You are here

ਅੰਤਰਰਾਸ਼ਟਰੀ

ਸਿੱਖ ਬੱਚੀ ਦੀ ਮੌਤ ਟੁੱਟਦੀ ਪਰਵਾਸ ਪ੍ਰਣਾਲੀ ਦਾ ‘ਦੁਖਦ ਅੰਤ’

ਵਾਸ਼ਿੰਗਟਨ,ਜੂਨ 2019- ਸਿੱਖ ਐਡਵੋਕੇਸੀ ਗਰੁੱਪ ਅਨੁਸਾਰ ਅਮਰੀਕਾ-ਮੈਕਸਿਕੋ ਸਰਹੱਦ ਨੇੜਿਓਂ ਮਨੁੱਖੀ ਤਸਕਰੀ ਦੀ ਪੀੜਤ ਛੇ ਸਾਲ ਦੀ ਗੁਰਪ੍ਰੀਤ ਕੌਰ ਦੀ ਲੂ ਲੱਗਣ ਕਾਰਨ ਹੋਈ ਮੌਤ ਅਮਰੀਕਾ ਦੀ ਟੁੱਟਦੀ ਪਰਵਾਸ ਪ੍ਰਣਾਲੀ ਦੇ ‘ਦੁਖਦ ਅੰਤ’ ਨੂੰ ਦਰਸਾਉਂਦੀ ਹੈ। ਇਹ ਲੜਕੀ ਬੁੱਧਵਾਰ ਨੂੰ ਐਰੀਜ਼ੋਨਾ ਦੇ ਲੁਕੇਵਿਲਾ ਤੋਂ 27 ਕਿਲੋਮੀਟਰ ਪੱਛਮ ਵਿੱਚ ਅਮਰੀਕੀ ਸਰਹੱਦ ਦੇ ਗਸ਼ਤੀ ਦਲ ਨੂੰ ਉਸ ਵੇਲੇ ਮਿਲੀ ਸੀ ਜਦੋਂ ਤਾਪਮਾਨ 42 ਡਿਗਰੀ ਸੈਲਸੀਅਸ ਸੀ। ਇਸ ਲੜਕੀ ਨੇ ਅਗਲੇ ਮਹੀਨੇ ਸੱਤ ਵਰ੍ਹਿਆਂ ਦੀ ਹੋਣਾ ਸੀ। ਗੁਰਪ੍ਰੀਤ ਦੀ ਮਾਂ ਉਸ ਨੂੰ ਇੱਕ ਹੋਰ ਮਹਿਲਾ ਅਤੇ ਉਸ ਦੇ ਬੱਚੇ ਕੋਲ ਛੱਡ ਕੇ ਪਾਣੀ ਦੀ ਤਲਾਸ਼ ਵਿੱਚ ਗਈ ਸੀ। ਇਹ ਲੜਕੀ ਚਾਰ ਹੋਰ ਲੋਕਾਂ ਨਾਲ ਸਫ਼ਰ ਕਰ ਰਹੀ ਸੀ, ਜਿਨ੍ਹਾਂ ਵਿੱਚ ਉਸ ਦੀ ਮਾਂ ਵੀ ਸ਼ਾਮਲ ਸੀ। ਇਨ੍ਹਾਂ ਨੂੰ ਮਨੁੱਖੀ ਤਸਕਰਾਂ ਨੇ ਸਰਹੱਦ ਨੇੜੇ ਛੱਡ ਦਿੱਤਾ ਸੀ ਅਤੇ ਅਗਲਾ ਖ਼ਤਰਨਾਕ ਖੇਤਰ ਪਾਰ ਕਰਨ ਦਾ ਆਦੇਸ਼ ਦਿੱਤਾ ਸੀ।
ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ, ‘‘ਇਹ ਕਹਾਣੀ ਟੁੱਟਦੀ ਪਰਵਾਸੀ ਪ੍ਰਣਾਲੀ, ਪਰਵਾਸੀ ਨੀਤੀਆਂ ਦੀ ਤਰਾਸਦੀ ਦਾ ਦੁਖਦ ਅੰਤ ਦਰਸਾਉਂਦੀ ਹੈ, ਜੋ ਲੋਕਾਂ ਨੂੰ ਮੌਲਿਕ ਮਨੁੱਖੀ ਮਾਣ-ਸਨਮਾਨ ਅਤੇ ਮਨੁੱਖੀ ਅਧਿਕਾਰਾਂ ਤੋਂ ਵਾਂਝਾ ਕਰਦੀ ਹੈ, ਖਾਸ ਤੌਰ ’ਤੇ ਸ਼ਰਨ ਮੰਗਣ ਵਾਲੇ ਲੋਕਾਂ ਨੂੰ।’’ ਗੁਰਪ੍ਰੀਤ ਕੌਰ ਦੀ ਮੌਤ ਇਸ ਸਾਲ ਐਰੀਜ਼ੋਨਾ ਦੇ ਮਾਰੂਥਲ ਵਿੱਚ ਕਿਸੇ ਪਰਵਾਸੀ ਬੱਚੇ ਦੀ ਦੂਜੀ ਮੌਤ ਹੈ, ਜੋ ਅਮਰੀਕਾ ਵਿੱਚ ਵਸਣ ਦੇ ਚਾਹਵਾਨਾਂ ਵਲੋਂ ਵੱਡੇ ਖ਼ਰਚੇ ਕਰਕੇ ਮੁੱਲ ਲਏ ਖ਼ਤਰਿਆਂ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਉਹ ਸ਼ਰਨ ਲੈਣ ਦੇ ਚਾਹਵਾਨਾਂ ਨਾਲ ਕੀਤੇ ਜਾਂਦੇ ਮਾੜੇ ਵਿਹਾਰ ਅਤੇ ਉਨ੍ਹਾਂ ਨੂੰ ਖ਼ਤਰਾ ਸਮਝੇ ਜਾਣ ਦਾ ਸਖ਼ਤ ਵਿਰੋਧ ਕਰਦੇ ਹਨ।

ਗ਼ੈਰਕਾਨੂੰਨੀ ਪਰਵਾਸੀਆਂ ਨੂੰ ਕੱਢਣ ਦਾ ਅਮਲ ਅਗਲੇ ਹਫ਼ਤੇ ਤੋਂ- ਟਰੰਪ

ਵਾਸ਼ਿੰਗਟਨ, ਜੂਨ 2019- ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ ਅਗਲੇ ਹਫ਼ਤੇ ਤੋਂ ‘ਲੱਖਾਂ’ ਗੈਰਕਾਨੂੰਨੀ ਪਰਵਾਸੀਆਂ ਨੂੰ ਮੁਲਕ ’ਚੋਂ ਕੱਢਣ ਦਾ ਅਮਲ ਸ਼ੁਰੂ ਕਰ ਦੇਵੇਗਾ। ਅਮਰੀਕੀ ਸਦਰ ਨੇ ਕਿਹਾ ਕਿ ਗੁਆਟੇਮਾਲਾ ਸੁਰੱਖਿਅਤ-ਤੀਜਾ ਕਰਾਰ ਕਰਨ ਲਈ ਤਿਆਰ ਹੈ। ਇਸ ਕਰਾਰ ਤਹਿਤ ਗੁਆਟੇਮਾਲਾ ਖੇਤਰ ਵਿੱਚ ਦਾਖ਼ਲ ਹੋਣ ਵਾਲੇ ਪਰਵਾਸੀਆਂ ਨੂੰ ਸ਼ਰਨਾਰਥੀ ਦਰਜਾ ਲੈਣ ਲਈ ਪਹਿਲਾਂ ਅਪਲਾਈ ਕਰਨਾ ਹੋਵੇਗਾ।

ਵੈਨਕੂਵਰ ਕੈਨੇਡਾ ਦੀ ਡੈਲਟਾ ਪੋਟ ਤੇ ਟਰੱਕਿੰਗ ਕੰਪਣੀਆਂ ਓਲੰਪੀਆ, ਲਾਲੀ ਬਰੋ ਤੇ ਇੰਡੀਅਨ ਰਿਵਰ ਦਾ ਹੋਇਆ ਐਕਸੀਡੈਂਟ

ਵੈਨਕੂਵਰ ਕੈਨੇਡਾ , ਜੂਨ 2019- ਵੈਨਕੂਵਰ ਕੈਨੇਡਾ ਦੀ ਡੈਲਟਾ ਪੋਟ ਤੇ ਟਰੱਕਿੰਗ ਕੰਪਣੀਆਂ ਓਲੰਪੀਆ, ਲਾਲੀ ਬਰੋ ਤੇ ਇੰਡੀਅਨ ਰਿਵਰ ਦਾ ਹੋਇਆ ਐਕਸੀਡੈਂਟ ਜਿਸ ‘ਚ ਦੋ ਪੰਜਾਬੀ ਵੀਰਾਂ ਦੀ ਮੌਤ ਹੋਣ ਦੀ ਖ਼ਬਰ ਆ ਰਹੀ ਹੈ। ਅੱਗ ਲੱਗਣ ਨਾਲ 37 ਸਾਲ ਨੌਜੁਆਨ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਡੈਲਟਾ ਪੋਰਟ ‘ਤੇ ਵਾਪਰੇ ਇੱਕ ਹਾਦਸੇ ਕਾਰਨ ਇੱਕ ਟਰੱਕ ਨੂੰ ਅੱਗ ਲੱਗ ਗਈ ਅਤੇ ਟਰੱਕ ਚਾਲਕ ਟਰੱਕ ਵਿੱਚੋਂ ਨਿਕਲ ਨਹੀਂ ਸਕਿਆ। ਮਿਲੀ ਜਾਣਕਾਰੀ ਮੁਤਾਬਿਕ ਪਿੱਛਿਓਂ ਰਾਜਸਥਾਨ ਨਾਲ ਸਬੰਧਤ 37 ਸਾਲਾ ਰਾਜਵਿੰਦਰ ਸਿੰਘ ਸਿੱਧੂ 2017 ਤੋਂ ਹੀ ਓਨਰ ਅਪਰੇਟਰ ਵਜੋਂ ਟਰੱਕ ਚਲਾਉਣ ਲੱਗਾ ਸੀ, ਪਹਿਲਾਂ ਉਹ ਡਰਾਇਵਰ ਵਜੋਂ ਕੰਮ ਕਰਦਾ ਸੀ। ਸੂਤਰਾਂ ਮੁਤਾਬਿਕ ਉਹ ਆਪਣੀ ਲੇਨ 'ਚ ਸਹੀ ਜਾ ਰਿਹਾ ਸੀ ਕਿ ਅੱਗਿਓਂ ਆ ਰਿਹਾ ਇੱਕ ਟਰੱਕ ਉਸ ਵਿੱਚ ਸਿੱਧਾ ਆਣ ਵੱਜਾ। ਟੱਕਰ ਤੋਂ ਬਾਅਦ ਉਹ ਟਰੱਕ ਵਿੱਚ ਹੀ ਫਸ ਗਿਆ ਅਤੇ ਬਾਹਰ ਨਿਕਲ ਨਹੀਂ ਹੋਇਆ। ਟਰੱਕਾਂ ਵਾਲੇ ਦੋਸਤ ਟਰੱਕ ਨੂੰ ਤੁਰੰਤ ਅੱਗ ਲੱਗਣ ਲਈ ਯੂਰੀਆ, (ਡਿਫ ਰੀਜਿਨ) ਨੂੰ ਦੋਸ਼ੀ ਦੱਸ ਰਹੇ ਹਨ। ਬਹੁਤ ਬੁਰੀ ਤਰਾਂ ਅਸਰ ਕਰਦਿਆਂ ਹਨ ਇਸ ਤਰਾਂ ਦੀਆਂ ਘਟਨਾਵਾਂ ਸਾਡੇ ਸਮਾਜ ਤੇ। ਇਹ ਬੇਹੱਦ ਮੰਦਭਾਗੀ ਘਟਨਾ ਹੈ ਅਤੇ ਪਰਿਵਾਰ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ। ਸਵੇਰੇ ਘਰੋਂ ਨਿਕਲਦੇ ਕਾਮੇ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸਨੇ ਵਾਪਸ ਜਾ ਕੇ ਟੱਬਰ 'ਚ ਬਹਿਣਾ ਜਾਂ ਨਹੀਂ।

ਯੁਵਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

ਮੁੰਬਈ,  ਜੂਨ 2019  ਕੈਂਸਰ ’ਤੇ ਜਿੱਤ ਹਾਸਲ ਕਰਨ ਤੋਂ ਅੱਠ ਸਾਲ ਮਗਰੋਂ ਕ੍ਰਿਕਟਰ ਯੁਵਰਾਜ ਸਿੰਘ ਨੇ ਅੱਜ ਭਾਵੁਕ ਹੁੰਦਿਆਂ ਉਤਰਾਅ-ਚੜ੍ਹਾਅ ਭਰੇ ਆਪਣੇ ਕਰੀਅਰ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ। ਉਹ ਹੁਣ ਆਈਪੀਐਲ ਵੀ ਨਹੀਂ ਖੇਡੇਗਾ। ਇਸ ਦੌਰਾਨ ਉਸ ਦੀ ਸਭ ਤੋਂ ਵੱਡੀ ਉਪਲਬਧੀ ਭਾਰਤ ਦੇ 2011 ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਯੋਗਦਾਨ ਰਿਹਾ। ਪ੍ਰਤਿਭਾ ਦੇ ਧਨੀ ਇਸ ਕਰਿਸ਼ਮਈ ਖਿਡਾਰੀ ਨੂੰ ਸੀਮਤ ਓਵਰਾਂ ਦੀ ਕ੍ਰਿਕਟ ਦਾ ਮਾਹਿਰ ਮੰਨਿਆ ਜਾਂਦਾ ਰਿਹਾ ਹੈ, ਪਰ ਉਸ ਨੇ ਇਸ ਚੀਸ ਨਾਲ ਸੰਨਿਆਸ ਲਿਆ ਕਿ ਉਹ ਟੈਸਟ ਮੈਚਾਂ ਵਿੱਚ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ।
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਹਾਲਾਂਕਿ ਸੰਨਿਆਸ ਲੈਣ ਤੋਂ ਪਹਿਲਾਂ ਕਈ ਵਾਰ ਹਾਲਾਤਾਂ ਨੂੰ ਆਪਣੇ ਪੱਖ ਵਿੱਚ ਮੋੜਨ ਦੇ ਯਤਨ ਕੀਤੇ। 37 ਸਾਲ ਦੇ ਇਸ ਕ੍ਰਿਕਟ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਮੈਂ 25 ਸਾਲ 22 ਗਜ ਦੀ ਪਿੱਚ ’ਤੇ ਬਿਤਾਉਣ ਅਤੇ ਲਗਪਗ 17 ਸਾਲ ਕੌਮਾਂਤਰੀ ਕ੍ਰਿਕਟ ਖੇਡਣ ਮਗਰੋਂ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ। ਕ੍ਰਿਕਟ ਨੇ ਮੈਨੂੰ ਸਭ ਕੁੱਝ ਦਿੱਤਾ ਅਤੇ ਇਹੀ ਕਾਰਨ ਹੈ ਕਿ ਮੈਂ ਅੱਜ ਇੱਥੇ ਹਾਂ।’’
ਉਸ ਨੇ ਕਿਹਾ, ‘‘ਮੈਂ ਬਹੁਤ ਖ਼ੁਸ਼ਕਿਸਮਤ ਰਿਹਾ ਕਿ ਮੈਂ ਭਾਰਤ ਵੱਲੋਂ 400 ਮੈਚ ਖੇਡੇ। ਜਦੋਂ ਮੈਂ ਖੇਡਣਾ ਸ਼ੁਰੂ ਕੀਤਾ, ਤਾਂ ਮੈਂ ਇਸ ਬਾਰੇ ਸੋਚ ਵੀ ਨਹੀਂ ਸਕਦਾ ਸੀ।’’ ਇਸ ਹਮਲਾਵਰ ਬੱਲੇਬਾਜ਼ ਨੇ ਕਿਹਾ ਕਿ ਉਹ ਹੁਣ ‘ਜ਼ਿੰਦਗੀ ਦਾ ਲੁਤਫ਼’ ਉਠਾਉਣਾ ਚਾਹੁੰਦਾ ਹੈ ਅਤੇ ਬੀਸੀਸੀਆਈ ਤੋਂ ਮਨਜ਼ੂਰੀ ਮਿਲਣ ’ਤੇ ਕੌਮਾਂਤਰੀ ਪੱਧਰ ’ਤੇ ਵੱਖ-ਵੱਖ ਟੀ-20 ਲੀਗ ਵਿੱਚ ਫਰੀਲਾਂਸ ਖਿਡਾਰੀ ਵਜੋਂ ਖੇਡਣਾ ਚਾਹੁੰਦਾ ਹੈ, ਪਰ ਹੁਣ ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਨਹੀਂ ਖੇਡੇਗਾ। ਯੁਵਰਾਜ ਨੇ ਭਾਰਤ ਵੱਲੋਂ 40 ਟੈਸਟ, 304 ਇੱਕ ਰੋਜ਼ਾ ਅਤੇ 58 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਉਸ ਨੇ ਟੈਸਟ ਮੈਚਾਂ ਵਿੱਚ 1900 ਅਤੇ ਇੱਕ ਰੋਜ਼ਾ ਵਿੱਚ 8701 ਦੌੜਾਂ ਬਣਾਈਆਂ। ਉਸ ਨੂੰ ਇੱਕ ਰੋਜ਼ਾ ਵਿੱਚ ਸਭ ਤੋਂ ਵੱਧ ਸਫਲਤਾ ਮਿਲੀ। ਟੀ-20 ਕੌਮਾਂਤਰੀ ਵਿੱਚ ਉਸ ਦੇ ਨਾਮ 1177 ਦੌੜਾਂ ਦਰਜ ਹਨ।
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੇ ਕਰੀਅਰ ਦੇ ਤਿੰਨ ਮਹੱਤਵਪੂਰਨ ਪਲਾਂ ਵਿੱਚ ਵਿਸ਼ਵ ਕੱਪ 2011 ਦੀ ਜਿੱਤ ਅਤੇ ‘ਮੈਨ ਆਫ ਦਿ ਸੀਰੀਜ਼’ ਬਣਨਾ, ਟੀ-20 ਵਿਸ਼ਵ ਕੱਪ 2007 ਵਿੱਚ ਇੰਗਲੈਂਡ ਖ਼ਿਲਾਫ਼ ਇੱਕ ਓਵਰ ਵਿੱਚ ਛੇ ਛੱਕੇ ਮਾਰਨਾ ਅਤੇ ਪਾਕਿਸਤਾਨ ਖ਼ਿਲਾਫ਼ ਲਾਹੌਰ ਵਿੱਚ 2004 ਦੌਰਾਨ ਪਹਿਲੇ ਟੈਸਟ ਸੈਂਕੜੇ ਨੂੰ ਸ਼ਾਮਲ ਕੀਤਾ।

ਅਮਰੀਕੀ ਹਵਾਈ ਸੈਨਾ ’ਚ ਸਾਬਤ ਸੂਰਤ ਸਿੱਖ ਦੀ ਭਰਤੀ ਦੀ ਸ਼ਲਾਘਾ

ਵਾਸ਼ਿੰਗਟਨ,  ਜੂਨ 2019- ਅਮਰੀਕੀ ਹਵਾਈ ਸੈਨਾ ਵੱਲੋਂ ਏਅਰਮੈਨ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਦਸਤਾਰ, ਦਾਹੜੀ ਅਤੇ ਲੰਬੇ ਕੇਸ ਰੱਖਣ ਦੀ ਇਜਾਜ਼ਤ ਦਿੱਤੇ ਜਾਣ ਦੇ ਫ਼ੈਸਲੇ ਦਾ ਅਮਰੀਕੀ ਕਾਨੂੰਨਸਾਜ਼ ਸਮੇਤ ਭਾਰਤੀ-ਅਮਰੀਕੀਆਂ ਨੇ ਸਵਾਗਤ ਕੀਤਾ ਹੈ। ਭਾਰਤ-ਅਮਰੀਕੀ ਕਾਂਗਰਸਮੈਨ ਅਮੀ ਬੇਰਾ ਨੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਮੁਲਕ ਦੀ ਰਾਖੀ ’ਚ ਲੰਬੇ ਸਮੇਂ ਤੋਂ ਅਹਿਮ ਭੂਮਿਕਾ ਨਿਭਾ ਰਹੇ ਹਨ। ਬੇਰਾ ਨੇ ਕਿਹਾ ਕਿ ਅਜਿਹੇ ਦੇਸ਼ ਭਗਤਾਂ ਨੂੰ ਧਾਰਮਿਕ ਆਜ਼ਾਦੀ ਦੇ ਕੇ ਸੇਵਾ ਕਰਨ ਦਾ ਮੌਕਾ ਦੇਣਾ ਵਧੀਆ ਕਦਮ ਹੈ। ਉਨ੍ਹਾਂ ਰੱਖਿਆ ਵਿਭਾਗ ਨੂੰ ਬੇਨਤੀ ਕੀਤੀ ਕਿ ਉਹ ਹੋਰ ਧਰਮਾਂ ਨੂੰ ਵੀ ਅਜਿਹੀ ਛੋਟ ਦੇਣ। 2017 ’ਚ ਥਲ ਸੈਨਾ ਨੇ ਵੀ ਸਾਬਤ ਸੂਰਤ ਸਿੱਖ ਨੂੰ ਭਰਤੀ ਕਰਨ ਦੀ ਮਨਜ਼ੂਰੀ ਦਿੱਤੀ ਸੀ। ਬਾਜਵਾ ਦੀ ਸਹਾਇਤਾ ਸਿੱਖ ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫੰਡ ਤੇ ਸਿੱਖ ਅਮਰੀਕਨ ਵੈਟਰਨਸ ਅਲਾਇੰਸ ਜਿਹੀਆਂ ਜਥੇਬੰਦੀਆਂ ਨੇ ਕੀਤੀ। ਅਲਾਇੰਸ ਦੇ ਪ੍ਰਧਾਨ ਲੈਫ਼ਟੀਨੈਂਟ ਕਰਨਲ ਕਮਲ ਕਲਸੀ ਸਿੰਘ ਨੇ ਕਿਹਾ ਕਿ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਕੰਮ ਦੌਰਾਨ ਆਪਣੇ ਧਰਮ ਦੇ ਪਾਲਣ ਦੀ ਖੁੱਲ੍ਹ ਮਿਲਣ ਨਾਲ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਉਨ੍ਹਾਂ ਆਸ ਜਤਾਈ ਕਿ ਬਾਜਵਾ ਪੂਰੇ ਸਨਮਾਨ ਨਾਲ ਰਵਾਇਤ ਨੂੰ ਅੱਗੇ ਵਧਾਏਗਾ। ਅਮਰੀਕਨ ਲੀਗਲ ਡਿਫੈਂਸ ਅਤੇ ਐਜੂਕੇਸ਼ਨ ਫੰਡ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਹਰਪ੍ਰੀਤਇੰਦਰ ਸਿੰਘ ਬਾਜਵਾ ਨੂੰ ਹਵਾਈ ਸੈਨਾ ਤੋਂ ਦਸਤਾਰ ਬੰਨ੍ਹਣ ਅਤੇ ਕੇਸ ਲੰਬੇ ਰੱਖਣ ਦੀ ਇਜਾਜ਼ਤ ਮਿਲ ਗਈ ਹੈ। ਏਸੀਐਲਯੂ ਦੇ ਸੀਨੀਅਰ ਸਟਾਫ਼ ਅਟਾਰਨੀ ਨੇ ਏਅਰ ਫੋਰਸ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਸਿੱਖ ਧਰਮ ਦਾ ਪਾਲਣ ਕਰਨ ਦੀ ਮਨਜ਼ੂਰੀ ਮਿਲ ਗਈ ਹੈ।

