ਪੰਜਾਬ

ਅੱਜ ਪਿੰਡ ਰਾਮੂਵਾਲਾ ਤੋਂ ਸਰਪੰਚ ਗੁਰਜਿੰਦਰ ਸਿੰਘ ਢਿੱਲੋਂ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ

ਫ਼ਤਹਿਗੜ੍ਹ ਪੰਜਤੂਰ, 09 ਅਕਤੂਬਰ (ਉਂਕਾਰ ਸਿੰਘ, ਗੁਰਮੀਤ ਸਿੰਘ) ਅੱਜ ਪਿੰਡ ਰਾਮੂਵਾਲਾ ਤੋਂ ਸਰਪੰਚ ਗੁਰਜਿੰਦਰ ਸਿੰਘ ਢਿੱਲੋਂ ਕਈ ਸਾਥੀਆਂ ਸਮੇਤ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਪਾਰਟੀ ਵਿੱਚ ਇਹਨਾਂ ਸਤਿਕਾਰਤ ਸ਼ਖ਼ਸੀਅਤਾਂ ਦਾ ਬਹੁਤ ਬਹੁਤ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਧੰਨਵਾਦ ਕਰਦੇ ਹਾਂ, ਸਾਰੇ ਸਾਥੀਆਂ ਦਾ ਅਤੇ ਕਿਹਾ ਹੈ ਕਿ, ਅਸੀਂ ਇਹਨਾਂ ਸਤਿਕਾਰਤ ਸ਼ਖ਼ਸੀਅਤਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ। ਜਿਨ੍ਹਾਂ ਨੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹਿੱਸਾ ਲਿਆ ਹੈ। MLA  ਮਨਜੀਤ ਸਿੰਘ ਬਿਲਾਸਪੁਰ ਹਲਕਾ ਨਿਹਾਲ ਸਿੰਘ ਵਾਲਾ। MLA ਪੰਜਾਬ ਯੂਥ ਪ੍ਰਧਾਨ ਦਵਿੰਦਰਜੀਤ ਸਿੰਘ ਲਾਡੀ ਢੋਸ ਹਲਕਾ ਧਰਮਕੋਟ। ਜ਼ਿਲ੍ਹਾ ਮੋਗਾ ਪ੍ਰਧਾਨ / ਚੇਅਰਮੈਨ ਯੋਜਨਾ ਬੋਰਡ ਹਰਮਨਜੀਤ ਸਿੰਘ ਬਰਾੜ ਦਾ ਜੀ ਦਾ ਜਿਨ੍ਹਾਂ ਨੇ ਸਾਡੇ ਵੀਰ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ ਦਵਾਉਣੇ ਹਾਂ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ।

ਜਵੱਦੀ ਟਕਸਾਲ’ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਹੋਏ, ਸੰਗਤਾਂ ਨੂੰ ਅਗੰਮੀ ਢਾਹਸ ਪ੍ਰਾਪਤ ਹੋਈ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ‘ਵਾਹਿਗੁਰੂ ਜੀ ਦਾ ਸ਼ੁਧ ਗਿਆਨ ਹਨ- ਸੰਤ ਅਮੀਰ ਸਿੰਘ
ਲੁਧਿਆਣਾ 8 ਅਕਤੂਬਰ (     ਕਰਨੈਲ ਸਿੰਘ ਐੱਮ ਏ     )-
ਕੌਮ ਸਨਮੁੱਖ ਭਵਿੱਖ ਦੀਆਂ ਚਣੌਤੀਆਂ ਤੋਂ ਜਾਗਰੂਕ ਅਤੇ ਕੌਮੀ ਕਾਰਜ਼ਾਂ ਲਈ ਜੀਵਨ ਦਾ ਅਨਮੋਲ ਪਲ-ਪਲ ਲਗਾਉਣ ਵਾਲੀ ਅਜ਼ੀਮ ਸਿੱਖ ਸ਼ਖਸ਼ੀਅਤ ਸੰਤ ਬਾਬਾ ਸੁਚਾ ਸਿੰਘ ਜੀ ਦੇ ਜਾਨਸ਼ੀਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਵਿਖੇ ਮਹਾਂਪੁਰਸ਼ਾਂ ਦੇ ਦਰਸਾਏ ਆਦੇਸ਼ਾਂ ਅਨੁਸਾਰ ਹਫਤਾਵਾਰੀ ਨਾਮ ਅਭਿਅਸ ਸਮਾਗਮਾਂ ਦੀ ਲੜੀ ਤਹਿਤ ਸਜੇ ਦੀਵਾਨ ‘ਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਬਾਣੀ “ਨਾਮ” ਦੇ ਵਹਿੰਦੇ ਦਰਿਆ ‘ਚ ਬੇਨਤੀ, ਬਿਰਹੋ, ਨਿਰਮਲ ਭਾਉ, ਗਿਆਨ, ਸੇਵਾ, ਸਿਮਰਨ, ਸ਼ਰਧਾ, ਪਿਆਰ, ਪ੍ਰੇਮਾ ਭਗਤੀ ਆਦਿ ਪੱਖਾਂ ਦੇ ਹਵਾਲੇ ਨਾਲ ਸਮਝਾਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਧ ਗਿਆਨ ਹਨ। ਗੁਰਬਾਣੀ ਸ਼ਬਦਾਂ ਦੀ ਇਕ ਚਾਲ, ਇਕੋ ਰੂਪ ਅਤੇ ਇਕੋ ਧੁਮੀ ਸੁਣਦੀ ਮਹਿਸੂਸ ਹੋਵੇਗੀ, ਕਿਧਰੋ ਵੀ ਚਖੋ, ਮਿੱਠਾ ਮਿੱਠਾ ਰਸ ਹੀ ਆਵੇਗਾ।ਮਹਾਪੁਰਸ਼ਾਂ ਨੇ ਸਮਝਾਇਆ ਕਿ ਗੁਰਬਾਣੀ ਵਿਚੋਂ ਸਾਰੇ ਸਵਾਦ-ਆਤਮਿਕ, ਸਾਹਿਤਕ, ਸੁਹਜ-ਆਤਮਿਕ ਅਤੇ ਧਾਰਮਿਕ ਪੱਖ ਮਾਣੇ ਜਾ ਸਕਦੇ ਹਨ। ਇਹ ਇਕ ਅਜਿਹਾ ਵਹਾਅ ਜੋ ਸੋਮਾ ਤੋਂ ਸਾਗਰ ਤੱਕ ਇਕੋ ਜਿਹਾ ਸਵੱਛ, ਸੀਤਲ ਅਤੇ ਨਿਰਮਲ ਹੈ। ਉਨ੍ਹਾਂ ਗੁਰਬਾਣੀ, ਗੁਰਇਤਿਹਾਸ, ਭਾਈ ਗੁਰਦਾਸ ਜੀ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦੇ ਹਵਾਲਿਆਂ ਨਾਲ ਅੱਜ ਦੇ ਦਿਹਾੜੇ ਦੇ ਮਹੱਤਵ ਸਬੰਧੀ ਸਮਝਾਉਦਿਆਂ ਫੁਰਮਾਇਆ ਕਿ ਭਗਤੀ ਸੰਗੀਤ ਜਿਸ ਵੇਲੇ ਅੰਤਿਮ ਸਵਾਸਾਂ ‘ਤੇ ਸੀ, ਉਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਾ ਕੇਵਲ ਜੀਅ-ਦਾਨ ਹੀ ਦਿੱਤਾ ਸਗੋਂ ਧਾਰਮਿਕ ਪਦਵੀ ਦੇ ਕੇ ਉਸ ਦੀ ਧੁਨ ਵੀ ਘਰ-ਘਰ ਪਹੁੰਚਾਈ।ਜਿਥੇ ਕੀਰਤਨ ਦੀਆਂ ਮਧੁਰ ਸੁਰਾਂ ਦੀ ਝਨਕਾਰ ਛਿੜੀ, ਉਥੇ ਘਰ-ਘਰ ਧਰਮਸ਼ਾਲ ਬਣੀ।ਗੁਰੂ ਸਾਹਿਬ ਜੀ ਦੇ ਮਿੱਠੜੇ ਬੋਲਾਂ ਨਾਲ ਜਦੋਂ ਭਾਈ ਮਰਦਾਨਾ ਦੀ ਰਬਾਬ ਗੂੰਜੀ ਤਾਂ ਲੋਕਾਈ ਨੂੰ ਆਤਮਕ ਸ਼ਾਂਤੀ ਅਤੇ ਅਗੰਮੀ ਢਾਰਸ ਪ੍ਰਾਪਤ ਹੋਈ। ਸਮਾਗਮ ਉਪ੍ਰੰਤ ਗੁਰੂ ਕਾ ਲੰਗਰ ਅਟੁੱਟ ਵਰਤਿਆ।

ਰਾਮ ਵਿਲਾਸ ਪਾਸਵਾਨ ਦਾ ਬਰਸੀ ਸਮਾਗਮ ਮੌਕੇ ਲੋੜਵੰਦਾਂ ਨੂੰ ਵੰਡੀ ਗਈ ਰਾਸ਼ਨ ਸਮੱਗਰੀ

ਜੋਧਾਂ / ਸਰਾਭਾ 8 ਅਕਤੂਬਰ (ਦਲਜੀਤ ਸਿੰਘ ਰੰਧਾਵਾ ) - ਨਿੱਧੜਕ ਨੇਤਾ, ਸਾਬਕਾ ਕੇਂਦਰੀ ਮੰਤਰੀ, ਦਲਿਤ ਸਮਾਜ ਦੀ ਹਮੇਸ਼ਾ ਆਵਾਜ਼ ਬੁਲੰਦ ਕਰਨ ਵਾਲੇ ਸਵਰਗਵਾਸੀ ਸ੍ਰੀ ਰਾਮ ਵਿਲਾਸ ਪਾਸਵਾਨ ਦਾ ਸਲਾਨਾ ਬਰਸੀ ਸਮਾਗਮ ਲੁਧਿਆਣਾ ਵਿਖੇ ਰਾਸ਼ਟਰੀ ਲੋਕ ਜਨ ਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਿੰਦਰ ਸਿੰਘ ਸਿੰਘਪੁਰਾ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਵੰਡੀ ਗਈ। ਇਸ ਮੌਕੇ ਰਾਸ਼ਟਰੀ ਲੋਕ ਜਨ ਸ਼ਕਤੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਈਸ਼ਰ ਸਿੰਘ ਟਿੱਬਾ ਪ੍ਰਧਾਨ ਰਜਿੰਦਰ ਸਿੰਘ ਸਿੰਘਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੇ ਸਖ਼ਤ ਮਿਹਨਤ ਅਤੇ ਮਜ਼ਬੂਤ ਇਰਾਦੇ ਨਾਲ ਸਿਆਸਤ 'ਚ ਕਦਮ ਰੱਖਿਆ, ਇੱਕ ਨੌਜਵਾਨ ਆਗੂ ਦੇ ਤੌਰ ਤੇ ਉਹਨਾਂ ਨੇ ਐਮਰਜੈਂਸੀ ਦੌਰਾਨ ਅੱਤਿਆਚਾਰ ਅਤੇ ਲੋਕਤੰਤਰ 'ਤੇ ਹਮਲੇ ਦਾ ਵਿਰੋਧ ਕੀਤਾ। ਉਹ ਬੇਮਿਸਾਲ ਸਾਂਸਦ ਅਤੇ ਮੰਤਰੀ ਸਨ ਜਿਨਾਂ ਨੇ ਕਈ ਨੀਤੀਗਤ ਖੇਤਰਾਂ 'ਚ ਸਥਾਈ ਯੋਗਦਾਨ ਦਿੱਤਾ। ਉਹਨਾਂ ਕਿਹਾ ਕਿ ਸ੍ਰੀ ਪਾਸਵਾਨ ਬਿਹਾਰ ਤੋਂ ਲੋਕ ਸਭਾ ਲਈ ਨੌ ਵਾਰ ਸੰਸਦ ਚੁਣੇ ਗਏ ਅਤੇ ਉਹਨਾਂ ਨੇ ਛੇ ਪ੍ਰਧਾਨ ਮੰਤਰੀਆਂ ਨਾਲ ਕੰਮ ਕਰਕੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ। ਅੱਜ ਸਾਰਾ ਦੇਸ਼ ਉਸ ਮਰਹੂਮ ਨੇਤਾ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ ਨਾਇਬ ਸਿੰਘ, ਕੁਲਦੀਪ ਸਿੰਘ, ਰੁਪਿੰਦਰ ਸਿੰਘ, ਦਲਜੀਤ ਸਿੰਘ, ਇਕਬਾਲ ਸਿੰਘ, ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।

