ਬਰੈਂਪਟਨ,ਅਕਤੂਬਰ 2019-
ਕੈਨੇਡਾ ਦੀਆਂ ਆਮ ਚੋਣਾਂ ਵਿੱਚ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਨਲਾਈਨ ਅਤੇ ਆਹਮੋ-ਸਾਹਮਣੇ ਨਫ਼ਰਤੀ ਤੇ ਨਸਲੀ ਟਿੱਪਣੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਸੋਸ਼ਲ ਮੀਡੀਆ ਰਾਹੀਂ ਉਮੀਦਵਾਰਾਂ ਦੇ ਬੋਰਡਾਂ ’ਤੇ ਲਿਖਤੀ ਹੋ ਰਹੀਆਂ ਨਸਲੀ ਟਿੱਪਣੀਆਂ ਨੂੰ ਲੈ ਕੇ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਚਿੰਤਤ ਹਨ ਤੇ ਉਹ ਪੂਰੀ ਤਰ੍ਹਾਂ ਚੌਕਸ ਵੀ ਹੋ ਗਈਆਂ ਹਨ।
ਸੋਸ਼ਲ ਮੀਡੀਆ ਰਾਹੀਂ ਉਮੀਦਵਾਰਾਂ ਦੇ ਬੋਰਡਾਂ ਉਪਰ ਨਫ਼ਰਤੀ ਵਿਅੰਗ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਸਿੱਖ ਅਤੇ ਮੁਸਲਮਾਨ ਉਮੀਦਵਾਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਰਕੇ ਆਰ.ਸੀ. ਸੁਰੱਖਿਆ ਛੱਤਰੀ ਐੱਮਪੀ ਉਮੀਦਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ ਅਤੇ ਏਜੰਸੀਆਂ ਵੱਲੋਂ ਇਸ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਇਹ ਨਸਲੀ ਟਿੱਪਣੀਆਂ ਹਿੰਸਾ ਵੱਲ ਤਾਂ ਨਹੀਂ ਵਧ ਰਹੀਆਂ? ਪ੍ਰੀਵੀ ਕੌਂਸਲ ਦੇ ਕਲਰਕ ਮਾਈਕਲ ਵਰਨਿਕ ਨੇ ਜਸਟਿਸ ਕਮੇਟੀ ਅੱਗੇ ਪ੍ਰਗਟਾਵਾ ਕੀਤਾ, ‘‘ਟਿੱਪਣੀਕਾਰ ਲੋਕ ਖੁੱਲ੍ਹੇ ਤੌਰ ’ਤੇ ਦੇਸ਼ ਧ੍ਰੋਹੀ ਅਤੇ ਗੱਦਾਰ ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਹ ਉਹ ਸ਼ਬਦ ਹਨ ਜੋ ਹਿੰਸਾ ਨੂੰ ਉਕਸਾਉਂਦੇ ਹਨ, ਇਹ ਚਿੰਤਾ ਦਾ ਵਿਸ਼ਾ ਹੈ।’’ ਸਰਕਾਰ ਵੱਲੋਂ ਇਮੀਗ੍ਰੇਸ਼ਨ ਵਿਰੋਧੀ ਭਾਵਨਾ ਰੱਖਣ ਵਾਲਿਆਂ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਕੈਨੇਡਾ ਦੇ ਗੋਰੇ ਨਿਵਾਸੀਆਂ ਦਾ ਇੱਕ ਹਿੱਸਾ ਪਰਵਾਸ ਦੀ ਆਮਦ ਦੇ ਖ਼ਿਲਾਫ਼ ਹੈ। ਐੱਨਡੀਪੀ ਦੇ ਆਗੂ ਜਗਮੀਤ ਸਿੰਘ, ਉਨ੍ਹਾਂ ਦੇ ਭਰਾ ਗੁਰਤਰਨ ਸਿੰਘ, ਕੰਜ਼ਰਵੇਟਿਵ ਦੇ ਉਮੀਦਵਾਰ ਮਰੀਅਮ ਈਸ਼ਾਕ, ਐੱਨਡੀਪੀ ਦੇ ਉਮੀਦਵਾਰ ਗੁਰਿੰਦਰ ਸਿੰਘ, ਐਡਮਿੰਟਨ ਤੇ ਐੱਨਡੀਪੀ ਦੇ ਉਮੀਦਵਾਰ ਦੇ ਸਾਬਕਾ ਮੰਤਰੀ ਅਮਰਜੀਤ ਸਿੰਘ ਸੋਹੀ, ਆਦਿ ਤੋਂ ਇਲਾਵਾ ਇਮੀਗ੍ਰੇਸ਼ਨ ਪਾਲਿਸੀ ਵਿੱਚ ਢਿੱਲ ਦੇਣ ਕਰਕੇ ਜਸਟਿਨ ਟਰੂਡੋ ਨੂੰ ਵੀ ਇਨ੍ਹਾਂ ਟਿੱਪਣੀਆਂ ਦਾ ਸ਼ਿਕਾਰ ਬਣਾਇਆ ਗਿਆ ਹੈ।