ਟੈਰੇਜ਼ਾ ਮੇਅ ਨੇ ਕੰਜ਼ਰਵੇਟਿਵ ਪਾਰਟੀ ਦੀ ਆਗੂ ਵਜੋਂ ਅਸਤੀਫ਼ਾ ਦਿੱਤਾ

ਲੰਡਨ, ਜੂਨ 2019-(ਗਿਆਨੀ ਰਵਿਦਰਪਾਲ ਸਿੰਘ)- ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਕੰਜ਼ਰਵੇਟਿਵ ਪਾਰਟੀ ਦੀ ਆਗੂ ਵਜੋਂ ਅੱਜ ਅਸਤੀਫ਼ਾ ਦੇ ਦਿੱਤਾ ਹੈ। ਇਸ ਮਗਰੋਂ ਉਨ੍ਹਾਂ ਤੋਂ ਬਾਅਦ ਇਸ ਅਹੁਦੇ ਨੂੰ ਸੰਭਾਲਣ ਦੀ ਦੌੜ ਵਿਚ ਲੱਗੇ ਆਗੂਆਂ ਦਾ ਰਾਹ ਸਾਫ਼ ਹੋ ਗਿਆ ਹੈ। ਅਗਲਾ ਪ੍ਰਧਾਨ ਮੰਤਰੀ ਚੁਣੇ ਜਾਣ ਤਕ ਉਹ ਇਸ ਅਹੁਦੇ ਉੱਤੇ ਬਣੇ ਰਹਿਣਗੇ। ਮੇਅ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਹਮੇਸ਼ਾ ਅਫ਼ਸੋਸ ਰਹੇਗਾ ਕਿ ਉਹ ਬ੍ਰੈਗਜ਼ਿਟ ਨੂੰ ਉਸ ਦੇ ਮੁਕਾਮ ਤਕ ਨਹੀਂ ਪਹੁੰਚਾ ਸਕੀ। ਅਗਲਾ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਬੋਰਿਸ ਜੌਹਨਸਨ ਨੂੰ ਅਦਾਲਤ ਤੋਂ ਅੱਜ ਵੱਡੀ ਰਾਹਤ ਮਿਲੀ ਹੈ।

ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿਚ ਅਰਦਾਸ ਬੇਨਤੀ

ਜੱਥੇਦਾਰ ਗਿਆਨੀ ਹਰਦੀਪ ਸਿੰਘ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੰਦੇਸ਼ ਜਾਰੀ ਕੀਤਾ

 

ਮੁਤਵਾਜੀ ਜਥੇਦਾਰਾਂ ਵਲੋਂ ਆਪੋ-ਆਪਣੇ ਸੰਦੇਸ਼ ਜਾਰੀ

 

ਲੱਥੀਆਂ ਦਸਤਾਰ, ਲੀਡਰਾਂ ਵਲੋਂ ਕੌਮ ਨੂੰ ਹਲੂਣਾ

 

ਅੰਮ੍ਰਿਤਸਰ, ਜੂਨ 2019 -(ਗੁਰਦੇਵ ਸਿੰਘ ਗਾਲਿਬ)- ਜੂਨ 1984 ਦੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਵਿਚ ਮਾਰੇ ਗਏ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਮੌਕੇ ਅੱਜ ਅਕਾਲ ਤਖਤ ਵਿਖੇ ਅਰਦਾਸ ਦਿਵਸ ਮਨਾਇਆ ਗਿਆ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਕੌਮ ਨੂੰ ਇਕਜੁਟ ਹੋਣ ਅਤੇ ਸਿੱਖ ਨੌਜਵਾਨ ਪੀੜ੍ਹੀ ਨੂੰ ਵਿਦਿਆ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਗਰਮਖਿਆਲੀ ਕਾਰਕੁਨਾਂ ਨੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ, ਹਵਾ ਵਿਚ ਕਿਰਪਾਨਾਂ ਲਹਿਰਾਈਆਂ ਅਤੇ ਧੱਕਾ-ਮੁੱਕੀ ਦੌਰਾਨ ਦਸਤਾਰ ਦੀ ਬੇਅਦਬੀ ਵੀ ਹੋਈ।
ਸ਼ਹੀਦੀ ਸਮਾਗਮ ਦੇ ਸਬੰਧ ਵਿਚ ਸਵੇਰ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਕਾਲ ਤਖ਼ਤ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਕੀਰਤਨ ਹੋਇਆ। ਅਰਦਾਸ ਤੇ ਹੁਕਮਨਾਮੇ ਮਗਰੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਸ਼ਹੀਦੀ ਸਮਾਗਮ ਸਮਾਪਤ ਹੋਣ ਤੋਂ ਬਾਅਦ ਜਿਉਂ ਹੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਕਾਲ ਤਖ਼ਤ ਤੋਂ ਬਾਹਰ ਆਏ ਤਾਂ ਗਰਮਖਿਆਲੀਆਂ ਨੇ ਖਾਲਿਸਤਾਨ ਦੇ ਹੱਕ ਵਿਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਨਾਅਰਿਆਂ ਦੀ ਗੂੰਜ ਵਧਣ ’ਤੇ ਪ੍ਰਬੰਧਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੱਲ ਰਹੇ ਕੀਰਤਨ ਦੀ ਆਵਾਜ਼ ਉੱਚੀ ਕਰ ਦਿੱਤੀ, ਜਿਸ ਨਾਲ ਨਾਅਰਿਆਂ ਦੀ ਆਵਾਜ਼ ਦਬ ਗਈ। ਇਸ ਦੌਰਾਨ ਅਕਾਲ ਤਖ਼ਤ ਨੇੜੇ ਸਿਮਰਨਜੀਤ ਸਿੰਘ ਮਾਨ, ਜੋ ਆਪਣਾ ਮਾਈਕ ਤੇ ਸਪੀਕਰ ਨਾਲ ਲੈ ਕੇ ਆਏ ਸਨ, ਨੇ ਸੰਬੋਧਨ ਕਰਨਾ ਸ਼ੁਰੂ ਕੀਤਾ ਪਰ ਕੀਰਤਨ ਦੀ ਉੱਚੀ ਆਵਾਜ਼ ਕਾਰਨ ਉਨ੍ਹਾਂ ਦੀ ਕੋਈ ਗੱਲ ਸੁਣਾਈ ਨਹੀਂ ਦਿੱਤੀ। ਰੋਸ ਵਜੋਂ ਕੁਝ ਨੌਜਵਾਨਾਂ ਨੇ ਅਕਾਲ ਤਖ਼ਤ ਨੇੜੇ ਲਾਏ ਗਏ ਸਪੀਕਰਾਂ ਦੀ ਤਾਰ ਕੱਟ ਦਿੱਤੀ, ਜਿਸ ਨਾਲ ਕੀਰਤਨ ਦੀ ਆਵਾਜ਼ ਸੁਣਨੀ ਬੰਦ ਹੋ ਗਈ। ਸ੍ਰੀ ਮਾਨ ਨੇ ਸੰਬੋਧਨ ਤਾਂ ਕੀਤਾ ਪਰ ਨਾਅਰੇਬਾਜ਼ੀ ਕਾਰਨ ਲੋਕ ਉਨ੍ਹਾਂ ਦੀ ਗੱਲ ਸੁਣ ਨਹੀਂ ਸਕੇ। ਇਸ ਦੌਰਾਨ ਅਕਾਲ ਤਖ਼ਤ ਦੇ ਹੇਠਾਂ ਬੈਠੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਵੀ ਸੰਬੋਧਨ ਕਰਨ ਦਾ ਯਤਨ ਕੀਤਾ ਤਾਂ ਉੱਥੇ ਬੈਠੇ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੇ ਰੋਕਿਆ। ਇਸ ’ਤੇ ਉਨ੍ਹਾਂ ਦੇ ਸਮਰਥਕ ਰੋਹ ਵਿਚ ਆ ਗਏ ਅਤੇ ਉਨ੍ਹਾਂ ਨੇ ਭੀੜ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਵਲੋਂ ਲਾਈਆਂ ਰੋਕਾਂ ਉਖਾੜ ਦਿੱਤੀਆਂ। ਸਾਦੇ ਕੱਪੜਿਆਂ ਵਿਚ ਤਾਇਨਾਤ ਪੁਲੀਸ ਅਧਿਕਾਰੀ ਨੇ ਭੜਕੇ ਲੋਕਾਂ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਪਰ ਰੋਹ ਵਿਚ ਆਏ ਲੋਕਾਂ ਨੇ ਅਗਾਂਹ ਵਧਣ ਦੌਰਾਨ ਧੱਕਾ-ਮੁੱਕੀ ਕੀਤੀ, ਜਿਸ ਕਾਰਨ ਵਿਅਕਤੀ ਦੀ ਦਸਤਾਰ ਉਤਰ ਗਈ ਅਤੇ ਕਈ ਹੇਠਾਂ ਵੀ ਡਿੱਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ। ਨਾਅਰੇਬਾਜ਼ੀ ਕਰਨ ਵਾਲਿਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਢਹਿ-ਢੇਰੀ ਹੋਏ ਅਕਾਲ ਤਖ਼ਤ ਦੀਆਂ ਤਸਵੀਰਾਂ ਆਦਿ ਦੇ ਬੈਨਰ ਚੁੱਕੇ ਹੋਏ ਸਨ। ਗਰਮਖਿਆਲੀਆਂ ਵਲੋਂ ਕੁਝ ਕਿਤਾਬਚੇ ਵੀ ਵੰਡੇ ਗਏ। ਇਹ ਨਾਅਰੇਬਾਜ਼ੀ ਲਗਭਗ ਘੰਟਾ ਜਾਰੀ ਰਹੀ।

ਸਮਾਗਮ ਦੀ ਸਮਾਪਤੀ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਨੇ ਸਕੱਤਰੇਤ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਸਿੱਖ ਸੰਗਤ ਨੂੰ ਮਿਲ ਬੈਠ ਕੇ ਆਪਸੀ ਗੱਲਬਾਤ ਰਾਹੀਂ ਗਿਲੇ-ਸ਼ਿਕਵੇ ਦੂਰ ਕਰਨ ਅਤੇ ਇਕਜੁਟਤਾ ਕਾਇਮ ਕਰਨ ਦੀ ਰਵਾਇਤ ਨੂੰ ਕਾਇਮ ਕਰਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਸਮੂਹ ਸਿੱਖ ਸੰਸਦ ਮੈਂਬਰਾਂ ਨੂੰ ਆਖਣਗੇ ਕਿ ਆਉਂਦੇ ਸੰਸਦ ਇਜਲਾਸ ਵਿਚ ਸਾਕਾ ਨੀਲਾ ਤਾਰਾ ਫੌਜੀ ਹਮਲੇ ਖ਼ਿਲਾਫ਼ ਮੁਆਫ਼ੀ ਦਾ ਮਤਾ ਲੈ ਕੇ ਜਾਣ ਅਤੇ ਸਰਕਾਰ ’ਤੇ ਮੁਆਫ਼ੀ ਮਤਾ ਪਾਸ ਕਰਨ ਲਈ ਦਬਾਅ ਪਾਉਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਦਿਹਾੜੇ ਮੌਕੇ ਸਿੱਖਾਂ ਦੇ ਅੱਲ੍ਹੇ ਜ਼ਖ਼ਮ ਰਿਸਣ ਲੱਗ ਪੈਂਦੇ ਹਨ ਪਰ ਇਸ ਦਿਹਾੜੇ ’ਤੇ ਉਤੇਜਨਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੇ ਮਨਾਂ ਨੂੰ ਠੇਸ ਪੁਜਦੀ ਹੈ। ਸਮਾਗਮ ਵਿਚ ਸ਼ਰਧਾਂਜਲੀ ਦੇਣ ਆਏ ਸਿੱਖ ਆਗੂਆਂ ਵਿਚ ਸ਼੍ਰੋਮਣੀ ਕਮੇਟੀ ਮੈਂਬਰ, ਅਧਿਕਾਰੀਆਂ ਤੋਂ ਇਲਾਵਾ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ, ਗਿਆਨੀ ਗੁਰਮੁਖ ਸਿੰਘ, ਸਿਮਰਨਜੀਤ ਸਿੰਘ ਮਾਨ ਆਦਿ ਸ਼ਾਮਲ ਸਨ।