ਅੱਜ ਪਿੰਡ ਕੇਸ਼ੋਪੁਰ ਛੰਭ ਕਮਿਊਨਿਟੀ ਵਿਖੇ ਰਿਜਰਵ ਜੰਗਲੀ ਜੀਵ ਸਪਤਾਹ ਮਨਾਇਆ ਗਿਆ          

ਗੁਰਦਾਸਪੁਰ(ਹਰਪਾਲ ਸਿੰਘ,ਪ੍ਰਭਜੋਤ ਕੌਰ) ਅੱਜ ਜ਼ਿਲਾ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਸਥਿਤ ਪਿੰਡ ਕੇਸ਼ੋਪੁਰ ਛੰਭ ਦੇ ਨੇੜੇ ਜੰਗਲੀ ਜੀਵ ਮੰਡਲ ਅਫਸਰਾਂ ਅਤੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਣ ਮੰਡਲ ਅਫਸਰ ਜੰਗਲੀ ਜੀਵ ਮੰਡਲ ਪਠਾਨਕੋਟ  ਸ਼੍ਰੀ ਪਰਮਜੀਤ ਸਿੰਘ  ਜੀ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਅਫਸਰ ਜੰਗਲੀ ਜੀਵ ਗੁਰਦਾਸਪੁਰ ਸ੍ਰੀ ਦੀਪਕ ਕਪੂਰ ਜੀ ਦੀ ਯੋਗ ਅਗਵਾਈ ਹੇਠ ਉਹ ਕੇਸ਼ੋਪੁਰ ਛੰਭ ਕਮਿਊਨਿਟੀ ਰਿਜਰਵ ਵਿਖੇ ਜੰਗਲੀ ਜੀਵ ਸਪਤਾਹ ਮਨਾਇਆ ਗਿਆ ।ਇਸ ਮੌਕੇ ਇੰਚਾਰਜ ਸ਼੍ਰੀ ਸਚਿਨ ਦੀਪ  ਵੱਲੋਂ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ  ਵੈਟਲੈਂਡ ਜੰਗਲੀ ਜੀਵਾਂ ਅਤੇ ਪਰਵਾਸੀ ਪੰਛੀਆਂ ਕੇਸ਼ੋਪੁਰ ਛੰਭ  (ਰਾਮਸਰ ਸਾਈਟ) ਬਾਰੇ ਜਾਣਕਾਰੀ ਦਿੱਤੀ ਗਈ ਅਤੇ ਓਹਨਾ ਕਿਹਾ ਅੱਜ ਸਾਰਿਆ ਨੂੰ ਮਿਲ ਕੇ ਜੰਗਲੀ ਜੀਵਾ ਦੀ ਰੱਖਿਆ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਇਸ ਸਮੇਂ ਸੰਦੀਪ ਕੁਮਾਰ, ਅਮਿਤਲੀਨ ਕੌਰ, ਨਵਜੋਤ ਕੌਰ , ਰਮਨਦੀਪ ਕੌਰ  , ਮਨਵੀਰ ਸਿੰਘ, ਧੀਰ ਸਿੰਘ , ਸਕੂਲੀ ਬੱਚੇ  ਅਤੇ ਵੈਟਲੈਂਡ ਮਿੱਤਰ ਹਾਜ਼ਰ ਸਨ ।

ਉਪ ਮੰਡਲ ਇੰਜੀਨੀਅਰ ਸੰਧੂ ਦਾ ਸੇਵਾ ਮੁਕਤੀ ਉਪਰੰਤ ਜੱਥੇਬੰਦੀ ਵੱਲੋਂ ਵਿਸ਼ੇਸ਼ ਸਨਮਾਨ

ਲੁਧਿਆਣਾ, 8 ਅਕਤੂਬਰ (ਟੀ. ਕੇ. ) ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਪੰਜਾਬ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ,ਸਹਾਇਕ ਇੰਜੀਨੀਅਰ, ਉਪ ਮੰਡਲ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ (ਜੇ: ਈ: ਕਾਡਰ ਤੋਂ ਪਦ ਉੱਨਤ) ਦੀ ਨੁਮਾਇੰਦਾ ਜੱਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸ਼ੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਪੰਜਾਬ ਅਤੇ ਸਮੂਹ ਦਫਤਰੀ ਸਟਾਫ ਵੱਲੋਂ ਸਾਂਝੇ ਤੌਰ ਤੇ ਉਪ ਮੰਡਲ ਇੰਜੀਨੀਅਰ ਲਖਵਿੰਦਰ ਸਿੰਘ ਸੰਧੂ ਦੀ ਸੇਵਾ ਮੁਕਤੀ ਉਪਰੰਤ ਸ਼ਾਨਦਾਰ ਵਿਦਾਇਗੀ ਪਾਰਟੀ ਦੇ ਕੇ ਵਿਸ਼ੇਸ ਸਨਮਾਨ ਕੀਤਾ ਗਿਆ। ਇੰਜ: ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਅਤੇ ਇੰਜ: ਰਾਜਿੰਦਰ ਕੁਮਾਰ ਗੌੜ ਮੁੱਖ ਸਰਪ੍ਰਸਤ ਕੌਸਲ ਵੱਲੋਂ ਇੰਜ: ਸੰਧੂ ਵੱਲੋਂ ਨਿਭਾਈਆਂ ਗਈਆਂ ਜੱਥੇਬੰਦਕ ਅਤੇ ਵਿਭਾਗੀ  ਸੇਵਾਵਾਂ ਦਾ ਵਿਸੇਸ਼ ਤੌਰ ਤੇ ਜ਼ਿਕਰ ਕਰਦੇ ਹੋਏ ਪ੍ਰਸੰਸਾ ਕੀਤੀ ਗਈ। ਇਸ ਸਨਮਾਨ ਸਮਾਗਮ ਵਿੱਚ ਇੰਜ: ਸ਼ਿਵਪ੍ਰੀਤ ਸਿੰਘ, ਇੰਜ: ਸੁਗੰਧ ਸਿੰਘ ਭੁੱਲਰ (ਦੋਵੇਂ ਕਾਰਜਕਾਰੀ ਇੰਜੀਨੀਅਰ) ਇੰਜ: ਨਰੇਸ਼ਇੰਦਰ ਸਿੰਘ ਵਾਲੀਆਂ,ਇੰਜ: ਜਸਵੀਰ ਸਿੰਘ ਜੱਸੀ (ਦੋਵੇਂ ਕਾਰਜਕਾਰੀ ਇੰਜੀਨੀਅਰ -ਸੇਵਾ ਮੁਕਤ) ਇਂਜ: ਹਰਪਾਲ ਸਿੰਘ ਬੈਂਸ, ਇੰਜ: ਕੁਲਵੰਤ ਸਿੰਘ ਸੰਧੂ, ਇੰਜ: ਕਰਨੈਲ ਸਿੰਘ ਸੈਣੀ, ਇੰਜ: ਗਜਿੰਦਰ ਸਿੰਘ ਚਾਹਲ, ਇੰਜ: ਸ਼ਰਨਜੀਤ ਸਿੰਘ ਮਾਵੀ (ਸਾਰੇ ਉਪ ਮੰਡਲ ਇੰਜੀਨੀਅਰ -ਸੇਵਾ ਮੁਕਤ) ਇੰਜ:ਮੁਨੀਸ਼ ਬਾਂਸਲ ਸਰਕਲ ਪ੍ਰਧਾਨ, ਇੰਜ: ਸੁਖਬੀਰ ਸਿੰਘ ਸਰਕਲ ਜਨਰਲ ਸਕੱਤਰ, ਇੰਜ: ਸੰਜੀਵ ਕੁਮਾਰ ਸ਼ਰਮਾ ਕਨਵੀਨਰ ਕੌਂਸਲ ਰੂਪਨਗਰ, ਇੰਜ: ਓਮ ਪ੍ਰਕਾਸ਼,ਇੰਜ: ਰਾਜ ਕੁਮਾਰ ਗਰਗ, ਇੰਜ: ਰਾਜੀਵ ਕੁਮਾਰ, ਇੰਜ: ਕਮਲਪ੍ਰੀਤ ਸਿੰਘ (ਸਾਰੇ ਜੂਨੀਅਰ/ਸਹਾਇਕ ਇੰਜੀਨੀਅਰ) ਸ੍ਰੀ ਕੁਸ਼ ਭੱਲਾ,ਸੀਨੀਅਰ ਸਹਾਇਕ, ਇੰਜ: ਮਹਿੰਦਰ ਸਿੰਘ ਮਲੋਆ ਪ੍ਰਧਾਨ ਮੁਲਾਜ਼ਮ ਤਾਲਮੇਲ ਸਾਂਝੀ ਕਮੇਟੀ ਗਮਾਡਾ, ਇੰਜ: ਰੇਸ਼ਮ ਸਿੰਘ ਗਮਾਡਾ, ਇੰਜ: ਹਰਮਨਜੀਤ ਸਿੰਘ ਧਾਲੀਵਾਲ ਵਾਈਸ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਇੰਜ: ਕੁਲਬੀਰ ਸਿੰਘ ਬੈਨੀਪਾਲ ਜੀ ਸੂਬਾ ਪ੍ਰੈਸ ਸਕੱਤਰ ਡੀ: ਈ: ਏ: ਲੋ: ਨਿ: ਵਿ:( ਭ ਤੇ ਮ ਸ਼ਾਖਾ) ਪੰਜਾਬ, ਇ‌ੰਜ਼: ਮੋਹਨ ਸਿੰਘ ਸਹੋਤਾ ਸੂਬਾ ਸੀਨੀਅਰ ਮੀਤ ਪ੍ਰਧਾਨ,ਇੰਜ: ਰਾਜੀਵ ਅਰੋੜਾ,  ਇੰਜ: ਮਨਜੀਤ ਸਿੰਘ ਗੋਲਡੀ( ਦੋਵੇਂ ਉਪ ਮੰਡਲ ਇੰਜੀਨੀਅਰ) ਇੰਜ: ਹਰਿੰਦਰ ਸਿੰਘ ਗਿੱਲ ਸੂਬਾ ਪ੍ਰਧਾਨ ਜੇ ਈ/ਏ ਈ, ਉਪ ਮੰਡਲ ਅਫਸਰ ( ਪਦ ਉੱਨਤ) ਐਸ਼ੋਸੀਏਸ਼ਨ ਪੰਚਾਇਤੀ ਰਾਜ ਪੰਜਾਬ ਆਦਿ ਸਮੇਤ, ਸਮੂਹ ਦਫਤਰੀ ਸਟਾਫ ਇੰਜ: ਲਖਵਿੰਦਰ ਸਿੰਘ ਸੰਧੂ ਦੀ ਧਰਮਪਤਨੀ, ਬੇਟਾ, ਪਿਤਾ, ਭਰਾ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ/ਮਿੱਤਰ ਸ਼ਾਮਲ ਹੋਏ। ਇਸ ਸਨਮਾਨ ਸਮਾਰੋਹ ਦੇ ਅਖੀਰ ਵਿੱਚ ਇੰਜ: ਐਲ. ਐਸ. ਸੰਧੂ ਤੇ ਉਨ੍ਹਾਂ ਦੀ ਧਰਮਪਤਨੀ ਦਾ ਸਥਾਨਕ ਸਰਕਲ ਦੀ ਜੱਥੇਬੰਦੀ ਤੇ ਸਮੂਹ ਦਫਤਰੀ ਸਟਾਫ, ਠੇਕੇਦਾਰਾਂ ਵੱਲੋਂ ਸਾਂਝੇ ਤੌਰ ਤੇ ਸ਼ਾਲ, ਮੋਮੰਟੋ ਅਤੇ ਹੋਰ ਤੋਹਫੇ ਆਦਿ ਦੇ ਕੇ ਸਨਮਾਨ ਕੀਤਾ ਗਿਆ।

