ਪੰਜਾਬ

ਪੰਜਾਬ ਪ੍ਰੈੱਸ ਕਲੱਬ ਵਲੋਂ ਪ੍ਰੈੱਸ ਦੀ ਆਜ਼ਾਦੀ 'ਤੇ ਹੋ ਰਹੇ ਹਮਲਿਆਂ ਦੀ ਨਿੰਦਾ

ਜਲੰਧਰ, 4 ਅਕਤੂਬਰ( ਅਵਤਾਰ ਸਿੰਘ ਰਾਏਸਰ  ) 4 ਅਕਤੂਬਰ - ਇਹ ਬੇਹੱਦ ਚਿੰਤਾ ਤੇ ਫ਼ਿਕਰ ਵਾਲੀ ਗੱਲ ਹੈ ਕਿ ਦੇਸ਼ ਵਿਚ ਪ੍ਰੈੱਸ ਦੀ ਆਜ਼ਾਦੀ ਲਈ ਗੰਭੀਰ ਖ਼ਤਰੇ ਉੱਭਰ ਰਹੇ ਹਨ। ਬੀਤੇ ਦਿਨ ਨਵੀਂ ਦਿੱਲੀ ਵਿਚ 'ਨਿਊਜ਼ ਕਲਿੱਕ' ਨਿਊਜ਼ ਪੋਰਟਲ ਨਾਲ ਸੰਬੰਧਿਤ ਪੱਤਰਕਾਰਾਂ ਦੇ ਖਿਲਾਫ਼ ਦਿੱਲੀ ਪੁਲਿਸ ਵਲੋਂ ਯੂ.ਏ.ਪੀ.ਏ. ਅਤੇ ਹੋਰ ਸੰਗੀਨ ਕਾਨੂੰਨਾਂ ਅਧੀਨ ਕੀਤੀ ਗਈ ਕਾਰਵਾਈ ਨੂੰ ਇਸੇ ਸੰਦਰਭ ਵਿਚ ਦੇਖਿਆ ਜਾ ਸਕਦਾ ਹੈ। ਦਿੱਲੀ ਪੁਲਿਸ 'ਨਿਊਜ਼ ਕਲਿੱਕ' ਦੇ ਬਾਨੀ ਪ੍ਰਬੀਰ ਪਰਕਾਇਸਥ ਅਤੇ ਕੁਝ ਹੋਰ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿੱਧੇ-ਅਸਿੱਧੇ ਢੰਗ ਨਾਲ 'ਨਿਊਜ਼ ਕਲਿੱਕ' ਨਾਲ ਸੰਬੰਧਿਤ ਸੀਨੀਅਰ ਪੱਤਰਕਾਰਾਂ ਨੂੰ ਦਿੱਲੀ ਦੇ ਸਪੈਸ਼ਲ ਸੈੱਲ ਵਿਚ ਲਿਜਾ ਕੇ ਸਖ਼ਤ ਪੁੱਛਗਿੱਛ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਲੈਪਟੋਪ ਅਤੇ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਹਨ। ਜਿਨ੍ਹਾਂ ਸੀਨੀਅਰ ਪੱਤਰਕਾਰਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਗਈ ਹੈ, ਉਨ੍ਹਾਂ ਵਿਚ ਭਾਸ਼ਾ ਸਿੰਘ, ਉਰਮਲੇਸ਼, ਪ੍ਰੋਜਯ ਠਾਕੁਰਤਾ, ਅਭੀਸਾਰ ਸ਼ਰਮਾ, ਔਨੰਨਿਦਿਓ ਚੱਕਰਵਰਤੀ ਅਤੇ ਇਤਿਹਾਸਕਾਰ ਸੁਹੇਲ ਹਾਸ਼ਮੀ ਆਦਿ ਸ਼ਾਮਿਲ ਹਨ। 
ਮੀਡੀਆ ਕਰਮੀਆਂ 'ਤੇ ਦਿੱਲੀ ਪੁਲਿਸ ਵਲੋਂ ਕੀਤੀ ਗਈ ਇਸ ਕਾਰਵਾਈ ਦੀ ਅਸੀਂ ਸਖ਼ਤ ਆਲੋਚਨਾ ਕਰਦੇ ਹਾਂ ਅਤੇ ਕੇਂਦਰ ਸਰਕਾਰ ਨੂੰ ਪ੍ਰੈੱਸ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਪੰਜਾਬ ਪ੍ਰੈੱਸ ਕਲੱਬ ਵਿਖੇ ਜਲੰਧਰ ਦੇ ਪੱਤਰਕਾਰਾਂ  ਦੀ ਹੋਈ ਹੰਗਾਮੀ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਵਿਚ ਸ਼ਾਮਿਲ ਹੋਏ ਪੱਤਰਕਾਰਾਂ ਨੇ ਕਿਹਾ ਕਿ ਦੇਸ਼ ਵਿਚ ਪ੍ਰੈੱਸ ਦੀ ਆਜ਼ਾਦੀ ਲਗਾਤਾਰ ਸੁੰਘੜਦੀ ਜਾ ਰਹੀ ਹੈ। ਆਜ਼ਾਦ ਅਤੇ ਨਿਰਪੱਖ ਢੰਗ ਨਾਲ ਕੰਮ ਕਰਨ ਵਾਲੇ ਮੀਡੀਆ ਅਦਾਰਿਆਂ ਅਤੇ ਮੀਡੀਆ ਕਰਮੀਆਂ ਨੂੰ ਸਰਕਾਰੀ ਅਤੇ ਗ਼ੈਰ ਸਰਕਾਰੀ ਧਿਰਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਵੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ ਦੇ ਇਸ਼ਤਿਹਾਰ ਬੰਦ ਕਰਕੇ ਉਨ੍ਹਾਂ ਨੂੰ ਆਰਥਿਕ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਨੇਕਾਂ ਵੈੱਬ ਚੈਨਲਾਂ ਨੂੰ ਆਫ਼ਲਾਈਨ ਵੀ ਕੀਤਾ ਗਿਆ ਹੈ। ਆਰ. ਟੀ. ਆਈ. ਕਾਰਕੁੰਨਾਂ ਨੂੰ ਵੀ ਧਮਕਾਇਆ ਜਾ ਰਿਹਾ ਹੈ। ਇਸੇ ਕਾਰਨ 2023 ਵਿਚ 'ਰਿਪੋਰਟਰਜ਼ ਵਿਦਾਊਟ ਬੋਰਡਰਜ਼' ਨਾਂਅ ਦੀ ਕੌਮਾਂਤਰੀ ਸੰਸਥਾ ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਿਕ 180 ਦੇਸ਼ਾਂ ਵਿਚੋਂ ਭਾਰਤ ਦਾ ਪ੍ਰੈੱਸ ਦੀ ਅਜ਼ਾਦੀ ਦਾ ਇੰਡੈਕਸ ਡਿੱਗ ਕੇ 161 ਹੋ ਗਿਆ ਹੈ। ਜਦੋਂ ਕਿ 2022 ਵਿਚ ਭਾਰਤ 150ਵੇਂ ਨੰਬਰ 'ਤੇ ਸੀ। 
ਉਕਤ ਮੀਟਿੰਗ ਵਿਚ ਸ਼ਾਮਿਲ ਪੱਤਰਕਾਰਾਂ ਨੇ ਕਿਹਾ ਕਿ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ 'ਨਿਊਜ਼ ਕਲਿੱਕ' ਨਿਊਜ਼ ਪੋਰਟਲ ਵਿਰੁੱਧ ਦਿੱਲੀ ਪੁਲਿਸ ਦੀ ਕਾਰਵਾਈ ਦਾ ਐਡੀਟਰਜ਼ ਗਿਲਡ ਤੇ ਪ੍ਰੈੱਸ ਕਲੱਬ ਆਫ ਇੰਡੀਆ ਨੇ ਗੰਭੀਰ ਨੋਟਿਸ ਲਿਆ ਹੈ। ਵਿਰੋਧੀ ਪਾਰਟੀਆਂ ਵਲੋਂ ਵੀ ਆਲੋਚਨਾ ਕੀਤੀ ਗਈ ਹੈ। ਪੰਜਾਬ ਦੇ ਸਮੂਹ ਮੀਡੀਆ ਕਰਮੀਆਂ, ਅਦਾਰਿਆਂ ਤੇ ਜਾਗਰੂਕ ਨਾਗਰਿਕਾਂ ਨੂੰ ਵੀ ਪ੍ਰੈੱਸ ਦੀ ਆਜ਼ਾਦੀ ਲਈ ਅੱਗੇ ਆਉਣਾ ਚਾਹੀਦਾ ਹੈ। 
ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਤੋਂ ਇਲਾਵਾ ਪੱਤਰਕਾਰ ਰਾਜੇਸ਼ ਥਾਪਾ, ਮੇਹਰ ਮਲਿਕ, ਰਾਕੇਸ਼ ਸੂਰੀ, ਸੁਕਰਾਂਤ ਸਫ਼ਰੀ, ਪ੍ਰਦੀਪ ਵਰਮਾ, ਮਜ਼ਹਰ ਆਲਮ ਆਦਿ ਵਲੋਂ ਵੀ ਅਪਣੇ ਵਿਚਾਰ ਪ੍ਰਗਟ ਕੀਤੇ ਗਏ। ਉਕਤ ਮੀਟਿੰਗ ਵਿਚ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ, ਧਰਮਿੰਦਰ ਸੋਂਧੀ, ਰਾਜੂ ਗੁਪਤਾ, ਰਮੇਸ਼ ਗਾਬਾ, ਹਰਵਿੰਦਰ ਸਿੰਘ ਫੁੱਲ, ਨਿਸ਼ਾ ਸ਼ਰਮਾ, ਮਨਜੀਤ ਸ਼ਿਮਾਰੂ, ਕਰਨ ਲੂਥਰਾ, ਜਤਿੰਦਰ ਸ਼ਰਮਾ, ਜਸਬੀਰ ਸਿੰਘ ਸੋਢੀ, ਪਵਨ, ਰਾਕੇਸ਼ ਬੋਬੀ, ਵਿਕਰਮ ਵਿੱਕੀ, ਡੇਵਿਡ, ਰਾਜੇਸ਼ ਸ਼ਰਮਾ ਟਿੰਕੂ, ਸੰਨੀ ਭਗਤ, ਮਹਿੰਦਰ ਰਾਮ ਫੁਗਲਾਣਾ, ਵਿਜੇ ਅਟਵਾਲ, ਦਵਿੰਦਰ ਕੁਮਾਰ, ਅਮਰਜੀਤ ਲਵਲਾ, ਅਮਨ ਅਤੇ ਹੋਰ ਵੀ ਕਈ ਮੀਡੀਆ ਕਰਮੀ ਆਦਿ  ਹਾਜ਼ਰ ਸਨ।

ਬਾਰ ਐਸੋਸੀਏਸ਼ਨ ਵੱਲੋਂ ਮੰਗ ਪੱਤਰ ਸੌਂਪਿਆ ਗਿਆ

ਜਗਰਾਉਂ , 04 ਅਕਤੂਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਬਾਰ ਐਸੋਸੀਏਸ਼ਨ ਵੱਲੋਂ ਰੋਸ ਮਾਰਚ ਕੱਢਿਆ ਗਿਆ, ਅਤੇ ਏ ਡੀ ਸੀ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਵਿਚ ਰਾਏਕੋਟ ਨੂੰ ਜ਼ਿਲਾ ਲੁਧਿਆਣਾ ਨਾਲ ਤੋੜ ਕੇ ਮਲੇਰਕੋਟਲਾ ਦੇ ਨਾਲ ਜੋੜਿਆ ਜਾ ਰਿਹਾ ਹੈ ਇਸ ਦੇ ਵਿਰੁੱਧ ਅੱਜ਼ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਦੌਰਾਨ ਲਿਆ ਗਿਆ, ਉਨ੍ਹਾਂ ਪੰਜਾਬ ਸਰਕਾਰ ਅੱਗੇ ਮੰਗ ਪੱਤਰ ਰੱਖ ਕੇ  ਸਬ ਡਵੀਜ਼ਨ ਰਾਏਕੋਟ ਨੂੰ ਜ਼ਿਲ੍ਹਾ ਲੁਧਿਆਣਾ ਨਾਲੋਂ ਵੱਖ ਕਰ ਕੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਪੁਰਜੋਰ ਵਿਰੋਧ ਕੀਤਾ ਅਤੇ ਕਿਹਾ ਕਿ ਜਗਰਾਉਂ ਜੋ ਕਿ ਪਹਿਲਾਂ ਹੀ ਪੁਲਿਸ ਜ਼ਿਲ੍ਹਾ ਹੈ ਅਤੇ ਜਗਰਾਉਂ ਇਕ ਇਤਿਹਾਸਕ ਸ਼ਹਿਰ ਹੋਣ ਕਰਕੇ ਇਸ ਨੂੰ ਜ਼ਿਲ੍ਹਾ ਐਲਾਨਿਆ ਜਾਵੇ।ਇਸ ਮੌਕੇ ਤੇ ਬਾਰ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਗੁਰਵਿੰਦਰ ਸਿੰਘ ਸਿੱਧੂ,ਮੀਤ ਪ੍ਰਧਾਨ ਸ੍ਰੀ ਅਭਿਸ਼ੇਕ ਗਰਗ ਅਤੇ ਸਕੱਤਰ ਸ ਜਗਦੇਵ ਸਿੰਘ, ਦੀ ਅਗਵਾਈ ਹੇਠ ਦਰੀਪਨ ਸਾਹਣੀ, ਗੁਰਪ੍ਰੀਤ ਸਿੰਘ, ਅਤੇ ਸਮੂਹ ਬਾਰ ਮੈਂਬਰਾਂ ਵੱਲੋਂ ਪਹਿਲਾਂ ਰੋਸ ਮਾਰਚ ਕੱਢਿਆ ਗਿਆ ਅਤੇ ਬਾਅਦ ਵਿੱਚ ਮਾਨਯੋਗ ਏ ਡੀ ਸੀ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਗਿਆ। ਜਿਸ ਉਪਰੰਤ ਏ ਡੀ ਸੀ ਸਾਹਿਬ ਵਲੋਂ ਭਰੋਸਾ ਦਿਵਾਇਆ ਗਿਆ ਕਿ ਬਾਰ ਐਸੋਸੀਏਸ਼ਨ ਜਗਰਾਉਂ ਦੀਆਂ ਸਭ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਦਾ ਕੀਤਾ ਜਾਵੇਗਾ।

ਦੀ ਪੰਜਾਬ ਸਟੇਟ ਐਗਰੀਕਲਚਰ  ਇੰਮਪਲੀਮੈੰਟਸ ਮੈਨੁਫੈਕਚੁਰਰ ਐਸੋਸੀਏਸ਼ਨ ਦੀ ਮਹੀਨੇਵਾਰ ਮੀਟਿੰਗ MSME ਡਿਪਾਰਟਮੈਂਟ ਦੇ ਸਹਿਯੋਗ ਨਾਲ ਲੁਧਿਆਣਾ ਵਿਖੇ 30 ਸਿਤੰਬਰ 2023 ਨੂੰ ਹੋਈ

ਲੁਧਿਆਣਾ (ਕਰਨੈਲ ਸਿੰਘ ਐੱਮ ਏ) ਅੱਜ "ਪਸਾਇਮਾ" - ਪੰਜਾਬ ਸਟੇਟ ਐਗਰੀਕਲਚਰ  ਇੰਮਪਲੀਮੈੰਟਸ ਮੈਨੁਫੈਕਚੁਰਰ ਐਸੋਸੀਏਸ਼ਨ ਦੀ ਮੀਟਿੰਗ ਲੁਧਿਆਣਾ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਪ੍ਰਧਾਨ ਸੰਤੋਖ ਸਿੰਘ ਘੜਿਆਲ ਜੀ ਦੀ ਅਗਵਾਈ ਹੇਠ ਹੋਈ.