 

 ਮੁਤਵਾਜੀ ਜਥੇਦਾਰਾਂ ਵਲੋਂ ਆਪੋ-ਆਪਣੇ ਸੰਦੇਸ਼ ਜਾਰੀ

ਅੱਜ ਪਹਿਲੀ ਵਾਰ ਸ਼ਹੀਦੀ ਦਿਵਸ ਮੌਕੇ ਅਕਾਲ ਤਖ਼ਤ ਨੇੜੇ ਤਿੰਨ ਜਥੇਦਾਰਾਂ ਵਲੋਂ ਸੰਦੇਸ਼ ਜਾਰੀ ਕੀਤੇ ਗਏ ਹਨ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਤੋਂ ਇਲਾਵਾ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਜੇਲ੍ਹ ਵਿਚ ਬੰਦ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਜਾਰੀ ਕੀਤਾ ਗਿਆ। ਮੀਡੀਆ ਨੂੰ ਜਾਰੀ ਕੀਤੇ ਸੰਦੇਸ਼ ਵਿਚ ਭਾਈ ਮੰਡ ਨੇ ਕਿਹਾ ਕਿ ਸਿੱਖ ਕੌਮ ਸ਼ਹੀਦਾਂ ਦੇ ਡੁੱਲ੍ਹੇ ਖੂਨ ’ਤੇ ਪਹਿਰਾ ਦਿੰਦੀ ਰਹੇਗੀ ਅਤੇ ਅਧੂਰੇ ਪਏ ਧਰਮ ਯੁੱਧ ਦੀ ਜਿੱਤ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਜੇਲ੍ਹ ਵਿਚ ਬੰਦ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਬਾਪੂ ਗੁਰਚਰਨ ਸਿੰਘ ਨੇ ਅਕਾਲ ਤਖਤ ਨੇੜੇ ਪੜ੍ਹਿਆ। ਉਨ੍ਹਾਂ ਕਿਹਾ ਕਿ ਘੱਲੂਘਾਰੇ ਦੀ ਯਾਦ ਨੂੰ ਮਨਾਉਂਦੇ ਹੋਏ ਕੌਮੀ ਸੰਘਰਸ਼ ਨੂੰ ਅੱਗੇ ਵਧਾਉਣ ਲਈ ਨਿਰੰਤਰ ਯਤਨਸ਼ੀਲ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਵਿਰੁੱਧ ਅਤੇ ਸਤਿਕਾਰ ਨੂੰ ਕਾਇਮ ਰੱਖਣ ਲਈ ਇਕਜੁਟ ਹੋਣ ਦੀ ਅਪੀਲ ਕੀਤੀ ਹੈ।

ਦੁਬਈ ਰਹਿੰਦੇ ਜੋਗਿੰਦਰ ਸਿੰਘ ਸਿੰਘ ਸਲਾਰੀਆ ਨੇ ਪਾਕਿ ’ਚ ਨਲਕੇ ਲਵਾਏ

ਦੁਬਈ,  ਜੂਨ 2019   ਪੁਲਵਾਮਾ ਅਤੇ ਬਾਲਾਕੋਟ ਘਟਨਾਵਾਂ ਮਗਰੋਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਜਾਰੀ ਰਹਿਣ ਦੇ ਬਾਵਜੂਦ ਦੁਬਈ ਰਹਿੰਦੇ ਭਾਰਤੀ ਕਾਰੋਬਾਰੀ ਨੇ ਪਾਕਿਸਤਾਨ ਦੇ ਦੱਖਣ-ਪੂਰਬੀ ਸਿੰਧ ਪ੍ਰਾਂਤ ਦੇ ਗਰੀਬ ਜ਼ਿਲ੍ਹੇ ਵਿੱਚ 60 ਤੋਂ ਵੱਧ ਨਲਕੇ ਲਗਵਾਏ ਹਨ।
ਮੀਡੀਆ ਰਿਪੋਰਟ ਅਨੁਸਾਰ ਜੋਗਿੰਦਰ ਸਿੰਘ ਸਲਾਰੀਆ ਨੇ ਜ਼ਿਲ੍ਹਾ ਥਾਰਪਰਕਰ ਵਿੱਚ ਸਮਾਜ ਸੇਵੀਆਂ ਦੀ ਮੱਦਦ ਨਾਲ ਕਰੀਬ 62 ਨਲਕੇ ਲਗਵਾਏ ਹਨ। ਸਲਾਰੀਆ ਨੂੰ ਇਸ ਖੇਤਰ ਵਿਚ ਗੁਰਬਤ ਬਾਰੇ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਸੀ। ਉਸ ਨੇ ਇੱਥੇ ਵਸੇ ਲੋਕਾਂ ਲਈ ਅਨਾਜ ਦੀਆਂ ਬੋਰੀਆਂ ਵੀ ਭਿਜਵਾਈਆਂ ਹਨ। ਸੰਯੁਕਤ ਅਰਬ ਅਮੀਰਾਤ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਸਲਾਰੀਆ 1993 ਵਿੱਚ ਉੱਥੋਂ ਦਾ ਨਾਗਰਿਕ ਬਣਿਆ ਸੀ। ਉਸ ਨੇ ਦੱਸਿਆ ਕਿ ਉਸ ਨੇ ਫੇਸਬੁੱਕ ਅਤੇ ਯੂ-ਟਿਊਬ ਰਾਹੀਂ ਪਾਕਿਸਤਾਨ ਦੇ ਸਮਾਜ ਸੇਵੀਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਸਾਰੀ ਕਾਰਵਾਈ ਲਈ ਫੰਡ ਭੇਜੇ।
ਖਲੀਜ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਜੋਗਿੰਦਰ ਸਿੰਘ ਸਿੰਘ ਸਲਾਰੀਆ ਦੇ ਹਵਾਲੇ ਨਾਲ ਲਿਖਿਆ, ‘‘ਪੁਲਵਾਮਾ ਹਮਲੇ ਤੋਂ ਬਾਅਦ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਸਿਖਰ ’ਤੇ ਸੀ, ਤਾਂ ਉਸ ਵੇਲੇ ਅਸੀਂ ਗੁਰਬਤ ਦੇ ਮਾਰੇ ਪਿੰਡਾਂ ਵਿੱਚ ਨਲਕੇ ਲਗਾ ਰਹੇ ਸਾਂ।’’ ‘ਪਹਿਲ ਚੈਰੀਟੇਬਲ ਟਰੱਸਟ’ ਸ਼ੁਰੂ ਕਰਨ ਵਾਲੇ ਸਲਾਰੀਆ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਮਹੀਨੇ ਥਾਰਪਰਕਰ ਦੇ ਲੋਕਾਂ ਦੇ ਹਾਲਾਤ ਜਾਣਨ ਵਿੱਚ ਲਾਏ ਅਤੇ ਵਧੇਰੇ ਕੰਮ ਸੋਸ਼ਲ ਮੀਡੀਆ ਰਾਹੀਂ ਕੀਤਾ ਗਿਆ।

ਐੱਚ1ਬੀ ਵੀਜ਼ਿਆਂ ਲਈ ਅਰਜ਼ੀਆਂ ਦੀ ਮਨਜ਼ੂਰੀ ਦਸ ਫ਼ੀਸਦ ਘਟੀ

ਵਾਸ਼ਿੰਗਟਨ,  ਜੂਨ 2019   ਵਿੱਤੀ ਵਰ੍ਹੇ 2018 ’ਚ ਅਮਰੀਕਾ ’ਚ ਐੱਚ1ਬੀ ਵੀਜ਼ਿਆਂ ਲਈ ਅਰਜ਼ੀਆਂ ਦੀ ਮਨਜ਼ੂਰੀ ’ਚ 10 ਫੀਸਦ ਕਮੀ ਆਈ ਹੈ।ਮਾਹਰਾਂ ਅਨੁਸਾਰ ਇਸ ਕਮੀ ਲਈ ਟਰੰਪ ਸਰਕਾਰ ਦੀਆਂ ਸਖਤ ਵੀਜ਼ਾ ਨੀਤੀਆਂ ਜ਼ਿੰਮੇਵਾਰ ਹਨ। ਅਮਰੀਕਾ ਦੇ ਨਾਗਰਿਕਤਾ ਤੇ ਪਰਵਾਸ ਸੇਵਾਵਾਂ ਵਿਭਾਗ ਨੇ ਵਿੱਤੀ ਵਰ੍ਹੇ 2018 ’ਚ 3.35 ਲੱਖ ਐੱਚ1ਬੀ ਵੀਜ਼ਿਆਂ ਲਈ ਅਰਜ਼ੀਆਂ ਮਨਜ਼ੂਰ ਕੀਤੀਆਂ। ਇਹ ਮਨਜ਼ੂਰੀਆਂ ਵਿੱਤੀ ਵਰ੍ਹੇ 2017 ਦੀਆਂ 3,73,400 ਮਨਜ਼ੂਰ ਅਰਜ਼ੀਆਂ ਤੋਂ 10 ਫੀਸਦ ਘੱਟ ਹਨ। ਵਿਭਾਗ ਦੀ ਸਾਲਾਨਾ ਰਿਪੋਰਟ ਅਨੁਸਾਰ ਐੱਚ1ਬੀ ਵੀਜ਼ਾਂ ਅਰਜ਼ੀਆਂ ਦੀ ਮਨਜ਼ੂਰੀ ਦਰ 2017 ਦੇ 93 ਫੀਸਦ ਤੋਂ ਘੱਟ ਕੇ 85 ਫੀਸਦ ਤੱਕ ਆ ਗਈ ਹੈ। ਪਰਵਾਸ ਨੀਤੀਆਂ ਦੀ ਮਾਹਰ ਸਾਰਾਹ ਪੀਅਰਜ਼ ਨੇ ਕਿਹਾ ਕਿ ਇਹ ਸਰਕਾਰ ਐੱਚ1ਬੀ ਵੀਜ਼ਾ ਪ੍ਰੋਗਰਾਮ ਦੀ ਵਰਤੋਂ ਲਗਾਤਾਰ ਘੱਟ ਕਰਨ ਲਈ ਸਖਤ ਕਦਮ ਚੁੱਕ ਰਹੀ ਹੈ ਤੇ ਇਹ ਅੰਕੜੇ ਵੀ ਇਹੀ ਦਸਦੇ ਹਨ।