'ਮੇਰੀ ਮਾਟੀ - ਮੇਰਾ ਦੇਸ਼' ਮਾਂਗਟ 3 ਬਲਾਕ  ਪੱਧਰੀ ਮੁਕਾਬਲੇ ਧਨਾਨਸੂ ਸਕੂਲ ਵਿਚ ਕਰਵਾਏ 

ਲੁਧਿਆਣਾ, 8 ਅਕਤੂਬਰ (ਟੀ. ਕੇ.) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਲੁਧਿਆਣਾ ਸ੍ਰੀਮਤੀ ਡਿੰਪਲ ਮਦਾਨ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੇਰੀ ਮਾਟੀ ਮੇਰਾ ਦੇਸ਼ ਦੇ ਬਲਾਕ ਮਾਂਗਟ 3 ਦੇ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਧਨਾਨਸੂ ਵਿੱਚ  ਪ੍ਰਿੰਸੀਪਲ ਸ੍ਰੀਮਤੀ ਬਿੰਦੂ ਸੂਦ ਬਲਾਕ ਨੋਡਲ ਅਫ਼ਸਰ ਦੀ ਅਗਵਾਈ ਹੇਠ ਵੱਖ ਵੱਖ ਵੰਨਗੀਆਂ ਅਧੀਨ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵਿਸ਼ੇਸ਼ ਤੌਰ 'ਤੇ  ਜਵਾਹਰ ਨਵੋਦਿਆ ਵਿਦਿਆਲਿਆ ਧਨਾਨਸੂ ਦੇ ਪ੍ਰਿੰਸੀਪਲ ਸ਼੍ਰੀਮਤੀ ਨਿਸ਼ੀ ਗੋਇਲ   ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਮਰਦੀਪ ਸਿੰਘ ਗਿੱਲ ਪ੍ਰਾਇਮਰੀ ਸਕੂਲ ਧਨਾਨਸੂ ਦੇ ਚੇਅਰਮੈਨ ਗੁਰਇਕਬਾਲ ਸਿੰਘ ਗ੍ਰਾਮ ਪੰਚਾਇਤ ਧਨਾਨਸੂ ਤੋਂ ਸੰਦੀਪ ਸਿੰਘ ,ਸਾਬਕਾ ਚੇਅਰਮੈਨ ਤਰਲੋਚਨ ਸਿੰਘ ਵਿਸ਼ੇਸ ਤੌਰ ਤੇ ਹਾਜ਼ਿਰ ਹੋਏ । ਇਸ ਮੌਕੇ ਆਏ ਹੋਏ ਮਹਿਮਾਨਾਂ ਅਤੇ ਵੱਖ ਸਕੂਲਾਂ ਤੋਂ ਆਏ  ਅਧਿਆਪਕਾਂ  ਅਤੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਆਏ ਹੋਏ ਵਿਦਿਆਰਥੀਆਂ ਦਾ   ਪ੍ਰਿੰਸੀਪਲ ਸ਼੍ਰੀਮਤੀ ਬਿੰਦੂ ਸੂਦ ਵੱਲੋਂ ਸਵਾਗਤ ਕਰਦਿਆਂ ਕਿਹਾ ਕਿ  ਵਿਭਾਗ ਵੱਲੋਂ ਕਰਵਾਏ ਜਾਂਦੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਸਕੂਲ ਚੇਅਰਮੈਨ ਅਮਰਦੀਪ ਸਿੰਘ ਗਿੱਲ ਅਤੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਗਿੱਲ ਨੇ ਵੀ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ  ਗ੍ਰਾਮ ਪੰਚਾਇਤ ਧਨਾਨਸੂ ਵੱਲੋ ਸਕੂਲ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਇਸ ਮੌਕੇ  ਬੀ.  ਐਮ. ਸੀਮਾ ਰਾਣੀ ਅਤੇ ਸ਼੍ਰੀਮਤੀ ਗੁਰਿੰਦਰ ਕੌਰ  ਵੱਲੋਂ ਵੱਖ ਵੱਖ ਮੁਕਾਬਲਿਆਂ ਦੇ ਜੱਜ  ਦੀ ਡਿਊਟੀ ਲਗਾਉਣ ਉਪਰੰਤ ਮੁਕਾਬਲੇ ਸ਼ੁਰੂ ਕਰਵਾਏ ਗਏ   ਇਹਨਾਂ ਮੁਕਾਬਲਿਆ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਵਿਚ  ਪਹਿਲੇ ਸਥਾਨ 'ਤੇ ਧਨਾਨਸੂ ਸਕੂਲ  ਦੂਸਰੇ ਸਥਾਨ ' ਤੇ ਭਾਗਪੁਰ  ਸਕੂਲ ਤੀਸਰੇ ਸਥਾਨ 'ਤੇ ਭਾਮੀਆਂ ਅਤੇ ਧਨਾਨਸੂ ਸਕੂਲ ਦੇ ਵਿਦਿਆਰਥੀ ਆਏ, ਰਚਨਾਤਮਿਕ ਮੁਕਾਬਲਿਆ ਵਿੱਚ ਪਹਿਲੇ ਸਥਾਨ' ਤੇ ਧਨਾਨਸੂ ਸਕੂਲ ਦੂਸਰੇ 'ਤੇ ਭਾਗਪੁਰ  ਸਕੂਲ ਜਦਕਿ ਤੀਸਰੇ ਸਥਾਨ' 'ਤੇ ਰਾਮਗੜ ਸਕੂਲ ਦੇ ਵਿਦਿਆਰਥੀ ਆਏ ।ਰੋਲ ਪਲੇਅ ਮੁਕਾਬਲਿਆ ਵਿੱਚ ਪਹਿਲੇ ਸਥਾਨ' ਤੇ ਮੰਗਲੀ ਨੀਚੀ ਸਕੂਲ ਦੂਸਰੇ ਸਥਾਨ 'ਤੇ ਕੂੰਮ ਕਲਾਂ  ਸਕੂਲ ਜਦਕਿ ਤੀਸਰੇ ਸਥਾਨ 'ਤੇ ਧਨਾਨਸੂ ਸਕੂਲ ਦੇ ਵਿਦਿਆਰਥੀ ਆਏ। ਲੋਕ ਨਾਚ ਮੁਕਾਬਲਿਆ ਵਿੱਚ  ਪਹਿਲੇ ਸਥਾਨ 'ਤੇ ਲੱਖੋ-ਗੱਦੋਵਾਲ  ਸਕੂਲ, ਦੂਸਰੇ ਸਥਾਨ 'ਤੇ ਜੀਵਨਪੁਰ   ਸਕੂਲ ਜਦਕਿ ਤੀਸਰੇ  ਸਥਾਨ 'ਤੇ ਭਾਮੀਆਂ ਕਲਾਂ ਸਕੂਲ ਦੀ ਵਿਦਿਆਰਥੀ ਜੇਤੂ ਰਹੇ। ਇਸ ਮੌਕੇ ਵਿਦਿਆਰਥੀਆਂ ਵਲੋਂ ਕੋਰੀਉਗਰਾਫੀ ਅਤੇ ਦੇਸ਼ ਭਗਤੀ ਦੇ ਗੀਤ ਗਾਏ  ਜਿਸ ਦੀ ਸਾਰਿਆਂ ਵੱਲੋ ਭਰਪੂਰ ਸ਼ਲਾਘਾ ਕੀਤੀ ਗਈ ।ਇਸ ਮੌਕੇ  ਸਕੂਲਾਂ ਦੇ ਅਧਿਆਪਕਾਂ  ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜੇਤੂ ਟੀਮਾਂ ਨੂੰ ਵਿਸ਼ੇਸ ਸਨਮਾਨ ਅਤੇ ਸਰਟੀਫਿਕੇਟ ਦਿੱਤੇ ਗਏ। ਧਨਾਨਸੂ ਸਕੂਲ ਵਲੋਂ ਲਖਵੀਰ ਸਿੰਘ ਗੁਰਿੰਦਰ ਕੌਰ  ਜਸਵੀਰ ਕੌਰ  ਅਤੇ  ਬੀ ਐਮ ਸ੍ਰੀਮਤੀ ਸੀਮਾ ਰਾਣੀ ਦਾ ਸਕੂਲ ਪ੍ਰਿੰਸੀਪਲ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸ਼੍ਰੀਮਤੀ ਸੰਤੋਸ਼ ਕੁਮਾਰੀ, ਸ਼੍ਰੀਮਤੀ ਬਦਨਦੀਪ ਕੌਰ ਸ੍ਰੀਮਤੀ ਦੀਕਸ਼ਾ ਸ਼੍ਰੀਮਤੀ ਗੁਰਪ੍ਰੀਤ ਕੌਰ ਸ਼੍ਰੀਮਤੀ ਮਨਜੀਤ ਨਾਹਰ ਸ੍ਰੀਮਤੀ ਸਰੂਚੀ ਜੁਨੇਜਾ ਅਤੇ  ਮਿਹਜੀਤ ਸਿੰਘ ਗਿੱਲ ਨੇ ਵਿਸ਼ੇਸ਼ ਤੌਰ  'ਤੇ ਯੋਗਦਾਨ ਪਾਇਆ । ਇਸ ਮੌਕੇ  ਧਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹਨਾਂ ਮੁਕਾਬਲਿਆ ਵਿੱਚ 18 ਸਕੂਲਾਂ ਦੇ 80 ਵਿਦਿਆਰਥੀਆ ਨੇ ਹਿੱਸਾ ਲਿਆ। ਪਹਿਲੇ  ਸਥਾਨ ' ਤੇ ਆਉਣ ਵਾਲੀਆਂ ਟੀਮਾਂ /ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਸਕੂਲ ਵਲੋਂ ਆਏ ਬਾਹਰੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸਰਾਈਲ ਅਤੇ ਫਲਸਤੀਨ ਵਿਚਕਾਰ ਹਿੰਸਾ ਦਾ ਵਾਧਾ ਵਿਨਾਸ਼ਕਾਰੀ ਹੋਵੇਗਾ-ਡਾਕਟਰ-ਜਥੇਬੰਦੀ 

ਲੁਧਿਆਣਾ, 8 ਅਕਤੂਬਰ (ਟੀ. ਕੇ. )ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਹਿੰਸਾ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ, ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈ. ਡੀ. ਪੀ. ਡੀ. ) ਦੇ ਪ੍ਰਧਾਨ ਡਾ ਅਰੁਣ ਮਿੱਤਰਾ ਅਤੇ ਜਨਰਲ ਸਕੱਤਰ ਸ਼ਕੀਲ ਉਰ ਰਹਿਮਾਨ ਨੇ ਹਿੰਸਾ ਨੂੰ ਤੁਰੰਤ ਬੰਦ ਕਰਨ, ਸ਼ਾਂਤੀ ਦੀ ਬਹਾਲੀ ਅਤੇ ਸਥਾਈ ਸ਼ਾਂਤੀ ਲਈ ਅਰਥਪੂਰਨ ਕਦਮਾਂ ਲਈ ਗੱਲਬਾਤ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਹਾਲ ਹੀ ਵਿੱਚ ਹੋਈ ਹਿੰਸਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਦੋਵਾਂ ਪਾਸਿਆਂ ਦੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ ਹੈ, ਜਿਸ ਕਰਕੇ ਸਥਿਤੀ ਵਿੱਚ ਕੋਈ ਵੀ ਵਾਧਾ ਵਿਨਾਸ਼ਕਾਰੀ ਹੋਵੇਗਾ ਅਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਇਸ ਸੰਘਰਸ਼ ਵਿੱਚ ਫਸਣ ਦੀ ਸੰਭਾਵਨਾ ਹੈ। ਜੰਗ ਦੀ ਬਜਾਏ ਮਸਲੇ ਦਾ ਸੰਵਾਦ ਕਰਨਾ ਚਾਹੀਦਾ ਹੈ ਅਤੇ ਇਸ ਜੰਗ ਨੂੰ ਖਤਮ ਕਰਨ ਲਈ ਯੂ. ਐਨ. ਓ. ਨੂੰ ਤੁਰੰਤ ਦਖਲ ਦੇਣਾ ਚਾਹੀਦਾ ਹੈ ਅਤੇ ਫਲਸਤੀਨੀਆਂ ਦੇ ਜਾਇਜ਼ ਅਧਿਕਾਰਾਂ ਅਤੇ ਇਜ਼ਰਾਈਲ ਅਤੇ ਫਲਸਤੀਨ ਦੇ ਲੋਕਾਂ ਦੀ ਸ਼ਾਂਤੀਪੂਰਨ ਸਹਿ-ਹੋਂਦ ਨੂੰ ਯਕੀਨੀ ਬਣਾ ਕੇ ਸਥਾਈ ਹੱਲ ਲਈ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਦੀ ਸਹੂਲਤ ਪ੍ਰਦਾਨ ਕਰਨੀ ਚਾਹੀਦੀ ਹੈ।

ਯੂਨਾਇਟਡ ਵੈਲਫ਼ੇਅਰ ਸੁਸਾਇਟੀ ਵੱਲੋਂ ਸੰਦੋਹਾ ਵਿਖੇ ਲਗਾਇਆ 9ਵਾਂ ਖ਼ੂਨਦਾਨ ਕੈਂਪ

ਤਲਵੰਡੀ ਸਾਬੋ, 08 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਅੱਜ ਪਿੰਡ ਸੰਦੋਹਾ ਵਿਖੇ 9ਵਾਂ ਵਿਸ਼ਾਲ ਖ਼ੂਨਦਾਨ ਕੈਂਪ ਅਯੋਜਨ ਕੀਤਾ ਗਿਆ ਜਿਸ ਵਿੱਚ 43 ਖੂਨਦਾਨੀਆਂ ਨੇ ਖ਼ੂਨਦਾਨ ਕੀਤਾ। ਕੈਂਪ ਦਾ ਉਦਘਾਟਨ ਸਰਪੰਚ ਧਰਮ ਸਿੰਘ ਸਿੱਧੂ ਅਤੇ ਤਰਸੇਮ ਸਿੰਘ ਸਿੱਧੂ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਵੱਲੋਂ ਕੀਤਾ ਗਿਆ। ਕੈਂਪ ਬਾਰੇ ਜਣਕਾਰੀ ਦਿੰਦਿਆਂ ਤੇਜਿੰਦਰ ਸਿੰਘ ਸੰਦੋਹਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖ਼ੂਨਦਾਨ ਕੈਂਪ ਬੜੇ ਉਤਸ਼ਾਹ ਨਾਲ ਲਗਾਇਆ ਗਿਆ। ਕੈਂਪ ਵਿੱਚ ਮੌੜ ਮੰਡੀ, ਨੰਗਲਾ, ਬਹਿਣੀਵਾਲ, ਨਵਾਂ ਪਿੰਡ ਅਤੇ ਕਮਾਲੂ ਸਵੈਚ ਆਦ ਪਿੰਡਾਂ ਦੇ ਖ਼ੂਨਦਾਨੀ ਵੀਰਾਂ ਨੇ ਖ਼ੂਨਦਾਨ ਕੀਤਾ। ਸਰਪੰਚ ਧਰਮ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਸੰਸਥਾ 2017 ਦੇ ਬਣੀ ਸੀ ਉਦੋਂ ਤੋਂ ਹੀ ਹਰ ਸਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਹੈ ਤੇ ਅੱਜ ਵੀ ਯੂਨਾਇਟਡ ਵੈਲਫ਼ੇਅਰ ਸੁਸਾਇਟੀ ਬਠਿੰਡਾ ਵਲੋਂ ਕੈਂਪ ਲਗਾਇਆ ਗਿਆ ਜਿਸ ਵਿਚ ਸਿਵਲ ਹਸਪਤਾਲ ਬਠਿੰਡਾ ਦੀ ਬੱਲਡ ਬੈਂਕ ਵੱਲੋਂ 43 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਖੂਨਦਾਨੀ ਸੱਜਣਾਂ ਦੀ ਸਾਂਭ ਸੰਭਾਲ ਯੂਨਾਇਟਡ ਵੈਲਫ਼ੇਅਰ ਸੁਸਾਇਟੀ ਦੇ ਮੈਂਬਰ ਮਨਜੀਤ ਸਿੰਘ ਗੋਰਾ ਕੋਟਸ਼ਮੀਰ ਅਤੇ ਬਖਸ਼ੀਸ਼ ਸਿੰਘ ਨੇ ਕੀਤੀ ਅਤੇ ਖੂਨਦਾਨੀਆਂ ਨੂੰ ਰਫਰੈਸ਼ਮੈਂਟ ਵੀ ਦਿੱਤੀ ਗਈ। ਰੈੱਡ ਕਰਾਸ ਤੋਂ ਨਰੇਸ਼ ਪਠਾਣੀਆ ਅਤੇ ਯੂਨਾਇਟਡ ਵੈਲਫ਼ੇਅਰ ਸੁਸਾਇਟੀ ਦੇ ਬਾਨੀ ਵਿਜੈ ਭੱਟ ਵਿਸੇਸ਼ ਤੌਰ 'ਤੇ ਪਹੁੰਚੇ ਜਿਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਇਸ ਤੋਂ ਇਲਾਵਾ ਰਘੁਵੀਰ ਸਿੰਘ ਕਾਕਾ, ਜਗਸੀਰ ਸਿੰਘ ਮੈਂਬਰ, ਕਾਲਾ ਸਿੰਘ ਮੈਂਬਰ, ਗੁਰਸੇਵਕ ਸਿੰਘ ਸਰਾਂ, ਸੁਖਪਾਲ ਸਿੰਘ ਢਿੱਲੋਂ, ਜਗਦੇਵ ਸਿੰਘ ਸਿੱਧੂ, ਲੱਖਾ ਸਿੰਘ, ਅਮਰੀਕ ਸਿੰਘ ਮਾਨ, ਸੋਨੀ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ ਮਾਨ, ਗੁਰਪਰੀਤ ਸਿੰਘ, ਬੰਟੀ ਸਿੰਘ ਢਿੱਲੋ, ਗੱਗੂ ਸ਼ਰਮਾ, ਡਾ. ਰਾਮ ਸਿੰਘ, ਪ੍ਰਧਾਨ ਸਾਧੂ ਸਿੰਘ ਬੰਗੀ, ਨਸੀਬ ਸਿੰਘ ਮੈਂਬਰ, ਸੁਖਵਿੰਦਰ ਸਿੰਘ ਸਿੱਧੂ ਪਟਵਾਰੀ, ਨਵੀ ਸਿੰਘ ਨੰਬਰਦਾਰ, ਬਲਜੀਤ ਰਚਨਾ ਸਟੂਡੀਓ ਅਤੇ ਡਾ. ਸੰਦੀਪ ਸਿੰਘ ਨੰਗਲਾ ਹਾਜਰ ਸਨ।

ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ ਵੰਡੇ ਆਮ ਲੋਕਾਂ ਨੂੰ 400 ਪੌਦੇ

ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਕੀਤੀ ਅਪੀਲ-
ਬਠਿੰਡਾ, 8 ਅਕਤੂਬਰ (ਗੁਰਜੰਟ ਸਿੰਘ ਨਥੇਹਾ)-
ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਬਠਿੰਡਾ (ਭਾਰਤ ਸਰਕਾਰ ਦਾ ਇੱਕ ਉਪਕਰਨ) ਨੇ ਸਥਾਨਕ ਜੌਗਰ ਪਾਰਕ-ਰੋਜ਼ ਗਾਰਡਨ ਨੇੜੇ ਇੱਕ ਬਹੁਤ ਵਧੀਆ ਵਾਤਾਵਰਣ-ਅਨੁਕੂਲ ਪਹਿਲਕਦਮੀ ਕੀਤੀ। ਇਸ ਸੰਸਥਾ ਨੇ ਮੁਫਤ ਪੌਦੇ ਵੰਡਣ ਦਾ ਸਟਾਲ ਲਗਾਇਆ ਜਿਸ ਦਾ ਸੰਚਾਲਨ ਉਨ੍ਹਾਂ ਦੇ ਖੇਤਰੀ ਪ੍ਰਬੰਧਕ ਸ਼੍ਰੀ ਐਚ.ਐਸ. ਚਾਹਲ ਅਤੇ ਸ੍ਰੀ ਰਮੇਸ਼ ਗੋਇਲ ਸੀਨੀਅਰ ਡਿਵੀਜ਼ਨਲ ਮੈਨੇਜਰ ਅਤੇ ਟੀਮ ਨੇ ‌ਕੀਤਾ। ਇਸ ਮੌਕੇ ਸੰਸਥਾ ਨੇ ਆਮ ਲੋਕਾਂ ਨੂੰ 400 ਪੌਦੇ ਵੰਡੇ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਪੌਦਿਆਂ ਅਤੇ ਰੁੱਖਾਂ ਦੀ ਲੋੜ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਦੌਰਾਨ ਸੰਸਥਾ ਦੇ ਨੁਮਾਇੰਦਿਆਂ ਨੇ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਇਕੱਲਾ ਰੁੱਖ ਲਗਾਉਣਾ ਹੀ ਨਹੀਂ ਸਗੋਂ ਇਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸਾਡੀ ਸਾਰਿਆਂ ਦੀ ਨਿੱਜੀ ਜਿੰਮੇਵਾਰੀ ਹੈ। ਇਸ ਮੌਕੇ ਟੀਮ ਦੇ ਮੈਂਬਰ ਸ਼੍ਰੀ ਪ੍ਰੀਤਮ ਢੀਂਗਰਾ, ਸ਼੍ਰੀ ਐਚ.ਕੇ. ਕਪੂਰ, ਸ਼੍ਰੀ ਅਜੈ ਗੋਇਲ, ਸ਼੍ਰੀ ਸੁਰਜੀਤ ਸਿੰਘ, ਸੁਨੀਲ ਕੁਮਾਰ, ਉਪੇਸ਼, ਮਨਪ੍ਰੀਤ ਅਤੇ ਗੁਰਪ੍ਰੇਮ ‌ਆਦਿ ਹਾਜ਼ਰ ਸਨ।

ਗੁਰੂ ਹਰਗੋਬਿੰਦ ਪਬਲਿਕ ਸੀਨੀ. ਸੈਕੰ. ਸਕੂਲ ਲਹਿਰੀ ਦੇ ਖਿਡਾਰੀਆਂ ਨੂੰ ਮੈਡਲ, ਸ਼ੀਲਡਾਂ ਤੇ ਟਰਾਫੀ ਦੇ ਕੇ ਕੀਤਾ ਸਨਮਾਨਿਤ

ਤਲਵੰਡੀ ਸਾਬੋ, 8 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਕਰਵਾਈਆਂ ਗਈਆਂ ਸਿੱਖਿਆ ਵਿਭਾਗ ਪੰਜਾਬ ਦੀਆਂ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਤਹਿਤ ਸੈਂਟਰ ਜਗਾ ਰਾਮ ਤੀਰਥ ਦੀਆਂ ਖੇਡਾਂ ਸੈਂਟਰ ਹੈੱਡ ਟੀਚਰ ਪਰਮਜੀਤ ਸਿੰਘ ਜੀ ਸੰਗਤ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਲਹਿਰੀ ਵਿਖੇ ਕਰਵਾਈਆਂ ਗਈਆਂ। ਜਿਹਨਾਂ ਵਿਚ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਖਿਡਾਰੀਆਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਇਹਨਾਂ ਖੇਡਾਂ ਵਿਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸਕੂਲ ਕੈਂਪਸ ਵਿੱਚ ਆਯੋਜਿਤ ਸਾਦੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸੈਂਟਰ ਹੈੱਡ ਅਧਿਆਪਕ ਸ. ਪਰਮਜੀਤ ਸਿੰਘ ਪਹੁੰਚੇ ਜਿਹਨਾਂ ਦਾ ਬੱਚਿਆਂ ਅਤੇ ਸਟਾਫ ਵੱਲੋਂ ਸਵਾਗਤ ਕੀਤਾ ਗਿਆ। ਉਪਰੰਤ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਸ੍ਰ. ਪਰਮਜੀਤ ਸਿੰਘ ਸੰਗਤ ਨੂੰ ਜੀਅ ਆਇਆਂ ਆਖਿਆ। ਸੰਬੋਧਨ ਦੌਰਾਨ ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੇ ਬੱਚਿਆਂ ਨੇ ਕਬੱਡੀ ਨੈਸ਼ਨਲ (ਲੜਕੀਆਂ), ਹਾਕੀ (ਲੜਕੀਆਂ), ਸ਼ਤਰੰਜ (ਲੜਕੀਆਂ), ਮਿੰਨੀ ਹੈਂਡਬਾਲ (ਲੜਕੀਆਂ), ਤੈਰਾਕੀ (ਲੜਕੀਆਂ) ਮੁਕਾਬਲਿਆਂ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ ਅਤੇ ਕਬੱਡੀ ਸਰਕਲ (ਲੜਕੀਆਂ), ਖੋ-ਖੋ (ਲੜਕੀਆਂ), ਖੋ-ਖੋ (ਲੜਕੇ), ਫੁੱਟਬਾਲ (ਲੜਕੇ), ਹਾਕੀ (ਲੜਕੇ), ਬੈਡਮਿੰਟਨ ਡਬਲ (ਲੜਕੇ), ਮਿੰਨੀ ਹੈਂਡਬਾਲ (ਲੜਕੇ), ਕਰਾਟੇ (ਲੜਕੀਆਂ), ਤੈਰਾਕੀ (ਲੜਕੀਆਂ) ਅਤੇ ਰੱਸਕਸ਼ੀ (ਲੜਕੇ) ਮੁਕਾਬਲਿਆਂ ‘ਚ ਸਿਲਵਰ ਮੈਡਲ ਪ੍ਰਾਪਤ ਕੀਤੇ। ਇਸਤੋਂ ਇਲਾਵਾ ਅਥਲੈਟਿਕ ਮੁਕਾਬਲਿਆਂ 'ਚ ਰਾਜਵੀਰ ਕੌਰ ਨੇ ਸ਼ਾਟਪੁੱਟ 'ਚ ਗੋਲਡ ਮੈਡਲ ਅਤੇ 400 ਮੀਟਰ ਦੌੜ 'ਚ ਜਗਜੀਤ ਸਿੰਘ ਅਤੇ 600 ਮੀਟਰ ਦੌੜ 'ਚ ਅਨਮੋਲ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਖਿਡਾਰੀਆਂ ਨੂੰ ਸਨਮਾਨਿਤ ਕਰਨ ਮੌਕੇ ਮੁੱਖ ਮਹਿਮਾਨ ਸ੍ਰ. ਪਰਮਜੀਤ ਸਿੰਘ ਸੰਗਤ ਨੇ ਜਿੱਥੇ ਖਿਡਾਰੀਆਂ, ਸਕੂਲ ਪ੍ਰਬੰਧਕਾਂ ਅਤੇ ਕੋਚ ਸ੍ਰ. ਹਰਵਿੰਦਰ ਸਿੰਘ ਨੂੰ ਵਧਾਈ ਦਿੱਤੀ ਉੱਥੇ ਉਹਨਾਂ ਕਿਹਾ ਕਿ ਪਹਿਲਾਂ ਅੰਡਰ-14 ਤੋਂ ਇਲਾਵਾ ਹੋਰ ਉਮਰ ਵਰਗ ਦੇ ਖਿਡਾਰੀਆਂ ਦੀ ਗ੍ਰੇਡੇਸ਼ਨ ਵਿਚ ਖੇਡਾਂ ਦੇ ਅੰਕ ਨਹੀਂ ਜੁੜਦੇ ਸਨ ਹੁਣ ਸਰਕਾਰ ਦੇ ਫੈਸਲੇ ਅਨੁਸਾਰ ਅੰਡਰ-11 ਦੇ ਖੇਡਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਦੇ ਵੀ ਨੰਬਰ ਜੁੜਨਗੇ। ਇਸ ਲਈ ਸਾਰੇ ਬੱਚਿਆਂ ਨੂੰ ਖੇਡਾਂ ਵਿਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿੱਤ ਤੇ ਹਾਰ ਜਿੰਦਗੀ ਦੇ ਦੋ ਅਹਿਮ ਅੰਗ ਹਨ ਇਸ ਕਰਕੇ ਹਾਰਾਂ ਤੋਂ ਨਿਰਾਸ਼ ਨਹੀਂ ਹੋਣਾ ਬਲਕਿ ਸਖ਼ਤ ਮਿਹਨਤ ਕਰਕੇ ਜਿੱਤ ਹਾਸਲ ਕਰਨੀ ਹੈ। ਇਸ ਮੌਕੇ ਪਰਮਜੀਤ ਸਿੰਘ ਸੰਗਤ ਵਲੋਂ ਬੱਚਿਆਂ ਨੂੰ ਮੈਡਲ, ਸ਼ੀਲਡਾਂ ਤੇ ਵਿਸ਼ੇਸ਼ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ ਅਤੇ ਸਕੱਤਰ ਸ਼੍ਰੀਮਤੀ ਪਰਮਜੀਤ ਕੌਰ ਜਗਾ ਨੇ ਮੁੱਖ ਮਹਿਮਾਨ ਸ੍ਰ. ਪਰਮਜੀਤ ਸਿੰਘ ਸੰਗਤ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਸ੍ਰ. ਜਗਤਾਰ ਸਿੰਘ ਸ਼ੇਖਪੁਰਾ, ਸ਼੍ਰੀ ਭੋਲਾ ਰਾਮ ਜਗਾ, ਜਗਤਾਰ ਸਿੰਘ ਜਗਾ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

ਹਿਊਮਨ ਸਰਵਿਸ ਸੋਸਾਇਟੀ ਪੰਜਾਬ ਦੇ ਸਟੇਟ ਪ੍ਰਧਾਨ ਜਤਿੰਦਰ ਸ਼ਰਮਾ ਅਤੇ ਉਹਨਾਂ ਦੀ ਟੀਮ ਵਲੋਂ ਨਸ਼ੇ ਖਿਲਾਫ ਇੱਕ ਮੀਟਿੰਗ ਕੀਤੀ ਗਈ