ਐਸੋਸੀਏਸ਼ਨ ਚੇਅਰਮੈਨ ਸੰਸਥਾਗਤ ਬਲਦੇਵ ਸਿੰਘ ਹੂੰਝਣ  ਨੇ ਸਮੂਹ ਮਹਿਮਾਨਾਂ ਅਤੇ ਆਏ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਜਨਰਲ ਮੀਟਿੰਗ ਦੀ ਸ਼ੁਰੂਆਤ ਕੀਤੀ । 

ਇਸ ਮੀਟਿੰਗ ਵਿਚ ਐਮ.ਐਸ.ਐਮ.ਈ ਲੁਧਿਆਣਾ ਦੇ ਡਾਇਰੈਕਟਰ ਸ਼੍ਰੀ ਵੀਰਿੰਦਰ ਸ਼ਰਮਾ ਜੀ , ਐਡੀਸ਼ਨਲ ਡਾਇਰੈਕਟਰ ਕੁੰਦਨ ਲਾਲ ਜੀ , ਐਡੀਸ਼ਨਲ ਡਾਇਰੈਕਟਰ ਸ਼੍ਰੀ ਦੀਪਕ ਚੇਚੀ ਜੀ ਮੁੱਖ ਮਹਿਮਾਨ ਵਜੋਂ ਆਏ ਸਨ I 

ਡਾਇਰੈਕਟਰ, ਸ਼੍ਰੀ ਵਰਿੰਦਰ ਸ਼ਰਮਾ ਜੀ ਨੇ MSME ਸਮਾਧਾਨ ਸਕੀਮ, MSME ਕਲੱਸਟਰ ਜਿਵੇਂ ਕਿ ਲੀਨ ਮੈਨੂਫੈਕਚਰਿੰਗ ਕਲੱਸਟਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਉਪਰੰਤ ਸ਼੍ਰੀ ਕੁੰਦਨ ਲਾਲ ਜੀ ਵੱਲੋਂ MSME ਵਿੱਚ ਕਾਰੋਬਾਰ ਦੇ ਵਾਧੇ ਵਾਸਤੇ MSME ਵਿਭਾਗ ਵੱਲੋਂ ਈਨੋਵੇਸ਼ਨ ਸਕੀਮ, ਡਿਜ਼ਾਈਨ ਸਕੀਮ, ਟ੍ਰੇਡ ਮਾਰਕ ਸਰਟੀਫਿਕੇਸ਼ਨ ਸਕੀਮਾਂ ਬਾਰੇ ਜਾਣਕਾਰੀ ਦਿਤੀ ਉਪਰੰਤ ਐਡੀਸ਼ਨਲ ਡਾਇਰੈਕਟਰ ਦੀਪਕ ਜੀ ਵੱਲੋਂ ਪ੍ਰਦਰਸ਼ਨੀ ਅਤੇ ਸਬਸਿਡੀ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ ਤੇ ਓਹਨਾ ਦੀ ਪ੍ਰਕਿਰਿਆ ਨੂੰ ਵੀ ਸੰਬੋਧਨ ਕੀਤਾ। 

ZED ਜੋ ਕਿ ਮਨੀਸਟਰੀ ਦੀ ਨਵੀ ਸਰਟੀਫਿਕੇਸ਼ਨ ਬਾਰੇ ਸਿਟੀ ਨੀਡਸ ਤੋਂ ਸ਼੍ਰੀ ਪਰਮਜੀਤ ਸਿੰਘ , ਸੀ.ਈ.ਓ ਨੇ ਜੇਡ (ZED) ਸਰਟੀਫਕੈਸ਼ਨ ਬਾਰੇ ਪੂਰਨ ਵਿਸਥਾਰ ਨਾਲ ਸਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਇੱਕ ਲਾਜ਼ਮੀ ਬਣਾਏ ਜਾਣ ਵਾਲਾ ਸਰਟੀਫਿਕੇਸ਼ਨ ਹੈ ਜੋ ਹਰ ਕਿਸੇ ਨੂੰ ਬਣਵਾਉਣਾ ਪਏਗਾ I 

CRM ਸਕੀਮ ਤੇ ਸਰਫੇਸ ਸੀਡਰ ਬਾਰੇ ਪਸਾਇਮਾ (PSAIMA) ਦੀ CRM ਵਿੰਗ ਜਿਸ ਵਿੱਚ ਇੰਦਰਜੀਤ ਸਿੰਘ ਧੰਜਲ , ਮਨਪ੍ਰੀਤ ਸਿੰਘ ਕੰਬੋਜ਼ ਤੇ ਮਨਦੀਪ ਸਿੰਘ ਨੇ ਸਾਰੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਸਰਫੇਸ  ਸੀਡਰ ਦੇ ਰੇਟਾਂ ਬਾਰੇ ਅਤੇ ਤਕਨੀਕ ਗੱਲਾਂ ਬਾਰੇ ਭਾਰਤੀ ਚੋਟੀ ਦੇ ਖੇਤੀਬਾੜੀ ਇੰਜੀਨੀਅਰਾਂ ਨਾਲ ਗੱਲਬਾਤ ਕੀਤੀ ਅਤੇ ਮੀਟਿੰਗ ਵਿੱਚ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੇ ਉਹਨਾਂ ਦੇ ਇਸ ਤਕਨੀਕ ਨੂੰ ਲੈ ਵਿਚਾਰ ਸੁਣੇ ਗਏ I  ਇਸ ਵਿੱਚ ਵਾਸਟ ਲਿੰਕਰਸ ਸ਼੍ਰੀ ਅਮਿਤ ਜੀ ਤੇ ਸੁਮੀਤ ਜੀ ਵੱਲੋਂ CRM ਦੀਆ ਚੱਲ ਰਹੀਆਂ ਸਕੀਮਾਂ ਬਾਰੇ ਦਿੱਕਤਾਂ ਮੈਂਬਰਾਂ ਨਾਲ ਸਾਂਝਾ ਕੀਤੀਆਂ ਜਿਸ ਵਿੱਚ ਪੰਜਾਬ , ਹਰਿਆਣਾ , ਉੱਤਰ ਪ੍ਰਦੇਸ਼ ਤੇ ਬਿਹਾਰ ਬਾਰੇ ਚਰਚਾ ਕੀਤੀ ਤੇ ਆ ਰਹੀਆਂ ਮੁਸ਼ਕਲ ਦਾ ਵੀ ਹੱਲ ਕੀਤਾ ।

ਸਮਾਪਤੀ ਸਮਾਰੋਹ ਐਸੋਸੀਏਸ਼ਨ ਦੇ ਚੇਅਰਮੈਨ ਇੰਟਰਨੈਸ਼ਨਲ ਐਕਟੀਵਿਟਸ - ਸ੍ਰ. ਬਲਦੇਵ ਸਿੰਘ ਅਮਰ ਦੁਆਰਾ ਕੀਤਾ ਗਿਆ, ਜਿਨ੍ਹਾਂ ਨੇ ਐਸੋਸੀਏਸ਼ਨ ਵੱਲੋਂ MSME ਉਦਯੋਗ ਨੂੰ ਉੱਚਾ ਚੁੱਕਣ ਲਈ MSME ਡਾਇਰੈਕਟਰ ਨੂੰ ਇੱਕ ਐਸੋਸੀਏਸ਼ਨ ਦੀ ਪ੍ਰਤੀਨਿਧਤਾ ਵੀ ਪੇਸ਼ ਕੀਤੀ ਤੇ ਮੁੱਖ ਮਹਿਮਾਨ ਸ਼੍ਰੀ ਵੀਰਿੰਦਰ ਸ਼ਰਮਾ ਜੀ , ਮਹਿਮਾਨ ਕੁੰਦਨ ਲਾਲ ਜੀ ਤੇ ਦੀਪਕ ਚੇਚੀ ਜੀ ਦਾ ਸਨਮਾਨ ਕੀਤਾ I 

ਇਸ ਮੀਟਿੰਗ ਵਿਚ ਸੰਤੋਖ ਸਿੰਘ ਘੜਿਆਲ (ਪ੍ਰਧਾਨ), ਬਲਦੇਵ ਸਿੰਘ ਹੂੰਜਣ (ਚੇਅਰਮੈਨ - ਸੰਸਥਾਗਤ) ਬਲਦੇਵ ਸਿੰਘ ਅਮਰ (ਚੇਅਰਮੈਨ), ਬਲਬੀਰ ਸਿੰਘ ਰਾਜਾ ( ਕੈਸ਼ੀਅਰ ) ,ਸੁਖਤੇਜ ਸਿੰਘ ਝੰਡੇਆਣਾ (ਸੈਕਟਰੀ) ਰਾਜੇਸ਼ ਪੰਜੂ , ਇੰਦਰਜੀਤ ਸਿੰਘ ਧੰਜਲ (ਵਧੀਕ ਦਫ਼ਤਰ ਸਕੱਤਰ), ਸੁਖਵਿੰਦਰ ਸਿੰਘ ਬੱਬੂ ,ਦਰਬਾਰਾ ਸਿੰਘ ਮਣਕੂ, ਅਮਿਤ , ਸੁਮੀਤ ਵਾਸਟ ਲਿੰਕਰਸ ਲੁਧਿਆਣਾ , ਸੁਖਵਿੰਦਰ ਸਿੰਘ ਸੋਨੀ ਜਲੰਧਰ, ਮਨਦੀਪ ਸਿੰਘ ਮਾਨਸਾ, ਮਨਪ੍ਰੀਤ ਸਿੰਘ ਕੰਬੋਜ਼, ਜਸਵੀਰ ਸਿੰਘ ਓਂਕਾਰ, ਦਰਸ਼ਨ ਸਿੰਘ ਜੇ.ਡੀ ਧੂਰੀ, ਗੁਰਬਖ਼ਸ਼ ਸਿੰਘ ਧੂਰੀ ਅਤੇ ਹੋਰ ਅਗਾਂਹ ਵਧੂ ਮੈਂਬਰ ਵੀ ਮੌਜੂਦ ਸਨ ।

3 ਅਕਤੂਬਰ ਨੂੰ ਲਖੀਮਪੁਰ ਖੀਰੀ ਕਾਂਡ ਦੇ ਨਿਆਂ ਲਈ ਰੋਸ਼ ਪ੍ਰਦਰਸਨ ਕਰਕੇ ਕਾਲੇ ਦਿਨ ਵਜੋਂ ਮਨਾਉਣ ਦਾ ਐਲਾਨ

ਸਮਾਰਟ ਚਿੱਪ ਮੀਟਰ ਲਗਾਉਣ ਵਿਰੁੱਧ 26 ਅਕਤੂਬਰ ਨੂੰ ਐਸ ਈ ਦਫਤਰਾਂ ਸਾਹਮਣੇ ਧਰਨੇ ਦੇਣ ਦਾ ਕੀਤਾ ਫੈਸਲਾ

ਸੀਟੂ ਆਗੂਆਂ ਦੇ ਬਿਆਨ ਦਾ ਜੋਰਦਾਰ ਖੰਡਨ

ਫਗਵਾੜਾ ਖੰਡ ਮਿੱਲ ਦੇ ਬਕਾਇਆ ਨੂੰ ਲੈਕੇ ਜਾਰੀ ਸੰਘਰਸ਼ ਦਾ ਕੀਤਾ ਸਮਰਥਨ

ਜੋਧਾਂ / ਸਰਾਭਾ 1 ਸਤੰਬਰ( ਦਲਜੀਤ ਸਿੰਘ ਰੰਧਾਵਾ  ) ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਚੈਪਟਰ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਿਸਾਨ ਆਗੂਆਂ ਰਘਬੀਰ ਸਿੰਘ ਬੈਨੀਪਾਲ, ਨਛੱਤਰ ਸਿੰਘ ਜੈਤੋ, ਬਲਵਿੰਦਰ ਸਿੰਘ ਰਾਜੂਔਲਖ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਲਖੀਮਪੁਰ ਖੀਰੀ ਕਾਂਡ ਦੇ ਦਿਨ 3 ਅਕਤੂਬਰ ਨੂੰ ਕਾਲੇ ਦਿਨ ਵਜੋਂ ਮਨਾਉਣ ਲਈ ਜ਼ਿਲ੍ਹਾ ਅਤੇ ਤਹਿਸੀਲ ਕੇਂਦਰਾਂ ਤੇ ਨਰਿੰਦਰ ਮੋਦੀ ਅਤੇ ਖੀਰੀ ਕਾਂਡ ਦੇ ਮੁੱਖ ਦੋਸ਼ੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਪੁਤਲੇ ਫੂਕ ਪ੍ਰਦਰਸ਼ਨ ਕਰਨ ਦੇ ਐਕਸ਼ਨ ਦੀ ਸਫਲਤਾ ਲਈ ਵਿਉਂਤਬੰਦੀ ਕੀਤੀ ਗਈ।ਮੀਟਿੰਗ ਵਿੱਚ ਇੱਕ ਹੋਰ ਫੈਸਲਾ ਕਰਕੇ ਬਿਜਲੀ ਮਹਿਕਮੇ ਵੱਲੋਂ ਲਾਏ ਜਾ ਰਹੇ ਸਮਾਰਟ ਚਿੱਪ ਮੀਟਰਾਂ ਦੇ ਵਿਰੋਧ ਵਿਚ 26 ਅਕਤੂਬਰ ਨੂੰ ਐਸ ਈ ਦਫਤਰਾਂ ਸਾਹਮਣੇ 11 ਤੋਂ 2 ਵਜੇ ਤੱਕ ਤਿੰਨ ਘੰਟਿਆਂ ਲਈ ਧਰਨੇ ਦੇਣ ਦਾ ਫੈਸਲਾ ਕੀਤਾ ਗਿਆ।ਮੀਟਿੰਗ ਨੇ ਸਰਬਸੰਮਤੀ ਨਾਲ ਹੜਾਂ ਨਾਲ ਪ੍ਰਭਾਵਿਤ ਗੰਨਾ ਕਾਸ਼ਤਕਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ  ਭਵਿੱਖ ਵਿੱਚ ਇਸ ਲਈ ਸੰਘਰਸ਼ ਪ੍ਰੋਗਰਾਮ ਦੇਣ ਅਤੇ ਫਗਵਾੜੇ ਦੀ ਖੰਡ ਮਿੱਲ ਸਾਹਮਣੇ ਚੱਲ ਰਹੇ ਸੰਘਰਸ਼ ਦਾ ਸਮਰਥਨ ਕਰਨ ਦਾ ਫੈਸਲਾ ਵੀ ਕੀਤਾ ਹੈ।ਮੀਟਿੰਗ ਦੀ ਸ਼ੁਰੂਆਤ ਵਿੱਚ ਪ੍ਰਸਿੱਧ ਖੇਤੀ ਵਿਗਿਆਨੀ ਡਾਕਟਰ ਐਸ.ਸਵਾਮੀਨਾਥਨ, ਕਿਸਾਨ ਆਗੂ ਵਰਿੰਦਰ ਡਾਗਰ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਨਾਲ ਮੁਕਤਸਰ ਜ਼ਿਲ੍ਹੇ ਵਿੱਚ ਨਹਿਰ ਵਿਚ ਡਿੱਗੀ ਬੱਸ ਦੇ ਹਾਦਸੇ ਵਿੱਚ ਜਾਨ ਗਵਾਉਣ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਨੇ ਸੀਟੂ ਦੇ ਕੌਮੀ ਜਨਰਲ ਸਕੱਤਰ ਤਪਨਸੇਨ ਅਤੇ ਕੌਮੀ ਪ੍ਰਧਾਨ ਹੇਮ ਲਤਾ ਜੀ ਵਲੋਂ 20 ਸਤੰਬਰ ਨੂੰ ਪੰਜਾਬ ਯੂਨਿਟ ਦੀ ਮੀਟਿੰਗ ਮਗਰੋਂ ਜਾਰੀ ਕੀਤੇ ਪ੍ਰੈਸ ਬਿਆਨ ਦਾ ਜੋਰਦਾਰ ਖੰਡਨ ਕਰਦੇ ਇਸ ਨੂੰ ਇੱਕ ਭੁਲੇਖੇ ਪਾਉਣ ਵਾਲਾ ਸੱਚਾਈ ਤੋਂ ਕੋਹਾਂ ਦੂਰ ਬਿਆਨ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਸੀਟੂ ਆਗੂਆਂ ਨੇ ਇਹ ਸੱਦਾ ਸਾਂਝੇ ਮਜ਼ਦੂਰ ਕਿਸਾਨ ਮੋਰਚੇ ਵਲੋਂ ਦਿੱਤਾ ਸੱਦਾ ਕਹਿੰਦਿਆਂ ਇੰਡੀਆ ਗਠਜੋੜ ਦੀ ਹਮਾਇਤ ਕਰਨ ਦਾ ਐਲਾਨ ਵੀ ਕੀਤਾ ਸੀ।ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਕੋਈ ਸਾਂਝਾ ਫਰੰਟ ਨਹੀ ਬਣਾਇਆ। ਦੋਵਾਂ ਦੀ ਆਪਣੀ ਆਜ਼ਾਦ ਹੈਸੀਅਤ ਹੈ।26 ਤੋਂ 28 ਨਵੰਬਰ ਦਾ ਐਕਸ਼ਨ ਸੰਯੁਕਤ ਕਿਸਾਨ ਮੋਰਚਾ ਦਾ ਐਕਸ਼ਨ ਹੈ ਜਿਸ ਨੂੰ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਤਾਲਮੇਲਵਾ ਸਮਰਥਨ‌‌‌ ਦਿੱਤਾ ਹੈ।ਸੰਯੁਕਤ ਕਿਸਾਨ ਮੋਰਚਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਚੋਣਾਂ ਦੇ ਸਬੰਧ ਵਿੱਚ ਕਿਸੇ ਗਠਜੋੜ ਦੀ ਹਮਾਇਤ ਨਹੀ ਕਰੇਗਾ। ਇੰਡੀਆ ਗਠਜੋੜ ਦੀ ਹਮਾਇਤ ਦਾ ਫੈਸਲਾ ਸੀਟੂ ਦਾ ਫੈਸਲਾ ਹੋ ਸਕਦਾ ਸੰਯੁਕਤ ਕਿਸਾਨ ਮੋਰਚਾ ਦਾ ਨਹੀ। ਕਿਸਾਨ ਆਗੂਆਂ ਨੇ ਸੀਟੂ ਆਗੂਆਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੀ ਅਪੀਲ ਵੀ ਕੀਤੀ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਮੀਟਿੰਗ ਦੇ ਪ੍ਰਧਾਨਗੀ ਮੰਡਲ ਨੇ ਕਿਹਾ ਕਿ ਇੱਕ ਪਾਸੇ ਲਖੀਮਪੁਰ ਖੀਰੀ ਕਾਂਡ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਨੀ ਹਾਲੇ ਤੱਕ ਮੋਦੀ ਸਰਕਾਰ ਵਿੱਚ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹਨ ਅਤੇ ਇੱਕ ਸਿਲਸਿਲੇਵਾਰ ਤਰੀਕੇ ਨਾਲ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਕੇ ਕੇਸ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਚਾਰ ਨਿਰਦੋਸ਼ ਨੌਜਵਾਨਾਂ ਨੂੰ ਲਗਾਤਾਰ ਝੂਠੇ ਕੇਸ ਵਿੱਚ ਫਸਾ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਜਿਸ ਵਿਰੁੱਧ 3 ਅਕਤੂਬਰ ਨੂੰ ਸਾਰੇ ਦੇਸ਼ ਵਿਚ ਰੋਸ ਮੁਜ਼ਾਹਰੇ ਕੀਤੇ ਜਾਣਗੇ।ਕਿਸਾਨ ਆਗੂਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਮੂਹਰੇ ਗੋਡੇ ਟੇਕਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਮਾਰਟ ਚਿੱਪ ਮੀਟਰਾਂ ਦੀ ਮੁਹਿੰਮ ਛੇੜ ਕੇ ਬਿਜਲੀ ਦੀ ਵੰਡ ਦੇ ਖੇਤਰ ਦੇ ਨਿਜੀਕਰਨ ਵੱਲ ਕਦਮ ਪੁੱਟੇ ਜਾ ਰਹੇ ਹਨ।ਜਿਸ ਕਾਰਨ ਸਬਸਿਡੀ ਅਤੇ ਹੋਰ ਰਾਹਤਾਂ ਲੈ ਰਹੇ ਖਪਤਕਾਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।ਉਨ੍ਹਾਂ ਸਰਕਾਰਾਂ ਦੇ ਇਨ੍ਹਾਂ ਕਦਮਾਂ ਨੂੰ ਕਾਰਪੋਰੇਟ ਦੀ ਸੇਵਾ ਵਿੱਚ ਉਠਾਏ ਗਏ ਕਦਮ ਕਰਾਰ ਦਿੰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਸ ਦਾ ਜ਼ੋਰਦਾਰ ਵਿਰੋਧ ਕਰੇਗਾ। ਮੀਟਿੰਗ ਵਿੱਚ ਹਰਿੰਦਰ ਸਿੰਘ ਲੱਖੋਵਾਲ, ਬੂਟਾ ਸਿੰਘ ਬੁਰਜ ਗਿੱਲ, ਸਤਨਾਮ ਸਿੰਘ ਸਾਹਨੀ, ਰਾਮਿੰਦਰ ਸਿੰਘ ਪਟਿਆਲਾ, ਬਿੰਦਰ ਸਿੰਘ ਗੋਲੇਵਾਲਾ,ਰੁਲਦੂ ਸਿੰਘ ਮਾਨਸਾ, ਲਖਵੀਰ ਸਿੰਘ ਨਿਜ਼ਾਮਪੁਰ, ਅਵਤਾਰ ਸਿੰਘ ਮਹਿਮਾ,ਮੇਜ਼ਰ ਸਿੰਘ ਪੁੰਨਾਵਾਲ, ਅੰਗਰੇਜ਼ ਸਿੰਘ, ਸੁੱਖਗਿੱਲ ਮੋਗਾ ਹਰਬੰਸ ਸਿੰਘ ਸੰਘਾ, ਹਰਜੀਤ ਸਿੰਘ ਰਵੀ, ਅਵਤਾਰ ਸਿੰਘ ਮੇਹਲੋਂ, ਕੇਵਲ ਸਿੰਘ ਖਹਿਰਾ, ਗੁਰਮੀਤ ਸਿੰਘ ਮਹਿਮਾ ਅਤੇ ਗੁਰਨਾਮ ਸਿੰਘ ਭੀਖੀ ਤੋਂ ਇਲਾਵਾ ਕਈ ਹੋਰ ਆਗੂ ਵੀ ਹਾਜ਼ਰ ਸਨ।