ਸਤਰੰਗੀ ਪੱਗ ਬੰਨ੍ਹ ਕੇ ‘ਪ੍ਰਾਈਡ ਮੰਥ’ ਦਾ ਹਿੱਸਾ ਬਣਿਆ ਸਿੱਖ ਨੌਜਵਾਨ

ਵਾਸ਼ਿੰਗਟਨ, ਜੂਨ 2019- ਭਾਰਤੀ ਮੂਲ ਦੇ ਇਕ ਸਿੱਖ ਨਿਊਰੋ ਵਿਗਿਆਨੀ ਜੋ ਕਿ ਬਾਇਸੈਕਸੂਅਲ (ਦੋ ਲਿੰਗਾਂ ਪ੍ਰਤੀ ਖਿੱਚ ਰੱਖਣ ਵਾਲਾ) ਹੈ, ਨੇ ਇਸ ਵਰ੍ਹੇ ਅਮਰੀਕਾ ਵਿਚ ਮਨਾਏ ਜਾ ਰਹੇ ‘ਪ੍ਰਾਈਡ ਮੰਥ’ ਦੌਰਾਨ ਸਤਰੰਗੀ ਪੱਗ ਬੰਨ੍ਹ ਕੇ ਨਵੀਂ ਪਿਰਤ ਪਾਈ ਹੈ। ਉਸ ਦੇ ਇਸ ਉੱਦਮ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਸਾਂ ਡਿਏਗੋ ਦੇ ਰਹਿਣ ਵਾਲੇ ਜੀਵਨਦੀਪ ਕੋਹਲੀ ਨੇ ਪੱਗ ਬੰਨ੍ਹ ਕੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਟਵਿੱਟਰ ’ਤੇ ਇਸ ਨੂੰ ਕਰੀਬ 30,000 ਲੋਕਾਂ ਨੇ ਪਸੰਦ ਕੀਤਾ ਹੈ।
ਕੋਹਲੀ ਨੇ ਫੋਟੋ ਦੇ ਨਾਲ ਲਿਖਿਆ ਹੈ ਕਿ ਉਸ ਨੂੰ ਦਾੜ੍ਹੀ ਵਾਲਾ ਬਾਇਸੈਕਸੂਅਲ ਦਿਮਾਗੀ ਮਾਹਿਰ ਹੋਣ ’ਤੇ ਮਾਣ ਹੈ। ਉਸ ਨੇ ਕਿਹਾ ਕਿ ਉਹ ਖ਼ੁਦ ਨੂੰ ਖੁਸ਼ਕਿਮਸਤ ਮੰਨਦਾ ਹੈ ਕਿ ਉਹ ਆਪਣੀ ਪਛਾਣ ਦੇ ਸਾਰੇ ਪਹਿਲੂ ਇਸ ਤਰ੍ਹਾਂ ਖੁੱਲ੍ਹ ਕੇ ਰੱਖ ਸਕਦਾ ਹੈ। ਅਮਰੀਕਾ ਵਿਚ ਐੱਲਜੀਬੀਟੀਕਿਊ ਭਾਈਚਾਰੇ ਦੇ ਮਾਣ ਵਿਚ ‘ਪ੍ਰਾਈਡ ਮੰਥ’ ਪਹਿਲੀ ਜੂਨ ਤੋਂ ਆਰੰਭ ਹੁੰਦਾ ਹੈ। ਇਸ ਮੌਕੇ ਬਰਾਬਰ ਹੱਕਾਂ ਲਈ ਨਿਊਯਾਰਕ ਦੇ ਸਟੋਨਵਾਲ ਦੰਗਿਆਂ (ਜੂਨ 1969) ਨੂੰ ਯਾਦ ਕੀਤਾ ਜਾਂਦਾ ਹੈ। ਦਰਅਸਲ ਇਸ ਸੰਘਰਸ਼ ਤੋਂ ਬਾਅਦ ਹੀ ਵੱਖਰੀ ਲਿੰਗ ਪਛਾਣ ਰੱਖਣ ਵਾਲਿਆਂ ਨੂੰ ਬਰਾਬਰ ਹੱਕ ਦਿੱਤੇ ਜਾਣ ਦਾ ਮੁੱਢ ਬੱਝਾ ਸੀ। ਟਵਿੱਟਰ ’ਤੇ ਕੋਹਲੀ ਨੂੰ ਕੁਝ ਲੋਕਾਂ ਨੇ ਪੁੱਛਿਆ ਕਿ ਉਹ ਅਜਿਹੀ ਪੱਗ ਕਿੱਥੋਂ ਲੈ ਸਕਦੇ ਹਨ? ਜਵਾਬ ਵਿਚ ਕੋਹਲੀ ਨੇ ਕਿਹਾ ਕਿ ਉਹ ਦੱਸਣਾ ਚਾਹੁੰਦਾ ਹੈ ਕਿ ਪੱਗੜੀ ਸਿੱਖਾਂ ਲਈ ਇਕ ਜ਼ਿੰਮੇਵਾਰੀ ਵਾਂਗ ਹੈ।

Eight infants dead after AC failure in Pakistan hospital

Islamabad, June 3,2019   At least eight infants died due to the alleged failure of the air-conditioning system in a hospital in Pakistan, officials said. Sahiwal Deputy Commissioner Zaman Wattoo had written a letter to the Punjab government's Specialised Healthcare and Medical Education Department recounting the chain of events allegedly leading to the infants' deaths, mainly due the failure of the AC system, reports Xinhua news agency. The official said that he received an emergency call late Saturday night from an attendant of a patient, informing him that infants had started dying due to non-functioning of the AC system in the paediatric ward of the District Headquarters Hospital Sahiwal. "I hurriedly reached at the ward and found the AC system was out of order which had resulted in abnormal indoor temperature," said the official. He further added that there might be a possibility of several other deaths caused by the AC failure that have not been reported. 

ਮੈਲਬਰਨ ਦੇ ਗੁਰੂਘਰ ’ਚੋਂ ਹਜ਼ਾਰਾਂ ਡਾਲਰ ਚੋਰੀ

ਮੈਲਬਰਨ, ਜੂਨ 2019 - ਇੱਥੋਂ ਦੇ ਪੱਛਮੀ਼ ਖੇਤਰ ’ਚ ਸਥਿਤ ਗੁਰਦੁਆਰੇ ’ਚ ਹਜ਼ਾਰਾਂ ਡਾਲਰ ਚੋਰੀ ਹੋ ਗਏ। ਹੌਪਰ ਕਰਾਸਿੰਗ ਦੇ ਗੁਰੂ ਨਾਨਕ ਸਤਿਸੰਗ ਸਭਾ ਦੀ ਗੋਲਕ ਤੋੜ ਕੇ ਚੋਰ ਕਰੀਬ 15 ਹਜ਼ਾਰ ਡਾਲਰ ਲੈ ਗਏ। ਪੱਛਮੀ ਮੈਲਬਰਨ ਦੇ ਗੁਰੂਘਰਾਂ ’ਚ ਚੋਰੀ ਦੀ ਇਹ ਹਫ਼ਤੇ ’ਚ ਦੂਜੀ ਘਟਨਾ ਹੈ। ਕਮੇਟੀ ਦੇ ਨੁਮਾਇੰਦੇ ਨੇ ਦੱਸਿਆ ਕਿ ਕੈਮਰਿਆਂ ਦੀ ਰਿਕਾਰਡਿੰਗ ਮੁਤਾਬਿਕ ਇਸ ਚੋਰੀ ’ਚ ਇੱਕ ਮਰਦ ਤੇ ਔਰਤ ਸ਼ਾਮਿਲ ਹੈ ਜਿਨ੍ਹਾਂ ਨੇ ਗੋਲਕ ਨੂੰ ਉੱਪਰੋਂ ਖੋਲ੍ਹਿਆ ਅਤੇ ਨੇੜੇ ਪਏ ਤਬਲਿਆਂ ਦੇ ਕਵਰਾਂ ’ਚ ਡਾਲਰ ਭਰ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਗੋਲਕ ’ਚ ਕਰੀਬ ਦੋ ਹਫ਼ਤਿਆਂ ਦਾ ਚੜ੍ਹਾਵਾ ਸੀ ਜੋ ਚੋਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਟਾਰਨੇਟ ਇਲਾਕੇ ਦੇ ਗੁਰੂਘਰ ’ਚੋਂ ਵੀ ਗੋਲਕ ਚੋਰੀ ਹੋ ਚੁੱਕੀ ਹੈ। ਇਸ ਦੌਰਾਨ ਦਰਬਾਰ ਹਾਲ ’ਚ ਬੇਅਦਬੀ ਵੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਟਾਰਨੇਟ ਗੁਰੂਘਰ ’ਚ ਇਸੇ ਸਾਲ ਫਰਵਰੀ ’ਚ ਵੀ ਚੋਰੀ ਹੋਈ ਸੀ। ਇਸੇ ਤਰ੍ਹਾਂ ਕੇਰਲਾ ਦੇ ਭਾਈਚਾਰਕ ਕੇਂਦਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਪਰੋਕਤ ਘਟਨਾਵਾਂ ਬਾਰੇ ਪੁਲੀਸ ਨੂੰ ਪਹਿਲਾਂ ਵੀ ਸੂਚਿਤ ਕੀਤਾ ਗਿਆ ਹੈ ਪਰ ਸੁਰੱਖਿਆ ਪੱਖੋਂ ਕੋਈ ਪੁਖ਼ਤਾ ਪ੍ਰਬੰਧ ਦੇਖਣ ਨੂੰ ਨਹੀਂ ਮਿਲੇ ਜਿਸ ਕਾਰਨ ਵਾਰਦਾਤਾਂ ’ਚ ਵਾਧਾ ਹੋਇਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸ਼ਹਿਰ ਦਾ ਇਹ ਪੱਛਮੀ ਇਲਾਕਾ ਜੁਰਮ ਦੀਆਂ ਜ਼ਿਆਦਾ ਵਾਰਦਾਤਾਂ ਦੀ ਸੂਚੀ ’ਚ ਸ਼ਾਮਲ ਰਿਹਾ ਹੈ ਜਿਸ ਕਾਰਨ ਸੁਰੱਖਿਆ ਇੰਤਜ਼ਾਮ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।

ਵੈਨਕੂਵਰ ਅਤੇ ਟੋਰਾਂਟੋ -ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਸੰਸਦ ਵਿਚ ਮਤਾ ਪੇਸ਼