ਮੋਗਾ (ਜਸਵਿੰਦਰ ਸਿੰਘ ਰੱਖਰਾ) ਅੱਜ ਹਿਊਮਨ ਸਰਵਿਸ ਸੋਸਾਇਟੀ ਪੰਜਾਬ ਦੇ ਸਟੇਟ ਪ੍ਰਧਾਨ ਜਤਿੰਦਰ ਸ਼ਰਮਾ ਅਤੇ ਉਹਨਾਂ ਦੀ ਟੀਮ ਵਲੋਂ ਰਾਜਪੁਰਾ ਜਿਲਾ ਪਟਿਆਲਾ ਵਿਖੇ ਨਸ਼ੇ ਖਿਲਾਫ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਬੋਲਦੇ ਕਿਹਾ ਕਿ ਰਾਜਪੁਰਾ ਪਟਿਆਲਾ ਅਤੇ ਪੁਰੇ ਪੰਜਾਬ ਵਿੱਚ ਨਸ਼ੇ ਦੇ ਖਿਲਾਫ ਅਭਿਆਨ ਜੋਰ ਸ਼ੋਰ ਨਾਲ ਚਲਾਇਆ ਜਾ ਰਿਹਾ ਹੈ। ਲੋਕਾਂ ਨੂੰ ਨਸ਼ੇ ਖਿਲਾਫ ਜਾਗਰੂਕ ਕੀਤਾ ਗਿਆ ਅਤੇ ਨਸ਼ੇ ਤੋਂ ਦੂਰ ਰਹਿਣ ਬਾਰੇ ਸਮਝਾਇਆ ਗਿਆ। ਉੱਥੇ ਹੀ ਨਵ ਨਿਯੁਕਤ ਇਨਚਾਰਜ ਐਸ.ਆਈ. ਪਵਨ ਕੁਮਾਰ ਸ਼ਰਮਾ ਸਪੈਸ਼ਲ ਸੈਲ ਰਾਜਪੁਰਾ ਜਿਲਾ ਪਟਿਆਲਾ ਨੂੰ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਇਨਚਾਰਜ ਪਵਨ ਕੁਮਾਰ ਸ਼ਰਮਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਨਸ਼ੇ ਖਿਲਾਫ ਹਰ ਸਮੇਂ ਲੋਕਾਂ ਦਾ ਸਾਥ ਦੇਣਗੇ। ਸਾਨੂੰ ਸਭ ਨੂੰ ਪੁਲਿਸ ਪ੍ਰਸ਼ਾਸ਼ਨ ਨਾਲ ਮਿਲਕੇ ਨਸ਼ੇ ਦੇ ਖਿਲਾਫ ਇੱਕਜੁੱਟ ਹੋ ਕੇ ਸਾਥ ਦੇਣਾ ਚਾਹੀਦਾ ਹੈ ਅਤੇ ਪੇੜ ਪੌਦੇ ਲਗਾ ਕੇ ਵਾਤਾਵਰਨ ਸ਼ੁੱਧ ਰੱਖਣਾ ਚਾਹੀਦਾ ਹੈ। ਬੇਟੀ ਪੜਾਓ ਬੇਟੀ ਬਚਾਓ ਅਤੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈ ਕੇ ਦੇਸ਼ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਪੈਸ਼ਲ ਸੈਲ ਇੰਚਾਰਜ ਰਾਜਪੁਰਾ ਪਵਨ ਕੁਮਾਰ ਸ਼ਰਮਾ, ਰਿਟਾਇਰਡ ਐਸ.ਐਸ.ਪੀ. ਪਵਨ ਕੁਮਾਰ, ਸੁਰਿੰਦਰ ਯਾਦਵ ਪ੍ਰਿੰਸੀਪਲ ਰਾਜਿੰਦਰ ਸਿੰਘ ਮੱਟੂ ਪ੍ਰਧਾਨ ਸਟੇਟ ਮਹਿਲਾ ਵਿੰਗ ਨਿਰਮਲ ਜੈਨ ਚੇਅਰਪਰਸਨ ਲਵਲੀ ਅਰੋੜਾ, ਰੇਖਾ ਰਾਣੀ, ਅਨੀਤਾ ਸੰਧੂ, ਰਾਧਾ ਸ਼ਰਮਾ, ਦਰਸ਼ਨਾ ਅਰੋੜਾ, ਅਤੇ ਹੋਰ ਪਤਵੰਤੇ ਸੱਜਣ ਮੌਜੂਦ ਰਹੇ। 

ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜ਼ਿਲ੍ਹਾ ਮੋਗਾ ਵੱਲੋਂ ਸਭਾ ਦੇ ਸਟੇਜ ਸੈਕਟਰੀ ਭਾਈ ਸ਼ਿੰਦਰ ਸਿੰਘ ਜੀ ਦਾ ਵਿਦੇਸ਼ ਤੋਂ ਪਰਤਣ ਤੇ ਕੀਤਾ ਨਿੱਘਾ ਸਵਾਗਤ ਬੱਡੂਵਾਲੀਆ

ਮੋਗਾ(ਜਸਵਿੰਦਰ ਸਿੰਘ ਰੱਖਰਾ )ਸਾਡੇ ਬਹੁਤ ਹੀ ਸਤਿਕਾਰ ਯੋਗ ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜ਼ਿਲ੍ਹਾ ਮੋਗਾ ਦੇ ਸਟੇਜ ਸੈਕਟਰੀ ਭਾਈ ਸ਼ਿੰਦਰ ਸਿੰਘ ਜੀ, ਹੈਂਡ ਗ੍ਰੰਥੀ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਅਕਾਲਸਰ ਰੋਡ ਮੋਗਾ ਦਾ ਵਿਦੇਸ਼ ਤੋਂ ਪਰਤਣ ਤੇ ਸ਼੍ਰੋਮਣੀ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜ਼ਿਲ੍ਹਾ ਮੋਗਾ ਦੇ ਸੂਮੰਹ ਅਹੁਦੇਦਾਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੱਤ ਰੋਡ ਮੋਗਾ ਵਿਖੇ ਸ਼੍ਰੋਮਣੀ ਰਾਗੀ ਸਭਾ ਰਜਿ ਪੰਜਾਬ ਜ਼ਿਲ੍ਹਾ ਮੋਗਾ ਦੇ ਅਹੁਦੇਦਾਰ ਵੱਲੋਂ ਭਾਈ ਸਾਹਿਬ ਜੀ ਨੂੰ ਸਿਰੋਪਾਉ ਦੇਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੰਜਾਬ ਪ੍ਰਧਾਨ ਭਾਈ ਸਵਰਨ ਸਿੰਘ, ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਬੁੱਟਰ, ਸੀਨੀਅਰ ਮੀਤ ਪ੍ਰਧਾਨ ਭਾਈ ਹਰਜੀਤ ਸਿੰਘ, ਚੇਅਰਮੈਨ ਭਾਈ ਜਗਦੀਪ ਸਿੰਘ ਲੰਗੇਆਣਾ, ਜ਼ਿਲ੍ਹਾ ਮੀਤ ਪ੍ਰਧਾਨ ਭਾਈ ਗੁਰਸੇਵਕ ਸਿੰਘ ਨੱਥੂਵਾਲਾ, ਵਾਈਸ ਸ਼ਹਿਰੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ, ਮੁੱਖ ਸਲਾਹਕਾਰ ਭਾਈ ਵਜ਼ੀਰ ਸਿੰਘ, ਸੀਨੀਅਰ ਮੁੱਖ ਸਲਾਹਕਾਰ ਭਾਈ ਸਰਬਜੀਤ ਸਿੰਘ ਬੁੱਟਰ , ਵਾਈਸ ਚੇਅਰਮਨ ਭਾਈ ਸੁਖਜੀਤ ਸਿੰਘ ਧੂੜਕੋਟ , ਸਟੇਜ ਸੈਕਟਰੀ ਭਾਈ ਸ਼ਿੰਦਰ ਸਿੰਘ,ਦਫ਼ਤਰ ਸਕੱਤਰ, ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਹਾਜ਼ਰ ਸਨ ! ਭਾਈ ਸ਼ਿੰਦਰ ਸਿੰਘ ਜੀ ਦੇ ਵਿਦੇਸ਼ ਜਾਣ ਸਮੇਂ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਅਕਾਲਸਰ ਰੋਡ ਮੋਗਾ ਸਮੂੰਹ ਪ੍ਰਬੰਧਕੀ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਰਿਹਾ ਸਮੂੰਹ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ

ਬਰਸਾਤ ਦੇ ਪਾਣੀ ਨੂੰ ਬਚਾਉਣ ਲਈ ਗਰੀਨ ਪੈਸ਼ਨ ਕਲੱਬ ਅੱਗੇ ਆਇਆ 

ਪਿੱਪਲ  ਵਾਲਾ ਗੁਰਦੁਆਰਾ ਨਜ਼ਦੀਕ ਥਾਣਾ ਸਿਟੀ ਅੰਮ੍ਰਿਤ ਬਜ਼ਾਰ ਕਪੂਰਥਲਾ ਵਿੱਚ ਗੁਰਦਵਾਰੇ  ਦੇ ਪ੍ਰਧਾਨ ਅਮਰਜੀਤ ਸਿੰਘ ਤੇ ਬਾਕੀ ਮੈਂਬਰਾਂ ਦੇ ਸਹਿਯੋਗ ਨਾਲ  ਗਰੀਨ ਪੈਸ਼ਨ ਕਲੱਬ ਨੇ ਲਗਵਾਇਆ ਰੇਨ ਵਾਟਰ ਹਾਰਵੈਸਟਿੰਗ ਸਿਸਟਮ 
ਕਪੂਰਥਲਾ ( ਅਵਤਾਰ ਸਿੰਘ ਰਾਏਸਰ  ) 
ਕਪੂਰਥਲਾ ਸ਼ਹਿਰ ਵਿੱਚ ਬਰਸਾਤ ਦੇ ਪਾਣੀ ਨੂੰ ਬਚਾਉਣ ਲਈ ਗਰੀਨ ਪੈਸ਼ਨ ਕਲੱਬ ਦੀ ਟੀਮ ਨੇ ਮੋਰਚਾ ਲਗਾਇਆ ਹੋਇਆ ਹੈ। ਇਸ ਕੰਮ ਲਈ ਕਲੱਬ ਦੇ ਪ੍ਰਧਾਨ ਅਸ਼ਵਨੀ ਮਹਾਜਨ ਦੀ ਅਗਵਾਈ ਹੇਠ ਸਰਕਾਰੀ,ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਨਾਲ ਤਾਲ ਮੇਲ ਬਣਾ ਕੇ ਵੱਡੀਆਂ ਇਮਾਰਤਾਂ ਦੀਆਂ ਛੱਤਾਂ ਦੇ ਪਾਣੀ ਨੂੰ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਰਾਹੀਂ ਧਰਤੀ ਅੰਦਰ ਭੇਜਿਆ ਜਾ ਰਿਹਾ ਹੈ।
ਗਰੀਨ ਪੈਸ਼ਨ ਕਲੱਬ ਦੀ ਇਸ ਪਹਿਲ ਕਦਮੀ ਕਰਕੇ ਹਰ ਪਾਸਿਓਂ ਸ਼ਾਬਾਸ਼ ਮਿਲ ਰਹੀ ਹੈ।
ਕਲੱਬ ਦੇ ਪ੍ਰਧਾਨ ਅਸ਼ਵਨੀ ਮਹਾਜਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲੱਬ ਬਹੁਤ ਸਮੇਂ ਤੋਂ ਵਾਤਾਵਰਨ ਨੂੰ ਬਚਾਉਣ ਲਈ ਕਪੂਰਥਲਾ ਸ਼ਹਿਰ ਤੇ ਆਸੇ ਪਾਸੇ ਵੱਡੀ ਪੱਧਰ ਤੇ ਪੌਦੇ ਲਗਾ ਕੇ ਸ਼ਹਿਰ ਦੀ ਆਬੋਹਵਾ ਨੂੰ ਦਰੁਸਤ ਕਰ ਰਿਹਾ ਹੈ । 
ਇਸ ਸਮੇਂ ਤੇ ਪੰਜਾਬ ਦੇ ਪਾਣੀ ਦੇ ਗਿਰਦੇ ਸਤੱਰ ਨੂੰ ਦੇਖਦੇ ਹੋਏ ਮੀਂਹ ਦੇ ਪਾਣੀ ਦੀ ਸੰਭਾਲ ਲਈ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਗ੍ਰੀਨ ਪੈਸ਼ਨ ਕਲੱਬ ਪਾਣੀ ਬਚਾਉਣ ਲਈ ਕਾਫੀ ਜਗ੍ਹਾ ਤੇ ਲੋਕਾਂ ਨੂੰ ਰੇਨ ਵਾਟਰ ਹਾਰਵੈਸਟਿੰਗ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਸ਼ਹਿਰ ਵਿਚ ਕਈ ਜਗ੍ਹਾ ਤੇ ਰੇਨ ਵਾਟਰ ਹਾਰਵੈਸਟਿੰਗ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। 