ਜਵੱਦੀ ਟਕਸਾਲ ਦੇ ਬਾਨੀ ਸੰਤ ਬਾਬਾ ਸੁੱਚਾ ਸਿੰਘ ਦੇ 75 ਵੇਂ ਜਨਮ ਦਿਹਾੜੇ ਤੇ ਗੁਰਮਤਿ ਸਮਾਗਮ ਹੋਏ

ਸੰਤ ਬਾਬਾ ਸੁੱਚਾ ਸਿੰਘ ਵਰਗੀ ਚੰਦਨ ਰੂਹ ਦੀ ਸੰਗਤ ਚੋਂ ਜੁਗਿਆਸੂਆਂ ਨੇ ਬਹੁਤ ਕੁਝ  ਹਾਸਲ ਕੀਤਾ-ਸੰਤ ਅਮੀਰ ਸਿੰਘ
ਲੁਧਿਆਣਾ 1 ਅਕਤੂਬਰ (  ਕਰਨੈਲ ਸਿੰਘ ਐੱਮ ਏ )
ਪੁਰਾਤਨ ਗੁਰਮਤਿ ਸੰਗੀਤ ਦੇ ਪ੍ਰੇਮੀਆਂ ਲਈ ਅੱਜ ਦਾ ਦਿਹਾੜਾ ਬਹੁਤ ਹੀ ਅਹਿਮੀਅਤ ਵਾਲਾ ਸਮਝਿਆ ਜਾ ਰਿਹਾ ਹੈ। ਦੇਸ਼ ਵਿਦੇਸ਼ ਚੋਂ ਗੁਰਮਿਤ ਸੰਗੀਤ ਦੇ ਕਦਰਦਾਨ ਅੱਜ ਗੁਰਬਾਣੀ, ਗੁਰਮਤਿ ਸੰਗੀਤ ਅਤੇ ਗੁਰਮਤਿ ਪ੍ਰਚਾਰ ਪ੍ਰਸਾਰ ਲਈ ਜੀਵਨ ਭਰ ਨਿਰੰਤਰ ਕਾਰਜਸ਼ੀਲ ਰਹੀ ਮਹਾਨ ਸ਼ਖਸ਼ੀਅਤ "ਸੰਤ ਬਾਬਾ ਸੁੱਚਾ ਸਿੰਘ ਜੀ" ਦੇ 75ਵੇਂ ਜਨਮ ਦਿਹਾੜੇ ਦੇ ਸੰਬੰਧ 'ਚ,  ਉਨ੍ਹਾਂ ਦੀ ਕਰਮ ਭੂਮੀ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਜਵੱਦੀ, ਉਨ੍ਹਾ ਵੱਲੋਂ ਸਿਰਜਿਤ "ਜਵੱਦੀ ਟਕਸਾਲ" ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਕਰਵਾਏ ਗੁਰਮਤਿ ਸਮਾਗਮ ਵਿੱਚ ਇਕੱਠੇ ਹੋਏ।  ਸਜੇ ਸਮਾਗਮਾਂ ਦੌਰਾਨ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੋਝੀ ਲੈਣ ਵਾਲਿਆਂ ਨੇ ਉਨ੍ਹਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ਰਧਾ, ਭਾਵਨਾ ਅਤੇ ਸਮਰਪਣ ਵਰਗੇ ਪੱਖਾਂ ਦੇ ਨਾਲ ਨਾਲ ਪੁਰਾਤਨ ਗੁਰਮਤਿ ਸੰਗੀਤ ਲਈ ਨਿਭਾਈਆਂ ਸੇਵਾਵਾਂ ਨੂੰ  ਯਾਦ ਕੀਤਾ। ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਉਨ੍ਹਾਂ ਦੇ ਜੀਵਨ ਦੀ ਝਲਕ ਪਾਉਂਦਿਆਂ ਕਿਹਾ ਕਿ,"ਬਾਬਾ ਜੀ ਦਰਗਾਹੀ ਰੰਗ ਵਿੱਚ ਰੱਤੀ ਅਗੰਮੀ ਰੂਹ ਸਨ, ਜੋ ਗੁਰਬਾਣੀਂ ਨਾਮ ਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜਿਉਂਦੇ ਸਨ।  ਉਹ ਅਜਿਹੇ ਮਹਾਂਪੁਰਸ਼ ਸਨ, ਜਿਨ੍ਹਾਂ ਦੀ ਮੌਜੂਦਗੀ ਸ਼ਾਤ ਅੰਮ੍ਰਿਤ ਨਾਲ ਦੁਆਲਾ ਰੰਗ ਦਿੰਦੀ ਸੀ।  ਉਨ੍ਹਾਂ ਨਾ ਰਾਜ ਚਾਹਿਆ, ਨਾ ਮੁਕਤੀ, ਉਹ ਤਾਂ ਕੇਵਲ "ਮਨਿ ਪ੍ਰੀਤਿ ਚਰਨ ਕਮਲਾਰੇ" ਦੇ ਧਾਰਨੀ ਸਨ। ਉਨ੍ਹਾਂ ਦੀ ਜੀਵਨ ਕਿਰਤੀ ਗੁਰਬਾਣੀ ਅਨੁਸਾਰ ਨਜ਼ਰ ਆਉਂਦੀ ਹੈ। ਉਨ੍ਹਾਂ ਵੱਲੋਂ ਨਿਭਾਏ ਕੌਮੀ ਕਾਰਜ਼ਾਂ ਬਦਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ  "ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ" ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਇਸ਼ਰਾ ਕਰਦਿਆਂ ਦੱਸਿਆ ਕਿ ਅੱਜ ਜਵੱਦੀ ਟਕਸਾਲ 'ਚ ਗੁਰਬਾਣੀ ਦੇ ਕੀਰਤਨੀਏ, ਪ੍ਰਚਾਰਕ ਕਥਾਵਾਚਕ, ਗ੍ਰੰਥੀ ਸਿੰਘ ਅਤੇ ਗੁਰਮਤਿ ਸੰਗੀਤ ਦੇ ਪ੍ਰੇਮੀਆਂ ਦੀ ਵੱਡੀ ਗਿਣਤੀ ਦਰਸਾ ਰਹੀ ਸੀ ਕਿ ਚੰਦਨ ਦੀ ਸੰਗਤ ਕਰਨ ਵਾਲੇ ਜਗਿਆਸੂ ਬਹੁਤ ਕੁਝ ਹਾਸਲ ਕਰ ਲੈਂਦੇ ਹਨ। ਸੰਤ ਬਾਬਾ ਅਮੀਰ ਸਿੰਘ ਨੇ ਜੋਰ ਦਿੰਦਿਆਂ ਕਿਹਾ ਕਿ 'ਸੰਤ ਬਾਬਾ ਸੁੱਚਾ ਸਿੰਘ ਜੀ' ਵਰਗੇ ਮਹਾਂਪੁਰਸ਼ ਪਰਮੇਸ਼ਰ ਤੋਂ ਥਾਪੜਾ ਪ੍ਰਾਪਤ, ਉਸ ਨਾਲ ਅਭੇਦ ਗੁਰਮੁਖੀ ਸ਼ਖਸ਼ੀਅਤਾਂ ਸਨ ਜਿਨ੍ਹਾਂ ਸੰਸਾਰਕ ਝਮੇਲਿਆਂ 'ਚ ਖਚਿਤ ਅਤੇ ਜੀਵਨ ਮਨੋਰਥ ਨੂੰ ਭੁਲੇ ਪ੍ਰਾਣੀਆਂ ਨੂੰ ਜੀਵਨ ਸਫਲ ਬਣਾਉਣ ਲਈ ਜੀਵਨ ਮਨੋਰਥ ਸਮਝਾਉਣ ਵਰਗੀ ਸੇਵਾ ਵੀ ਨਿਭਾਉਂਦੇ ਰਹੇ। ਉਪਰੰਤ ਰਾਤ ਦੇ ਸਮਾਗਮ ਸੰਤ ਬਾਬਾ ਹਰਚਰਨ ਸਿੰਘ ਜੀ ਰਮਦਾਸਪੁਰ ਵਾਲਿਆਂ ਵੱਲੋਂ ਕਰਵਾਏ ਗਏ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਥ ਦੇ ਮਹਾਨ ਪ੍ਰਸਿੱਧ ਰਾਗੀ ਜੱਥਿਆਂ ਨੇ ਕੀਰਤਨ ਕੀਤਾ ਅਤੇ ਢਾਡੀ ਸਿੰਘਾਂ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤੇ।

ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ ਮੋਗਾ ਦੇ ਕਰਮਚਾਰੀਆ ਨੇ ਚਮਕਾ ਦਿੱਤਾ ਸਿਵਿਲ ਹਸਪਤਾਲ

ਮੋਗਾ-  ਆਲਾ ਦੁਆਲਾ  ਸਾਫ  ਰੱਖਣਾ  ਸਾਡਾ ਪਹਿਲਾਂ ਫਰਜ਼-ਮਨਜੀਤ ਕੁਮਾਰ    ਡਿਪਟੀ  ਜੀ ਐਮ   

ਮੋਗਾ- ( ਜਸਵਿੰਦਰ ਸਿੰਘ  ਰੱਖਰਾ)ਭਾਰਤ ਵਿੱਚ ਚਲ ਰਹੀ ਸਫ਼ਾਈ ਮੁਹਿੰਮ ਦੌਰਾਨ ਸਵੱਛਤਾ ਹੀ ਸੇਵਾ  ਦੌਰਾਨ ਅੱਜ ਸਿਵਿਲ ਹਸਪਤਾਲ ਮੋਗਾ ਵਿੱਚ ਪਾਵਰ ਗਰਿੱਡ ਕਾਰਪੋਰੇਸ਼ਨ ਲਿਮਿਟਿਡ ਇੰਡੀਆ ਦੇ ਅਧਿਕਾਰੀ ਅਤੇ ਕਰਮਚਾਰੀ ਝਾੜੂ, ਦਾਤੀਆ, ਕਹੀਆ, ਅਤੇ ਸਾਫ ਸਫਾਈ ਦਾ ਹੋਰ ਸਾਜੋ-ਸਮਾਨ ਲੈ ਕੇ ਦਿਨ ਚੜ੍ਹਦੇ ਸਾਰ ਹੀ ਸਿਵਲ ਹਸਪਤਾਲ ਮੋਗਾ ਦੇ ਵਿੱਚ  ਆ  ਕੇ ਸਫਾਈ ਦਾ ਕੰਮ  ਸ਼ੁਰੂ ਕਰ ਦਿੱਤਾ.  ਇਸ ਮੌਕੇ ਮਨਜੀਤ ਕੁਮਾਰ  ਡਿਪਟੀ ਜੀ. ਐੱਮ.  ਪਾਵਰ ਗਰਿੱਡ ਕਾਰਪੋਰੇਸ਼ਨ ਸਿੰਘਾ ਵਾਲਾ ਜ਼ਿਲ੍ਹਾ ਮੋਗਾ ਨੇ ਦਸਿਆ ਕਿ  ਸਫ਼ਾਈ ਮੁਹਿੰਮ  ਦੇ  ਅਧੀਨ ਅੱਜ ਸਾਡੇ ਵਿਭਾਗ ਵੱਲੋ ਸਿਵਲ ਹਸਪਤਾਲ ਮੋਗਾ ਦੇ  ਵਿੱਚ ਸਫਾਈ ਕਰਨ ਦਾ ਮਨ  ਬਣਾਇਆ  ਗਿਆ  ਜਿਸ  ਵਿੱਚ  ਸਰਕਾਰੀ ਫਲੈਟ ਵਾਲਾ  ਖੇਤਰ, ਐਮਰਜੈਂਸੀ ਵਾਲਾ ਬਾਹਰੀ ਵਿਹੜੇ, ਹਸਪਤਾਲ ਦੀ ਬਾਊਂਡਰੀ, ਸਾਰੇ  ਬਾਥਰੂਮ ਦੀ ਸਫ਼ਾਈ  ਤੇਜ਼ਾਬ ਅਤੇ ਦਵਾਇਆ ਪਾ ਕੇ ਮਸ਼ੀਨਾਂ ਨਾਲ ਧੁਲਾਈ ਕੀਤੀ ਗਈ. ਹਸਪਤਾਲ ਵਿੱਚ ਵਾਧੂ  ਘਾਹ ਦੀ ਕਟਾਈ ਕੀਤੀ ਗਈ  ਇਕ ਘੰਟੇ ਵਿਚ 30 ਤੋਂ 40 ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਖੁਦ ਸਫਾਈ ਮੁਹਿੰਮ ਵਿਚ ਯੋਗਦਾਨ ਪਾ ਕੇ ਹਸਪਤਾਲ ਨੂੰ ਇਕ ਵਾਰੀ ਪੂਰੀ ਤਰਾਂ ਦਿੱਖ ਬਦਲ ਦਿੱਤੀ ਹੈ. ਇਸ ਮੌਕੇ ਤੇ   ਸੀਨੀਅਰ ਮੈਡੀਕਲ ਅਫਸਰ ਡਾ. ਸੁਖਪ੍ਰੀਤ ਬਰਾੜ ਨੇ ਵੀ ਪਾਵਰ ਗਰਿੱਡ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦਾ ਧੰਨਵਾਦ ਵੀ ਕੀਤਾ ਅਤੇ  ਕਿਹਾ  ਕਿ  ਸਿਵਲ  ਹਸਪਤਾਲ  ਵਿਚ  ਸਫਾਈ  ਸੇਵਕਾਂ  ਵੱਲੋ  ਭਾਵੇਂ  ਰੋਜ਼ਾਨਾ  ਦੀ  ਸਫਾਈ  ਹੁੰਦੀ  ਹੈ  ਪਰ ਵਿਸ਼ੇਸ਼  ਮੁਹਿੰਮ  ਦੌਰਾਨ  ਕੀਤੇ  ਉਪਰਾਲਿਆਂ  ਨਾਲ ਲੋਕਾਂ  ਲਈ ਪ੍ਰੇਰਨਾ ਸਰੋਤ  ਬਣਦੀ  ਹੈ ਅਤੇ  ਵਿਭਾਗ ਦਾ  ਵਧੀਆ  ਸੁਨੇਹਾ   ਸਮਾਜ  ਵਿਚ  ਜਾਂਦਾ ਹੈ. ਇਸ ਸਮੇਂ ਮਨਜੀਤ ਕੁਮਾਰ, ਡਿਪਟੀ ਜਨਰਲ ਮੈਨੇਜਰ ਗੁਰਦੀਪ ਸਿੰਘ, ਮੁੱਖ ਪ੍ਰਬੰਧਕ ,  ਜੀ ਸੀ ਕਪੂਰ, ਮੈਨੇਜਰ ਵਿਪਨ ਕੁਮਾਰ, ਡਿਪਟੀ ਮੈਨੇਜਰ ਅਤੇ ਪਾਵਰ ਗਰਿੱਡ ਅਤੇ  ਸਮੂਹ ਸਟਾਫ ਪਾਵਰ ਗਰਿੱਡ  ਕਾਰਪੋਰੇਸ਼ਨ  ਅਤੇ ਅੰਮ੍ਰਿਤ ਪਾਲ ਸ਼ਰਮਾ  ਦੱਫਤਰ ਸਿਵਲ ਸਰਜਨ ਮੋਗਾ ਵੀਂ  ਹਾਜ਼ਿਰ ਸਨ.

