ਜਵੱਦੀ ਟਕਸਾਲ ਦੇ ਬਾਨੀ ਸੰਤ ਬਾਬਾ ਸੁੱਚਾ ਸਿੰਘ ਦੇ 75 ਵੇਂ ਜਨਮ ਦਿਹਾੜੇ ਤੇ ਗੁਰਮਤਿ ਸਮਾਗਮ ਹੋਏ

ਸੰਤ ਬਾਬਾ ਸੁੱਚਾ ਸਿੰਘ ਵਰਗੀ ਚੰਦਨ ਰੂਹ ਦੀ ਸੰਗਤ ਚੋਂ ਜੁਗਿਆਸੂਆਂ ਨੇ ਬਹੁਤ ਕੁਝ  ਹਾਸਲ ਕੀਤਾ-ਸੰਤ ਅਮੀਰ ਸਿੰਘ
ਲੁਧਿਆਣਾ 1 ਅਕਤੂਬਰ (  ਕਰਨੈਲ ਸਿੰਘ ਐੱਮ ਏ )
ਪੁਰਾਤਨ ਗੁਰਮਤਿ ਸੰਗੀਤ ਦੇ ਪ੍ਰੇਮੀਆਂ ਲਈ ਅੱਜ ਦਾ ਦਿਹਾੜਾ ਬਹੁਤ ਹੀ ਅਹਿਮੀਅਤ ਵਾਲਾ ਸਮਝਿਆ ਜਾ ਰਿਹਾ ਹੈ। ਦੇਸ਼ ਵਿਦੇਸ਼ ਚੋਂ ਗੁਰਮਿਤ ਸੰਗੀਤ ਦੇ ਕਦਰਦਾਨ ਅੱਜ ਗੁਰਬਾਣੀ, ਗੁਰਮਤਿ ਸੰਗੀਤ ਅਤੇ ਗੁਰਮਤਿ ਪ੍ਰਚਾਰ ਪ੍ਰਸਾਰ ਲਈ ਜੀਵਨ ਭਰ ਨਿਰੰਤਰ ਕਾਰਜਸ਼ੀਲ ਰਹੀ ਮਹਾਨ ਸ਼ਖਸ਼ੀਅਤ "ਸੰਤ ਬਾਬਾ ਸੁੱਚਾ ਸਿੰਘ ਜੀ" ਦੇ 75ਵੇਂ ਜਨਮ ਦਿਹਾੜੇ ਦੇ ਸੰਬੰਧ 'ਚ,  ਉਨ੍ਹਾਂ ਦੀ ਕਰਮ ਭੂਮੀ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਜਵੱਦੀ, ਉਨ੍ਹਾ ਵੱਲੋਂ ਸਿਰਜਿਤ "ਜਵੱਦੀ ਟਕਸਾਲ" ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਕਰਵਾਏ ਗੁਰਮਤਿ ਸਮਾਗਮ ਵਿੱਚ ਇਕੱਠੇ ਹੋਏ।  ਸਜੇ ਸਮਾਗਮਾਂ ਦੌਰਾਨ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੋਝੀ ਲੈਣ ਵਾਲਿਆਂ ਨੇ ਉਨ੍ਹਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸ਼ਰਧਾ, ਭਾਵਨਾ ਅਤੇ ਸਮਰਪਣ ਵਰਗੇ ਪੱਖਾਂ ਦੇ ਨਾਲ ਨਾਲ ਪੁਰਾਤਨ ਗੁਰਮਤਿ ਸੰਗੀਤ ਲਈ ਨਿਭਾਈਆਂ ਸੇਵਾਵਾਂ ਨੂੰ  ਯਾਦ ਕੀਤਾ। ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਉਨ੍ਹਾਂ ਦੇ ਜੀਵਨ ਦੀ ਝਲਕ ਪਾਉਂਦਿਆਂ ਕਿਹਾ ਕਿ,"ਬਾਬਾ ਜੀ ਦਰਗਾਹੀ ਰੰਗ ਵਿੱਚ ਰੱਤੀ ਅਗੰਮੀ ਰੂਹ ਸਨ, ਜੋ ਗੁਰਬਾਣੀਂ ਨਾਮ ਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜਿਉਂਦੇ ਸਨ।  