ਜਗਰਾਉਂ (ਜਸਮੇਲ ਗ਼ਾਲਬ )372 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਓ ਕਿਸਾਨ ਸੰਘਰਸ਼ ਮੋਰਚੇ ਚ ਅਜ ਇਲਾਕੇ ਭਰ ਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੈਂਬਰ ਭਾਰੀ ਗਿਣਤੀ ਚ ਇਕੱਤਰ ਹੋਏ। ਜਿਲਾ ਪ੍ਰਧਾਨ ਇੰਦਰਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਇੱਕਤਰ ਹੋਏ ਕਿਸਾਨਾਂ ਨੇ ਸੂਬੇ ਭਰ ਚ ਤੇ ਇਲਾਕੇ ਚ ਰਸਾਇਣਕ ਖਾਦ ਯੂਰੀਆ ਅਤੇ ਡੀ ਏ ਪੀ ਦੀ ਕਿੱਲਤ ਖਿਲਾਫ, ਖੇਤੀ ਮੋਟਰਾਂ ਤੇ ਲਗ ਰਹੇ ਬਿਜਲੀ ਕੱਟਾਂ ਖਿਲਾਫ ਸ਼ਹਿਰ ਭਰ ਚ ਰੋਹ ਭਰਪੂਰ ਮੁਜ਼ਾਹਰਾ ਕਰਦਿਆਂ ਐਸ ਡੀ ਐਮ ਜਗਰਾਓਂ ਨੂੰ ਸਮਸਿਆਵਾਂ ਦੇ ਹਲ ਲਈ ਮੰਗ ਪੱਤਰ ਦਿੱਤਾ। ਇਸ ਸਮੇਂ ਬੋਲਦਿਆਂ ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਦੱਸਿਆ ਕਿ ਹਾੜੀ ਦੀ ਬਿਜਾਈ ਲਈ ਪੇੰਡੂ ਸਹਿਕਾਰੀ ਸੁਸਾਇਟੀਆਂ ਚ ਖਾਦ ਦੀ ਸਪਲਾਈ ਅਜੇ ਤਕ ਨਾ ਪੰਹੁਚਣ ਕਾਰਣ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਇਸ ਨਾਲ ਹਾੜੀ ਦੀ ਬਿਜਾਈ ਪਿੱਛੇ ਪਵੇਗੀ ਤੇ ਪਛੇਤੀ ਫਸਲ ਦਾ ਨੁਕਸਾਨ ਕਿਸਾਨਾਂ ਨੂੰ ਝੱਲਣਾ ਪਵੇਗਾ।ਉਨਾਂ।ਕਿਹਾ ਕਿ ਨਿਜੀ ਖਾਦ ਡੀਲਰਾਂ ਨੂੰ ਕਿਸਾਨਾਂ ਤੇ ਖਾਦ ਖਰੀਦਣ ਸਮੇਂ ਹੋਰ ਵਾਧੂ ਸਮਾਨ ਮੜਣ ਤੋ ਰੋਕਿਆ ਜਾਵੇ।ਸਰਕਾਰੀ ਛੁੱਟੀ ਦੇ ਚਲਦਿਆਂ ਇਸ ਸਮੇਂ ਮੋਕੇ ਤੇ ਪੰਹੁਚੇ ਤਹਿਸੀਲਦਾਰ ਮਨਮੋਹਨ ਕੋਸ਼ਿਕ ਅਤੇ ਖੇਤੀ ਬਾੜੀ ਅਫਸਰ ਗੁਰਦੀਪ ਸਿੰਘ ਨੇ ਮੰਗ ਪੱਤਰ ਹਾਸਲ ਕੀਤਾ।ਸਮਸਿਆ ਦੇ ਹੱਲ ਲਈ ਕਲ ਸ਼ਾਮ ਚਾਰ ਵਜੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਅਤੇ ਖਾਦ ਡੀਲਰਾਂ ਸਮੇਤ ਕਿਸਾਨ ਜਥੇਬੰਦੀ ਦੀ ਸਾਂਝੀ ਮੀਟਿੰਗ ਐਸ ਡੀ ਐਮ ਦਫਤਰ ਚ ਬੁਲਾਈ ਗਈ ਹੈ।