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਵਿਖੇ ਮੁਫਤ ਮੈਡੀਕਲ ਚੈਕ ਪੋਸਟ ਲਗਾਈ ਜਾਵੇਗੀ 2 ਨੂੰ

ਤਲਵੰਡੀ ਸਾਬੋ, 01 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ ਜਿਸ ਵਿੱਚ ਭਲਕੇ ਇਤਿਹਾਸਕ ਨਗਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਸਭ ਸਿਰਮੌਰ ਸੰਸਥਾ ਮਹਾਂ ਵਿਦਿਆਲਾਯ ਲੰਗਰ ਬੁੰਗਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ਵਿਖੇ ਸੰਸਥਾ ਦਾ 100 ਸਾਲਾ ਸਥਾਪਨਾ ਦਿਵਸ ਬੜੇ  ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਵਿੱਚ ਆਉਣ ਵਾਲੀਆਂ ਦੂਰੋਂ ਨੇੜਿਓਂ ਸੰਗਤਾਂ ਦੀ ਸਿਹਤ ਸਹੂਲਤਾਂ ਦੀ ਮੁੱਢਲੀ ਸਹਾਇਤਾ ਦੇਣ ਦੇ ਮਕਸਦ ਨਾਲ ਤਲਵੰਡੀ ਸਾਬੋ ਦੇ ਸਮੂਹ ਬਲਾਕ ਮੈਡੀਕਲ ਪ੍ਰੈਕਟੀਸ਼ਨਰਜ਼ ਅਸੋਸੀਏਸ਼ਨ ਦੇ ਵੱਡੇ ਸਹਿਯੋਗ ਨਾਲ ਮੁਫਤ ਮੈਡੀਕਲ ਚੈਕ ਪੋਸਟ ਲਗਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਸਮੁੱਚੀ ਅਸੋਸੀਏਸ਼ਨ ਦੇ ਡਾਕਟਰਾਂ ਵੱਲੋਂ ਵੱਧ ਚੜ੍ਹ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਅੱਜ ਦੇ ਉਕਤ ਮਤਾ ਪਾਸ ਕਰਨ ਵਾਲਿਆਂ ਵਿੱਚ ਡਾ. ਗੁਰਮੇਲ ਸਿੰਘ ਘਈ, ਡਾ. ਲਛਮਣ ਕੁਮਾਰ ਜਗਾ ਰਾਮ ਤੀਰਥ, ਡਾ. ਰਸ਼ਪਾਲ ਸਿੰਘ ਸਰਾਂ, ਜਸਵਿੰਦਰ ਸਿੰਘ ਮਲਕਾਣਾ, ਨੱਛਤਰ ਸਿੰਘ ਨਥੇਹਾ ਜ਼ਿਲਾ ਮੀਤ ਪ੍ਰਧਾਨ, ਗੁਲਾਬ ਸਿੰਘ ਫੁੱਲੋਖਾਰੀ, ਬਲਵੰਤ ਸਿੰਘ ਕਣਕਵਾਲ, ਮਿੱਠੂ ਖਾਨ, ਬਿੱਕਰ ਸਿੰਘ ਧਿੰਗੜ ਅਤੇ ਭੋਲਾ ਸਿੰਘ ਸ਼ੇਖਪੁਰਾ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਿਰਕਤ ਕੀਤੀ।

ਨੈਸ਼ਨਲ ਸਮਾਲ ਇੰਡਸਟਰੀਜ ਕਾਰਪੋਰੇਸ਼ਨ ਵਲੋਂ ਢੋਲੇਵਾਲ ਸਕੂਲ ਵਿਚ 'ਸਵੱਛਤਾ ਹੀ ਸੇਵਾ' ਤਹਿਤ ਸਫਾਈ ਮੁਹਿੰਮ ਸ਼ੁਰੂ

ਸਫਾਈ ਮੁਹਿੰਮ ਉਪਰ ਕਰਵਾਏ ਲੇਖ ਮੁਕਾਬਲੇ
ਲੁਧਿਆਣਾ, 01 ਅਕਤੂਬਰ (ਟੀ. ਕੇ.) -
ਭਾਰਤ ਸਰਕਾਰ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਹਿੱਤ ਨੈਸ਼ਨਲ ਸਮਾਲ ਇੰਡਸਟਰੀਜ ਕਾਰਪੋਰੇਸ਼ਨ ਨੌਰਥ ਜੋਨ - 2 ਲੁਧਿਆਣਾ ਵਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ ਢੋਲੇਵਾਲ ਵਿਚ 'ਸਵੱਛਤਾ ਹੀ ਸੇਵਾ' ਪ੍ਰੋਗਰਾਮ ਤਹਿਤ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਸਫਾਈ ਦੀ ਮਹੱਤਤਾ ਨੂੰ ਲੈ ਕੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਨੈਸ਼ਨਲ ਸਮਾਲ ਇੰਡਸਟਰੀਜ ਕਾਰਪੋਰੇਸ਼ਨ ਭਾਰਤ ਸਰਕਾਰ ਉੱਤਰੀ ਜੋਨ ਦੇ ਜੋਨਲ ਜਨਰਲ ਮੈਨੇਜਰ ਗੁਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਪ੍ਰੋਗਰਾਮ ਦੀ ਪ੍ਰਧਾਨਗੀ ਸ੍ਰੀਮਤੀ ਹਰਦੀਪ ਕੌਰ ਪ੍ਰਿੰਸੀਪਲ ਵਲੋਂ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਕਰਮਜੀਤ ਕੌਰ ਬੀ. ਐਨ. ਓ. ਸਿੱਖਿਆ ਵਿਭਾਗ ਪੰਜਾਬ ਲੁਧਿਆਣਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ
ਕਾਰਪੋਰੇਸ਼ਨ ਦੇ ਅਧਿਕਾਰੀਆਂ /ਕਰਮਚਾਰੀਆਂ ਅਤੇ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਸਕੂਲ ਦੇ ਅੰਦਰ ਅਤੇ ਬਾਹਰ ਦੀ ਸਫਾਈ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ। ਇਸ ਮੌਕੇ ਕਾਰਪੋਰੇਸ਼ਨ ਵਲੋਂ ਸਫਾਈ ਦੀ ਮਹੱਤਤਾ ਨੂੰ ਸਮਝਦੇ ਹੋਏ ਵਿਦਿਆਰਥੀਆਂ ਦੇ ਸਵੱਛਤਾ ਉਪਰ ਲੇਖ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੋਨਲ ਜਨਰਲ ਮੈਨੇਜਰ ਗੁਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਕੇਵਲ ਆਪਣੇ ਆਲੇ-ਦੁਆਲੇ ਦੀ ਨਹੀਂ ਬਲਕਿ ਆਪਣੇ ਅੰਦਰ ਮਨ ਦੀ ਸਫਾਈ ਵੀ ਕਰਨੀ ਚਾਹੀਦੀ ਹੈ ਤਾਂ ਜੋ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਉਕਤ ਕਾਰਪੋਰੇਸ਼ਨ ਵਲੋਂ ਸਕੂਲ ਨੂੰ ਡਸਟਬਿਨ ਵੀ ਦਿੱਤੇ ਗਏ ਅਤੇ ਇਸ ਦੇ ਨਾਲ ਹੀ ਸਕੂਲ ਦੇ ਅੰਦਰ - ਬਾਹਰ ਰੁੱਖ ਲਗਾਉਣ ਲਈ ਸਹਿਯੋਗ ਦਿੱਤਾ ਗਿਆ। ਇਸ ਮੌਕੇ ਪ੍ਰਿੰਸੀਪਲ ਹਰਦੀਪ ਕੌਰ ਅਤੇ ਪ੍ਰਿੰਸੀਪਲ ਕਰਮਜੀਤ ਕੌਰ ਨੇ ਵੀ ਸਫਾਈ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਸੀਮਾ ਰਾਣੀ, ਗੁਰਵਿੰਦਰ ਕੌਰ, ਤੇਜਿੰਦਰ ਕੌਰ, ਮਨਪ੍ਰੀਤ ਸਿੰਘ, ਰੁਪਿੰਦਰ ਸਿੰਘ, ਪ੍ਰਭਜੋਤ ਸਿੰਘ ਅਤੇ ਸੁਖਦੇਵ ਸਿੰਘ ਤੋਂ ਇਲਾਵਾ ਹੋਰ ਅਧਿਆਪਕ ਵੀ ਹਾਜ਼ਰ ਸਨ।ਇਸ ਮੌਕੇ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਰੋਹਿਤ ਗੋਇਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਗਾਂਧੀ ਜੈਯੰਤੀ ਦੇ ਸੰਦਰਭ ਵਿਚ ਆਰੀਆ ਕਾਲਜ ਗਰਲਜ਼ ਵਿਚ ਸਮਾਗਮ 

ਲੁਧਿਆਣਾ, 29 ਸਤੰਬਰ (ਟੀ. ਕੇ.) ਆਰੀਆ ਕਾਲਜ ਗਰਲਜ਼ ਸੈਕਸ਼ਨ 'ਚ ਕਾਲਜ ਦੇ 'ਗਾਂਧੀਅਨ ਸਟੱਡੀਜ਼ ' ਅਤੇ ਰੋਟਰੀ ਕਲੱਬ ਦੇ ਸਾਂਝੇ ਸਹਿਯੋਗ ਨਾਲ ਗਾਂਧੀ ਜੈਯੰਤੀ ਦੇ ਸੰਦਰਭ ਵਿਚ ਸਮਾਗਮ ਕਰਵਾਇਆ ਗਿਆ ਅਤੇ ਇਸ ਸਮਾਗਮ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਲਘੂ ਫ਼ਿਲਮ ‘ਮਹਾਤਮਾ ‘ਰਿਟਰਨ’ ਦਿਖਾਈ ਗਈ ਅਤੇ ਵਿਦਿਆਰਥੀਆਂ ਵੱਲੋਂ ਖ਼ੂਬਸੂਰਤ ਭਜਨ ਪੇਸ਼ ਕੀਤਾ ਗਿਆ। ਸਰਕਾਰ ਵੱਲੋਂ ਗਾਂਧੀ ਜੈਯੰਤੀ 'ਤੇ ਵਿਸ਼ੇਸ਼ ਤੌਰ 'ਤੇ ਸ਼ੁਰੂ ਕੀਤੇ ਗਏ 'ਸਵੱਛਤਾ ਹੀ ਸੇਵਾ ਅਭਿਆਨ' ਤਹਿਤ ਕਾਲਜ ਦੇ ਰੋਟਰੈਕਟ ਕਲੱਬ ਦੇ ਵਿਦਿਆਰਥੀਆਂ ਨੇ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਇੱਕ ਨੁੱਕੜ ਨਾਟਕ ਪੇਸ਼ ਕੀਤਾ। ਇਸ ਮੌਕੇ ਡਾ: ਐਸ.ਐਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਨੇ ਕਿਹਾ ਕਿ ਸਾਨੂੰ ਮਹਾਤਮਾ ਗਾਂਧੀ  ਦੇ ਸਿਧਾਂਤਾਂ ਅਤੇ ਆਦਰਸ਼ਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਰਾਸ਼ਟਰ ਨੂੰ ਸਮਰਪਿਤ ਜੀਵਨ ਸਾਰਿਆਂ ਲਈ ਪ੍ਰੇਰਨਾਦਾਇਕ ਹੈ ਜਦ ਕਿ ਇੰਚਾਰਜ ਪ੍ਰਿੰਸੀਪਲ ਅਤੇ ਗਾਂਧੀਅਨ ਸਟੱਡੀ ਦੇ ਡਾਇਰੈਕਟਰ ਡਾ: ਮਮਤਾ ਕੋਹਲੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰ ਮਹਾਤਮਾ ਗਾਂਧੀ ਦੀ ਕੁਰਬਾਨੀ ਲਈ ਹਮੇਸ਼ਾ ਕਰਜ਼ਦਾਰ ਰਹੇਗਾ ਅਤੇ ਨੌਜਵਾਨ ਪੀੜ੍ਹੀ ਨੂੰ ਮਹਾਤਮਾ ਗਾਂਧੀ ਨੂੰ ਆਪਣੇ ਆਦਰਸ਼ ਵਜੋਂ ਦੇਖਣਾ ਚਾਹੀਦਾ ਹੈ |

ਟਰਾਂਸਪੋਰਟ ਮੰਤਰੀ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਵਿਭਾਗਾਂ ਵੱਲੋਂ ਕੀਤਾ ਜਾ ਰਿਹਾ ਟਾਲਮਟੋਲ - ਜਥੇਬੰਦੀ 

ਮੰਨੀਆਂ ਮੰਗਾਂ ਤਰੁੰਤ ਲਾਗੂ ਨਾ ਕੀਤੀਆਂ ਤਾਂ  ਗੁਪਤ ਅਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ -ਆਗੂ 
ਲੁਧਿਆਣਾ, 29 ਸਤੰਬਰ (ਟੀ. ਕੇ.)
- ਪੰਜਾਬ ਰੋਡਵੇਜ਼/ ਪਨਬਸ ਅਤੇ ਪੀ. ਆਰ. ਟੀ. ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਅਹੁਦੇਦਾਰਾਂ ਦੀ ਸੂਬਾਈ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ  ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 14,15 ਅਤੇ 16 ਅਗਸਤ ਨੂੰ ਠੇਕਾ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕਰਕੇ ਗੁਲਾਮੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ, ਜਿਸ ਕਰਕੇ ਪਟਿਆਲਾ ਪ੍ਰਸ਼ਾਸਨ ਵੱਲੋਂ 25 ਅਗਸਤ ਦੀ ਮੀਟਿੰਗ  ਮੁੱਖ ਮੰਤਰੀ ਪੰਜਾਬ ਨਾਲ ਤੈਅ ਕਰਵਾਈ ਗਈ ਸੀ ਪ੍ਰੰਤੂ ਸਰਕਾਰ ਸਰਕਾਰ ਵੱਲੋਂ ਮੀਟਿੰਗ ਮੁਲਤਵੀ  ਕਰਕੇ 14 ਸਤੰਬਰ ਦੀ ਮੀਟਿੰਗ ਤੈਅ ਕਰਵਾਈ ਗਈ ਪ੍ਰੰਤੂ ਸਰਕਾਰ ਵੱਲੋ ਫਿਰ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਸੀ, ਫਿਰ ਮੁਲਾਜ਼ਮਾਂ  ਵਿੱਚ ਰੋਸ ਨੂੰ ਕਾਬੂ ਕਰਨਾ ਮੁਸ਼ਕਲ ਹੋ ਗਿਆ ਜਿਸ ਨੂੰ ਵੇਖਦੇ ਹੋਏ ਯੂਨੀਅਨ ਨੇ ਫੈਸਲਾ ਕਰਦਿਆਂ 20 ਸਤੰਬਰ ਨੂੰ ਹੜਤਾਲ ਕੀਤੀ ਗਈ ਜਿਸ ਨੂੰ ਵੇਖਦੇ ਹੋਏ ਟਰਾਂਸਪੋਰਟ ਮੰਤਰੀ ਪੰਜਾਬ, ਸਟੇਟ ਟ੍ਰਾਂਸਪੋਰਟ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਟਰਾਂਸਪੋਰਟ ਮੰਤਰੀ  ਵੱਲੋਂ ਤਨਖਾਹ ਵਿਚ 5 ਫੀਸਦੀ ਦਾ ਵਾਧਾ ਜੋ ਪਿਛਲੇ ਸਮੇਂ ਦੀ ਪਿਛਲੀ ਸਰਕਾਰ  ਵੱਲੋਂ ਲਾਗੂ ਕੀਤਾ ਗਿਆ ਸੀ ਨੂੰ ਮਾਨ ਸਰਕਾਰ ਨੇ ਲਾਗੂ ਕਰਨ ਲਈ ਮੰਗ ਮੰਨ ਲਈ। 
 ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿਲੋਂ ਅਤੇ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆ 20 ਸਤੰਬਰ ਦੀ ਮੀਟਿੰਗ ਦੇ ਵਿੱਚ ਟਰਾਂਸਪੋਰਟ ਮੰਤਰੀ ਵਲੋਂ ਟ੍ਰਾਂਸਪੋਰਟ ਅਫਸਰਾਂ ਨੂੰ ਰਿਪੋਰਟਾਂ ਦੀਆਂ ਕੰਡੀਸ਼ਨਾਂ ਦੇ ਵਿੱਚ ਸੋਧ ਕਰਨ ਦੇ ਲਈ ਕਿਹਾ ਗਿਆ ਤੇ ਮੁਲਾਜ਼ਮਾਂ ਨੂੰ ਇੱਕ ਮੌਕਾ ਦੇ ਕੇ ਬਹਾਲ ਕਰਨ ਦੀ ਗੱਲ ਕੀਤੀ ਭਾਵੇਂ ਬਲੈਕ ਲਿਸਟ ਜਾਂ ਅਪੀਲ ਖਾਰਜ ਹੋਵੇ ਸਭ ਨੂੰ ਇੱਕ ਮੌਕਾ ਦੇ ਕੇ ਬਹਾਲ ਕਰਨ ਦੀ ਮੰਗ ਤੇ ਸਹਿਮਤੀ ਬਣੀ ਪ੍ਰੰਤੂ ਪਨਬਸ ਅਤੇ ਪੀ.ਆਰ.ਟੀ.ਸੀ ਦੀ ਮੈਨੇਜਮੈਂਟ ਵੱਲੋਂ ਟਰਾਂਸਪੋਰਟ ਮੰਤਰੀ ਦੇ ਕਹਿਣ  'ਤੇ ਵੀ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ, ਜਿਸ ਕਰਕੇ ਅੱਜ ਫਿਰ ਮੁਲਾਜ਼ਮਾਂ ਨੂੰ ਮੁੜ ਤੋਂ ਸੰਘਰਸ਼ ਕਰਨ ਦੇ ਲਈ ਮਜਬੂਰ ਕੀਤਾ ਗਿਆ। ਇਸ ਮੌਕੇ ਮੀਟਿੰਗ ਵਿਚ ਜਥੇਬੰਦੀ ਦੇ ਸੂਬਾਈ ਆਗੂ   ਜਲੋਰ ਸਿੰਘ , ਰੋਹੀ ਰਾਮ, ਬਲਵਿੰਦਰ ਸਿੰਘ ਰਾਠ , ਹਰਜਿੰਦਰ ਸਿੰਘ ਗੋਰਾ , ਬਲਜਿੰਦਰ ਸਿੰਘ, ਲਵਪ੍ਰੀਤ ਸਿੰਘ , ਸੰਦੀਪ ਸਿੰਘ ਗਰੇਵਾਲ ਅਤੇ ਸੁਖਪਾਲ ਸਿੰਘ ਹਾਜ਼ਰ ਹੋਏ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਜੇਕਰ ਡਾਇਰੈਕਟਰ ਸਟੇਟ ਟਰਾਂਸਪੋਰਟ ਵਲੋਂ ਮੰਨੀਆਂ ਹੋਈਆਂ ਮੰਗਾਂ ਨਾ ਲਾਗੂ ਕੀਤੀਆਂ ਗਈਆਂ ਤਾਂ 
  2 ਅਕਤੂਬਰ ਨੂੰ ਜਥੇਬੰਦੀ ਵਲੋਂ ਰੈਲੀ ਕੀਤੀ ਜਾਵੇਗੀ ਅਤੇ ਸਰਕਾਰੀ ਰੈਲੀਆਂ ਵਿੱਚ ਡਿਊਟੀ ਨਾ ਕਰਕੇ ਲੋਕਾਂ ਨੂੰ ਟਰਾਂਸਪੋਰਟ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਸਿਆਸੀ ਰੈਲੀ ਹੋਵੇ ਭਾਵੇਂ ਸਰਕਾਰ ਦਾ ਕੋਈ ਨਿੱਜੀ ਕੰਮ ਹੋਵੇ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਮੁਲਾਜ਼ਮ ਰੈਲੀਆਂ ,ਆਫ਼ਤਾਂ,ਸਮੇਤ ਹੋਰ ਵਾਧੂ ਡਿਊਟੀਆਂ ਨਹੀਂ ਕਰਨਗੇ। 
ਉਨ੍ਹਾਂ ਕਿਹਾ ਕਿ 2 ਅਕਤੂਬਰ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਪੰਜਾਬ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ, ਜਿਸ ਦੀ  ਜੁੰਮੇਵਾਰ ਪਨਬੱਸ ਅਤੇ ਪੀ. ਆਰ. ਟੀ. ਸੀ. ਦੀ ਮੈਨੇਜਮੈਂਟ ਦੀ ਹੋਵੇਗੀ।ਉਨ੍ਹਾਂ ਕਿਹਾ ਕਿ ਜਥੇਬੰਦੀ ਹੁਣ ਗੁਪਤ ਐਕਸ਼ਨ ਵੀ ਕਰੇਗੀ।

ਗਲਾਡਾ ਨੇ ਪ੍ਰਮੋਟਰਾਂ ਵਲੋਂ ਗੈਰ-ਕਾਨੂੰਨੀ ਢੰਗ ਨਾਲ ਕੀਤੀ ਇਸ਼ਤਿਹਾਬਾਜ਼ੀ ਦਾ ਲਿਆ ਗੰਭੀਰ ਨੋਟਿਸ

- ਇਸ਼ਤਿਹਾਰਾਂ ਨੂੰ ਤੁਰੰਤ ਉਤਾਰਨ ਦੇ ਵੀ ਦਿੱਤੇ ਨਿਰਦੇਸ਼
ਲੁਧਿਆਣਾ, 29 ਸਤੰਬਰ (ਟੀ. ਕੇ. ) -
ਗਲਾਡਾ ਦੇ ਮੁੱਖ ਪ੍ਰਸ਼ਾਸਕ ਸਾਗਰ ਸੇਤੀਆ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੱਖ-ਵੱਖ ਪ੍ਰਮੋਟਰਾਂ ਨੂੰ ਅਥਾਰਟੀ ਤੋਂ ਲੋੜੀਂਦਾ ਲਾਇਸੈਂਸ ਲਏ ਬਿਨਾਂ ਜਨਤਕ ਥਾਵਾਂ 'ਤੇ ਇਸ਼ਤਿਹਾਰ ਲਗਾਉਣ ਲਈ ਨੋਟਿਸ ਜਾਰੀ ਕੀਤੇ ਹਨ।

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮੁੱਖ ਪ੍ਰਸ਼ਾਸ਼ਕ ਗਲਾਡਾ ਨੇ ਦੱਸਿਆ ਕਿ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰਮੋਟਰਾਂ ਨੂੰ ਆਰ.ਈ.ਆਰ.ਏ. ਅਧੀਨ ਰਜਿਸਟਰੇਸ਼ਨ ਤੋਂ ਬਾਅਦ ਅਥਾਰਟੀ ਤੋਂ ਲਾਇਸੈਂਸ ਲੈਣਾ ਪੈਂਦਾ ਹੈ। ਲਾਇਸੰਸ ਪ੍ਰਾਪਤ ਕਰਨ ਤੋਂ ਬਾਅਦ ਇੱਕ ਪ੍ਰਮੋਟਰ ਆਪਣੀ ਕਲੋਨੀ ਵਿੱਚ ਵਿਕਰੀ-ਖਰੀਦ ਦਾ ਇਸ਼ਤਿਹਾਰ ਦੇ ਸਕਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕੁੱਝ ਪ੍ਰਮੋਟਰਾਂ ਨੇ ਗਲਾਡਾ ਤੋਂ ਲਾਇਸੈਂਸ ਲਏ ਬਿਨਾਂ ਆਪਣੇ ਪ੍ਰੋਜੈਕਟਾਂ ਦਾ ਇਸ਼ਤਿਹਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਆਪਣੇ ਇਸ਼ਤਿਹਾਰਬਾਜ਼ੀ ਹੋਰਡਿੰਗਜ਼ ਨੂੰ ਹਟਾਉਣ ਲਈ ਮੈਸਰਜ਼ ਜੀ.ਕੇ. ਹਾਊਸਿੰਗ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਮੈਸਰਜ਼ ਵਰਧਮਾਨ ਅਮਰਾਂਤੇ ਪ੍ਰਾਈਵੇਟ ਲਿਮਿਟੇਡ, ਮੈਸਰਜ਼ ਐਸ.ਬੀ.ਪੀ. ਹਾਊਸਿੰਗ ਪ੍ਰਾਈਵੇਟ ਲਿਮਟਿਡ, ਮੈਸਰਜ਼ ਚੇਤਲੀ ਅਸਟੇਟ ਪ੍ਰਾਈਵੇਟ ਲਿਮਟਿਡ ਅਤੇ ਮੈਸਰਜ ਓਸਵਾਲ ਗ੍ਰੀਨਟੈਕ ਲਿਮਟਿਡ ਨਾਮਕ ਪ੍ਰਮੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪ੍ਰਮੋਟਰਾਂ ਵੱਲੋਂ ਇਨ੍ਹਾਂ ਇਸ਼ਤਿਹਾਰਾਂ ਨੂੰ ਨਾ ਹਟਾਇਆ ਗਿਆ ਤਾਂ ਪਾਪਰਾ ਅਤੇ ਰੇਰਾ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਪੀ.ਏ.ਯੂ. ਦੇ ਮਾਹਿਰਾਂ ਨੇ ਇਨਡੋਰ ਪੌਦਿਆਂ ਦੇ ਗੁਣਾਂ ਬਾਰੇ ਦੱਸਿਆ

ਲੁਧਿਆਣਾ 29 ਸਤੰਬਰ (ਟੀ. ਕੇ.) ਪੀ.ਏ.ਯੂ. ਦੇ ਮਾਹਿਰਾਂ ਨੇ ਅੱਜ ਇਕ ਉੱਚ ਪੱਧਰੀ ਵਾਰਤਾ ਵਿਚ ਘਰਾਂ ਦੇ ਅੰਦਰ ਰੱਖੇ ਜਾਣ ਵਾਲੇ ਪੌਦਿਆਂ ਦੇ ਜ਼ਰੀਏ ਹਵਾ ਦੀ ਸ਼ੁੱਧਤਾ ਅਤੇ ਹੋਰ ਗੁਣਾਂ ਬਾਰੇ ਜਾਣਕਾਰੀ ਦਿੱਤੀ|

 ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਨਡੋਰ ਹਵਾ ਦੇ ਪੱਧਰ ਬਾਰੇ ਗੱਲ ਕਰਦਿਆਂ ਕਿਹਾ ਕਿ ਲੋਕ ਆਪਣਾ ਵਧੇਰੇ ਸਮਾਂ ਘਰਾਂ ਅਤੇ ਦਫ਼ਤਰਾਂ ਦੀਆਂ ਛੱਤਾਂ ਹੇਠ ਗੁਜ਼ਾਰਦੇ ਹਨ ਇਸਲਈ ਚੰਗੀ ਸਿਹਤ ਬਰਕਰਾਰ ਰੱਖਣ ਲਈ ਅੰਦਰੂਨੀ ਹਵਾ ਦੀ ਸ਼ੁੱਧਤਾ ਬੇਹੱਦ ਜ਼ਰੂਰੀ ਹੈ| ਉਹਨਾਂ ਨੇ ਕਿਹਾ ਕਿ ਖੋਜ ਨੇ ਸਾਬਤ ਕੀਤਾ ਹੈ ਕਿ ਘਰਾਂ ਅੰਦਰਲੀ ਹਵਾ ਬਾਹਰ ਦੀ ਹਵਾ ਨਾਲੋਂ 12 ਗੁਣਾ ਵਧੇਰੇ ਪ੍ਰਦੂਸ਼ਿਤ ਹੁੰਦੀ ਹੈ| ਇਸਦਾ ਕਾਰਨ ਇਮਾਰਤਾਂ ਦੀ ਸਮੱਗਰੀ ਅਤੇ ਹੋਰ ਚੀਜ਼ਾਂ ਦੀ ਵਰਤੋਂ ਅਤੇ ਉਹਨਾਂ ਦੇ ਕੰਮ ਕਰਨ ਦੇ ਢੰਗਾਂ ਵਿਚ ਪਿਆ ਹੁੰਦਾ ਹੈ| ਇਸ ਨਾਲ ਮਨੁੱਖ ਨੂੰ ਸਾਹ ਸੰਬੰਧੀ ਸਮੱਸਿਆਵਾਂ, ਚਮੜੀ ਦੇ ਰੋਗ ਅਤੇ ਮਾਨਸਿਕ ਸਿਹਤ ਵਿਚ ਵਿਗਾੜ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ|

 ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਏਅਰ ਕੰਡੀਸ਼ਨਰਾਂ ਵੱਲੋਂ ਪੈਦਾ ਕੀਤੀ ਹਵਾ ਦਾ ਮਿਆਰ ਇਨਡੋਰ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ| ਉਹਨਾਂ ਨੇ ਕਿਹਾ ਕਿ ਏਅਰ ਕੰਡੀਸ਼ਨਿੰਗ ਅਰਾਮ ਤਾਂ ਦਿੰਦੀ ਹੈ ਪਰ ਇਸ ਨਾਲ ਕਈ ਤਰ੍ਹਾਂ ਦੇ ਪ੍ਰਦੂਸ਼ਣ ਮਕਾਨਾਂ ਅਤੇ ਇਮਾਰਤਾਂ ਅੰਦਰ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਦਾ ਮਨੁੱਖ ਸਿਹਤ ਉੱਪਰ ਮਾੜਾ ਪ੍ਰਭਾਵ ਦਰਜ ਕੀਤਾ ਜਾਂਦਾ ਹੈ| ਇਸ ਤੋਂ ਇਲਾਵਾ ਇਮਾਰਤੀ ਸਮੱਗਰੀ ਅਤੇ ਹੋਰ ਵਸਤੂਆਂ ਵੀ ਮਾੜੇ ਪੱਧਰ ਦੀ ਅੰਦਰੂਨੀ ਹਵਾ ਦਾ ਕਾਰਨ ਹਨ| ਉਹਨਾਂ ਨੇ ਕਿਹਾ ਕਿ ਘਰਾਂ ਅਤੇ ਦਫ਼ਤਰਾਂ ਦੇ ਅੰਦਰ ਹਵਾ ਦੇ ਪੱਧਰ ਬਾਰੇ ਦੁਬਾਰਾ ਸੋਚਣਾ ਅੱਜ ਦੇ ਸਮੇਂ ਦੀ ਲੋੜ ਹੈ|

 ਪਰਿਵਾਰਕ ਸਰੋਤ ਪ੍ਰਬੰਧਨ ਵਿਭਾਗ ਦੇ ਮਾਹਿਰ ਡਾ. ਸ਼ਰਨਬੀਰ ਕੌਰ ਬੱਲ ਨੇ ਅੰਦਰੂਨੀ ਹਵਾ ਦੇ ਮਿਆਰ ਨੂੰ ਬਿਹਤਰ ਬਨਾਉਣ ਲਈ ਵੱਖ-ਵੱਖ ਤਕਨੀਕਾਂ ਦਾ ਜ਼ਿਕਰ ਕੀਤਾ| ਉਹਨਾਂ ਨੇ ਹਵਾ ਦੇ ਆਉਣ-ਜਾਣ ਦੇ ਬਕਾਇਦਾ ਢੰਗਾਂ ਦੇ ਨਾਲ-ਨਾਲ ਹਵਾ ਬਾਹਰ ਕੱਢਣ ਵਾਲੇ ਪੱਖਿਆਂ ਅਤੇ ਅੰਦਰ ਲਾਏ ਜਾ ਸਕਣ ਵਾਲੇ ਪੌਦਿਆਂ ਦਾ ਜ਼ਿਕਰ ਕੀਤਾ| ਇਨਡੋਰ ਪੌਦਿਆਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਇਸ ਨਾਲ ਹਵਾ ਦਾ ਪੱਧਰ ਸੁਧਰਦਾ ਹੈ ਅਤੇ ਜ਼ਹਿਰੀਲੇ ਤੱਤਾਂ ਦਾ ਰੂਪਾਂਤਰਣ ਹੋ ਕੇ ਚੰਗੀ ਸਿਹਤ ਸੰਭਵ ਹੋ ਸਕਦੀ ਹੈ| ਇਨਡੋਰ ਪੌਦੇ ਹਵਾ ਨੂੰ ਹੀ ਸ਼ੁੱਧ ਨਹੀਂ ਕਰਦੇ ਸਗੋ ਕੁਦਰਤ ਨਾਲ ਸਾਂਝ ਬਣਾ ਕੇ ਖੁਸ਼ੀ ਦੇ ਪਲ ਪੈਦਾ ਕਰਦੇ ਹਨ| ਨਾਲ ਹੀ ਹੁੰਮਸ ਘਟਾਉਣ ਅਤੇ ਕੁਦਰਤੀ ਹਵਾ ਅਨੁਕੂਲਣ ਦੇ ਸਾਧਨ ਵੀ ਇਹ ਪੌਦੇ ਹੋ ਸਕਦੇ ਹਨ| ਡਾ. ਬੱਲ ਨੇ ਕਿਹਾ ਕਿ ਇਨਡੋਰ ਪੌਦੇ ਲਗਾਉਣ ਨਾਲ ਘਰਾਂ ਅਤੇ ਦਫ਼ਤਰਾਂ ਦੇ ਅੰਦਰ ਦੀ ਹਵਾ ਦਾ ਮਿਆਰ ਬਿਨਾਂ ਸ਼ੱਕ ਸੁਧਾਰਿਆ ਜਾ ਸਕਦਾ ਹੈ|

 2018 ਵਿਚ ਹੋਈ ਇਕ ਖੋਜ ਦਾ ਜ਼ਿਕਰ ਕਰਦਿਆਂ ਡਾ. ਬੱਲ ਨੇ ਕਿਹਾ ਕਿ ਉਸ ਖੋਜ ਵਿਚ ਸਿੱਧ ਕੀਤਾ ਗਿਆ ਕਿ ਮਨੀ ਪਲਾਂਟ, ਸਿਨਗੋਨੀਅਮ, ਅਰੇਕਾ ਪਾਮ ਅਤੇ ਰਬੜ ਪਲਾਂਟ ਚਾਰ ਪੌਦਿਆਂ ਦੀ ਵਰਤੋਂ ਘਰੇਲੂ ਬਨਸਪਤੀ ਦੇ ਤੌਰ ਤੇ ਕੀਤੀ ਜਾਂਦੀ ਹੈ| ਵਿਉਂਤਬੰਦੀ ਕਰਕੇ ਇਹਨਾਂ ਪੌਦਿਆਂ ਨੂੰ ਵੱਖ-ਵੱਖ ਕਮਰਿਆਂ ਜਿਵੇਂ ਬੈਠਕ, ਸੌਣ ਕਮਰੇ, ਰਸੋਈ ਅਤੇ ਮਹਿਮਾਨ ਘਰ ਵਿਚ ਰੱਖਿਆ ਜਾ ਸਕਦਾ ਹੈ| ਵਧੇਰੇ ਪਰਖ ਲਈ ਸੂਖਮ ਯੰਤਰਾਂ ਦੀ ਵਰਤੋਂ ਕੀਤੀ ਗਈ| ਜਦੋਂ ਹਵਾ ਦੇ ਮਿਆਰ ਦੇ ਪੱਧਰ ਅਤੇ ਕਾਰਬਨ ਦੀ ਮਿਕਦਾਰ ਦੇ ਨਾਲ ਕਾਰਬਨ ਮੋਨੋਆਕਸਾਈਡ ਦੇ ਪੱਧਰ ਨੂੰ ਮਾਪਿਆ ਗਿਆ ਤਾਂ ਨਤੀਜਿਆਂ ਵਿਚ ਜ਼ਿਕਰਯੋਗ ਬਦਲਾਅ ਦੇਖਣ ਨੂੰ ਮਿਲਿਆ| ਕਾਰਬਨ ਡੀਆਕਸੀਡ, ਕਾਰਬਨ ਮੋਨੋ ਆਕਸਾਈਡ ਆਦਿ ਦਾ ਪੱਧਰ ਹੁੰਮਸ ਅਤੇ ਤਾਪਮਾਨ ਦੇ ਨਾਲ-ਨਾਲ ਪੌਦਿਆਂ ਵਾਲੇ ਕਮਰਿਆਂ ਵਿਚ ਆਮ ਮਿਆਰ ਤੋਂ ਘੱਟ ਦਰਜ ਕੀਤਾ ਗਿਆ|
ਇਸਲਈ ਸਾਨੂੰ ਆਪਣੇ ਘਰਾਂ ਦੀ ਹਵਾ ਸ਼ੁੱਧ ਕਰਨ, ਕੁਦਰਤ ਨਾਲ ਜੁੜਨ ਅਤੇ ਸਜਾਵਟ ਲਈ ਇਨਡੋਰ ਪੌਦਿਆਂ ਨੂੰ ਆਪਣੇ ਘਰਾਂ ਦਾ ਹਿੱਸਾ ਬਨਾਉਣਾ ਚਾਹੀਦਾ ਹੈ|

ਜ਼ੀਰੋ ਬਰਨਿੰਗ ਦੇ ਉਦੇਸ਼ ਦੀ ਪੂਰਤੀ ਲਈ ਪਰਾਲੀ ਦਾ ਉਚਿਤ ਪ੍ਰਬੰਧਨ ਜ਼ਰੂਰੀ - ਖੁੱਡੀਆਂ

ਪੀ. ਏ. ਯੂ. ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਣ ਉੱਤੇ ਲਾਭਪਾਤਰੀਆਂ ਦੀ ਸਲਾਹ ਮਸ਼ਵਰਾ ਮਿਲਣੀ ਹੋਈ