ਏਸੇ ਮੁਹਿੰਮ ਤਹਿਤ ਕਲੱਬ ਵੱਲੋਂ ਪੰਜਾਬ ਨੈਸ਼ਨਲ ਬੈਂਕ ਸਰਕਲ ਦਫਤਰ ਦੇ ਡੀ .ਜੀ.ਐੱਮ ਐਚ ਸੀ ਐਸ ਚਾਵਲਾ ਜੀ ਨਾਲ ਸੰਪਰਕ ਕੀਤਾ ਗਿਆਤੇ  ਉੱਥੇ ਸਫ਼ਲਤਾ ਪੂਰਵਕ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ ਗਿਆ।ਗਰੀਨ ਪੈਸ਼ਨ ਕਲੱਬ ਦੀ ਟੀਮ ਵੱਲੋਂ ਵੀ ਕਾਰਵਾਈ ਵਿਚ ਤਰੁੰਤ ਪ੍ਰਭਾਵ ਨਾਲ ਸਹਿਯੋਗ ਕੀਤਾ ਗਿਆ ਅਤੇ ਥੋੜੇ ਸਮੇਂ ਵਿੱਚ ਹੀ ਪੀ.ਐਨ.ਬੀ ਦੇ ਸਰਕਲ ਦਫ਼ਤਰ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਕੇ ਚਾਲੂ ਹੋ ਗਿਆ।   ਜਿਹੜਾ ਵੱਡਮੁੱਲਾ ਪਾਣੀ ਪਹਿਲਾਂ ਸੀਵਰੇਜ ਦੀਆਂ ਪਾਈਪਾਂ ਵਿੱਚ ਜਾਣਾ ਸੀ ਉਹ ਧਰਤੀ ਮਾਂ ਦੀ ਗੋਦ ਵਿਚ ਚਲਾ ਗਿਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੀਣ ਲਈ ਪਾਣੀ ਬਚ ਗਿਆ। 

          ਇਸ ਮੌਕੇ ਤੇ ਅਸ਼ਵਨੀ ਮਹਾਜਨ ਪ੍ਰਧਾਨ ਗਰੀਨ ਪੈਸ਼ਨ ਕਲੱਬ, ਰਜਨੀ ਵਾਲੀਆ ਅਧਿਆਪਕਾ ਕਪੂਰਥਲਾ ,ਅਮਰਜੀਤ ਸਿੰਘ ਪ੍ਰਧਾਨ ਪਿੱਪਲ ਵਾਲਾ ਗੁਰਦੁਆਰਾ, ਜਤਿੰਦਰ ਸਿੰਘ, ਮਨਿੰਦਰ ਸਿੰਘ, ਮਨਦੀਪ ਸਿੰਘ, ਰਤਨਦੀਪ ਗੁਲਾਟੀ, ਅਜੀਤ ਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ,;ਰੇਨ ਵਾਟਰ ਹਾਰਵੈਸਟਿੰਗ ਸਿਸਟਮ ਦੀ ਪ੍ਰਕਿਰਿਆ ਵਿੱਚ ਰੁੱਝੀ ਗਰੀਨ ਪੈਸ਼ਨ ਕਲੱਬ ਦੀ ਟੀਮ।

ਹਿੱਸੋਵਾਲ ਦੀ ਪੁਸਤਕ'ਬੋਧ ਗਯਾ ਤੋਂ ਗਿਆਨ ਦੀ ਧਾਰਾ' ਦਾ ਦੂਜਾ ਐਡੀਸ਼ਨ ਲੋਕ ਅਰਪਣ 10 ਨੂੰ

ਲੁਧਿਆਣਾ( ਅਵਤਾਰ ਸਿੰਘ ਰਾਏਸਰ  )     ਪੰਜਾਬੀ ਗੀਤਕਾਰ ਮੰਚ, ਲੁਧਿਆਣਾ ਵਲੋਂ ਪੰਜਾਬੀ ਦੇ ਪ੍ਰਸਿੱਧ ਲੇਖਕ ਜਗਤਾਰ ਸਿੰਘ ਹਿੱਸੋਵਾਲ ਦੀ ਪੁਸਤਕ 'ਬੋਧ ਗਯਾ ਤੋਂ ਗਿਆਨ ਦੀ ਧਾਰਾ ' ਦਾ ਦੂਜਾ ਐਡੀਸ਼ਨ ਕਰਨ ਲਈ ਵਿਸ਼ੇਸ਼ ਸਮਾਗਮ ਪੈਨਸ਼ਨਰ ਭਵਨ, ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਦੁਪਹਿਰ 2 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀ ਪ੍ਰਧਾਨਗੀ ਪ੍ਰੋ ਗੁਰਭਜਨ ਗਿੱਲ ਸਾਬਕਾ ਪ੍ਰਧਾਨ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਹੋਵੇਗਾ ਅਤੇ ਮੁੱਖ ਮਹਿਮਾਨ ਸ. ਮਨਦੀਪ ਸਿੰਘ ਸਿੱਧੂ ਆਈ. ਪੀ. ਐੱਸ. ਪੁਲਿਸ ਕਮਿਸ਼ਨਰ ਲੁਧਿਆਣਾ ਹੋਣਗੇ। ਸਮਾਗਮ ਵਿੱਚ ਮੈਡਮ ਰੁਪਿੰਦਰ ਕੌਰ ਸਰਾ ਏ. ਡੀ. ਸੀ. ਪੀ. 1, ਸ੍ਰੀ ਸੰਦੀਪ ਵਡੇਰਾ ਏ.ਸੀ.ਪੀ. ਇੰਡ.ਏਰੀਆ ਬੀ, ਸ.ਸੁਖਨਾਜ ਸਿੰਘ ਏ.ਸੀ.ਪੀ. ਸੈਂਟਰਲ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਪੁਸਤਕ 'ਬੋਧ ਗਯਾ ਤੋਂ ਗਿਆਨ ਦੀ ਧਾਰਾ ' ਤੇ ਚਰਚਾ ਡਾ. ਗੁਰਇਕਬਾਲ ਸਿੰਘ, ਪ੍ਰੋ. ਰਵਿੰਦਰ ਭੱਠਲ, ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਮਨਦੀਪ ਕੌਰ ਭੰਮਰਾ ਕਰਨਗੇ। ਪ੍ਰੋਗਰਾਮ ਵਿੱਚ ਇੰਸ. ਅਮਨਦੀਪ ਸਿੰਘ ਬਰਾੜ ਐਸ. ਐੱਚ. ਓ. ਫੋਕਲ ਪੁਆਇੰਟ, ਇੰਸ. ਮਧੂ ਬਾਲਾ ਐਸ. ਐੱਚ. ਓ. ਦੁਗਰੀ, ਸਬ. ਇੰਸ. ਕੁਲਦੀਪ ਸਿੰਘ ਐਸ.ਐਚ.ਓ. ਡਵੀਜ਼ਨ ਨੰਬਰ 3 ਅਤੇ ਹੈਂਡ ਕਲਰਕ ਗੁਰਦੇਵ ਸਿੰਘ ਵੀ ਸ਼ਾਮਲ ਹੋਣਗੇ।ਇਸ ਮੌਕੇ ਮੰਚ ਸੰਚਾਲਨ ਸਰਬਜੀਤ ਸਿੰਘ ਬਿਰਦੀ ਵਲੋਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਹਿੱਸੋਵਾਲ ਦੀ ਇਹ ਪੁਸਤਕ ਏਸ਼ੀਆ ਦੇ ਚਾਨਣ ਗੌਤਮ ਬੁੱਧ ਦੇ ਜੀਵਨ ਦੇ ਅਧਾਰਿਤ ਹੈ।ਇਸ ਪੁਸਤਕ ਦਾ ਪਹਿਲਾ ਐਡੀਸ਼ਨ ਵੀ ਪਾਠਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹਿੱਸੋਵਾਲ ਕਲਮ ਰਾਹੀਂ ਹਮੇਸ਼ਾਂ ਲਈ ਕਿਰਤ ਦੇ ਸੰਦਾਂ ਦੇ ਨਾਲ, ਜ਼ਿੰਦਗੀ ਦੀ ਲੜਾਈ ਲੜ ਰਹੇ ਤਮਾਮ ਲੋਕਾਂ ਬਾਰੇ ਅਕਸਰ ਲਿਖਦਾ ਹੈ। ਕਹਾਣੀਆਂ, ਕਵਿਤਾਵਾਂ ਵਿਚ ਉਲਝੇ ਸਮਾਜਿਕ ਤਾਣੇ-ਬਾਣੇ ਦੀ ਗੱਲ ਕਰਨ ਵਾਲੇ ਜਗਤਾਰ ਸਿੰਘ ਹਿੱਸੋਵਾਲ ਦੀਆਂ ਲਿਖਤਾਂ ਹਮੇਸ਼ਾਂ ਪਾਠਕਾਂ ਦੀ ਪਸੰਦ ਬਣੀਆਂ ਹਨ।

ਬੇਗਮਪੁਰਾ ਟਾਇਗਰ ਫੋਰਸ ਵਲੋ ਤੀਸਰਾ ਵਿਸ਼ਾਲ ਖੂਨਦਾਨ ਕੈਪ 11 ਨੂੰ : ਠਰੋਲੀ ,ਨੇਕੂ,ਹੈਪੀ 

ਹੁਸ਼ਿਆਰਪੁਰ  ( ਅਵਤਾਰ ਸਿੰਘ ਰਾਏਸਰ ) ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ, ਦੋਆਬਾ ਪ੍ਰਧਾਨ ਨੇਕੂ ਅਜਨੋਹਾ, ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ,ਸਤੀਸ਼ ਕੁਮਾਰ ਸ਼ੇਰਗੜ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ , ਰਾਜ ਕੁਮਾਰ ਬੱਧਣ ਨਾਰਾ ਜਿਲ੍ਹਾ ਉੱਪ ਪ੍ਰਧਾਨ ਅਤੇ ਹਰਭਜਨ ਲਾਲ ਸਰੋਆ ਉਪ ਪ੍ਰਧਾਨ ਬਲਾਕ 2 ਨੇ ਸਾਝੇ ਰੂਪ ਵਿੱਚ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 11 ਅਕਤੂਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਤੀਸਰਾ ਵਿਸ਼ਾਲ ਖੂਨਦਾਨ ਕੈਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸਤਨਾਮ ਹਸਪਤਾਲ ਦੀ ਬਲੱਡ ਸੈਟਰ ਦੀ ਟੀਮ ਕੰਮ ਕਰੇਗੀ।  ਉਨ੍ਹਾਂ ਦੱਸਿਆ ਕਿ ਇਸ ਖੂਨਦਾਨ ਕੈਪ ਵਿੱਚ ਵੱਡੀ ਗਿਣਤੀ ਵਿੱਚ ਖੂਨਦਾਨ ਕਰਨ ਵਾਲੇ ਖੂਨਦਾਨ ਕਰਨਗੇ।ਉਨ੍ਹਾਂ ਕਿਹਾ ਕਿ ਬੇਝਿਜਕ ਹੋ ਕੇ ਹਰ ਵਿਅਕਤੀ ਨੂੰ ਖੂਨਦਾਨ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਦਾਨ ਕੀਤੇ ਖੂਨ ਦੀ ਇੱਕ ਬੂੰਦ ਕਿਸੇ ਦੀ ਜਾਨ ਬਚਾ ਸਕਦੀ ਹੈ। ਆਗੂਆ ਨੇ ਕਿਹਾ ਬੇਗਮਪੁਰਾ ਟਾਈਗਰ ਫੋਰਸ ਸਤਿਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀਆਂ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ ਦੇ ਨਾਲ-ਨਾਲ ਸਮਾਜ ਭਲਾਈ ਦੇ ਹੋਰ ਵੀ ਕਈ ਕੰਮ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਹਰ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਈ ਜਾ ਸਕੇ।  ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ, ਸਗੋਂ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

ਪੰਜਾਬ ਰਾਜ ਅੰਤਰ ਜਿਲ੍ਹਾ ਖੇਡ ਟੂਰਨਾਮੈਂਟ ਸ਼ੁਰੂ 

ਲੁਧਿਆਣਾ, 6 ਅਕਤੂਬਰ ( ਟੀ. ਕੇ. ) 67 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਸਕਟਬਾਲ ਅੰਡਰ 19 ਲੜਕੀਆਂ  ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਡਿੰਪਲ ਮਦਾਨ  ਦੀ  ਅਗਵਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਗਰਾਊਂਡ ਵਿੱਚ ਸ਼ੁਰੂ ਹੋਈਆਂ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ  ਕੁਲਵੀਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਅਤੇ ਖੇਡ ਵਿੰਗਾਂ ਨੇ ਭਾਗ ਲਿਆ।  ਅੱਜ ਦੇ ਖੇਡ ਮੁਕਾਬਲੇ ਦੇ ਉਦਘਾਟਨੀ ਸਮਾਰੋਹ ਮੌਕੇ ਡਾ . ਨਿਰਮਲ ਸਿੰਘ ਜੌੜਾ ਡਾਇਰੈਕਟਰ ਵਿਦਿਆਰਥੀਆਂ  ਵੈਲਫੇਅਰ ਵਿਭਾਗ ਪੀ ਏ ਯੂ ਅਤੇ ਡਾ. ਕੰਵਲਜੀਤ ਕੌਰ   ਉੱਪ ਨਿਰਦੇਸ਼ਕ ਸਰੀਰਕ ਸਿੱਖਿਆ ( ਪੀ ਏ ਯੂ)     ਪਹੁੰਚੇ। ਆਏ ਹੋਏ ਮਹਿਮਾਨਾਂ ਦਾ ਸਵਾਗਤ  ਜਸਵਿੰਦਰ ਸਿੰਘ ਵਿਰਕ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਕੀਤਾ ਗਿਆ। ਇਸ ਮੌਕੇ ਰੁਪਿੰਦਰ ਸਿੰਘ ਰਵੀ  ,.ਜਗਰੂਪ ਸਿੰਘ ਜਰਨਲ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਲੁਧਿਆਣਾ,  ਅਜੀਤਪਾਲ ਸਿੰਘ ਮੈਂਬਰ ਸਟੇਟ  ਕਮੇਟੀ ਸਪੋਰਟਸ ਪੰਜਾਬ, ਸ. ਤੇਜਾ ਸਿੰਘ ਧਾਲੀਵਾਲ ਪ੍ਰਧਾਨ ਬਾਸਕਟਬਾਲ ਐਸੋਸੀਏਸ਼ਨ,ਸਤਨਾਮ ਸਿੰਘ ਜੋਨ ਕਨਵੀਨਰ ਲੁਧਿਆਣਾ - 1,   ਜਸਪ੍ਰੀਤ ਸਿੰਘ ਡੀ. ਪੀ. ਈ. ,  ਸੁਖਵਿੰਦਰ ਸਿੰਘ ਡੀ. ਪੀ. ਈ. , ਅਮਰਜੀਤ ਸਿੰਘ ਪੀ. ਟੀ. ਆਈ. , ਅਸ਼ੀਸ਼ ਕੁਮਾਰ ਡੀ. ਪੀ. ਈ. ,ਚੰਨਪ੍ਰੀਤ ਸਿੰਘ ਡੀ. ਪੀ. ਈ. ਢੋਲੇਵਾਲ, ਸਤਿੰਦਰ ਕੌਰ ਲੈਕਚਰਾਰ ਸਰੀਰਕ ਸਿੱਖਿਆ, ਰਮਨਦੀਪ ਕੌਰ ਡੀ. ਪੀ. ਈ. , ਨਵਨੀਤ ਕੌਰ ਡੀ. ਪੀ. ਆਦਿ ਸਟਾਫ ਮੈਂਬਰ ਹਾਜ਼ਰ ਸਨ।

ਪੀ. ਏ. ਯੂ. ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ 

ਲੁਧਿਆਣਾ , 6 ਅਕਤੂਬਰ (  ਟੀ. ਕੇ. ) ਅੱਜ ਪੀਏਯੂ ਪੈਨਸ਼ਨਰ ਵੈਲਫੇਅਰ ਐਸੋਸੀਏਸਨ ਦੀ ਮਹੀਨਾਵਾਰ ਮੀਟਿੰਗ ਸਥਾਨਕ ਵਿਦਿਆਰਥੀ ਭਵਨ ਵਿੱਖੇ  ਹੋਈ ਜਨਰਲਬਾਡੀ ਦੀ ਮੀਟਿੰਗ ਵਿੱਚ ਕਈ ਮਸਲੇ ਵਿਚਾਰੇ ਗਏ। ਮੀਟਿੰਗ ਦੀ ਪ੍ਰਧਾਨਗੀ ਸੁਖਦੇਵ ਸਿੰਘ ਦੀ ਅਗਵਾਈ ਹੇਠ ਅਗਜੈਕਟਿਵ ਕਮੇਟੀ ਮੈਂਬਰਾਂ ਵੱਲੋਂ ਕੀਤੀ ਗਈ। ਇਸ ਜੱਥੇਬੰਦੀ ਵੱਲੋਂ ਆਪਣੇ ਮੈਂਬਰਾਂ ਨੂੰ ਸਾਲ ਵਿੱਚ ਦੋ ਵਾਰ ਇਤਿਹਾਸਿਕ ਅਤੇ ਧਾਰਮਿਕ ਥਾਂਵਾਂ ਦੇ ਕਰਵਾਏ ਜਾਂਦੇ ਟੂਰਾਂ ਵਿੱਚੋਂ ਇਸ ਵਾਰ 29, 30 ਅਕਤੂਬਰ ਨੂੰ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਦੇ ਆਸ ਪਾਸ ਦੇ ਥਾਂਵਾਂ ਦਾ ਕਰਵਾਇਆ ਜਾ ਰਿਹਾ ਹੈ। ਪੈਨਸਨਰਾਂ ਦੇ ਨਵੇਂ ਪੇ ਕਮਿਸ਼ਨ ਰਿਪੋਰਟ ਸੰਬੰਧੀ ਰਹਿੰਦੇ ਬਕਾਇਆਂ , ਰਹਿੰਦੇ ਐਲ ਟੀ ਏ ਦੀ ਅਦਾਇਗੀ ਨਵੰਬਰ ਤੱਕ ਹੋਣ ਬਾਰੇ ਅਤੇ ਪੀ ਏ ਯੂ ਦੇ ਪੈਨਸਨਰਾਂ ਦਾ ਪੈਨਸ਼ਨ ਹੈੱਡ ਵੱਖਰਾ ਹੋਣ ਬਾਰੇ ਜਨਰਲ ਸਕੱਤਰ ਆਸਾ ਸਿੰਘ ਪੰਨੂੰ ਨੇ ਜਾਣਕਾਰੀ ਸਾਂਝੀ ਕੀਤੀ। ਉੱਪ ਪ੍ਰਧਾਨ ਜਸਵੰਤ ਜੀਰਖ ਨੇ ਮਨੀਪੁਰ ਵਿੱਚ ਵਾਪਰੀਆਂ ਅੱਗ ਜਲਣੀ ਦੀਆਂ ਘਟਨਾਵਾਂ ਦਾ ਅੱਖੀਂ ਵੇਖਿਆ ਹਾਲ ਵਰਨਣ ਕੀਤਾ। ਉਹਨਾਂ ਦੱਸਿਆ ਕਿ ਸੱਤ੍ਹਾ ਤੇ ਕਾਬਜ ਸਿਆਸਤਦਾਨ ਕਿਵੇਂ ਆਮ ਲੋਕਾਂ ਨੂੰ ਧਰਮਾਂ, ਜਾਤਾਂ, ਫਿਰਕਿਆਂ ਵਿੱਚ ਵੰਡਕੇ ਆਪਣੇ ਰਾਜ ਦੀ ਉਮਰ ਲੰਮੀ ਕਰਨ ਲਈ ਕਤਲੇਆਮ ਕਰਵਾਉਂਦੇ ਹਨ ,ਉਹਨਾਂ ਘਟਨਾਵਾਂ ਦੀਆਂ ਜਾਹਰਾ ਤਸਵੀਰਾਂ ਹਨ।ਉਹਨਾਂ ਕਿਹਾ ਕਿ ਜਿਵੇਂ ਆਜ਼ਾਦੀ ਦੇ ਪ੍ਰਦੇ ਹੇਠ ਸਿਆਸਤਦਾਨਾਂ ਨੇ 1947 ਵਿੱਚ ਲੋਕਾਂ ਨੂੰ ਧਰਮਾਂ ਦੇ ਨਾਂ ਹੇਠ ਉਜਾੜਕੇ ਦੋ ਮੁਲਕ ਬਣਾਏ ਗਏ , ਉਸੇ ਤਰ੍ਹਾਂ ਅੱਜ ਮਨੀਪੁਰ ਨੂੰ ਵੰਡਣ ਲਈ ਲੋਕਾਂ ਦੇ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ।ਜਦੋਂ ਹਕੂਮਤਾਂ ਲੋਕਾਂ ਦੇ ਅਸਲ ਮੁੱਦੇ ਬੇਰੋਜਗਾਰੀ, ਮਹਿੰਗਾਈ , ਗਰੀਬੀ , ਸਿਹਤ ਸਹੂਲਤਾਂ ਆਦਿ ਹੱਲ ਕਰਨ ਤੋਂ ਅਸਮਰੱਥ ਹੋ ਜਾਣ ਤਾਂ ਉਹ ਲੋਕਾਂ ਨੂੰ ਧਰਮਾਂ, ਜਾਤਾਂ ਅਤੇ ਹੋਰ ਦੋਮ ਦਰਜਿਆਂ ਵਿੱਚ ਉਲਝਾਕੇ ਆਪਣੇ ਰਾਜ ਦੀ ਉਮਰ ਲੰਮੀ ਕਰਨ ਲਈ ਵਰਤਦੀਆਂ ਹਨ। ਉਹਨਾਂ ਹਾਜ਼ਰ ਮੈਂਬਰਾਂ ਨੂੰ ਆਪਸੀ ਭਾਈਚਾਰਾ ਬਣਾਕੇ ਰੱਖਣ ਅਤੇ ਹਾਕਮਾਂ ਦੀਆਂ ਕੋਝੀਆਂ ਚਾਲਾਂ ਨੂੰ ਸਮਝਕੇ ਹਰ ਗਲਤ ਖਿਲਾਫ ਖੜਨ ਤੇ ਜ਼ੋਰ ਦਿੱਤਾ। ਕਰਤਾਰ ਸਿੰਘ ਨੇ ਮਸ਼ਹੂਰ ਕਵੀ ਪਾਸ਼ ਦੀ ਕਵਿਤਾ ਸੁਣਾਕੇ, ਸੁਰਿੰਦਰ ਮੋਹੀ ਨੇ ਸਿਆਸਤਦਾਨਾਂ ਬਾਰੇ ਇੱਕ ਵਿਅੰਗ ਰੂਪੀ ਕਵਿਤਾ ਪੜ੍ਹੀ ਅਤੇ ਇੰਦਰ ਸੈਨ ਨੇ ਸਿਹਤ ਸੰਬੰਧੀ ਕੁੱਝ ਸੁਝਾਅ ਦੇ ਕੇ ਆਪਣੀ ਆਪਣੀ ਹਾਜ਼ਰੀ ਲਵਾਈ। ਚਰਨਜੀਤ ਸੇਖੋਂ ਨੇ ਰਹਿੰਦੀ ਜ਼ਿੰਦਗੀ ਇੱਕ ਦੂਜੇ ਨਾਲ ਮਾੜੇ ਮੋਟੇ ਵਖਰੇਵੇਂ ਛੱਡਕੇ ਖੁਸ਼ੀ ਨਾਲ ਜਿਉਂਣ ਦੇ ਉਪਰਾਲੇ ਕਰਨ ਤੇ ਜ਼ੋਰ ਦਿੱਤਾ। ਅੰਤ ਵਿੱਚ ਜਨਰਲ ਸਕੱਤਰ ਆਸਾ ਸਿੰਘ ਪੰਨੂ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮੇਂ ਮੰਗਲ ਸਿੰਘ, ਐਮ ਐਸ ਪਰਮਾਰ, ਬਲਵੀਰ ਸਿੰਘ, ਤਰਸੇਮ ਸਿੰਘ, ਤਜਿੰਦਰ ਮਹਿੰਦਰੂ , ਰਣਜੋਧ ਗਰੇਵਾਲ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।

ਸੀਨੀਅਰ ਸੈਕੰਡਰੀ ਸਕੂਲਾਂ ਲਈ 1300 ਤੋਂ ਵੱਧ ਸੁਰੱਖਿਆ ਗਾਰਡਾਂ ਦੀ ਨਿਯੁਕਤੀ -  ਸਿੱਖਿਆ ਮੰਤਰੀ 

ਸੂਬੇ 'ਚ ਉੱਭਰਨਗੇ 63 ਨਵੇਂ ਸਕੂਲ ਆਫ਼ ਐਮੀਨੈਂਸ - ਸਿੱਖਿਆ ਮੰਤਰੀ
ਲੁਧਿਆਣਾ, 4 ਅਕਤੂਬਰ (ਟੀ. ਕੇ. ) -
ਪੰਜਾਬ ਸਰਕਾਰ ਵਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਸੂਬੇ ਵਿੱਚ ਮੌਜੂਦਾ ਸਿੱਖਿਆ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰੀ ਸਕੂਲਾਂ ਲਈ 1378 ਸੁਰੱਖਿਆ ਗਾਰਡਾਂ ਦੀ ਨਿਯੁਕਤੀ ਕੀਤੀ ਗਈ ਹੈ।

ਸਥਾਨਕ ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਸੁਰੱਖਿਆ ਗਾਰਡਾਂ ਦੇ ਓਰੀਐਂਟੇਸ਼ਨ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਨਵ-ਨਿਯੁਕਤ ਸੁਰੱਖਿਆ ਗਾਰਡ ਨਾ ਸਿਰਫ਼ ਵਿਦਿਆਰਥੀਆਂ ਦੀ ਸੁਰੱਖਿਆ ਦਾ ਧਿਆਨ ਰੱਖਣਗੇ ਸਗੋਂ ਇਹ ਵੀ ਯਕੀਨੀ ਬਣਾਉਣਗੇ ਕਿ ਵਿਦਿਆਰਥੀ ਪੜ੍ਹਾਈ ਦੇ ਸਮੇਂ ਸਕੂਲ ਛੱਡ ਕੇ ਬਾਹਰ ਨਾ ਜਾਣ। ਉਨ੍ਹਾਂ ਕਿਹਾ ਕਿ 500 ਤੋਂ ਵੱਧ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸੁਰੱਖਿਆ ਗਾਰਡ ਤਾਇਨਾਤ ਹੋਣਗੇ ਜੋ ਸਕੂਲ ਦੇ ਅੰਦਰ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ।

ਕੈਬਨਿਟ ਮੰਤਰੀ ਬੈਂਸ ਨੇ ਦੱਸਿਆ ਕਿ ਇਹ ਸੁਰੱਖਿਆ ਗਾਰਡ ਸਕੂਲਾਂ ਦੇ ਐਂਟਰੀ ਅਤੇ ਬਾਹਰ ਜਾਣ ਵਾਲੇ ਗੇਟਾਂ 'ਤੇ ਤਾਇਨਾਤ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਯਕੀਨੀ ਬਣਾਉਣਗੇ ਕਿ ਸਕੂਲ ਸਮੇਂ ਦੌਰਾਨ ਕੋਈ ਵੀ ਵਿਦਿਆਰਥੀ ਪ੍ਰਿੰਸੀਪਲ ਦੀ ਇਜਾਜ਼ਤ ਤੋਂ ਬਿਨਾਂ ਸਕੂਲ ਤੋਂ ਬਾਹਰ ਨਾ ਜਾ ਸਕੇ ਅਤੇ ਸਕੂਲ ਵਿੱਚ ਆਉਣ-ਜਾਣ ਵਾਲਿਆਂ ਦਾ ਰਿਕਾਰਡ ਵੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਰੱਖਿਆ ਗਾਰਡ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਆਉਣ ਅਤੇ ਬਾਹਰ ਜਾਣ ਸਮੇਂ ਸਹੂਲਤ ਲਈ ਸਕੂਲ ਦੇ ਬਾਹਰ ਆਵਾਜਾਈ ਦਾ ਪ੍ਰਬੰਧ ਵੀ ਕਰਨਗੇ।