ਉਹ ਅਜਿਹੇ ਮਹਾਂਪੁਰਸ਼ ਸਨ, ਜਿਨ੍ਹਾਂ ਦੀ ਮੌਜੂਦਗੀ ਸ਼ਾਤ ਅੰਮ੍ਰਿਤ ਨਾਲ ਦੁਆਲਾ ਰੰਗ ਦਿੰਦੀ ਸੀ।  ਉਨ੍ਹਾਂ ਨਾ ਰਾਜ ਚਾਹਿਆ, ਨਾ ਮੁਕਤੀ, ਉਹ ਤਾਂ ਕੇਵਲ "ਮਨਿ ਪ੍ਰੀਤਿ ਚਰਨ ਕਮਲਾਰੇ" ਦੇ ਧਾਰਨੀ ਸਨ। ਉਨ੍ਹਾਂ ਦੀ ਜੀਵਨ ਕਿਰਤੀ ਗੁਰਬਾਣੀ ਅਨੁਸਾਰ ਨਜ਼ਰ ਆਉਂਦੀ ਹੈ। ਉਨ੍ਹਾਂ ਵੱਲੋਂ ਨਿਭਾਏ ਕੌਮੀ ਕਾਰਜ਼ਾਂ ਬਦਲੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ  "ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ" ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਇਸ਼ਰਾ ਕਰਦਿਆਂ ਦੱਸਿਆ ਕਿ ਅੱਜ ਜਵੱਦੀ ਟਕਸਾਲ 'ਚ ਗੁਰਬਾਣੀ ਦੇ ਕੀਰਤਨੀਏ, ਪ੍ਰਚਾਰਕ ਕਥਾਵਾਚਕ, ਗ੍ਰੰਥੀ ਸਿੰਘ ਅਤੇ ਗੁਰਮਤਿ ਸੰਗੀਤ ਦੇ ਪ੍ਰੇਮੀਆਂ ਦੀ ਵੱਡੀ ਗਿਣਤੀ ਦਰਸਾ ਰਹੀ ਸੀ ਕਿ ਚੰਦਨ ਦੀ ਸੰਗਤ ਕਰਨ ਵਾਲੇ ਜਗਿਆਸੂ ਬਹੁਤ ਕੁਝ ਹਾਸਲ ਕਰ ਲੈਂਦੇ ਹਨ। ਸੰਤ ਬਾਬਾ ਅਮੀਰ ਸਿੰਘ ਨੇ ਜੋਰ ਦਿੰਦਿਆਂ ਕਿਹਾ ਕਿ 'ਸੰਤ ਬਾਬਾ ਸੁੱਚਾ ਸਿੰਘ ਜੀ' ਵਰਗੇ ਮਹਾਂਪੁਰਸ਼ ਪਰਮੇਸ਼ਰ ਤੋਂ ਥਾਪੜਾ ਪ੍ਰਾਪਤ, ਉਸ ਨਾਲ ਅਭੇਦ ਗੁਰਮੁਖੀ ਸ਼ਖਸ਼ੀਅਤਾਂ ਸਨ ਜਿਨ੍ਹਾਂ ਸੰਸਾਰਕ ਝਮੇਲਿਆਂ 'ਚ ਖਚਿਤ ਅਤੇ ਜੀਵਨ ਮਨੋਰਥ ਨੂੰ ਭੁਲੇ ਪ੍ਰਾਣੀਆਂ ਨੂੰ ਜੀਵਨ ਸਫਲ ਬਣਾਉਣ ਲਈ ਜੀਵਨ ਮਨੋਰਥ ਸਮਝਾਉਣ ਵਰਗੀ ਸੇਵਾ ਵੀ ਨਿਭਾਉਂਦੇ ਰਹੇ। ਉਪਰੰਤ ਰਾਤ ਦੇ ਸਮਾਗਮ ਸੰਤ ਬਾਬਾ ਹਰਚਰਨ ਸਿੰਘ ਜੀ ਰਮਦਾਸਪੁਰ ਵਾਲਿਆਂ ਵੱਲੋਂ ਕਰਵਾਏ ਗਏ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਥ ਦੇ ਮਹਾਨ ਪ੍ਰਸਿੱਧ ਰਾਗੀ ਜੱਥਿਆਂ ਨੇ ਕੀਰਤਨ ਕੀਤਾ ਅਤੇ ਢਾਡੀ ਸਿੰਘਾਂ ਨੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤੇ।