ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਤਹਿਤ ਜ਼ਿਲੇ ਵਿਚ 500 ਨਵਜੰਮੀਆਂ ਧੀਆਂ ਦੀ ਮਨਾਈ ਲੋਹੜੀ

ਸ਼ਾਲੀਮਾਰ ਬਾਗ਼ ਵਿਖੇ ਹੋਇਆ ਵਿਸ਼ਾਲ ਜ਼ਿਲਾ ਪੱਧਰੀ ਸਮਾਗਮ

ਧੀਆਂ ਨੂੰ ਹਰੇਕ ਪੱਧਰ ’ਤੇ ਮਿਲੇ ਪੁੱਤਰਾਂ ਦੇ ਬਰਾਬਰ ਸਨਮਾਨ ਅਤੇ ਹੱਕ-ਰਾਣਾ ਗੁਰਜੀਤ ਸਿੰਘ

ਔਰਤਾਂ ਦੇ ਸ਼ਕਤੀਕਰਨ ਨਾਲ ਹੀ ਹੋ ਸਕਦੈ ਸਮਾਜ ਦਾ ਸਮੁੱਚੇ ਰੂਪ ’ਚ ਵਿਕਾਸ-ਡਿਪਟੀ ਕਮਿਸ਼ਨਰ ਦੀਪਤੀ ਉੱਪਲ

ਕਪੂਰਥਲਾ, ਜਨਵਰੀ 2020- (ਹਰਜੀਤ ਸਿੰਘ ਵਿਰਕ)-

‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਤਹਿਤ ਅੱਜ ਜ਼ਿਲਾ ਪ੍ਰਸ਼ਾਸਨ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜ਼ਿਲੇ ਵਿਚ 500 ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਇਸ ਸਬੰਧੀ ਸਥਾਨਕ ਸ਼ਾਲੀਮਾਰ ਬਾਗ਼ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਉਣ ਲਈ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ। ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨਾਂ ਕਿਹਾ ਕਿ ਕੁੜੀਆਂ ਨੂੰ ਹਰੇਕ ਪੱਧਰ ’ਤੇ ਮੁੰਡਿਆਂ ਦੇ ਬਰਾਬਰ ਸਨਮਾਨ, ਅੱਗੇ ਵਧਣ ਦੇ ਮੌਕੇ ਅਤੇ ਹੱਕ ਮਿਲਣੇ ਚਾਹੀਦੇ ਹਨ ਤਾਂ ਜੋ ਉਹ ਆਪਣੀਆਂ ਖੁਸ਼ੀਆਂ, ਇੱਛਾਵਾਂ ਅਤੇ ਸੱਧਰਾਂ ਨੂੰ ਪੂਰਾ ਕਰ ਸਕਣ। ਉਨਾਂ ਕਿਹਾ ਕਿ ਅੱਜ ਕੁੜੀਆਂ ਹਰੇਕ ਖੇਤਰ ਵਿਚ ਮੁੰਡਿਆਂ ਨਾਲੋਂ ਬਾਜ਼ੀ ਮਾਰ ਰਹੀਆਂ ਹਨ। 

ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਔਰਤਾਂ ਦੀ ਖੁਸ਼ਹਾਲੀ ਅਤੇ ਸ਼ਕਤੀਕਰਨ ਨਾਲ ਹੀ ਸਮਾਜ ਸਮੁੱਚੇ ਰੂਪ ਵਿਚ ਵਿਕਾਸ ਕਰ ਸਕਦਾ ਹੈ। ਉਨਾਂ ਕਿਹਾ ਕਿ ਸਿੱਖਿਆ ਔਰਤਾਂ ਦੇ ਸ਼ਕਤੀਕਰਨ ਦਾ ਬਹੁਤ ਹੀ ਕਾਰਗਰ ਹਥਿਆਰ ਹੈ। ਉਨਾਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਬੱਚੀਆਂ ਪ੍ਰਤੀ ਸੋਚ ਬਦਲਣੀ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਇਸ ਕੰਮ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ, ਤਾਂ ਹੀ ਸੁਧਾਰ ਦੀ ਆਸ ਰੱਖੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਅੱਜ ਜ਼ਿਲੇ ਵਿਚ 500 ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ ਹੈ, ਜਿਨਾਂ ਵਿਚੋਂ 200 ਬੱਚੀਆਂ ਦੀ ਜ਼ਿਲਾ ਪੱਧਰ ’ਤੇ ਅਤੇ 100-100 ਬੱਚੀਆਂ ਦੀ ਫਗਵਾੜਾ, ਸੁਲਤਾਨਪੁਰ ਲੋਧੀ ਅਤੇ ਨਡਾਲਾ ਵਿਖੇ ਸਬ-ਡਵੀਜ਼ਨ ਪੱਧਰ ’ਤੇ ਲੋਹੜੀ ਮਨਾਈ ਗਈ ਹੈ। 

ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਨਵਜੰਮੀਆਂ ਬੱਚੀਆਂ ਲਈ ਕੇਕ ਕੱਟਿਆ ਗਿਆ। ਇਸ ਤੋਂ ਇਲਾਵਾ ਨਵਜੰਮੀਆਂ ਬੱਚੀਆਂ ਅਤੇ ਉਨਾਂ ਦੀਆਂ ਮਾਵਾਂ ਦਾ ਸਨਮਾਨ ਕੀਤਾ ਗਿਆ ਅਤੇ ਉਨਾਂ ਨੂੰ ਬੇਬੀ ਕੇਅਰ ਕਿੱਟਾਂ ਭੇਟ ਕੀਤੀਆਂ ਗਈਆਂ, ਜਿਸ ਵਿਚ ਬੇਬੀ ਸੂਟ, ਬੇਟੀ ਕੰਬਲ, ਲੋਹੜੀ ਦੇ ਲੱਡੂ, ਮੂੰਗਫਲੀ, ਰਿਓੜੀਆਂ ਅਤੇ ਗੱਚਕ ਆਦਿ ਸ਼ਾਮਿਲ ਸੀ। ਇਸੇ ਤਰਾਂ ਪੋਸ਼ਣ ਅਭਿਆਨ ਤਹਿਤ ਸਭਨਾਂ ਨੂੰ ਘਰ ਦਾ ਬਣਿਆ ਖਾਣਾ ਪਰੋਸਿਆ ਗਿਆ ਅਤੇ ਲੋਹੜੀ ਦੇ ਲੱਡੂ ਵੰਡੇ ਗਏ। ਇਸ ਮੌਕੇ ਸਵੈ-ਸਹਾਈ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਅਤੇ ਖਾਣ-ਪੀਣ ਦੇ ਸਾਮਾਨ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ, ਜਿਨਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਵੀ ਸਟਾਲ ਲਗਾਇਆ ਗਿਆ। 

ਇਸ ਮੌਕੇ ਪੇਸ਼ ਕੀਤਾ ਗਿਆ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ, ਜਿਸ ਦੌਰਾਨ ਸਕੂਲੀ ਬੱਚੀਆਂ ਵੱਲੋਂ ਬੋਲੀਆਂ, ਗਿੱਧੇ ਅਤੇ ਭੰਗੜੇ ਰਾਹੀਂ ਖ਼ੂਬ ਰੰਗ ਬੰਨਿਆ ਗਿਆ। ਛੋਟੀਆਂ ਬੱਚੀਆਂ ਐਂਜਲੀਨਾ ਅਤੇ ਅਨਾਇਆ ਨੇ ਆਪਣੀਆਂ ਦਿਲਕਸ਼ ਪੇਸ਼ਕਾਰੀਆਂ ਰਾਹੀਂ ਦਰਸਾਇਆ ਕਿ ਅੱਜ ਬੇਟੀਆਂ ਕਿਸੇ ਪੱਖੋਂ ਵੀ ਘੱਟ ਨਹੀਂ ਹਨ। ਇਸ ਮੌਕੇ ਸੁਖਜੀਤ ਆਸ਼ਰਮ ਦੀਆਂ ਵਿਸ਼ੇਸ਼ ਬੱਚੀਆਂ ਵੱਲੋਂ ਆਪਣੀਆਂ ਕਵਿਤਾਵਾਂ ਅਤੇ ਗੀਤਾਂ ਰਾਹੀਂ ਖ਼ੂਬ ਤਾੜੀਆਂ ਬਟੋਰੀਆਂ ਗਈਆਂ। ਇਸ ਤੋਂ ਇਲਾਵਾ ਸ੍ਰੀ ਜਗਜੀਤ ਸਿੰਘ ਦੀ ਅਗਵਾਈ ਵਾਲੇ ‘ਵਾਇਸ ਆਫ ਸੋਲ’ ਗਰੁੱਪ ਵੱਲੋਂ ‘ਰੇਤ ਦੀਆਂ ਕੰਧਾਂ’ ਨਾਟਕ ਦੀ ਬਾਖੂਬੀ ਪੇਸ਼ਕਾਰੀ ਕੀਤੀ ਗਈ। 

  ਇਸ ਤੋਂ ਬਾਅਦ ਲੋਹੜੀ ਦੀ ਧੂਣੀ ਬਾਲ਼ੀ ਗਈ, ਜਿਸ ਦੌਰਾਨ ਡਿਪਟੀ ਕਮਿਸ਼ਨਰ, ਸਹਾਇਕ ਕਮਿਸ਼ਨਰ ਅਤੇ ਹੋਰਨਾਂ ਮਹਿਲਾ ਅਫ਼ਸਰਾਂ ਨੇ ਬੱਚੀਆਂ ਨਾਲ ਮਿਲ ਕੇ ਗਿੱਧਾ ਪਾਇਆ। ਸਾਰੀਆਂ ਨਵਜੰਮੀਆਂ ਬੱਚੀਆਂ ਅਤੇ ਉਨਾਂ ਦੀਆਂ ਮਾਵਾਂ ਦਾ ਇਸ ਮੌਕੇ ਸਨਮਾਨ ਕੀਤਾ ਗਿਆ। ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। 

ਇਸ ਮੌਕੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਤੇ ਸੀ. ਜੇ. ਐਮ ਸ੍ਰੀ ਅਜੀਤ ਪਾਲ ਸਿੰਘ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਅਨੂਪ ਕੱਲਣ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ, ਡੀ. ਐਸ. ਪੀ ਡਾ. ਮੁਕੇਸ਼ ਅਤੇ ਸ. ਵਿਸ਼ਾਲਜੀਤ ਸਿੰਘ, ਤਹਿਸੀਲਦਾਰ ਕਪੂਰਥਲਾ ਸ. ਮਨਵੀਰ ਸਿੰਘ ਢਿੱਲੋਂ, ਸਿਵਲ ਸਰਜਨ ਡਾ. ਜਸਮੀਤ ਬਾਵਾ, ਜ਼ਿਲਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਮੱਸਾ ਸਿੰਘ ਸਿੱਧੂ, ਜ਼ਿਲਾ ਸਿੱਖਿਆ ਅਫ਼ਸਰ (ਅ) ਸ. ਗੁਰਭਜਨ ਸਿੰਘ ਲਾਸਾਨੀ, ਜ਼ਿਲਾ ਟੀਕਾਕਰਨ ਅਫ਼ਸਰ ਡਾ. ਆਸ਼ਾ ਮਾਂਗਟ, ਜ਼ਿਲਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ, ਜ਼ਿਲਾ ਮੰਡੀ ਅਫ਼ਸਰ ਸ੍ਰੀ ਰਾਜ ਕੁਮਾਰ ਬਸਰਾ, ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ, ਸੀ. ਡੀ. ਪੀ. ਓ ਸ੍ਰੀਮਤੀ ਨਿਤਾਸ਼ਾ ਸਾਗਰ, ਉੱਪ ਮੰਡਲ ਭੂਮੀ ਰੱਖਿਆ ਅਫ਼ਸਰ ਸ. ਮਨਪ੍ਰੀਤ ਸਿੰਘ, ਉੱਪ ਜ਼ਿਲਾ ਸਿੱਖਿਆ ਅਫ਼ਸਰ ਸ੍ਰੀਮਤੀ ਨੰਦਾ, ਖੇਤੀਬਾੜੀ ਅਫ਼ਸਰ ਸ. ਐਚ. ਪੀ. ਐਸ ਭਰੋਤ, ਮਹਿਲਾ ਵਿਕਾਸ ਅਫ਼ਸਰ ਮੈਡਮ ਹਰਪ੍ਰੀਤ ਕੌਰ, ਸ. ਅਮਰਜੀਤ ਸਿੰਘ ਸੈਦੋਵਾਲ, ਸ੍ਰੀ ਗੁਰਦੀਪ ਸਿੰਘ ਬਿਸ਼ਨਪੁਰ, ਸ੍ਰੀ ਵਿਕਾਸ ਸ਼ਰਮਾ, ਸ੍ਰੀ ਕਰਨ ਮਹਾਜਨ, ਸ੍ਰੀ ਨਰਿੰਦਰ ਸਿੰਘ ਮੰਨਸੂ, ਸ੍ਰੀ ਤਰਸੇਮ, ਸ੍ਰੀ ਗਗਨਦੀਪ, ਮੈਡਮ ਅੰਜੂ ਬਾਲਾ ਤੇ ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸੀ. ਡੀ. ਪੀ. ਓਜ਼ ਅਤੇ ਆਂਗਣਵਾੜੀ ਵਰਕਰ ਹਾਜ਼ਰ ਸਨ।