ਵੈਨਕੂਵਰ, ਮਈ 2019  ਕੈਨੇਡਾ ’ਚ ਵਸੇ ਪੰਜਾਬੀ ਭਾਈਚਾਰੇ ਦੀ ਦਿੱਲੀ ਹਵਾਈ ਅੱਡੇ ’ਤੇ ਹੁੰਦੀ ਖੱਜਲ-ਖੁਆਰੀ ਤੋਂ ਬਚਾਉਣ ਅਤੇ ਪੰਜਾਬ ਦੇ ਬਾਗ਼ਬਾਨਾਂ ਨੂੰ ਹੁਲਾਰਾ ਦੇਣ ਲਈ ਅੰਮ੍ਰਿਤਸਰ ਤੋਂ ਵੈਨਕੂਵਰ ਅਤੇ ਟੋਰਾਂਟੋ ਲਈ ਸਿੱਧੀਆਂ ਹਵਾਈ ਉਡਾਣਾਂ ਚਲਵਾਉਣ ਲਈ ਕੈਨੇਡਾ ਦੀ ਪਾਰਲੀਮੈਂਟ ਵਿਚ ਮਤਾ ਪੇਸ਼ ਕੀਤਾ ਗਿਆ ਹੈ। ਮਤੇ ਵਿਚ ਸਰਕਾਰ ਰਾਹੀਂ ਹਵਾਈ ਕੰਪਨੀਆਂ ਉੱਤੇ ਦਬਾਅ ਬਣਾਉਣ ਵਾਸਤੇ ਹੋਰ ਮੈਂਬਰਾਂ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ। ਇਸ ਦੇ ਮੋਹਰੀ ਪਾਰਲੀਮੈਂਟ ਮੈਂਬਰਾਂ ਵਿਚ ਰੂਬੀ ਸਹੋਤਾ, ਰਣਦੀਪ ਸਿੰਘ ਸਰਾਏ ਤੇ ਸੁਖ ਧਾਲੀਵਾਲ ਦੇ ਨਾਂ ਪ੍ਰਮੁੱਖ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਵਿਕਾਸ ਮੰਚ ਦੇ ਸਮੀਪ ਸਿੰਘ ਗੁਮਟਾਲਾ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸ਼ਰਧਾਲੂਆਂ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਣ ਕਾਰਨ ਇਸ ਮੰਗ ਦੀ ਮਹੱਤਤਾ ਹੋਰ ਵਧ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸੰਸਦ ਮੈਂਬਰਾਂ ਦੀ ਫੈਡਰਲ ਸਰਕਾਰ ਤੋਂ ਮੰਗ ਹੈ ਕਿ ਉਹ ਏਅਰ ਕੈਨੇਡਾ ਨੂੰ ਵੈਨਕੂਵਰ ਅਤੇ ਟੋਰਾਂਟੋਂ ਤੋਂ ਅੰਮ੍ਰਿਤਸਰ ਤਕ ਸਿੱਧੀਆਂ ਉਡਾਣਾਂ ਚਾਲੂ ਕਰਨ ਲਈ ਕਹੇ। ਉਨ੍ਹਾਂ ਦੱਸਿਆ ਕਿ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਸਹੂਲਤ ਲਈ ਕੇਐੱਲਐੱਮ, ਲੁਫਥਾਂਸਾ, ਬ੍ਰਿਟਿਸ਼ ਏਅਰ, ਏਅਰ ਫਰਾਂਸ ਆਦਿ ਹਵਾਈ ਕੰਪਨੀਆਂ ਨੂੰ ਵੀ ਕਹਿਣ ਕਿ ਉਹ ਆਪੋ-ਆਪਣੇ ਦੇਸ਼ਾਂ ਦੀਆਂ ਹਵਾਈ ਹੱਬਾਂ ਤੋਂ ਅੰਮ੍ਰਿਤਸਰ ਉਡਾਣਾਂ ਦੇ ਪ੍ਰਬੰਧ ਕਰਨ। ਸਮੀਪ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਹੋਣ ਨਾਲ ਪੰਜਾਬ ਦੇ ਬਾਗ਼ਬਾਨਾਂ ਦੇ ਫ਼ਲ ਤੇ ਸਬਜ਼ੀਆਂ ਤਾਜ਼ਾ ਹਾਲਤ ’ਚ ਕੈਨੇਡਾ ਪਹੁੰਚਾਈਆਂ ਜਾ ਸਕਣਗੀਆਂ, ਜਿਨ੍ਹਾਂ ਦਾ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਬਲੂਬੈਰੀ ਸਮੇਤ ਕੈਨੇਡਾ ਦੇ ਕਈ ਉਤਪਾਦਨ, ਜਿਨ੍ਹਾਂ ਦੀ ਪੰਜਾਬ ਵਿਚ ਮੰਗ ਹੈ, ਰੋਜ਼ਾਨਾ ਪੰਜਾਬ ਦੀਆਂ ਮੰਡੀਆਂ ’ਚ ਪਹੁੰਚ ਸਕਣਗੇ। ਸੁੱਖ ਧਾਲੀਵਾਲ ਨੇ ਕਿਹਾ ਕਿ ਜੇ ਭਾਰਤ ਸਰਕਾਰ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ ਤਾਂ ਉਨ੍ਹਾਂ ਨੂੰ ਭਰੋਸਾ ਹੈ ਕਿ ਕੁਝ ਮਹੀਨਿਆਂ ਤਕ ਹਵਾਈ ਰਸਤੇ ਅੰਮ੍ਰਿਤਸਰ ਸਿੱਧੇ ਤੌਰ ’ਤੇ ਕੈਨੇਡਾ ਨਾਲ ਜੁੜ ਜਾਵੇਗਾ।

ਭਾਰਤੀ ਲੇਖਕ ਨੇ ਇੱਕ ਲੱਖ ਡਾਲਰ ਦਾ ਪੁਰਸਕਾਰ ਜਿੱਤਿਆ

ਲੰਡਨ,ਮਈ 2019  ਭਾਰਤੀ ਲੇਖਕ ਐਨੀ ਜ਼ੈਦੀ ਨੇ ਇੱਕ ਲੱਖ ਅਮਰੀਕੀ ਡਾਲਰ ਦਾ ਵਕਾਰੀ ‘ਨਾਈਨ ਡੌਟਜ਼ ਪਰਾਈਜ਼’ ਜਿੱਤਿਆ ਹੈ। ਜ਼ੈਦੀ ਮੁੰਬਈ ਦੀ ਫ੍ਰੀਲਾਂਸ ਪੱਤਰਕਾਰ ਹੈ ਅਤੇ ਲੇਖ, ਮਿਨੀ ਕਹਾਣੀਆਂ, ਕਵਿਤਾ ਅਤੇ ਨਾਟਕ ਦੇ ਖੇਤਰ ਵਿੱਚ ਜਾਣਿਆ ਪਛਾਣਿਆ ਨਾਂਅ ਹੈ। ਉਸ ਨੇ ਕਿਹਾ ਕਿ ਪੁਰਸਕਾਰ ਜਿੱਤਣ ਦੇ ਨਾਲ ਉਸ ਦੇ ਕੰਮ ਨੂੰ ਮਾਨਤਾ ਮਿਲੀ ਹੈ। 

ਡਾਰ ਦੀ ਹਵਾਲਗੀ ਲਈ ਪਾਕਿਸਤਾਨ ਤੇ ਬ੍ਰਿਟੇਨ ਸਰਕਾਰ ਵਿਚਾਲੇ ਬਣੀ ਸਹਿਮਤੀ

ਇਸਲਾਮਾਬਾਦ,  ਪਨਾਮਾ ਪੇਪਰਸ ਸਕੈਂਡਲ ਨਾਲ ਸਬੰਧਿਤ ਰਿਸ਼ਵਤ ਦੇ ਇਕ ਮਾਮਲੇ 'ਚ ਫਰਾਰ ਐਲਾਨੇ ਪਾਕਿਸਤਾਨ ਦੇ ਸਾਬਕਾ ਵਿੱਤ ਮੰਤਰੀ ਇਸ਼ਾਕ ਡਾਰ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਪਾਕਿਸਤਾਨ ਤੇ ਬ੍ਰਿਟੇਨ ਨੇ ਇਕ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਹਨ। ਜਿਓ ਟੀਵੀ ਦੀਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਇਸ ਸਹਿਮਤੀ ਪੱਤਰ 'ਤੇ ਡਾਰ ਦੇ ਮਾਮਲੇ ਲਈ ਇਸੇ ਹਫਤੇ ਦਸਤਖਤ ਕੀਤੀ ਗਿਆ ਹੈ। ਹਵਾਲਗੀ ਸੰਧੀ ਨਹੀਂ ਹੋਣ ਦੀ ਸਥਿਤੀ 'ਚ ਇਹ ਸਹਿਮਤੀ ਪੱਤਰ ਇਸ ਲਈ ਕਾਨੂੰਨੀ ਆਧਾਰ ਮੁਹੱਈਆ ਕਰਾਏਗਾ। ਇਸ 'ਚ ਕਿਹਾ ਗਿਆ ਹੈ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜਵਾਬਦੇਹੀ 'ਤੇ ਸਲਾਹਕਾਰ ਸ਼ਾਹਬਾਦ ਅਕਬਰ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨਾਲ ਹੋਈ ਗੱਲਬਾਤ ਤੋਂ ਬਾਅਦ ਇਸ ਸਹਿਮਤੀ ਪੱਤਰ 'ਤੇ ਦਸਤਖਤ ਕੀਤਾ। ਡਾਰ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਨੇਤਾ ਹਨ। ਉਨ੍ਹਾਂ ਦੇ ਖਿਲਾਫ ਇਕ ਅਦਾਲਤ 'ਚ ਰਿਸ਼ਵਤ ਦੇ ਮਾਮਲੇ 'ਚ ਕਾਰਵਾਹੀ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਪਾਕਿਸਤਾਨ ਛੱਡ ਦਿੱਤਾ ਸੀ। ਪਾਕਿਸਤਾਨ ਸੁਪਰੀਮ ਕੋਰਟ ਨੇ ਪਨਾਮਾ ਪੇਪਰਸ ਮਾਮਲੇ 'ਚ ਜੁਲਾਈ 2017 'ਚ ਫੈਸਲਾ ਸੁਣਾਇਆ ਸੀ, ਇਸ ਤੋਂ ਬਾਅਦ ਇਸੇ ਸਬੰਧ 'ਚ ਡਾਰ ਦੇ ਖਿਲਾਫ ਅਦਾਲਤ 'ਚ ਮਾਮਲੇ ਦੀ ਸ਼ੁਰੂਆਤ ਹੋ ਗਈ। ਡਾਰ ਦੇ ਲੰਡਨ ਪਹੁੰਚਣ ਦੇ ਤੁਰੰਤ ਬਾਅਦ ਹਰਲੇ ਸਟ੍ਰੀਟ ਹਸਪਤਾਲ 'ਚ ਉਨ੍ਹਾਂ ਨੇ ਆਪਣੀ ਦਿਲ ਸਬੰਧੀ ਬੀਮਾਰੀ ਦਾ ਇਲਾਜ ਕਰਾਇਆ ਸੀ।  ਚੈਨਲ ਨੇ ਆਪਣੀਆਂ ਖਬਰਾਂ 'ਚ ਕਿਹਾ ਹੈ ਕਿ ਇਸ ਸਹਿਮਤੀ ਪੱਤਰ ਦੇ ਮੁਤਾਬਕ ਪਾਕਿਸਤਾਨ ਤੇ ਬ੍ਰਿਟੇਨ ਸਰਕਾਰ, ਪਾਕਿਸਤਾਨ ਸਰਕਾਰ ਦੇ ਅਧਿਕਾਰ ਖੇਤਰ 'ਚ ਇਸ਼ਾਕ ਡਾਰ ਦੀ ਹਵਾਲਗੀ ਲਈ ਆਪਸ 'ਚ ਸਹਿਮਤ ਹੋਏ ਹਨ। ਇਸ 'ਤੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਵਲੋਂ ਗ੍ਰੇਮੀ ਬਿਗਰ ਤੇ ਪਾਕਿਸਤਾਨ ਵਲੋਂ ਅਕਬਰ ਨੇ ਦਸਤਖਤ ਕੀਤੇ। ਇਸ 'ਚ ਕਿਹਾ ਗਿਆ ਹੈ ਕਿ ਇਹ ਸਹਿਮਤੀ ਪੱਤਰ ਅਪਰਾਧ ਦੇ ਖਿਲਾਫ ਸੰਘਰਸ਼ 'ਚ ਹੋਰ ਜ਼ਿਆਦਾ ਪ੍ਰਭਾਵੀ ਸਹਿਯੋਗ ਮੁਹੱਈਆ ਕਰਵਾਏਗਾ।

