ਤਿੰਨ ਦਿਨ ਚੱਲੇ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਨੂੰ ਦੇਖਣ ਲਈ 20 ਹਜ਼ਾਰ ਤੋਂ ਵਧੇਰੇ ਦਰਸ਼ਕਾਂ ਨੇ ਕੀਤੀ ਸ਼ਮੂਲੀਅਤ
ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਂਊਂਡ ਵਿੱਚ ਆਯੋਜਿਤ ਕੀਤੇ ਗਏ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦੀ ਅੱਜ ਸਮਾਪਤੀ ਹੋ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨਾਂ ਦੀਆਂ ਸਿੱਖਿਆਵਾਂ ਬਾਰੇ ਜਾਣੂ ਕਰਾਉਣ ਲਈ ਤਿੰਨ ਦਿਨ ਤੱਕ ਆਯੋਜਿਤ ਕੀਤੇ ਗਏ ਇਸ ਸਮਾਗਮ ਨੂੰ 20 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਦੇਖਿਆ। ਮਿਊਜ਼ੀਅਮ ਅਤੇ ਸ਼ੋਅਜ਼ ਦੇ ਸਫ਼ਲ ਆਯੋਜਨ ਨਾਲ ਲੁਧਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਦੀ ਸੰਗਤ ਪੂਰੀ ਤਰਾਂ ਰੂਹਾਨੀਅਤ ਦੇ ਰੰਗ ਵਿੱਚ ਰੰਗੀ ਗਈ ਅਤੇ ਇਹ ਸਮਾਗਮ ਸੰਗਤ ਨੂੰ ਰੂਹਾਨੀਅਤ ਨਾਲ ਜੋੜਨ ਦਾ ਸਿਖ਼ਰ ਹੋ ਨਿਬੜਿਆ। ਅੱਜ ਦੇ ਆਯੋਜਨਾਂ ਦੌਰਾਨ ਸਵੇਰੇ 6.30 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ 2600 ਤੋਂ ਵਧੇਰੇ ਲੋਕਾਂ ਨੇ ਦੇਖਿਆ। ਜਦਕਿ ਸ਼ਾਮ ਨੂੰ ਦਿਖਾਏ ਗਏ ਦੋ ਲਾਈਟ ਐਂਡ ਸਾਊਂਡ ਸ਼ੋਅਜ਼ ਵਿੱਚ 5600 ਤੋਂ ਵਧੇਰੇ ਸੰਗਤ ਨੇ ਸ਼ਿਰਕਤ ਕੀਤੀ। ਦੱਸਣਯੋਗ ਹੈ ਕਿ ਪਹਿਲੇ ਦਿਨ ਅਤੇ ਦੂਜੇ ਦਿਨ ਵੀ 12 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਡਿਜੀਟਲ ਮਿਊਜ਼ੀਅਮ ਅਤੇ ਇਨਾਂ ਸ਼ੋਅਜ਼ ਨੂੰ ਦੇਖਿਆ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਜੀਵਨ ਬ੍ਰਿਤਾਂਤ ਅਤੇ ਉਨਾਂ ਦੀਆਂ ਸਿੱਖਿਆਵਾਂ ਨੂੰ ਜਾਣਿਆ ਸੀ। ਅੱਜ ਦਿਖਾਏ ਗਏ ਪਹਿਲੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜ਼ਿਲਾ ਅਤੇ ਸੈਸ਼ਨ ਜੱਜ ਕਰਮਜੀਤ ਸਿੰਘ ਕੰਗ, ਜ਼ਿਲਾ ਅਤੇ ਸੈਸ਼ਨ ਜੱਜ ਗੁਰਬੀਰ ਸਿੰਘ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਦਾਖਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਖਰਚਾ ਨਿਗਰਾਨ ਅਰੂਲਾਨੰਦਨ ਸਮੇਤ ਕਈ ਸਿਵਲ, ਪੁਲਿਸ ਅਤੇ ਨਿਆਂਇਕ ਅਧਿਕਾਰੀ ਆਪਣੇ ਪਰਿਵਾਰਾਂ ਸਮੇਤ ਪੁੱਜੇ ਹੋਏ ਹਨ। ਇਸ ਤਿਨ ਦਿਨ ਚੱਲੇ ਸਮਾਗਮ ਨੂੰ ਸਫ਼ਲ ਕਰਨ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸੰਗਤ, ਅਧਿਕਾਰੀਆਂ ਅਤੇ ਵੱਖ-ਵੱਖ ਧਿਰਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸਾਡੇ ਜੀਵਨ ਨੂੰ ਅਧਿਆਤਮਕਤਾ ਨਾਲ ਜੋੜਨ ਵਾਲਾ ਇਹ ਪ੍ਰਵਾਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫਰਵਰੀ 2020 ਤੱਕ ਇਸੇ ਤਰ•ਾਂ ਚੱਲਦਾ ਰਹੇਗਾ। ਉਨਾਂ ਇਸ ਆਯੋਜਨ ਲਈ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ। ਅਗਰਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਮਿਤੀ 23 ਅਤੇ 24 ਅਕਤੂਬਰ ਨੂੰ ਸਥਾਨਕ ਲਾਡੋਵਾਲ ਸਥਿਤ ਸਤਲੁੱਜ ਦਰਿਆ ਵਿੱਚ ਵੀ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ। ਇਸ ਪ੍ਰਤੀ ਵੀ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਆਯੋਜਨ ਦਾ ਵੀ ਵੱਧ ਤੋਂ ਵੱਧ ਲਾਭ ਲੈਣ।