ਜਵੱਦੀ ਟਕਸਾਲ’ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਹੋਏ, ਸੰਗਤਾਂ ਨੂੰ ਅਗੰਮੀ ਢਾਹਸ ਪ੍ਰਾਪਤ ਹੋਈ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ‘ਵਾਹਿਗੁਰੂ ਜੀ ਦਾ ਸ਼ੁਧ ਗਿਆਨ ਹਨ- ਸੰਤ ਅਮੀਰ ਸਿੰਘ
ਲੁਧਿਆਣਾ 8 ਅਕਤੂਬਰ (     ਕਰਨੈਲ ਸਿੰਘ ਐੱਮ ਏ     )-
ਕੌਮ ਸਨਮੁੱਖ ਭਵਿੱਖ ਦੀਆਂ ਚਣੌਤੀਆਂ ਤੋਂ ਜਾਗਰੂਕ ਅਤੇ ਕੌਮੀ ਕਾਰਜ਼ਾਂ ਲਈ ਜੀਵਨ ਦਾ ਅਨਮੋਲ ਪਲ-ਪਲ ਲਗਾਉਣ ਵਾਲੀ ਅਜ਼ੀਮ ਸਿੱਖ ਸ਼ਖਸ਼ੀਅਤ ਸੰਤ ਬਾਬਾ ਸੁਚਾ ਸਿੰਘ ਜੀ ਦੇ ਜਾਨਸ਼ੀਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਵਿਖੇ ਮਹਾਂਪੁਰਸ਼ਾਂ ਦੇ ਦਰਸਾਏ ਆਦੇਸ਼ਾਂ ਅਨੁਸਾਰ ਹਫਤਾਵਾਰੀ ਨਾਮ ਅਭਿਅਸ ਸਮਾਗਮਾਂ ਦੀ ਲੜੀ ਤਹਿਤ ਸਜੇ ਦੀਵਾਨ ‘ਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਬਾਣੀ “ਨਾਮ” ਦੇ ਵਹਿੰਦੇ ਦਰਿਆ ‘ਚ ਬੇਨਤੀ, ਬਿਰਹੋ, ਨਿਰਮਲ ਭਾਉ, ਗਿਆਨ, ਸੇਵਾ, ਸਿਮਰਨ, ਸ਼ਰਧਾ, ਪਿਆਰ, ਪ੍ਰੇਮਾ ਭਗਤੀ ਆਦਿ ਪੱਖਾਂ ਦੇ ਹਵਾਲੇ ਨਾਲ ਸਮਝਾਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਧ ਗਿਆਨ ਹਨ। ਗੁਰਬਾਣੀ ਸ਼ਬਦਾਂ ਦੀ ਇਕ ਚਾਲ, ਇਕੋ ਰੂਪ ਅਤੇ ਇਕੋ ਧੁਮੀ ਸੁਣਦੀ ਮਹਿਸੂਸ ਹੋਵੇਗੀ, ਕਿਧਰੋ ਵੀ ਚਖੋ, ਮਿੱਠਾ ਮਿੱਠਾ ਰਸ ਹੀ ਆਵੇਗਾ।ਮਹਾਪੁਰਸ਼ਾਂ ਨੇ ਸਮਝਾਇਆ ਕਿ ਗੁਰਬਾਣੀ ਵਿਚੋਂ ਸਾਰੇ ਸਵਾਦ-ਆਤਮਿਕ, ਸਾਹਿਤਕ, ਸੁਹਜ-ਆਤਮਿਕ ਅਤੇ ਧਾਰਮਿਕ ਪੱਖ ਮਾਣੇ ਜਾ ਸਕਦੇ ਹਨ। ਇਹ ਇਕ ਅਜਿਹਾ ਵਹਾਅ ਜੋ ਸੋਮਾ ਤੋਂ ਸਾਗਰ ਤੱਕ ਇਕੋ ਜਿਹਾ ਸਵੱਛ, ਸੀਤਲ ਅਤੇ ਨਿਰਮਲ ਹੈ। ਉਨ੍ਹਾਂ ਗੁਰਬਾਣੀ, ਗੁਰਇਤਿਹਾਸ, ਭਾਈ ਗੁਰਦਾਸ ਜੀ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦੇ ਹਵਾਲਿਆਂ ਨਾਲ ਅੱਜ ਦੇ ਦਿਹਾੜੇ ਦੇ ਮਹੱਤਵ ਸਬੰਧੀ ਸਮਝਾਉਦਿਆਂ ਫੁਰਮਾਇਆ ਕਿ ਭਗਤੀ ਸੰਗੀਤ ਜਿਸ ਵੇਲੇ ਅੰਤਿਮ ਸਵਾਸਾਂ ‘ਤੇ ਸੀ, ਉਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਾ ਕੇਵਲ ਜੀਅ-ਦਾਨ ਹੀ ਦਿੱਤਾ ਸਗੋਂ ਧਾਰਮਿਕ ਪਦਵੀ ਦੇ ਕੇ ਉਸ ਦੀ ਧੁਨ ਵੀ ਘਰ-ਘਰ ਪਹੁੰਚਾਈ।ਜਿਥੇ ਕੀਰਤਨ ਦੀਆਂ ਮਧੁਰ ਸੁਰਾਂ ਦੀ ਝਨਕਾਰ ਛਿੜੀ, ਉਥੇ ਘਰ-ਘਰ ਧਰਮਸ਼ਾਲ ਬਣੀ।ਗੁਰੂ ਸਾਹਿਬ ਜੀ ਦੇ ਮਿੱਠੜੇ ਬੋਲਾਂ ਨਾਲ ਜਦੋਂ ਭਾਈ ਮਰਦਾਨਾ ਦੀ ਰਬਾਬ ਗੂੰਜੀ ਤਾਂ ਲੋਕਾਈ ਨੂੰ ਆਤਮਕ ਸ਼ਾਂਤੀ ਅਤੇ ਅਗੰਮੀ ਢਾਰਸ ਪ੍ਰਾਪਤ ਹੋਈ। ਸਮਾਗਮ ਉਪ੍ਰੰਤ ਗੁਰੂ ਕਾ ਲੰਗਰ ਅਟੁੱਟ ਵਰਤਿਆ।