ਰਾਮ ਵਿਲਾਸ ਪਾਸਵਾਨ ਦਾ ਬਰਸੀ ਸਮਾਗਮ ਮੌਕੇ ਲੋੜਵੰਦਾਂ ਨੂੰ ਵੰਡੀ ਗਈ ਰਾਸ਼ਨ ਸਮੱਗਰੀ

ਜੋਧਾਂ / ਸਰਾਭਾ 8 ਅਕਤੂਬਰ (ਦਲਜੀਤ ਸਿੰਘ ਰੰਧਾਵਾ ) - ਨਿੱਧੜਕ ਨੇਤਾ, ਸਾਬਕਾ ਕੇਂਦਰੀ ਮੰਤਰੀ, ਦਲਿਤ ਸਮਾਜ ਦੀ ਹਮੇਸ਼ਾ ਆਵਾਜ਼ ਬੁਲੰਦ ਕਰਨ ਵਾਲੇ ਸਵਰਗਵਾਸੀ ਸ੍ਰੀ ਰਾਮ ਵਿਲਾਸ ਪਾਸਵਾਨ ਦਾ ਸਲਾਨਾ ਬਰਸੀ ਸਮਾਗਮ ਲੁਧਿਆਣਾ ਵਿਖੇ ਰਾਸ਼ਟਰੀ ਲੋਕ ਜਨ ਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਿੰਦਰ ਸਿੰਘ ਸਿੰਘਪੁਰਾ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਵੰਡੀ ਗਈ। ਇਸ ਮੌਕੇ ਰਾਸ਼ਟਰੀ ਲੋਕ ਜਨ ਸ਼ਕਤੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਈਸ਼ਰ ਸਿੰਘ ਟਿੱਬਾ ਪ੍ਰਧਾਨ ਰਜਿੰਦਰ ਸਿੰਘ ਸਿੰਘਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੇ ਸਖ਼ਤ ਮਿਹਨਤ ਅਤੇ ਮਜ਼ਬੂਤ ਇਰਾਦੇ ਨਾਲ ਸਿਆਸਤ 'ਚ ਕਦਮ ਰੱਖਿਆ, ਇੱਕ ਨੌਜਵਾਨ ਆਗੂ ਦੇ ਤੌਰ ਤੇ ਉਹਨਾਂ ਨੇ ਐਮਰਜੈਂਸੀ ਦੌਰਾਨ ਅੱਤਿਆਚਾਰ ਅਤੇ ਲੋਕਤੰਤਰ 'ਤੇ ਹਮਲੇ ਦਾ ਵਿਰੋਧ ਕੀਤਾ। ਉਹ ਬੇਮਿਸਾਲ ਸਾਂਸਦ ਅਤੇ ਮੰਤਰੀ ਸਨ ਜਿਨਾਂ ਨੇ ਕਈ ਨੀਤੀਗਤ ਖੇਤਰਾਂ 'ਚ ਸਥਾਈ ਯੋਗਦਾਨ ਦਿੱਤਾ। ਉਹਨਾਂ ਕਿਹਾ ਕਿ ਸ੍ਰੀ ਪਾਸਵਾਨ ਬਿਹਾਰ ਤੋਂ ਲੋਕ ਸਭਾ ਲਈ ਨੌ ਵਾਰ ਸੰਸਦ ਚੁਣੇ ਗਏ ਅਤੇ ਉਹਨਾਂ ਨੇ ਛੇ ਪ੍ਰਧਾਨ ਮੰਤਰੀਆਂ ਨਾਲ ਕੰਮ ਕਰਕੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ। ਅੱਜ ਸਾਰਾ ਦੇਸ਼ ਉਸ ਮਰਹੂਮ ਨੇਤਾ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ ਨਾਇਬ ਸਿੰਘ, ਕੁਲਦੀਪ ਸਿੰਘ, ਰੁਪਿੰਦਰ ਸਿੰਘ, ਦਲਜੀਤ ਸਿੰਘ, ਇਕਬਾਲ ਸਿੰਘ, ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।