ਚਾਰ ਨੌਜਵਾਨਾਂ ਦੇ ਕਤਲ ਮਗਰੋਂ ਪੰਜਾਬੀ ਭਾਈਚਾਰਾ ਚਿੰਤਤ

ਕੈਲਗਰੀ, ਮਈ 2019,  ਕੈਲਗਰੀ ਵਿੱਚ ਪਿਛਲੇ ਦਿਨਾਂ ਦੌਰਾਨ ਹੋਏ ਚਾਰ ਪੰਜਾਬੀ ਮੁੰਡਿਆਂ ਦੇ ਕਤਲਾਂ ਮਗਰੋਂ ਪੰਜਾਬੀ ਭਾਈਚਾਰਾ ਬੁਰੀ ਤਰ੍ਹਾਂ ਸਹਿਮ ਗਿਆ ਹੈ। ਜਵਾਨੀ ਦੇ ਭਵਿੱਖ ਨੂੰ ਲੈ ਕੇ ਚਿੰਤਤ ਲੋਕਾਂ ਨੇ ਇਨ੍ਹਾਂ ਘਟਨਾਵਾਂ ਦਾ ਹੱਲ ਕੱਢਣ ਲਈ ਮਿਲ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਹੈ। ਕੈਲਗਰੀ ਪੁਲੀਸ ਨੇ ਇਨ੍ਹਾਂ ਕਤਲਾਂ ਦੀ ਪੈੜ ਨੱਪਦਿਆਂ ਘਟਨਾ ਦੇ ਸਰੀ ਨਾਲ ਤਾਰਾਂ ਜੁੜਨ ਦੀ ਜਾਂਚ ਵੀ ਆਰੰਭੀ ਹੈ। ਇਸ ਦੇ ਨਾਲ ਹੀ ਪੁਲੀਸ ਇਨ੍ਹਾਂ ਚਾਰੋਂ ਕਤਲਾਂ ਦੇ ਆਪਸੀ ਸਬੰਧ ਹੋਣ ਬਾਰੇ ਵੀ ਜਾਂਚ ਕਰ ਰਹੀ ਹੈ। ਅਜਿਹੀਆਂ ਘਟਨਾਵਾਂ ਨਾਲ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕੈਲਗਰੀ ਪੁਲੀਸ ਜ਼ਿਆਦਾ ਚਿੰਤਤ ਹੈ।
ਨਾਰਥ ਈਸਟ ਵਿੱਚ 37 ਐਵੇਨਿਊ ਦੇ 2400 ਬਲਾਕ ਵਿੱਚ 3 ਅਪਰੈਲ ਦੀ ਸਵੇਰੇ ਗੋਲੀਬਾਰੀ ਦੀ ਘਟਨਾ ਵਿੱਚ ਦੋ ਘਰਾਂ ਦੇ ਚਿਰਾਗ ਬੁਝ ਗਏ। ਇਸ ਘਟਨਾ ਵਿੱਚ 25 ਸਾਲਾ ਜਸਦੀਪ ਸਿੰਘ ਤੇ 22 ਸਾਲਾ ਜਪਨੀਤ ਮੱਲ੍ਹੀ ਮਾਰੇ ਗਏ ਸਨ। ਭਰ ਜਵਾਨੀ ਤੁਰ ਗਏ ਇਨ੍ਹਾਂ ਗੱਭਰੂਆਂ ਦੇ ਸਿਵੇ ਅਜੇ ਠੰਢੇ ਨਹੀਂ ਸਨ ਹੋਏ ਕਿ ਨਾਰਥ ਵੈਸਟ ਵਿੱਚ ਇੱਕ ਪੰਜਾਬੀ ਗੱਭਰੂ ਬਿਕਰਮਜੀਤ ਢੀਂਡਸਾ ਦੀ ਲਾਸ਼ ਹੈਂਪਸਟਨ ਕਮਿਊਨਿਟੀ ਵਿੱਚੋਂ ਸ਼ੱਕੀ ਹਾਲਤ ਵਿੱਚ ਮਿਲੀ। ਨਗਰ ਕੀਰਤਨ ਮਗਰੋਂ ਮਾਂ ਦਿਵਸ ਦੀਆਂ ਖੁਸ਼ੀਆਂ ਵਿੱਚ ਰੁੱਝੇ ਪੰਜਾਬੀ ਭਾਈਚਾਰੇ ਨੂੰ ਇਸ ਘਟਨਾ ਨੇ ਬੁਰੀ ਤਰ੍ਹਾਂ ਝੰਜੋੜ ਦਿੱਤਾ।
ਚੌਥੀ ਘਟਨਾ ਟੈਰਾਡੇਲ ਵਿੱਚ ਵਾਪਰੀ ਜਿੱਥੇ 23 ਸਾਲਾ ਸੌਰਭ ਸੈਣੀ ਇਸ ਜਹਾਨੋਂ ਕੂਚ ਕਰ ਗਿਆ। ਇਨ੍ਹਾਂ ਕਤਲਾਂ ਦੀ ਚਰਚਾ ਕੈਨੇਡੀਅਨ ਮੀਡੀਆ ਵਿੱਚ ਵੀ ਹੋ ਰਹੀ ਹੈ। ਕੈਲਗਰੀ ਦੇ ਵਾਰਡ ਨੰਬਰ-5 ਤੋਂ ਕੌਂਸਲਰ ਜੌਰਜ ਚਾਹਲ ਨੇ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹਨ ਤੇ ਇਨ੍ਹਾਂ ਨਾਲ ਜਨਤਕ ਥਾਵਾਂ ’ਤੇ ਵਿਚਰ ਰਹੇ ਆਮ ਲੋਕਾਂ ਦੀ ਜਾਨ ਨੂੰ ਵੀ ਖਤਰਾ ਹੈ।

ਭਾਰਤ ਦੀ ਬਣੀ ਆਧੁਨਿਕ ਰੇਲ ਗੱਡੀ ਆਸਟਰੇਲੀਆ ’ਚ ਦੌੜੀ

ਸਿਡਨੀ, ਮਈ 2019   ਭਾਰਤ ਦੀ ਬਣੀ ਆਧੁਨਿਕ ਰੇਲ ਗੱਡੀ ਅੱਜ ਇਥੋਂ ਦੀ ਪਟੜੀ ’ਤੇ ਦੌੜੀ। ਬਿਨਾਂ ਡਰਾਈਵਰ ਤੋਂ ਚੱਲਣ ਵਾਲੀ ਇਸ ਰੇਲ ਗੱਡੀ ਨੇ ਆਸਟਰੇਲਿਆਈ ਲੋਕਾਂ ਦਾ ਮਨ ਮੋਹ ਲਿਆ ਤੇ ਹਜ਼ਾਰਾਂ ਯਾਤਰੀਆਂ ਨੇ ਗੱਡੀ ਵਿਚ ਸਫਰ ਕੀਤਾ। ਟਰਾਂਸਪੋਰਟ ਵਿਭਾਗ ਨੇ ਨਵੀਂ ਰੇਲ ਦੇ ਆਗਮਨ ਦੇ ਪਹਿਲੇ ਦਿਨ ਯਾਤਰੀਆਂ ਨੂੰ ਮੁਫਤ ਸਫਰ ਕਰਨ ਦੀ ਸਹੂਲਤ ਦਿੱਤੀ ਸੀ।
ਆਸਟਰੇਲੀਆ ਦੇ ਪੱਛਮੀ ਸਿਡਨੀ ’ਚ ਭਾਰਤੀ ਹੋਰਨਾਂ ਖੇਤਰਾਂ ਨਾਲੋਂ ਵਧੇਰੇ ਹਨ। ਇਥੇ ਨਵੇਂ ਉਸਰੇ ਅਰਧ ਸ਼ਹਿਰੀ ਖੇਤਰ ਦੇ ਲੋਕ ਜਨਤਕ ਬੱਸ ਸੇਵਾ ’ਤੇ ਹੀ ਨਿਰਭਰ ਹਨ। ਉਨ੍ਹਾਂ ਦੀ ਮੰਗ ਅਤੇ ਸੜਕੀ ਆਵਾਜਾਈ ਦੀ ਭੀੜ ਨੂੰ ਘਟਾਉਣ ਲਈ ਹੀ ਨਵੀਂ ਰੇਲਵੇ ਲਾਈਨ ਵਿਛਾਈ ਗਈ ਹੈ। ਸੂਬਾ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਮ ਤੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਕਰੀਬ 7 ਅਰਬ ਤੋਂ ਵੱਧ ਬਜਟ ਵਾਲਾ ਆਧੁਨਿਕ ਰੇਲ ਪ੍ਰਾਜੈਕਟ ਮੁਕੰਮਲ ਕਰ ਲਿਆ ਗਿਆ ਹੈ। ਸਰਕਾਰ ਨੇ ਤੇਜ਼ ਰਫਤਾਰ, ਸਰੁੱਖਿਅਤ, ਬਿਹਤਰ ਰੇਲ ਸੇਵਾ ਦੇਣ ਦੀ ਵਚਨਬੱਧਤਾ ਪੁਗਾਈ ਹੈ। ਰੇਲਵੇ ਸਟੇਸ਼ਨਾਂ ਨੇੜੇ ਕਰੀਬ 4000 ਕਾਰ ਪਾਰਕਿੰਗ, ਸਾਈਕਲ ਲਈ ਸਟੈਂਡ ਤੇ ਸਥਾਨਕ ਬੱਸ ਸਰਵਿਸ ਨਾਲ ਰੇਲ ਲਿੰਕ ਨੂੰ ਜੋੜਿਆ ਗਿਆ ਹੈ।
ਦੂਜੇ ਪਾਸੇ ਆਸਟਰੇਲੀਆ ਸਰਕਾਰ ਨੇ ਕਿਹਾ ਕਿ ਭਾਰਤ ਨਾਲ ਵਪਾਰਕ ਰਿਸ਼ਤੇ ਹੋਰ ਮਜ਼ਬੂਤ ਕੀਤੇ ਜਾਣਗੇ। ਰੇਲ ਪ੍ਰਾਜੈਕਟ ਤਹਿਤ 22 ਰੇਲ ਗੱਡੀਆਂ ਪ੍ਰਤੀ 6 ਕੋਚ ਦਾ ਨਿਰਮਾਣ ਭਾਰਤ ਤੋਂ ਕਰਵਾਇਆ ਜਾ ਰਿਹਾ ਹੈ। ਜਦੋਂਕਿ ਆਸਟਰੇਲਿਆਈ ਟਰੇਡ ਯੂਨੀਅਨਾਂ ਮੰਗ ਕਰ ਰਹੀਆਂ ਹਨ ਕਿ ਵਿਦੇਸ਼ ਤੋਂ ਸਸਤੇ ਭਾਅ ਰੇਲ ਨਿਰਮਾਣ ਕਰਵਾਏ ਜਾਣ ਨਾਲ ਮੁਲਕ ’ਚ ਬੇਰੁਜ਼ਗਾਰੀ ਵਧ ਰਹੀ ਹੈ।

Pakistan PM calls to congratulate Trust essential, Modi tells Imran

New Delhi/Islamabad, May 2019  In their first telephonic conversation after the Balakot airstrikes, Prime Minister Narendra Modi told his Pakistani counterpart Imran Khan on Sunday that creating trust and an environment free of violence and terrorism was essential for fostering peace and prosperity in the region. The Ministry of External Affairs (MEA) said it was Imran Khan who called up Modi to congratulate him on his re-election. “The Prime Minister thanked the Prime Minister of Pakistan for his telephone call and greetings,” it said. Recalling his initiatives in line with his government’s “neighbourhood first” policy, Modi referred to his earlier suggestion to Khan to fight poverty jointly, the MEA said. mThe telephonic conversation came amid strained bilateral ties for nearly three months following the Pulwama terror attack and India’s subsequent aerial strikes on a terror training camp in Pakistan’s Balakot.

Khan had also congratulated Modi on Twitter last week after the BJP’s massive victory in the Lok Sabha election. Reiterating his vision for peace, progress and prosperity in South Asia, Khan said he looked forward to working with Modi to advance these objectives, Pakistan Foreign Office spokesperson Mohammad Faisal said on Twitter. Modi and Khan are scheduled to meet at the Shanghai Cooperation Organisation (SCO) Summit in Bishkek, Kyrgyzstan next month.  Meanwhile, as the flurry of congratulatory messages from foreign dignitaries subsided, the neighbourhood found salience, with the Maldives media reporting that Male could be Modi’s first overseas visit while Sri Lankan President Maithripala Sirisena has announced he would be present at Modi’s swearing-in.  Till a while back, both Maldives and Lanka were deemed to have slipped into the Chinese zone of influence till elections brought back governments that have stressed the renewal of ties with India. Traditionally, a new Indian PM always selects a neighbouring country as his first overseas destination.

