਈ 4.2 ਕਿੱਲੋਮੀਟਰ ਸੜਕ ਦਾ ਕੰਮ ਵੀ ਤਕਰੀਬਨ ਪੂਰਾ ਕਰ ਲਿਆ ਗਿਆ ਹੈ | ਇਸ ਤੋਂ ਇਲਾਵਾ ਇਸ ਲਾਂਘੇ ਲਈ ਕੰਮ ਕਰਨ ਵਾਲੇ ਵੱਡੀ ਗਿਣਤੀ ਵਿਚ ਸੁਰੱਖਿਆ ਅਮਲੇ ਅਤੇ ਦਫ਼ਤਰੀ ਅਮਲੇ ਲਈ ਲੋੜੀਂਦੇ ਦਫ਼ਤਰ ਅਤੇ ਰਿਹਾਇਸ਼ੀ ਕੰਪਲੈਕਸ ਵੀ ਭਾਰਤ ਸਰਕਾਰ ਵਲੋਂ ਹੀ ਉਸਾਰੇ ਜਾ ਰਹੇ ਹਨ | ਕੇਂਦਰ ਸਰਕਾਰ ਵਲੋਂ ਉਸਾਰੀਆਂ ਜਾ ਰਹੀਆਂ ਸਾਰੀਆਂ ਇਮਾਰਤਾਂ ਦੇ ਉਦਘਾਟਨ ਲਈ ਪ੍ਰੋਗਰਾਮ ਵੀ ਕੇਂਦਰ ਸਰਕਾਰ ਵਲੋਂ ਹੀ ਕੀਤਾ ਜਾ ਰਿਹਾ ਹੈ, ਜਿਸ 'ਚ ਪੰਜਾਬ ਸਰਕਾਰ ਵਲੋਂ ਪੂਰੀ ਮਿਲਵਰਤਨ ਅਤੇ ਸ਼ਮੂਲੀਅਤ ਕੀਤੇ ਜਾਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ | ਕੇਂਦਰ ਦੇ ਗ੍ਰਹਿ ਸਕੱਤਰ ਅਤੇ ਦੂਜੇ ਸੀਨੀਅਰ ਅਧਿਕਾਰੀਆਂ ਦੀ ਇਕ ਟੀਮ ਕੁਝ ਦਿਨ ਪਹਿਲਾਂ ਹੀ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈ ਕੇ ਗਈ ਸੀ ਅਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਵਲੋਂ ਵੀ ਲਾਂਘੇ ਨਾਲ ਸਬੰਧਿਤ ਪ੍ਰਾਜੈਕਟਾਂ ਅਤੇ ਇਮਾਰਤਾਂ ਆਦਿ ਦਾ ਜਾਇਜ਼ਾ ਲਿਆ ਗਿਆ ਸੀ | ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 9 ਨਵੰਬਰ ਨੂੰ ਡੇਰਾ ਬਾਬਾ ਨਾਨਕ ਆਉਣ ਸਬੰਧੀ ਵਿਸਤਿ੍ਤ ਪ੍ਰੋਗਰਾਮ ਬਾਅਦ ਵਿਚ ਰਾਜ ਸਰਕਾਰ ਨੂੰ ਭੇਜਿਆ ਜਾਵੇਗਾ, ਜਦੋਂ ਕਿ ਅਨੁਮਾਨ ਹੈ ਕਿ ਪ੍ਰਧਾਨ ਮੰਤਰੀ ਪਠਾਨਕੋਟ ਜਾਂ ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਵਿਸ਼ੇਸ਼ ਹੈਲੀਕਾਪਟਰ ਰਾਹੀਂ ਡੇਰਾ ਬਾਬਾ ਨਾਨਕ ਜਾਣਗੇ | ਵਰਨਣਯੋਗ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਪਹਿਲਾ ਜਥਾ, ਜਿਸ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਜਾਣੀ ਹੈ ਕੀ 9 ਨਵੰਬਰ ਨੂੰ ਪਾਕਿਸਤਾਨ ਜਾ ਸਕੇਗਾ ਜਾਂ ਨਹੀਂ ਇਸ ਸਬੰਧੀ ਅਨਿਸ਼ਚਿਤਤਾ ਬਣੀ ਹੋਈ ਹੈ ਕਿਉਂਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਜਥੇ ਭੇਜਣ ਦਾ ਸਿਲਸਿਲਾ ਪਾਕਿਸਤਾਨ ਵਾਲੇ ਪਾਸਿਓਾ ਲਾਂਘਾ ਖੁੱਲ੍ਹਣ ਤੋਂ ਬਾਅਦ ਹੀ ਸੰਭਵ ਹੋ ਸਕੇਗਾ ਅਤੇ ਪਾਕਿਸਤਾਨ ਵਲੋਂ ਹੁਣ ਤੱਕ ਪਾਕਿਸਤਾਨ ਵਾਲੇ ਪਾਸੇ ਰੱਖੇ ਜਾਣ ਵਾਲੇ ਉਦਘਾਟਨੀ ਸਮਾਰੋਹ ਸਬੰਧੀ ਕੋਈ ਤਰੀਕ ਜਾਂ ਪ੍ਰੋਗਰਾਮ ਫ਼ਿਲਹਾਲ ਨਿਸਚਿਤ ਨਹੀਂ ਕੀਤਾ ਗਿਆ |