ਓਪਰੰਤ ਮੁਜਾਹਰਾ ਕਾਰੀਆਂ ਨੇ ਸਿੱਧਵਾਂਬੇਟ ਰੋਡ ਤੇ ਬਿਜਲੀ ਗਰਿੱਡ ਮੂਹਰੇ ਵੀ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤਾ।ਇਸ ਸਮੇਂ ਬੋਲਦਿਆਂ ਜਥੇਬੰਦੀ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਕਿਹਾ ਕਿ ਝੋਨੇ ਨੂੰ ਆਖਰੀ ਪਾਣੀ ਦੀ ਲੋੜ ਦੇ ਮੱਦੇਨਜ਼ਰ ਖੇਤੀ ਮੋਟਰਾਂ ਤੇ ਲਾਏ ਜਾ ਰਹੇ ਪਾਵਰਕੱਟ ਖਤਮ ਕਰਨ ਤੇ ਨਿਰਵਿਘਨ ਦਸ ਘੰਟੇ ਸਪਲਾਈ ਜਾਰੀ ਰੱਖਣ ਦੀ ਮੰਗ ਕੀਤੀ।ਇਸ ਸਮੇਂ ਅਪਣੇ ਸੰਬੋਧਨ ਚ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਇਕ ਪਾਸੇ ਕਿਸਾਨ ਕਾਲੇ ਕਾਨੂੰਨ ਰੱਦ ਕਰਾਉਣ ਦੀ ਜਿੰਦਗੀ ਮੋਤ ਦੀ ਲੜਾਈ ਲੜ ਰਹੇ ਹਨ ਤੇ ਦੂਜੇ ਪਾਸੇ ਕਿਸਾਨਾਂ ਦੀ ਹਿਤੈਸ਼ੀ ਹੋਣ ਦਾ ਦੰਭ ਕਰਦੀ ਕਾਂਗਰਸ ਖੁੱਸੀ ਭਲ ਬਹਾਲ ਕਰਾਉਣ ਲਈ ਤਾਂ ਤਰਲੋਮੱਛੀ ਹੋ ਰਹੀ ਹੈ ਪਰ ਕਿਸਾਨਾਂ ਨੂੰ ਦਰਪੇਸ਼ ਖਾਦ ਤੇ ਬਿਜਲੀ ਸੰਕਟ ਦੇ ਹੱਲ ਲਈ ਕੋਈ ਸਰੋਕਾਰ ਨਹੀ ਹੈ। ਅਖੇ ਖਾਦ ਤੇ ਕੋਇਲੇ ਦੀ ਪਿਛੋ ਹੀ ਸ਼ਾਰਟੇਜ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਤਪੀ ਪਈ ਕਿਸਾਨੀ ਨੂੰ ਤੜਪਾਉਣ ਦੇ ਮਾੜੇ ਨਤੀਜੇ ਸਾਹਮਣੇ ਆਉਣਗੇ।ਇਸ ਸਮੇਂ ਮਾਲਵੇ ਖਿੱਤੇ ਚ ਗੁਲਾਬੀ ਸੁੰਡੀ ਨਾਲ ਹੋਏ ਨਰਮੇ ਦੇ ਨੁਕਸਾਨ ਦੀ ਪੂਰਤੀ ਲਈ ਚਲ ਰਹੇ ਕਿਸਾਨ ਸੰਘਰਸ਼ ਦੀ ਹਿਮਾਇਤ ਦਾ ਵੀ ਐਲਾਨ ਕੀਤਾ ਗਿਆ। ਬਲਾਕ ਸਕੱਤਰ ਤਰਸੇਮ ਸਿੰਘ ਬਸੂਵਾਲ,ਰਾਮ ਸਰਨ ਸਿੰਘ ਰਸੂਲਪੁਰ ਨੇ ਕਿਹਾ ਕਿ ਜੇਕਰ ਇਕ ਦੋ ਦਿਨ ਚ ਇਹ ਮਸਲੇ ਹੱਲ ਨਾ ਹੋਏ ਤਾਂ ਕਿਸਾਨ ਸੰਘਰਸ਼ ਤੇਜ ਕੀਤਾ ਜਾਵੇਗਾ।ਕਿਸਾਨਾਂ ਨੇਇਨਾਂ।ਮੰਗਾਂ ਨੂੰ ਲੈ ਕੇ ਪੂਰੇ ਸ਼ਹਿਰ ਦਾ ਚੱਕਰ ਲਗਾਇਆ।