ਇਟਲੀ ਦੀ ਸਿਆਸਤ ਵਿੱਚ ਕਿਸਮਤ ਅਜ਼ਮਾ ਰਹੇ ਨੇ ਪੰਜਾਬੀ

ਰੋਮ, ਮਈ-(ਜਨ ਸ਼ਕਤੀ ਨਿਊਜ਼)- ਪੰਜਾਬੀ ਕਈ ਦੇਸ਼ਾਂ ਦੀ ਸਿਆਸਤ ਵਿੱਚ ਵੱਡਾ ਰੋਲ ਨਿਭਾਅ ਰਹੇ ਹਨ। ਹੁਣ ਇਟਲੀ ਦੀ ਸਿਆਸਤ ਵਿੱਚ ਭਾਰਤ ਦੇ ਪੰਜਾਬੀ ਲੋਕ ਨਵਾਂ ਇਨਕਲਾਬ ਲਿਆਉਣ ਲਈ ਪੱਬਾਂ ਭਾਰ ਹਨ। ਇਟਲੀ ਦੇ ਪੰਜਾਬੀ ਇੱਥੋਂ ਦੀ ਸਿਆਸਤ ਵਿੱਚ ਕੁਝ ਨਵਾਂ ਕਰਨ ਲਈ ਇਸ ਵਾਰ ਇਟਲੀ ਦੀਆਂ ਸਿੰਦਾਕੋ ਭਾਵ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰ ਰਹੇ ਹਨ। ਇਹ ਚੋਣਾਂ ਇਟਲੀ ਦੇ ਕਈ ਇਲਾਕਿਆਂ ਵਿੱਚ 26 ਮਈ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਭਾਗ ਲੈ ਰਹੀ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਲਵਪ੍ਰੀਤ ਕੌਰ ਨੇ ਇਟਲੀ ਦੇ ਜ਼ਿਲ੍ਹਾ ਮਚੇਰਾਤਾ ਅਧੀਨ ਆਉਂਦੇ ਸ਼ਹਿਰ ਸੇਫਰੋ ਤੋਂ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੀ ਹੈ।
 ਪਹਿਲੀ ਵਾਰ ਇਟਲੀ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਗ ਲੈ ਰਹੀ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਸਾਲ 2002 ਦੌਰਾਨ ਇਟਲੀ ਆਈ। ਇਸ ਸਮੇਂ ਉਹ ਕਾਲਜ ਵਿੱਚ ਪੋਲੀਟੀਕਲ ਸਾਇੰਸ ਦੀ ਵਿਦਿਆਰਥਣ ਹੈ। ਇਨ੍ਹਾਂ ਚੋਣਾਂ ਲਈ ਉਨ੍ਹਾਂ ਨੂੰ ਨਗਰ ਕੌਂਸਲ ਆਗੂਆਂ ਵੱਲੋਂ ਹੀ ਉਤਸ਼ਾਹਿਤ ਕੀਤਾ ਗਿਆ ਹੈ ਕਿ ਉਹ ਸ਼ਹਿਰ ਵਿੱਚ ਭਾਰਤੀ ਕਮਿਊਨਿਟੀ ਦੀ ਅਗਵਾਈ ਕਰਨ ਲਈ ਅੱਗੇ ਆਉਣ। ਲਵਪ੍ਰੀਤ ਕੌਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੀ ਬੇਟੀ ਨੂੰ ਚੋਣਾਂ ਵਿੱਚ ਖੜ੍ਹੇ ਕਰਨ ਦਾ ਮਕਸਦ ਸਿਰਫ਼ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਕਿ ਹੋਰ ਭਾਰਤੀ ਵੀ ਇਟਲੀ ਦੇ ਸਿਆਸੀ ਪਿੜ ਵਿੱਚ ਅੱਗੇ ਆ ਕੇ ਭਾਰਤੀ ਭਾਈਚਾਰੇ ਦੇ ਹੱਕਾਂ ਦੀ ਗੱਲ ਕਰ ਸਕਣ। ਇਟਲੀ ਵਿੱਚ ਕਈ ਥਾਈਂ ਵਿਦੇਸ਼ੀਆਂ ਨਾਲ ਨਸਲੀ ਭਿੰਨ-ਭੇਦ ਹੋ ਰਿਹਾ ਹੈ ਅਜਿਹੇ ਵਤੀਰੇ ਨੂੰ ਇਟਲੀ ਦੇ ਸੱਤਾਧਾਰੀ ਬਣ ਕੇ ਵਿਦੇਸ਼ੀ ਰੋਕ ਸਕਦੇ ਹਨ।
ਲਵਪ੍ਰੀਤ ਕੌਰ ਤੋਂ ਇਲਾਵਾ ਪੰਜਾਬੀ ਮੁਟਿਆਰ ਪ੍ਰਨੀਤ ਕੌਰ ਇਟਲੀ ਤੋਂ ਨਗਰ ਕੌਂਸਲ ਦੀਆਂ ਚੋਣਾਂ ਲੜ ਰਹੀ ਹੈ। ਇਨ੍ਹਾਂ ਪੰਜਾਬਣਾਂ ਤੋਂ ਇਲਾਵਾ ਬਲਬੀਰ ਸਿੰਘ ਤੇ ਲਵਜੀਤ ਸਿੰਘ ਨਾਮੀ ਨੌਜਵਾਨ ਵੀ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਤੋਂ ਪਹਿਲਾਂ ਵੀ ਕੁਝ ਭਾਰਤੀ ਇਟਲੀ ਦੀ ਸਿਆਸਤ ਵਿੱਚ ਆਉਣ ਲਈ ਮੈਦਾਨ ਵਿੱਚ ਨਿੱਤਰੇ ਸਨ ਪਰ ਸਫ਼ਲਤਾ ਨਹੀਂ ਸੀ ਮਿਲੀ।

ਕੁਲਵੰਤ ਸਿੰਘ ਧਾਲੀਵਾਲ ਦਾ ਮਹਾਤਮਾ ਗਾਂਧੀ ਲੀਡਰਸਿਪ ਐਵਾਰਡ ਨਾਲ ਸਨਮਾਨ

ਵਿਸ਼ਵ ਭਰ ਵਿੱਚ ਕੈਂਸਰ ਪ੍ਰਤੀ ਸੇਵਾਵਾਂ ਦੇਣ ਵਾਲੇ ਡਾ: ਕੁਲਵੰਤ ਸਿੰਘ ਧਾਲੀਵਾਲ ਨੂੰ ਬਰਤਾਨੀਆਂ ਦੀ ਸੰਸਦ ਵਿੱਚ "ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ" ਪ੍ਰਦਾਨ

ਲੰਡਨ (ਜਨ ਸਕਤੀ ਨਿਉਜ) ਵਿਸ਼ਵ ਭਰ ਵਿੱਚ ਕੈਂਸਰ ਪ੍ਰਤੀ ਸੇਵਾਵਾਂ ਦੇਣ ਵਾਲੇ ਅਤੇ ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਡਾ: ਕੁਲਵੰਤ ਸਿੰਘ ਧਾਲੀਵਾਲ ਨੂੰ ਕੱਲ੍ਹ ਬਰਤਾਨੀਆਂ ਦੀ ਸੰਸਦ ਵਿੱਚ ਮਹਾਤਮਾ ਗਾਂਧੀ ਲੀਡਰਸ਼ਿਪ ਐਵਾਰਡ" ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਬਰਤਾਨੀਆਂ ਦੀ ਸ਼ੈਡੋ ਮੰਤਰੀ ਪ੍ਰੀਤ ਕੌਰ ਗਿੱਲ ਅਤੇ ਲੰਡਨ ਹੋਟਲਜ਼ ਗਰੁੱਪ ਦੇ ਚੇਅਰਮੈਨ ਗੁਹਾਰ ਨਵਾਬ ਵੱਲੋਂ ਭੇਂਟ ਕੀਤਾ ਗਿਆ। ਇਸ ਤੋਂ ਇਲਾਵਾ ਬਰਤਾਨੀਆਂ ਦੇ ਸਟੇਟ ਰੁਜ਼ਗਾਰ ਮੰਤਰੀ ਸ੍ਰੀ ਅਲੋਕ ਸ਼ਰਮਾਂ ਨੇ ਸੰਸਦ ਵਿੱਚ ਵਰਲਡ ਕੈਂਸਰ ਕੇਅਰ ਵੱਲੋਂ ਤਿਆਰ ਕੀਤੇ ਗਏ ਮੈਗਜ਼ੀਨ ਨੂੰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਡਾ: ਕੁਲਵੰਤ ਸਿੰਘ ਧਾਲੀਵਾਲ ਵੱਲੋਂ ਕੈਂਸਰ ਵਿਸ਼ਵ ਭਰ ਵਿੱਚ ਕੈਂਸਰ ਪ੍ਰਤੀ ਮਨੁਖਤਾ ਨੂੰ ਬਚਾਉਣ ਲਈ ਦਿਨ ਰਾਤ ਕੰਮ ਕੀਤਾ ਜਾਂਦਾ ਹੈ। ਉਹ ਰੋਜ਼ਾਨਾ ਕੈਂਸਰ ਪੀੜਤਾਂ ਦੀ ਮਦਦ ਕਰਦੇ ਹਨ ਅਤੇ ਕੈਂਸਰ ਤੋਂ ਬਚਨ ਲਈ ਹੋਕਾ ਦਿੰਦੇ ਹਨ। ਡਾ: ਧਾਲੀਵਾਲ ਦੀਆਂ ਅਣਥੱਕ ਸੇਵਾਵਾਂ ਦੀ ਅੱਜ ਵਿਸ਼ਵ ਭਰ ਵਿੱਚ ਚਰਚਾ ਹੈ, ਜਦ ਕਿ ਸਭ ਤੋਂ ਵੱਧ ਕੈਂਸਰ ਪੀੜਤਾਂ ਨੂੰ ਨਿੱਜੀ ਤੌਰ 'ਤੇ ਮਿਲਣ ਵਾਲੇ ਉਹ ਵਿਸ਼ਵ ਦੇ ਪਹਿਲੇ ਵਿਅਕਤੀ ਹਨ, ਜਿਹਨਾਂ ਦਾ ਨਾਮ ਗਿਨੀਜ਼ ਬੁੱਕ ਆਫ ਰਿਕਾਰਡ ਵਿੱਚ ਦਰਜ਼ ਹੋਣ ਜਾ ਰਿਹਾ ਹੈ। ਇਸ ਮੌਕੇ ਐਮ ਪੀ ਗਿੱਲ ਨੇ ਕਿਹਾ ਕਿ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਬੀੜ ਰਾਉਕੇ ਤੋਂ ਆ ਕੇ ਯੂ ਕੇ ਵੱਸੇ ਅਤੇ ਹੁਣ ਕੈਂਸਰ ਪੀੜਤਾਂ ਦੇ ਦਰਦ ਨੂੰ ਵੰਡਾਉਣ ਲਈ ਡਾ: ਧਾਲੀਵਾਲ ਵਿਸ਼ਵ ਭਰ ਵਿੱਚ ਮਨੁਖਤਾ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਰਸ਼ੀਅਨ ਰਾਜਦੂਤ ਤੋਂ ਇਲਾਵਾ ਯੂ ਕੇ ਦੀਆਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਿਰ ਸਨ।ਜਨ ਸਕਤੀ ਨਿਉਜ ਪੰਜਾਬ ਵਲੋਂ ਸ ਕੁਲਵੰਤ ਸਿੰਘ ਧਾਲੀਵਾਲ ਨੂੰ ਇਸ ਸੁਬ ਮੌਕੇ ਦੀਆ ਬਹੁਤ ਬਹੁਤ ਵਧਾਇਆ।ਅਸੀਂ ਆਸ ਕਰਦੇ ਹਾਂ ਕਿ ਧਾਲੀਵਾਲ ਹੋਰ ਵੀ ਤਕੜੇ ਹੋਕੇ ਮਨੁੱਖਤਾ ਦੀ ਸੇਵਾ ਦਾ ਢੰਡੋਰਾ ਫੇਰਨ ਗੇ।