ਲੁਧਿਆਣਾ, 29 ਸਤੰਬਰ (ਟੀ. ਕੇ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਉੱਤੇ ਲਾਭਪਾਤਰੀਆਂ ਦੀ ਸਲਾਹ-ਮਸ਼ਵਰਾ ਮਿਲਣੀ ਕਰਵਾਈ ਗਈ। ਭਾਰਤੀ ਖੇਤੀ ਖੋਜ ਪ੍ਰੀਸ਼ਦ-ਅਟਾਰੀ ਜ਼ੋਨ-1, ਲੁਧਿਆਣਾ ਅਤੇ ਪੀ.ਏ.ਯੂ. ਵੱਲੋਂ ਆਯੋਜਿਤ ਇਸ ਮਿਲਣੀ ਵਿਚ ਸ. ਗੁਰਮੀਤ ਸਿੰਘ ਖੁੱਡੀਆਂ, ਮਾਣਯੋਗ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮਿਲਣੀ ਦੀ ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ. ਏ. ਯੂ. ਨੇ ਕੀਤੀ। ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਡਾ. ਸੁਖਪਾਲ ਸਿੰਘ, ਚੇਅਰਮੈਨ, ਪੰਜਾਬ ਰਾਜ ਫਾਰਮਰਜ਼ ਕਮਿਸ਼ਨ, ਡਾ. ਆਰ.ਕੇ. ਸਿੰਘ, ਏ.ਡੀ ਜੀ., ਆਈ. ਸੀ. ਏ. ਆਰ. ਅਤੇ ਡਾ. ਪਰਵਿੰਦਰ ਸ਼ਿਓਰਾਂ, ਨਿਰਦੇਸ਼ਕ, ਅਟਾਰੀ, ਜੋਨ-1 ਲੁਧਿਆਣਾ ਇਸ ਮਿਲਣੀ ਵਿਚ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।

 ਪੰਜਾਬ ਭਰ ਤੋਂ ਆਏ ਅਗਾਂਹਵਾਧੂ ਕਿਸਾਨਾਂ, ਪੀ. ਏ. ਯੂ. ਵਿਗਿਆਨੀਆਂ ਅਤੇ ਗੁਆਂਢੀ ਸੂਬਿਆਂ ਦੇ ਕੇ. ਵੀ.ਕੇ. ਦੇ ਮਾਹਿਰਾਂ ਨੇ ਹਰੇ ਇਨਕਲਾਬ ਦੇ ਬਾਨੀ ਡਾ. ਐੱਮ. ਐੱਸ ਸਵਾਮੀਨਾਥਨ ਦੇ ਸਵਰਗਵਾਸ ਹੋਣ ਤੇ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਡਾ. ਐੱਮ. ਐੱਸ ਸਵਾਮੀਨਾਥਨ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਾਲੇ ਡਾ. ਸਵਾਮੀਨਾਥਨ ਦੀ ਦੂਰ-ਦ੍ਰਿਸ਼ਟੀ ਪ੍ਰਤੀ ਸਮੁੱਚੇ ਦੇਸ਼ ਵਾਸੀ ਉਨ੍ਹਾਂ ਦੇ ਹਮੇਸ਼ਾ ਰਿਣੀ ਰਹਿਣਗੇ।  

ਸ. ਖੁੱਡੀਆਂ ਨੇ ਕਿਹਾ ਕਿ ਡਾ. ਸਵਾਮੀਨਾਥਨ ਦੇ ਦਿਸ਼ਾ-ਨਿਰਦੇਸ਼ਾਂ ਤੇ ਚਲਦਿਆਂ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਨੇ ਹਰੀ ਕ੍ਰਾਂਤੀ ਲਿਆ ਕੇ ਕਣਕ-ਝੋਨੇ ਦੇ ਅੰਬਾਰ ਲਗਾਉਣ ਅਤੇ ਦੇਸ਼ ਨੂੰ ਅੰਨ ਸੁਰੱਖਿਆ ਪ੍ਰਦਾਨ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਖੇਤੀ ਵਿਗਿਆਨੀਆਂ ਵੱਲੋਂ ਵਿਕਸਿਤ ਕੀਤੀਆਂ ਫਸਲਾਂ ਨਾਲ ਝਾੜ ਵਿਚ ਇਜ਼ਾਫ਼ਾ ਹੋਇਆ ਹੈ ਪਰ ਇਸਦੇ ਨਾਲ ਨਾਲ ਫਸਲਾਂ ਦਾ ਰਹਿੰਦ-ਖੂੰਹਦ ਵੀ ਵਧਿਆ ਹੈ, ਜਿਸਦਾ ਉਚਿਤ ਪ੍ਰਬੰਧਣ ਕਰਨਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ ਤਾਂ ਜੋ ਕੁਦਰਤੀ ਸੋਮਿਆਂ ਦਾ ਰੱਖ-ਰਖਾਅ ਹੋ ਸਕੇ ਅਤੇ ਵਾਤਾਵਰਨ ਵੀ ਪਲੀਤ ਨਾ ਹੋਵੇ। ਪਰਾਲੀ ਪ੍ਰਬੰਧਣ ਨੂੰ ਗੰਭੀਰਤਾ ਨਾਲ ਲੈਣ ਦੀ ਤਾਕੀਦ ਕਰਦਿਆਂ ਉਨ੍ਹਾਂ ਇਸਨੂੰ ਅੱਗ ਲਗਾਉਣ ਤੋਂ ਪਰਹੇਜ਼ ਕਰਨ ਲਈ ਕਿਹਾ ਕਿਉਂਕਿ ਇਸ ਨਾਲ ਜਿੱਥੇ ਮਿੱਤਰ ਕੀੜੇ ਨਸ਼ਟ ਹੋ ਜਾਂਦੇ ਹਨ ਉੱਥੇ ਧਰਤੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਭੱਠਿਆਂ, ਥਰਮਲ ਪਲਾਂਟਾਂ ਅਤੇ ਗੈਸ ਪਲਾਂਟਾਂ ਆਦਿ ਵਿਚ ਪਰਾਲੀ ਦੀ ਉਪਯੋਗਤਾ ਤੇ ਚਾਣਨ ਪਾਉਂਦਿਆਂ ਉਨ੍ਹਾਂ ਇਸਨੂੰ ਜ਼ਮੀਨ ਵਿਚ ਵਾਹੁਣ ਦੀ ਸਿਫ਼ਾਰਸ਼ ਕੀਤੀ, ਜਿਸ ਨਾਲ ਧਰਤੀ  ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਮਿਲਦੇ ਹਨ। ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀ ਵਿਗਿਆਨੀਆਂ ਵਲੋਂ ਵਿਕਸਿਤ ਕੀਤੀ ਨਵੀਂ ਖੇਤ ਮਸ਼ੀਨਰੀ ਦੀ ਵਰਤੋਂ ਦੀ ਸਿਫਾਰਸ਼ ਕਰਦਿਆਂ ਉਨ੍ਹਾਂ ਨੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬਾਰੇ ਵੀ ਦੱਸਿਆ। ਪੰਜਾਬ ਵਿਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਹੋ ਰਹੀ ਕਮੀ ਤੇ ਤੱਸਲੀ ਪ੍ਰਗਟ ਕਰਦਿਆਂ ਉਨ੍ਹਾਂ ਇਸਨੂੰ ਸਾਂਝੇ ਉਪਰਾਲਿਆਂ ਨਾਲ ਜ਼ੀਰੋ ਬਰਨਿੰਗ ਤੇ ਲਿਆਉਣ ਲਈ ਕਿਹਾ ਤਾਂ ਜੋ ਜਾਨ ਮਾਲ ਦੀ ਰਾਖੀ ਹੋਣ ਦੇ ਨਾਲ ਨਾਲ ਵਾਤਾਵਰਨ ਦੀ ਸ਼ੁੱਧਤਾ ਵੀ ਕਾਇਮ ਰਹਿ ਸਕੇ।

ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀ.ਏ.ਯੂ. ਨੇ ਡਾ. ਸਵਾਮੀਨਾਥਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਜੀਵਨ ਬਾਰੇ ਸੰਖੇਪ ਝਾਤ ਪੁਆਈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਕਣਕ ਤੋਂ ਬਾਅਦ ਝੋਨਾ ਡਾ. ਸਵਾਮੀਨਾਥਨ ਅਤੇ ਡਾ. ਗੁਰਦੇਵ ਸਿੰਘ ਖੁਸ਼ ਦੇ ਯਤਨਾਂ ਸਦਕਾ ਹੀ ਆਇਆ। ਵੱਧ ਝਾੜ ਅਤੇ ਯਕੀਨਣ ਮੰਡੀਕਰਨ ਕਰਕੇ ਅੱਜ ਪੰਜਾਬ ਵਿਚ ਝੋਨੇ ਦੀ ਕਾਸ਼ਤ ਵੱਧ ਹੋ ਰਹੀ ਹੈ। ਝੋਨੇ ਦੀ ਪਰਾਲੀ ਦੇ ਪ੍ਰਬੰਧਨ ਬਾਰੇ ਖੇਤੀ ਵਿਗਿਆਨੀਆਂ ਵਲੋਂ ਵਿਕਸਿਤ ਕੀਤੀ ਮਸ਼ੀਨਰੀ ਅਤੇ ਤਕਨੀਕਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਲ 2005 ਵਿਚ ਵਿਕਸਿਤ ਹੋਏ ਹੈਪੀ ਸੀਡਰ ਤੋਂ ਲੈ ਕੇ ਹੁਣ ਤੱਕ ਕਈ ਮਸ਼ੀਨਾਂ ਆ ਗਈਆਂ ਹਨ, ਜਿਨ੍ਹਾਂ ਨਾਲ ਅਸੀਂ ਪਰਾਲੀ ਦਾ ਉਚਿਤ ਪ੍ਰਬੰਧਣ ਕਰ ਸਕਦੇ ਹਾਂ। ਸਰਫੇਸ ਸੀਡਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆਂ ਕਿ ਇਸ ਨਾਲ ਕਣਕ ਦੀ ਬਿਜਾਈ ਅਤੇ ਪੁੰਗਾਰ ਜਲਦੀ ਹੁੰਦਾ ਹੈ, ਖਰਚੇ ਅਤੇ ਪਾਣੀ ਦੀ ਬੱਚਤ ਹੋਣ ਦੇ ਨਾਲ ਨਾਲ ਗੁੱਲੀ ਡੰਡੇ ਵਰਗੇ ਨਦੀਨਾਂ ਅਤੇ ਫ਼ਸਲ ਦੇ ਡਿੱਗਣ ਤੋਂ ਰਾਹਤ ਮਿਲਦੀ ਹੈ ਅਤੇ ਤੂੜੀ ਅਤੇ ਝਾੜ ਵੱਧ ਹਾਸਲ ਹੁੰਦਾ ਹੈ। ਜ਼ਮੀਨ ਨੂੰ ਪੋਸ਼ਟਿਕ ਤੱਤਾਂ ਦਾ ਬੈਂਕ ਦੱਸਦਿਆਂ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਅਸੀਂ ਇਸਨੂੰ ਖਾਲੀ ਨਾ ਕਰੀਏ ਕਿਉਂਕਿ ਖਾਦਾਂ ਦਾ ਇਕ ਤਿਹਾਈ ਹਿੱਸਾ ਪਰਾਲੀ ਵਿਚ ਹੁੰਦਾ ਹੈ, ਜੋ ਅੱਗ ਲਗਾਣ ਨਾਲ ਇਸਦੇ ਨਾਲ ਹੀ ਨਸ਼ਟ ਹੋ ਜਾਂਦਾ ਹੈ। ਪਰਾਲੀ ਨੂੰ ਖੇਤ ਵਿਚ ਹੀ ਰੱਖਣ ਦੀ ਸਿਫ਼ਾਰਸ਼ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਭੂਮੀ ਦੀ ਸਿਹਤ ਠੀਕ ਰਹਿੰਦੀ ਹੈ ਉੱਥੇ ਖਾਦਾਂ ਤੇ ਖਰਚੇ ਘੱਟ ਹੁੰਦੇ ਹਨ ਅਤੇ ਵਾਤਾਵਰਨ ਵੀ ਬਚਿਆ ਰਹਿੰਦਾ ਹੈ। ਉਨ੍ਹਾ ਕਿਹਾ ਕਿ ਪੰਜਾਬ ਵਿਚ ਪਰਾਲੀ ਨੂੰ ਅੱਗ ਨਾ ਲਗਾ ਕੇ ਇਸਦਾ ਉਚਿਤ ਪ੍ਰਬੰਧਣ ਕਰਨ ਲਈ ਸਾਨੂੰ ਰਲਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਅਸੀਂ ਜ਼ੀਰੋ ਬਰਨਿੰਗ ਦੇ ਮਿੱਥੇ ਟੀਚੇ ਨੂੰ ਹਾਸਲ ਕਰ ਸਕੀਏ।

ਇਸ ਮੌਕੇ ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੇ ਜੀਵ-ਜੰਤੂਆਂ ਲਈ ਆਕਸੀਜਨ ਦੀ ਮਹੱਤਤਾ ਤੇ ਚਾਣਨਾ ਪਾਉਂਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾ ਕੇ ਅਸੀਂ ਆਕਸੀਜਨ ਖਤਮ ਕਰ ਲੈਂਦੇ ਹਾਂ ਅਤੇ ਕਾਰਬਨ ਮੋਨੋਆਕਸਾਇਡ ਪੈਦਾ ਕਰ ਰਹੇ ਹਾਂ, ਜੋ ਸਮੁੱਚੇ ਜੀਵ-ਜੰਤੂਆਂ ਲਈ ਘਾਤਕ ਸਿੱਧ ਹੁੰਦੀ ਹੈ। ਕੁਦਰਤੀ ਕਰੋਪੀਆਂ ਤੋਂ ਬਚਣ ਲਈ ਪਰਾਲੀ ਨੂੰ ਨਾ ਸਾੜਨ ਦੀ ਤਾਕੀਦ ਕਰਦਿਆਂ ਉਨ੍ਹਾਂ ਇਸਨੂੰ ਸੋਧ ਕੇ ਡੰਗਰਾਂ ਦੇ ਖਾਣ ਲਈ ਵਰਤਣ ਦੀ ਸਿਫਾਰਸ਼ ਕੀਤੀ।

ਇਸ ਮੌਕੇ ਡਾ. ਪਰਵਿੰਦਰ ਸ਼ਿਓਰਾਂ, ਨਿਰਦੇਸ਼ਕ ਅਟਾਰੀ ਜ਼ੋਨ-ੀ ਨੇ ਇਸ ਮਿਲਣੀ ਵਿਚ ਸ਼ਿਰਕਤ ਕਰ ਰਹੇ ਪਤਵੰਤਿਆਂ, ਕਿਸਾਨਾਂ ਅਤੇ ਮਾਹਿਰਾਂ ਦਾ ਨਿੱਘਾ ਜੀ ਆਇਆਂ ਕਰਦਿਆਂ ਆਈ. ਸੀ. ਏ. ਆਰ. ਵਲੋਂ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਸੂਬਿਆਂ ਵਿਚ ਕੇ.ਵੀ.ਕੇ’ਜ਼ ਰਾਹੀਂ ਜਾਣਕਾਰੀ, ਸਿੱਖਿਆ ਅਤੇ ਸੰਚਾਰ ਗਤੀਵਿਧੀਆਂ ਨਾਲ ਫ਼ਸਲਾਂ ਦੀ ਰਹਿੰਦ ਖੂੰਹਦ ਦੇ ਪ੍ਰਬੰਧਣ ਪ੍ਰੋਜੈਕਟ ਉੱਤੇ ਸਾਲ 2023-24 ਦੀ ਯੋਜਨਾਬੰਦੀ ਵੀ ਸਾਂਝੀ ਕੀਤੀ। ਪੰਜਾਬ ਵਿਚ ਜ਼ੀਰੋ ਬਰਨਿੰਗ ਦੇ ਉਦੇਸ਼ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਕੇ.ਵੀ.ਕੇ’ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਪ੍ਰਦਰਸ਼ਨੀਆਂ ਲਗਾਉਣ ਲਈ ਕਿਹਾ ਤਾਂ ਜੋ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਜਾ ਸਕੇ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਨੇ ਰੋਡ ਮੈਪ ਅਤੇ ਫਸਲ ਦੀ ਰਹਿੰਦ ਖੂੰਹਦ ਦੇ ਪ੍ਰਬੰਧਨ ਉੱਤੇ ਰੀਵਿਊ ਵਰਕਸ਼ਾਪ ਦੀ ਈ-ਪਬਲੀਕੇਸ਼ਨ ਵੀ ਰਿਲੀਜ਼ ਜਾਰੀ ਕੀਤੀ।

ਇਸ ਮੌਕੇ ਡਾ. ਆਰ.ਕੇ. ਸਿੰਘ, ਏ ਡੀ ਜੀ, ਆਈ ਸੀ ਏ ਆਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਵਿੱਚ ਪੀ.ਏ.ਯੂ. ਦੇ ਵਿਗਿਆਨੀ ਬਹੁਤ ਵੱਡੀ ਭੂਮਿਕਾ ਨਿਭਾਅ ਰਹੇ ਹਨ ਪਰ ਸਾਨੂੰ ਆਪਣੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਜੇਕਰ ਦੂਜੇ ਰਾਜਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿੱਚ ਕਮੀ ਆ ਰਹੀ ਹੈ ਤਾਂ ਪੰਜਾਬ ਵਿੱਚ ਵੀ ਅਸੀਂ ਜ਼ੀਰੋ ਬਰਨਿੰਗ ਦੇ ਇਸ ਟੀਚੇ ਨੂੰ ਹਾਸਲ ਕਰ ਸਕਦੇ ਹਾਂ। ਭਾਰਤ ਸਰਕਾਰ ਵੱਲੋਂ ਇਸ ਦਿਸ਼ਾ ਵੱਲ ਕੀਤੇ ਜਾ ਰਹੇ ਕਾਰਜਾਂ ਬਾਰੇ ਚਾਨਣ ਪਾਉਂਦਿਆਂ ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਲਈ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ।

ਇਸ ਮੌਕੇ ਡਾ. ਗੁਰਸਾਹਿਬ ਸਿੰਘ ਨੇ ਪਰਾਲੀ ਪ੍ਰਬੰਧਨ ਲਈ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਖੇਤ ਮਸ਼ੀਨਰੀ; ਸੁਪਰ ਸੀਡਰ, ਹੈਪੀ ਸੀਡਰ ਅਤੇ ਸਰਫੇਸ ਸੀਡਰ ਦੇ ਨਾਲ ਨਾਲ ਇਨ ਸਿਟੂ ਅਤੇ ਐਕਸ ਸਿਟੂ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨੇ ਅਪਣੇ ਖੇਤਾ ਵਿਚ ਪਰਾਲੀ ਪ੍ਰਬੰਧਨ ਦੀਆਂ ਤਕਨੀਕਾਂ ਅਤੇ ਵਰਤੀ ਜਾ ਰਹੀ ਖੇਤ ਮਸ਼ੀਨਰੀ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਬਾਹਰਲੇ ਸੂਬਿਆਂ ਦੇ ਖੇਤੀ ਮਾਹਿਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਧੰਨਵਾਦ ਦੇ ਸ਼ਬਦ ਕਹੇ। ਮੰਚ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ। ਇਸ ਮੌਕੇ ਪਰਾਲੀ ਪ੍ਰਬੰਧਨ ਉੱਤੇ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਖੇਤ ਮਸ਼ੀਨਰੀ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਕੇ.ਵੀ.ਕੇ. ਵੱਲੋਂ ਵੀ ਨੁਮਾਇੰਸ਼ਾਂ ਲਗਾਈਆਂ ਗਈਆਂ।

ਆਰੀਆ ਕਾਲਜ  ਵੱਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਲੈਕਚਰ ਕਰਵਾਇਆ ਗਿਆ 

ਲੁਧਿਆਣਾ, 28 ਸਤੰਬਰ (ਟੀ. ਕੇ.)  ਆਰੀਆ ਕਾਲਜ ਗਰਲਜ਼ ਸੈਕਸ਼ਨ ਦੀ ਐਨਐਸਐਸ ਯੂਨਿਟ ਵੱਲੋਂ ਸਰਕਾਰੀ ਸੈਕੰਡਰੀ ਸਕੂਲ ਚੂਹੜਪੁਰ ਵਿਖੇ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਪਿੰਡ ਦੀਆਂ ਵਿਦਿਆਰਥਣਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਬਾਰੇ ਜਾਗਰੂਕ ਕਰਨ ਲਈ ਲੈਕਚਰ ਦਿੱਤਾ ਗਿਆ।  ਇਸ ਮੌਕੇ ਡਾ: ਰਜਨੀ ਬਾਲਾ, ਇੰਚਾਰਜ ਐਨ.ਐਸ.ਐਸ. ਨੇ "ਸਵੱਛਤਾ ਮਹੱਤਵਪੂਰਨ ਕਿਉਂ ਹੈ" ਵਿਸ਼ੇ 'ਤੇ ਪ੍ਰੇਰਕ ਲੈਕਚਰ ਦੇ ਨਾਲ-ਨਾਲ ਸਵੱਛ ਭਾਰਤ, ਸਵੱਛ ਸਰੀਰ, ਸਵੱਛ ਮਨ ਅਤੇ ਸਵੱਛ ਵਾਤਾਵਰਨ ਦੇ ਸੰਦੇਸ਼ ਨੂੰ ਫੈਲਾਉਣ ਲਈ ਪੋਸਟਰ ਵੀ ਪੇਸ਼ ਕੀਤੇ।  ਐਨ. ਐਸ. ਐਸ. ਯੂਨਿਟ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਾ: ਐਸ.ਐਮ.  ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਅਤੇ ਪ੍ਰਿੰਸੀਪਲ ਡਾ.ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਸਿਹਤਮੰਦ ਜੀਵਨ ਲਈ ਸਫ਼ਾਈ ਜ਼ਰੂਰੀ ਹੈ।  ਇਸ ਲਈ ਹਰ ਨਾਗਰਿਕ ਨੂੰ ਸਾਫ਼ ਸੁਥਰਾ ਵਾਤਾਵਰਨ ਸਿਰਜਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।  ਇੰਚਾਰਜ ਡਾ. ਮਮਤਾ ਕੋਹਲੀ ਨੇ ਐਨ. ਐਸ. ਐਸ. ਯੂਨਿਟ ਨੂੰ 'ਸਵੱਛਤਾ ਹੀ ਸੇਵਾ' ਮਿਸ਼ਨ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਅਤੇ ਸਮਰਪਣ ਲਈ ਵਧਾਈ ਦਿੱਤੀ।

ਨੂਰੀ ਜਾਮਾ ਮਸਜਿਦ ਦਾਖਾ ਵਿਖੇ ਕਰਵਾਇਆ ਜਲਸਾ, ਸ਼ਹਿਰ ਅੰਦਰ ਕੱਢਿਆ ਜਲੂਸ 

ਮੁਸਲਿਮ ਭਾਈਚਾਰੇ ਵੱਲੋਂ ਆਪਣੇ ਰਹਿਬਰ ਨਬੀ ਪੈਗੰਬਰ ਮੁਹੰਮਦ ਸਾਹਿਬ ਦਾ ਜਨਮ ਦਿਨ ਬੜੇ ਹੀ ਹਰਸ਼ੋ-ਹਲਾਸ਼ ਨਾਲ ਮਨਾਇਆ
ਮੁੱਲਾਂਪੁਰ ਦਾਖਾ, 28 ਸਤੰਬਰ  (ਸਤਵਿੰਦਰ ਸਿੰਘ ਗਿੱਲ)
ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਆਪਣੇ ਨਬੀ ਪੈਗੰਬਰ ਮੁਹੰਮਦ ਸਾਹਿਬ ਦਾ ਜਨਮ ਦਿਨ ਸੁੰਨੀ ਨੂਰੀ ਜਾਮਾ ਮਸਜਿਦ ਮੁੱਲਾਂਪੁਰ ਦਾਖਾ ਵਿਖੇ ਬੜੇ ਹੀ ਹਰਸ਼ੋ-ਹਲਾਸ਼ ਨਾਲ ਮਨਾਇਆ ਗਿਆ ਤੇ ਸ਼ਹਿਰ ਅੰਦਰ ਢੋਲ-ਢਮੱਕਿਆ ਨਾਲ ਜਲੂਸ ਕੱਢਿਆ ਤੇ ਮਸਜਿਦ ਵਿਖੇ ਵੱਡਾ ਜਲਸਾ ਕੀਤਾ ਗਿਆ, ਜਿਸ ਵਿੱਚ ਇਲਾਕੇ ਭਰ ਦੇ ਲੋਕਾਂ ਨੇ ਸਮੂਲੀਅਤ ਕਰਕੇ ਵੱਡਾ ਇਕੱਠ ਕੀਤਾ।  ਆਵਾਮ ਨੂੰ ਪੈਗੰਬਰ ਮੁਹੰਮਦ ਦਾ ਪੈਗਾਮ ਦੇਣ ਲਈ ਬਿਹਾਰ ਦੇ ਪੂਰਨੀਆਂ ਸ਼ਹਿਰ ਤੋਂ ਵਿਸ਼ੇਸ਼ ਤੌਰ ’ਤੇ ਮੌਲਵੀ ਤੇ ਮੁਸਲਿਮ ਭਾਈਚਾਰੇ ਦੇ ਪ੍ਰਚਾਰਕ ਮੁਫਤੀ ਸ਼ਹਰੇਯਾਦ ਸ਼ਿਰਕਤ ਕੀਤੀ।
           ਇਸ ਮੌਕੇ ਮੁਫਤੀ ਸ਼ਹਰੇਯਾਦ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਪੈਗੰਬਰ ਮੁਹੰਮਦ ਸਾਹਿਬ ਜੀ ਖਲਕਤ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣ ਲਈ ਆਏ ਸਨ।  ਪੈਗੰਬਰ ਦੇ ਹੁਕਮ ਅਨੁਸਾਰ ਉਹ ਸੱਚਾ ਮੁਸਲਮਾਨ ਹੈ ਜੋ ਜਰਦਾ, ਖੈਨੀ, ਗੁਟਕਾ, ਕੂਲਅੱਪ, ਪਰਾਇਆ ਹੱਕ ਨਾ ਖਾਵੇ ਤੇ ਨਾ ਹੀ ਉਹ ਝੂਠ, ਫਰੇਬ, ਕੁਫਰ ਤੋਲੇ। ਅੱਲਾ ਤਾਲਾ ਨੇ ਆਪਾ ਸਭ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਇਆ ਹੈ। ਬਿਨ੍ਹਾ ਕਿਸੇ ਡਰ, ਭੈਅ ਦੇ ਦੋ ਵਕਤ ਦੀ ਨਿਮਾਜ਼ ਅਦਾ ਕਰਦੇ ਰਹੋਂ। ਜੋ ਇਨਸਾਨ ਕਿਸੇ ਦੇ ਧਰਮ ਵਿੱਚ ਰੁਕਾਵਟ ਪੈਦਾ ਕਰਦਾ ਹੈ, ਉਸ ਦਾ ਵਿਨਾਸ਼ ਇੱਕ ਦਿਨ ਜਰੂਰ ਹੁੰਦਾ ਹੈ, ਉਹ ਪੱਕੇ ਹਿੰਦੁਸਤਾਨੀ ਹਨ ਇਸ ਦੀ ਸਰ-ਜਮੀਂ ਤੇ ਉਹ ਪੈਦਾ ਹੋਏ ਤੇ ਇਸ ਵਿੱਚ ਵੀ ਦਫਨ ਹੋਣਗੇ। ਫਿਰ ਉਨ੍ਹਾਂ (ਮੁਸਲਿਮ ਭਾਈਚਾਰੇ) ਤੋਂ ਕੌਣ ਦੇਸ਼ ਲਈ ਵਫਾਦਾਰ ਹੋਇਆ। ਜੋ ਕਹਿ ਰਹੇ ਨੇ ਹਿੰਦੁਸਤਾਨ ਸਾਡਾ ਹੈ। ਉਹ ਤਾਂ ਆਪਣੇ ਪੀਰ ਪੈਗੰਬਰਾਂ ਵੱਲੋਂ ਦਿੱਤੇ ਸਿਧਾਂਤ ’ਤੇ ਪਹਿਰਾ ਦੇ ਰਹੇ ਹਨ।
              ਇਸ ਮੌਕੇ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਸੁੰਨੀ ਨੂਰੀ ਜਾਮਾਂ ਮਸਜਿਦ ਮੁੱਲਾਂਪੁਰ ਦਾਖਾ ਦੇ ਮੌਲਵੀ ਇਮਾਮ ਮੁਹੰਮਦ ਮੋਤੀਉਰ ਰਹਿਮਾਨ ਨੇ ਕਿਹਾ ਕਿ ਲੋੜਵੰਦਾ ਦੀ ਸਹਾਇਤਾ ਹੀ ਮੁਹੰਮਦ ਸਾਹਿਬ ਦਾ ਸੁਨੇਹਾ ਰਿਹਾ, ਉਨ੍ਹਾਂ ਨੇ ਸੰਸਾਰ ਤਿਆਗੀ ਪੀਰਾਂ, ਫਕੀਰਾਂ ਅਤੇ ਰੱਬ ਦੀ ਇਬਾਦਤ ਕਰਨ ਵਾਲੇ ਲੋਕਾਂ ਨੂੰ ਆਪਾ ਸਮਰਪਿਤ ਕੀਤਾ।  ਉਨ੍ਹਾਂ ਨੇ ਕਿਹਾ ਕਿ ਇਸਲਾਮ ਧਰਮ ਦੇ ਆਖਰੀ ਪੈਗ਼ੰਬਰ ਮੁਹੰਮਦ ਸਾਹਿਬ ਨੇ ਲੋੜਵੰਦਾਂ ਦੀ ਸੇਵਾ ਦੇ ਨਾਲ ਇਸਲਾਮ ਧਰਮ ਦੇ ਪ੍ਰਚਾਰ-ਪਸਾਰ ਅਤੇ ਬੰਦਗੀ ਨੂੰ ਪਹਿਲ ਦਿੱਤੀ। ਪੈਗੰਬਰ ਦੇ ਜਨਮ ਦਿਨ ਮੌਕੇ ਸ਼ਹਿਰ ਅੰਦਰ ਕੱਢੇ ਜਲੂਸ ਤੇ ਕਰਵਾਏ ਜਲਸੇ ਨੂੰ ਲੈ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਚਿਹਰਿਆਂ ’ਤੇ ਵੱਖਰਾ ਹੀ ਜਲੌਅ ਦੇਖਣ ਵਾਲਾ ਸੀ। ਬੜੀ ਹੀ ਉਤਸ਼ਾਹ ਨਾਲ ਉਹ ਉੱਚੀ ਉੱਚੀ ਨਾਅਰੇ ਲਗਾ ਰਹੇ ਸਨ।
           ਇਸ ਮੌਕੇ ਮੁਹੰਮਦ ਖੇਰੂ, ਮੁਹੰਮਦ ਯਾਕਿਰ, ਮੁਹੰਮਦ ਅਬੀਦ, ਮੁਹੰਮਦ ਹਫ਼ੀਫ, ਮੁਹੰਮਦ ਯਾਸੀਨ, ਇਸਮਾਇਲ, ਮੁਹੰਮਦ ਕੇਸਰ, ਮੁਹੰਮਦ ਅਲੀ, ਮੁਹੰਮਦ ਇਸਲਾਮ, ਮੁਹੰਮਦ ਹਸਮੁਖ ਸਮੇਤ ਹੋਰਨਾਂ ਵੱਡਾ ਸਹਿਯੋਗ ਦਿੰਦਿਆਂ ਆਪਣੇ ਪੈਗੰਬਰ ਨੂੰ ਸਿਜਦਾ ਕੀਤਾ।

ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ ਵਲੋੰ ਪੈਨਸ਼ਨ ਸੰਖਨਾਦ ਮਹਾਂਰੈਲੀ ਨੂੰ ਪੂਰਨ ਸਮਰਥਨ ਐਲਾਨ 

ਲੁਧਿਆਣਾ, 28 ਸਤੰਬਰ (ਟੀ. ਕੇ.) ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਲੁਧਿਆਣਾ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ  ਇੰਜ:ਦਿਲਪ੍ਰੀਤ ਸਿੰਘ ਲੋਹਟ, ਦੀ ਅਗਵਾਈ ਵਿਚ ਹੇਠ ਹੋਈ।  ਮੀਟਿੰਗ ਦੌਰਾਨ ਜੂਨੀਅਰ ਇੰਜੀਨੀਅਰਜ਼/ਸਹਾਇਕ ਇੰਜੀਨੀਅਰਜ਼ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਜਥੇਬੰਦੀ ਵਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਫੈਸਲਾ ਕੀਤਾ ਗਿਆ ਕਿ ਡਿਪਲੋਮਾ ਇੰਜੀਨੀਅਰਜ ਐਸੋਸੀਏਸ਼ਨ ਵਲੋਂ ਸੁੂਬਾਈ ਪੱਧਰ  'ਤੇ ਰਾਮ ਲੀਲਾ ਮੈਦਾਨ,ਨਵੀਂ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਸਕੀਮ ਨੁੰ ਬਹਾਲ ਕਰਵਾਉਣ ਲਈ ਹੋ ਰਹੀ ਪੈਨਸ਼ਨ ਸੰਖਨਾਦ ਮਹਾਂਰੈਲੀ ਵਿਚ ਸਾਰੇ ਸਰਕਲਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੌਕੇ ਮੀਟਿੰਗ ਵਿਚ ਇੰਜ:ਕੁਲਬੀਰ ਸਿੰਘ ਬੈਨੀਪਾਲ,ਸੂਬਾ ਪ੍ਰੈੱਸ ਸਕੱਤਰ, ਜਨਰਲ ਸਕੱਤਰ, ਲੁਧਿਆਣਾ, ਇੰਜ:ਮੋਹਨ ਸਿੰਘ ਸਹੋਤਾ, ਇਜੰ:ਰੁਪਿੰਦਰ ਸਿੰਘ ਜੱਸੜ,ਸੂਬਾ ਵਿੱਤ ਸਕੱਤਰ ਤੋਂ ਇਲਾਵਾ ਇੰਜ:ਅਨਿਲ ਮਿਨਹਾਸ, ਇੰਜ:ਅਮਨਜੀਤ ਸਿੰਘ ਸੱਗੁੂ,  ਇੰਜ:ਰਾਜ ਕੁਮਾਰ, ਇੰਜ:ਰਾਜੇਸ਼ ਕੁਮਾਰ,  ਇੰਜ:ਗੁਰਜੀਤ ਸਿੰਘ ਮਾਛੀਵਾੜਾ,ਇੰਜ:ਰਾਜਿੰਦਰ ਕੁਮਾਰ ਪਾਠਕ,  ਇੰਜ:ਕੁਲਵਿੰਦਰ ਸਿੰਘ, ਇੰਜ:ਜਸਬੀਰ ਸਿੰਘ, ਇੰਜ:ਗੁਰਸੇਵਕ ਸਿੰਘ, ਇੰਜ:ਅਮਰਦੀਪ ਸਿਘ, ਇੰਜ:ਸੰਦੀਪ ਸਿੰਘ, ਇੰਜ:ਜਗਬੀਰ ਸਿੰਘ, ਇੰਜ:ਜਪਨੀਤ ਸਿੰਘ, ਇੰਜ:ਗੁਰਪ੍ਰੀਤ ਸਿੰਘ, ਸੁਖਵੀਰ ਸਿੰਘ, ਇੰਜ.ਪਵਨ ਕੁਮਾਰ,ਇੰਜ:ਬਲਪ੍ਰੀਤ ਸਿੰਘ ਅਤੇ ਸ੍ਰੀ ਅਮਿਤ ਅਰੋੜਾ,ਸੂਬਾ ਪ੍ਰਧਾਨ ਮਨਿਸਟਰੀਅਲ ਸਟਾਫ ਪੰਜਾਬ ਅਤੇ ਸੰਦੀਪ ਭੰਬਕ ਜਿਲ੍ਹਾ ਪ੍ਰਧਾਨ  ਇੰਪਲਾਈਜ਼ ਯੂਨੀਅਨ  ਸ਼ਾਮਲ ਹੋਏ।

ਵੱਖ ਵੱਖ ਤਕਨੀਕਾਂ ਦਾ ਆਦਾਨ-ਪ੍ਰਦਾਨ ਕਰਨ ਲਈ ਵੈਟਨਰੀ ਯੂਨੀਵਰਸਿਟੀ ਵਲੋਂ ਐਗਰੀਨੋਵੈਟ ਇੰਡੀਆ ਲਿਮ. ਨਾਲ ਸਮਝੌਤਾ

ਲੁਧਿਆਣਾ 28 ਸਤੰਬਰ (ਟੀ. ਕੇ.) ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਐਗਰੀਨੋਵੈਟ ਇੰਡੀਆ ਲਿਮ. ਨਵੀਂ ਦਿੱਲੀ ਨਾਲ ਇਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। ਇਸ ਅਨੁਸਾਰ ਦੋਨੋਂ ਸੰਸਥਾਵਾਂ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਤਕਨਾਲੋਜੀਆਂ ਦੇ ਤਬਾਦਲੇ ਅਤੇ ਉਸਦੇ ਵਪਾਰੀਕਰਨ ਵਾਸਤੇ ਸਮੂਹਿਕ ਯਤਨ ਕਰਨਗੇ। ਇਸ ਸਮਝੌਤਾ ਪੱਤਰ ’ਤੇ ਯੂਨੀਵਰਸਿਟੀ ਵੱਲੋਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਐਗਰੀਨੋਵੈਟ ਇੰਡੀਆ ਵੱਲੋਂ ਮੁੱਖ ਕਾਰਜਕਾਰੀ ਅਧਿਕਾਰੀ ਡਾ. ਪ੍ਰਵੀਨ ਮਲਿਕ ਨੇ ਹਸਤਾਖ਼ਰ ਕੀਤੇ। ਇਹ ਸਮਝੌਤਾ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ, ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ, ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ, ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਅਤੇ ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਦੌਰਾਨ ਹੋਇਆ। ਡਾ. ਪ੍ਰਵੀਨ ਮਲਿਕ ਨੇ ਇਨ੍ਹਾਂ ਤਕਨਾਲੋਜੀਆਂ ਦਾ ਵਪਾਰੀਕਰਨ ਕਰਨ ਸੰਬੰਧੀ ਵੇਰਵਾ ਸਾਂਝਾ ਕੀਤਾ। ਵੈਟਨਰੀ ਯੂਨੀਵਰਸਿਟੀ ਨੇ ਤਿਆਰ ਕੀਤੀਆਂ ਗਈਆਂ ਵਿਭਿੰਨ ਤਕਨਾਲੋਜੀਆਂ, ਉਨ੍ਹਾਂ ਦੀ ਮਹੱਤਤਾ ਅਤੇ ਕਾਰੋਬਾਰ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕੀਤੀ।
    ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਤਕਨਾਲੋਜੀ ਤਬਾਦਲੇ ਨਾਲ ਅਸੀਂ ਪਸ਼ੂ ਵਿਗਿਆਨ ਵਿਚ ਕਈ ਮਹੱਤਵਪੂਰਨ ਤਬਦੀਲੀਆਂ ਲਿਆ ਸਕਦੇ ਹਾਂ। ਪ੍ਰਯੋਗਸ਼ਾਲਾ ਤੋਂ ਆਮ ਲੋਕਾਂ ਤਕ ਪਹੁੰਚਾਉਣ ਲਈ ਇਨ੍ਹਾਂ ਤਕਨਾਲੋਜੀਆਂ ਦੇ ਵਪਾਰੀਕਰਨ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਾਭ ਆਮ ਆਦਮੀ ਤਕ ਪਹੁੰਚਣ ਨਾਲ ਸਮਾਜ ਨੂੰ ਬਹੁਤ ਫਾਇਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੁਵੱਲੀ ਸਾਂਝ ਨਾਲ ਜਿਥੇ ਯੂਨੀਵਰਸਿਟੀ ਆਪਣੀ ਖੋਜ ਨੂੰ ਹੋਰ ਬਿਹਤਰ ਕਰੇਗੀ ਉਥੇ ਉਦਯੋਗਾਂ ਤਕ ਵੀ ਇਨ੍ਹਾਂ ਤਕਨਾਲੋਜੀਆਂ ਦੀ ਪਹੁੰਚ ਆਸਾਨ ਹੋਵੇਗੀ।

ਆਨੰਦ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪੀ. ਏ. ਯੂ ਦਾ ਦੌਰਾ 

ਲੁਧਿਆਣਾ 28 ਸਤੰਬਰ(ਟੀ. ਕੇ) ਬੀਤੇ ਦਿਨੀਂ ਆਨੰਦ ਖੇਤੀਬਾੜੀ ਯੂਨੀਵਰਸਿਟੀ ਦੇ 39 ਪੀ ਜੀ ਵਿਦਿਆਰਥੀਆਂ ਨੇ ਇਕ ਅਕਾਦਮਿਕ ਯਾਤਰਾ ਵਜੋਂ ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਦਾ ਦੌਰਾ ਕੀਤਾ| ਇਹ ਦੌਰਾ ਨਾਹੇਪ-ਕਾਸਟ ਪ੍ਰੋਜੈਕਟ ਤਹਿਤ ਕੀਤਾ ਗਿਆ| ਸਕੂਲ ਦੇ ਡਾਇਰੈਕਟਰ ਡਾ. ਰਮਨਦੀਪ ਸਿੰਘ ਨੇ ਦੌਰਾ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਨਿਗਰਾਨ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਅਜੋਕੇ ਯੁੱਗ ਵਿਚ ਖੇਤੀ ਕਾਰੋਬਾਰੀ ਸਿਖਲਾਈ ਦੇ ਨਾਲ-ਨਾਲ ਅਜਿਹੀਆਂ ਵਿਦਿਅਕ ਯਾਤਰਾਵਾਂ ਦੀ ਮਹੱਤਤਾ ਉੱਪਰ ਜ਼ੋਰ ਦਿੱਤਾ|

 ਡਾ. ਰਮਨਦੀਪ ਨੇ ਖੇਤੀ ਉੱਦਮ ਬਾਰੇ ਗੱਲ ਕਰਦਿਆਂ ਇੱਕ ਮਾਹਿਰ ਵਜੋਂ ਆਪਣੇ ਅਨੁਭਵ ਸਾਂਝੇ ਕੀਤੇ| ਉਹਨਾਂ ਕਿਹਾ ਕਿ ਖੇਤੀ ਉੱਦਮ ਹੀ ਕਾਰੋਬਾਰ ਦਾ ਰਾਹ ਪੱਧਰਾ ਕਰਦਾ ਹੈ| ਨਾਲ ਹੀ ਉਹਨਾਂ ਨੇ ਸਵੈ-ਰੁਜ਼ਗਾਰ ਦੇ ਮੌਕਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ| ਡਾ. ਰਮਨਦੀਪ ਨੇ ਕਿਹਾ ਕਿ ਬੇਰੁਜ਼ਗਾਰੀ ਨੂੰ ਨੱਥ ਪਾਉਣ ਲਈ ਸਵੈ-ਰੁਜ਼ਗਾਰ ਅਤੇ ਨਵੇਂ ਕਾਰੋਬਾਰੀ ਵਿਚਾਰ ਸਾਹਮਣੇ ਆਉਣੇ ਜ਼ਰੂਰੀ ਹਨ| ਉਹਨਾਂ ਨੇ ਵਿਦਿਆਰਥੀਆਂ ਨੂੰ ਨਵੀਆਂ ਚੀਜ਼ਾਂ ਸਿੱਖਣ ਅਤੇ ਸਿਰਜਣਾਤਮਕ ਢੰਗ ਨਾਲ ਉਹਨਾਂ ਨੂੰ ਲਾਗੂ ਕਰਨ ਤੇ ਜ਼ੋਰ ਦਿੱਤਾ| ਡਾ. ਰਮਨਦੀਪ ਨੇ ਕਿਹਾ ਕਿ ਮੁਨਾਫ਼ਾ ਕਮਾਉਣਾ ਸਰਵੋਤਮ ਨਹੀਂ ਬਲਕਿ ਕਾਰੋਬਾਰ ਦਾ ਲਾਭ ਸਮਾਜ ਨੂੰ ਦੇਣਾ ਸਭ ਤੋਂ ਅਹਿਮ ਹੈ| ਇਸ ਸੰਬੰਧ ਵਿਚ ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਖੇਤੀ ਖੇਤਰ ਵਿਚ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਕਾਰੋਬਾਰ ਨਾਲ ਜੋੜਨ ਦੀਆਂ ਘਟਨਾਵਾਂ ਸਾਂਝੀਆਂ ਕੀਤੀਆਂ| ਡਾ. ਰਮਨਦੀਪ ਨੇ ਕਿਹਾ ਕਿ ਬਿਨਾਂ ਸੰਕੋਚ ਤੋਂ ਆਪਣੇ ਕੰਮ ਨਾਲ ਜੁੜਨਾ ਅਤੇ ਸ਼ੋਸ਼ਲ ਮੀਡੀਆ ਨੂੰ ਇਕ ਸੰਭਾਵਨਾ ਵਜੋਂ ਵਰਤਣਾ ਬੇਹੱਦ ਕਾਰਗਰ ਸਿੱਧ ਹੋ ਸਕਦਾ ਹੈ|

 ਆਨੰਦ ਯੂਨੀਵਰਸਿਟੀ ਦੇ ਓਪਰੇਸ਼ਨ ਮੈਨੇਜਮੈਂਟ ਦੇ ਮੁਖੀ ਡਾ. ਸ਼ਕਤੀਰੰਜਨ ਪਾਣੀਗ੍ਰਹੀ ਦੇ ਵਿਦਿਆਰਥੀਆਂ ਨੂੰ ਸਵਾਲ-ਜਵਾਬ ਸ਼ੈਸਨ ਰਾਹੀਂ ਉਤਸ਼ਾਹਤ ਕੀਤਾ|

 ਬਿਜ਼ਨਸ ਸਟੱਡੀਜ਼ ਸਕੂਲ ਦੇ ਪ੍ਰੋਫੈਸਰ ਡਾ. ਗਗਨਦੀਪ ਬਾਂਗਾ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਅਜੋਕੇ ਸਮੇਂ ਵਿਚ ਖੇਤੀ ਕਾਰੋਬਾਰ ਦੀ ਮਹੱਤਤਾ ਨੂੰ ਉਜਾਗਰ ਕੀਤਾ| ਉਹਨਾਂ ਨੇ ਬਿਹਤਰ ਯੋਜਨਾਬੰਦੀ ਰਾਹੀਂ ਮਿਥੇ ਹੋਏ ਨਿਸ਼ਾਨਿਆਂ ਤੱਕ ਪਹੁੰਚਣ ਲਈ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਕਿਹਾ|

ਵਿਧਾਇਕ ਬੱਗਾ ਵਲੋਂ ਸਿਲਵਰ ਕੁੰਜ ਕਲੋਨੀ 'ਚ ਸੜ੍ਹਕਾਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ

ਲੁਧਿਆਣਾ, 28 ਸਤੰਬਰ (ਟੀ. ਕੇ. ) - ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਵਾਰਡ ਨੰਬਰ 1 ਅਧੀਨ ਸਿਲਵਰ ਕੁੰਜ ਕਲੋਨੀ ਵਿਖੇ ਵੱਖ-ਵੱਖ ਸੜ੍ਹਕਾਂ ਦੇ ਨਿਰਮਾਣ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸਮੁੱਚੀ ਆਮ ਆਦਮੀ ਪਾਰਟੀ ਦੀ ਯੁਵਾ ਟੀਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ।
ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕਰੀਬ 76.25 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਸੜ੍ਹਕਾਂ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਦੀ ਇਹ ਕਲੋਨੀ ਵਿਕਸਤ ਹੋਈ ਹੈ ਉਦੋਂ ਤੋਂ ਹੁਣ ਤੱਕ ਇੱਥੇ ਕਿਸੇ ਵੀ ਸੜਕ ਦੀ ਉਸੀਰੀ ਨਹੀਂ ਹੋ ਸਕੀ। ਹੁਣ ਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਪੂਰੀ ਹੋਈ ਹੈ ਅਤੇ ਸੜਕਾਂ ਦੇ ਨਿਰਮਾਣ ਨਾਲ ਵਸਨੀਕਾਂ ਅਤੇ ਰਾਹਗੀਰਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦਾ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਚੁੱਕਿਆ ਝੰਡਾ

ਬਲਾਕ ਸੁਧਾਰ ਨਾਲ ਸੰਬੰਧਤ ਇਕਬਾਲ ਸਿੰਘ ਕਾਲਾ ਹੇਰਾਂ ਨੌਜਵਾਨਾਂ ਸਮੇਤ ਹੋਏ ਸ਼ਾਮਿਲ
     ਸੁਧਾਰ, 28 ਸਤੰਬਰ (ਗੁਰਕਿਰਤ ਜਗਰਾਓਂ/ ਮਨਜਿੰਦਰ ਗਿੱਲ)
ਭਾਰਤੀ ਕਿਸਾਨ ਯੂਨੀਅਨ (ਡਕੌੰਦਾ) ਵੱਲੋਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਬਲਾਕ ਸੁਧਾਰ ਹੇਠ ਆਉਂਦੇ ਪਿੰਡ ਹੇਰਾਂ ਦੇ ਅਰਾਮ ਬਾਗ ਵਿੱਚ ਵੱਡੀ ਗਿਣਤੀ ਨੌਜਵਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਮਾਸਟਰ ਮਹਿੰਦਰ ਸਿੰਘ ਕਮਾਲਪੁਰਾ,ਜ਼ਿਲ੍ਹਾ ਪ੍ਰੈਸ ਸਕੱਤਰ ਹਰਬਖਸ਼ੀਸ ਸਿੰਘ ਰਾਏ ਚੱਕ ਭਾਈ ਕਾ,ਵਿੱਤ ਸਕੱਤਰ ਸਤਿਬੀਰ ਸਿੰਘ ਬੋਪਾਰਾਏ ਖੁਰਦ,ਬਲਾਕ ਸੁਧਾਰ ਦੇ ਪ੍ਰਧਾਨ ਡਾ. ਜਗਤਾਰ ਸਿੰਘ ਐਤੀਆਣਾ,ਸੀਨੀਅਰ ਆਗੂ ਅਮਨਦੀਪ ਸਿੰਘ ਪੰਚ ਹੇਰਾਂ,ਪ੍ਰਧਾਨ ਮਨਦੀਪ ਸਿੰਘ ਬੜੈਚ ਅਤੇ ਪ੍ਰਧਾਨ ਕੁਲਵੰਤ ਸਿੰਘ ਹੇਰਾਂ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਲਗਾਤਾਰ ਸ਼ਾਨਾਮਈ ਇਤਿਹਾਸ ਰੱਚਦੀ ਹੋਈ ਜਿੱਤਾਂ ਦਰਜ ਕਰਵਾ ਰਹੀਂ ਹੈ ਉਹ ਭਾਵੇਂ ਇੱਕ ਵਿਧਵਾ ਔਰਤ ਦਾ ਘਰ ਢਾਹੇ ਦਾ ਇਨਸਾਫ ਲੈਣ, ਕੇਨਰਾ ਬੈਂਕ ਦੇ ਮੈਨੇਜਰ ਵੱਲੋਂ ਧੋਖੇ ਨਾਲ ਕਿਸਾਨ ਦੇ ਖਾਤੇ ਵਿੱਚੋਂ ਪੈਸੇ ਖੁਰਦ ਬੁਰਦ ਕਰਨ ਤੇ ਦੁਬਾਰਾ ਪੈਸੇ ਵਾਪਸ ਕਰਵਾਉਣ ਜਾਂ ਟੁੱਟੀਆਂ ਸੜਕਾਂ ਦਾ ਮੋਰਚਾ ਜਿੱਤਣ ਦੀਆ ਪ੍ਰਾਪਤੀਆਂ ਨਾਲ ਸੰਬੰਧਤ ਸੰਘਰਸ਼ ਜਿੱਤੇ ਹਨ। ਇਸ ਸਮੇਂ ਉਹਨਾਂ ਪਿੰਡ ਹੇਰਾਂ ਦੇ ਨੌਜਵਾਨ ਆਗੂ ਇਕਬਾਲ ਸਿੰਘ ਕਾਲਾ ਹੇਰਾਂ ਦੀ ਅਗਵਾਈ ਹੇਠ ਜਥੇਬੰਦੀ ਨਾਲ ਨਵੇਂ ਜੁੜੇ ਨੌਜਵਾਨਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਨੌਜਵਾਨ ਜਥੇਬੰਦੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਜਿਸ ਨਾਲ ਜਥੇਬੰਦੀ ਨੂੰ ਹੋਰ ਵੱਡੀ ਮਜਬੂਤੀ ਮਿਲੀ ਹੈ। ਇਸ ਸਮੇਂ ਹਾਜ਼ਰ ਨੌਜਵਾਨਾਂ ਨੇ ਆਗੂਆਂ ਨੂੰ ਨਾਅਰੇ ਅਤੇ ਜੈਕਾਰੇ ਲਗਾ ਕਿ ਵਿਸ਼ਵਾਸ ਦਿੱਤਾ ਕਿ ਹੋਰਨਾਂ ਪਿੰਡਾਂ ਵਿੱਚ ਵੀਂ ਨੌਜਵਾਨੀਂ ਨੂੰ ਵੱਡੀ ਗਿਣਤੀ ਵਿੱਚ ਜਥੇਬੰਦਕ ਕਰਕੇ ਭਾਕਿਯੂ (ਡਕੌੰਦਾ) ਨੂੰ ਹੋਰ ਬਲ ਦਿੱਤਾ ਜਾਵੇਗਾ। ਇਸ ਸਮੇਂ ਇਕਬਾਲ ਸਿੰਘ ਕਾਲਾ ਹੇਰਾਂ ਦੀ ਅਗਵਾਈ ਹੇਠ ਬਲਵਿੰਦਰ ਸਿੰਘ ਹੇਰਾਂ,ਜਤਿੰਦਰ ਸਿੰਘ ਸੁਧਾਰ,ਗੁਰਦੀਪ ਸਿੰਘ ਬੁਰਜ ਲਿੱਟਾਂ,ਗੁਰਜੋਤ ਸਿੰਘ, ਸਿਮਰਨਜੀਤ ਸਿੰਘ ਐਤੀਆਣਾ,ਪਰਮਵੀਰ ਸਿੰਘ ਸੁਧਾਰ,ਤੇਜਿੰਦਰ ਸਿੰਘ ਘੁਮਾਣ, ਗੁਰਵਿੰਦਰ ਸਿੰਘ, ਸੁਖਜੀਵਨ ਸਿੰਘ ਬੜੈਚ,ਬਲਵੀਰ ਸਿੰਘ ਹੇਰਾਂ,ਜਸਪ੍ਰੀਤ ਸਿੰਘ ਰੂੰਮੀ,ਮਨਦੀਪ ਸਿੰਘ ਰੂੰਮੀ, ਕਾਲਾ ਸੂਜਾਪੁਰ,ਦਵਿੰਦਰ ਸਿੰਘ ਹਾਂਸ,ਰਾਜੂ ਸਹੌਲੀ,ਸੋਨੀ ਸੂਜਾਪੁਰ,ਸੁਖਦੇਵ ਸਿੰਘ ਐਤੀਆਣਾ,ਮਾਸਟਰ ਦਰਸ਼ਨ ਸਿੰਘ ਰਾਜੋਆਣਾ ਖੁਰਦ,ਸੁਖਦੇਵ ਸਿੰਘ ਆਦਿ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।