ਸਕੱਤਰ ਸਕੂਲ ਸਿੱਖਿਆ ਕਮਲ ਕਿਸ਼ੋਰ ਯਾਦਵ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਅਤਿ-ਆਧੁਨਿਕ ਬੁਨਿਆਦੀ ਢਾਂਚਾ ਮੁਹੱਈਆ ਕਰਵਾ ਕੇ ਸੂਬੇ ਦੇ ਸਿੱਖਿਆ ਖੇਤਰ ਦੀ ਕਾਇਆ ਕਲਪ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਰੇ ਸਰਕਾਰੀ ਸਕੂਲਾਂ ਦੀ ਲਗਭਗ 1018 ਕਿਲੋਮੀਟਰ ਲੰਬੀ ਚਾਰਦੀਵਾਰੀ ਲਈ 250 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰ੍ਹਾਂ 2000 ਦੇ ਕਰੀਬ ਕੈਂਪਸ ਮੈਨੇਜਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ ਜੋ ਸਕੂਲਾਂ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਦਾ ਜ਼ਿੰਮਾ ਸੰਭਾਲਣਗੇ ਕਿਉਂਕਿ ਇਹ ਕੈਂਪਸ ਪ੍ਰਬੰਧਕ ਆਪਣਾ ਵੱਧ ਤੋਂ ਵੱਧ ਸਮਾਂ ਰੱਖ-ਰਖਾਅ ਸਬੰਧੀ ਮੁੱਦਿਆਂ ਨੂੰ ਹੱਲ ਕਰਨ ਲਈ ਸਕੂਲਾਂ ਵਿੱਚ ਬਿਤਾਉਣਗੇ।

ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਸਕੂਲਾਂ ਨੂੰ ਸਫ਼ਾਈ ਕਾਰਜਾਂ ਲਈ ਫੰਡ ਜਾਰੀ ਕੀਤੇ ਗਏ ਹਨ ਤਾਂ ਜੋ ਸਕੂਲ ਦੀਆਂ ਇਮਾਰਤਾਂ ਦਿਨ ਭਰ ਸਾਫ਼-ਸੁਥਰੀਆਂ ਅਤੇ ਸਵੱਛ ਰਹਿਣ। ਉਨ੍ਹਾਂ ਦੱਸਿਆ ਕਿ ਇਹ ਫੰਡ 3000 ਤੋਂ 50000 ਰੁਪਏ ਪ੍ਰਤੀ ਮਹੀਨਾ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਜਾਰੀ ਕੀਤੇ ਜਾਣਗੇ ਅਤੇ ਪ੍ਰਿੰਸੀਪਲ ਇਨ੍ਹਾਂ ਫੰਡਾਂ ਦੀ ਵਰਤੋਂ ਆਪਣੇ ਸਕੂਲਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਕਰਨਗੇ। ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਵਿਕਾਸ ਦੀ ਲੀਹ 'ਤੇ ਲਿਆਉਣ ਲਈ ਸਿੱਖਿਆ ਅਤੇ ਸਿਹਤ ਖੇਤਰਾਂ ਦੀ ਕਾਇਆ-ਕਲਪ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਇਨ੍ਹਾਂ ਖੇਤਰਾਂ ਵਿੱਚ ਮੋਹਰੀ ਸੂਬਾ ਬਣ ਜਾਵੇਗਾ ਕਿਉਂਕਿ ਲੋਕਾਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਮਿਲਣਗੀਆਂ।

20,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਸਬ-ਇੰਸਪੈਕਟਰ ਰੰਗੇ ਹੱਥੀਂ ਕਾਬੂ

ਲੁਧਿਆਣਾ , 04 ਅਕਤੂਬਰ(ਟੀ. ਕੇ.) ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਥਾਣਾ ਮਲੌਦ, ਜ਼ਿਲ੍ਹਾ ਖੰਨਾ ਵਿਖੇ ਤਾਇਨਾਤ ਪੁਲਿਸ ਸਬ-ਇੰਸਪੈਕਟਰ ਜਗਜੀਤ ਸਿੰਘ (ਨੰ: 462/ਖੰਨਾ) ਨੂੰ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 
 ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਹਰਦੀਪ ਸਿੰਘ ਵਾਸੀ ਪਿੰਡ ਸ਼ੇਖਾਂ, ਤਹਿਸੀਲ ਪਾਇਲ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦਫ਼ਤਰ ਲੁਧਿਆਣਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ 28 ਸਤੰਬਰ, 2023 ਨੂੰ ਉਸਦਾ ਭਰਾ ਜਗਤਾਰ ਸਿੰਘ ਆਪਣੇ ਮੋਟਰਸਾਈਕਲ  'ਤੇ ਸਿਵਲ ਹਸਪਤਾਲ ਮਲੌਦ ਵਿਖੇ ਨਸ਼ਾ ਛੁਡਾਊ ਕੇਂਦਰ ਤੋਂ ਦਵਾਈ ਲੈਣ ਗਿਆ ਸੀ। ਦੁਪਹਿਰ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਜਗਤਾਰ ਸਿੰਘ ਖਿਲਾਫ਼ ਥਾਣਾ ਮਲੌਦ ਵਿਖੇ ਨਾਰਕੋਟਿਕ ਡਰੱਗਸ ਐਂਡ ਸਾਇਕੋਟ੍ਰੋਪਿਕ ਸਬਟਾਂਸਿਸ (ਐਨ.ਡੀ.ਪੀ.ਐਸ.) ਦਾ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਆਪਣੇ ਪਿੰਡ ਵਾਸੀ ਪਰਮਜੀਤ ਸਿੰਘ ਨਾਲ ਥਾਣੇ ਗਿਆ ਅਤੇ ਉਕਤ ਐਸ.ਆਈ. ਨੂੰ ਮਿਲਿਆ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਜਗਤਾਰ ਸਿੰਘ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 22 ਤਹਿਤ 28 ਸਤੰਬਰ 2023 ਨੂੰ ਐਫ.ਆਈ.ਆਰ. 101 ਦਰਜ ਕੀਤੀ ਗਈ ਹੈ।
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਐਸ.ਆਈ. ਜਗਜੀਤ ਸਿੰਘ ਨੇ ਉਸ ਨੂੰ ਵੀ ਇਸ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ ਉਸ ਕੋਲੋਂ ਰਿਸ਼ਵਤ ਵਜੋਂ ਪਹਿਲਾਂ ਹੀ 15,000 ਰੁਪਏ ਲੈ ਚੁੱਕਿਆ ਹੈ।
ਐਸ.ਆਈ. ਜਗਜੀਤ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਮੋਟਰਸਾਈਕਲ ਬਾਰੇ ਅਜੇ ਤੱਕ ਕੇਸ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਅਤੇ ਇਸ ਮੋਟਰਸਾਈਕਲ ਨੂੰ ਕੇਸ ਵਿੱਚ ਸ਼ਾਮਲ ਨਾ ਕਰਨ ਲਈ ਰਿਸ਼ਵਤ ਵਜੋਂ 20,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਹਰਦੀਪ ਸਿੰਘ ਨੇ ਰਿਸ਼ਵਤ ਨਾ ਦੇਣ ਬਾਰੇ ਸੋਚ ਕੇ ਵਿਜੀਲੈਂਸ ਬਿਊਰੋ ਰੇਂਜ ਦਫ਼ਤਰ ਲੁਧਿਆਣਾ ਵਿਖੇ ਪਹੁੰਚ ਕਰਨ ਦਾ ਫ਼ੈਸਲਾ ਕੀਤਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਐਸ.ਆਈ. ਜਗਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧ ਵਿਚ ਉਕਤ ਪੁਲਿਸ ਮੁਲਾਜ਼ਮ ਖਿਲਾਫ਼ ਥਾਣਾ ਵਿਜੀਲੈਂਸ ਰੇਂਜ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫ.ਆਈ.ਆਰ 25 ਮਿਤੀ 4 ਅਕਤੂਬਰ 2023 ਨੂੰ ਮਾਮਲਾ ਦਰਜ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।

ਅੰਨਦਾਤਾ ਦੀ ਉਪਜ ਦਾ ਇੱਕ-ਇੱਕ ਦਾਣਾ ਖਰੀਦਣ ਲਈ ਪੰਜਾਬ ਸਰਕਾਰ ਵਚਨਬੱਧ ਹੈ - ਖੇਤੀਬਾੜੀ ਮੰਤਰੀ 

ਖੰਨਾ/ਲੁਧਿਆਣਾ, 04 ਅਕਤੂਬਰ (ਟੀ. ਕੇ. ) - ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅੰਨਦਾਤਾ ਦੀ ਉਪਜ ਦਾ ਇੱਕ-ਇੱਕ ਦਾਣਾ ਖਰੀਦਣ ਲਈ ਪੰਜਾਬ ਸਰਕਾਰ ਵਚਨਬੱਧ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੇਤੀਬਾੜੀ ਮੰਤਰੀ, ਪੰਜਾਬ ਗੁਰਮੀਤ ਸਿੰਘ ਖੁੱਡੀਆਂ ਵਲੋਂ ਏਸ਼ੀਆ ਦੀ ਸੱਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ। ਇਸ ਮੌਕੇ ਉਨਾਂ ਦੇ ਨਾਲ ਵਿਧਾਨ ਸਭਾ ਹਲਕਾ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਖੁੱਡੀਆਂ ਵਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਬੀਤੇ ਕੱਲ੍ਹ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਝੋਨੇ ਦੀ ਖਰੀਦ ਦੀ ਰਸਮੀ ਸੁ਼ਰੂਆਤ ਸ੍ਰੀ ਚਮਕੌਰ ਸਾਹਿਬ ਤੋਂ ਕੀਤੀ ਗਈ ਸੀ। ਖੰਨਾ ਮੰਡੀ ਵਿਖੇ ਅੱਜ ਉਨ੍ਹਾਂ ਖਰੀਦ ਕਾਰਜ਼ਾਂ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੀਆਂ ਮੰਡੀਆਂ ਵਿੱਚ ਹੁਣ ਤੱਕ 8352 ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, 7837 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ ਜਦਕਿ ਸਿਰਫ 515 ਟਨ ਝੋਨਾ ਹੀ ਮੰਡੀਆਂ ਵਿੱਚ ਬਕਾਇਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਵਲੋਂ ਝੋਨੇ ਦੇ ਖ਼ਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਵਾਰ ਫਸਲ ਦਾ ਰੰਗ ਵੀ ਚੰਗਾ ਹੈ ਅਤੇ ਝਾੜ ਵੀ ਵਧੀਆਂ ਹੈ ਜਿਸ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਝਲਕ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਬਿਜਲੀ, ਪਾਣੀ ਆਦਿ ਸਮੇਤ ਪਖਾਨਿਆਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਮੰਡੀਆਂ ਦੇ ਮੁੱਖ ਗੇਟਾਂ 'ਤੇ ਸੇਵਾਦਾਰਾਂ ਦੀ ਡਿਊਟੀ ਲਗਾ ਝੋਨੇ ਦੀ ਨਮੀ ਵੀ ਚੈੱਕ ਕੀਤੀ ਜਾਵੇਗੀ, ਰੋਜ਼ਾਨਾ ਖ਼ਰੀਦ ਕੀਤੀ ਜਾਵੇਗੀ ਉਸ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਚਲੀ ਜਾਵੇਗੀ।

ਉਹਨਾਂ ਦੱਸਿਆ ਕਿ ਖੰਨਾ ਮੰਡੀ ਵਿਖੇ ਪਨਗ੍ਰੇਨ, ਮਾਰਕਫੈੱਡ, ਵੇਅਰਹਾਊਸ ਅਤੇ ਪਨਸਪ ਵੱਲੋਂ ਖਰੀਦ ਕੀਤੀ ਜਾਣੀ ਹੈ। ਇਸ ਸਾਲ ਵੀ ਜ਼ਿਲ੍ਹਾ ਲੁਧਿਆਣਾ ਵਿੱਚ ਕਰੀਬ 16 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਆਮਦ ਹੋਣ ਦੀ ਸੰਭਾਵਨਾ ਹੈ।
 
ਇਸ ਮੌਕੇ ਐਸ.ਡੀ.ਐਮ. ਖੰਨਾ ਸ੍ਰੀਮਤੀ ਸਵਾਤੀ, ਜ਼ਿਲ੍ਹਾ ਮੰਡੀ ਅਫ਼ਸਰ  ਬੀਰਇੰਦਰ ਸਿੰਘ ਸਿੱਧੂ, ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ (ਪੂਰਬੀ) ਸ੍ਰੀਮਤੀ ਸਿਫਾਲੀ ਚੋਪੜਾ, ਆੜ੍ਹਤੀਆ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ  ਹਰਬੰਸ ਸਿੰਘ ਰੋਸ਼ਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਤਾਰ ਸਿੰਘ ਰਤਨਹੇੜੀ, ਲਛਮਣ ਸਿੰਘ ਗਰੇਵਾਲ,  ਸੁਰਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।