ਗੁਰੂ ਹਰਗੋਬਿੰਦ ਪਬਲਿਕ ਸੀਨੀ. ਸੈਕੰ. ਸਕੂਲ ਲਹਿਰੀ ਦੇ ਖਿਡਾਰੀਆਂ ਨੂੰ ਮੈਡਲ, ਸ਼ੀਲਡਾਂ ਤੇ ਟਰਾਫੀ ਦੇ ਕੇ ਕੀਤਾ ਸਨਮਾਨਿਤ

ਤਲਵੰਡੀ ਸਾਬੋ, 8 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪਿਛਲੇ ਦਿਨੀਂ ਕਰਵਾਈਆਂ ਗਈਆਂ ਸਿੱਖਿਆ ਵਿਭਾਗ ਪੰਜਾਬ ਦੀਆਂ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਤਹਿਤ ਸੈਂਟਰ ਜਗਾ ਰਾਮ ਤੀਰਥ ਦੀਆਂ ਖੇਡਾਂ ਸੈਂਟਰ ਹੈੱਡ ਟੀਚਰ ਪਰਮਜੀਤ ਸਿੰਘ ਜੀ ਸੰਗਤ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਲਹਿਰੀ ਵਿਖੇ ਕਰਵਾਈਆਂ ਗਈਆਂ। ਜਿਹਨਾਂ ਵਿਚ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਖਿਡਾਰੀਆਂ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ। ਇਹਨਾਂ ਖੇਡਾਂ ਵਿਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸਕੂਲ ਕੈਂਪਸ ਵਿੱਚ ਆਯੋਜਿਤ ਸਾਦੇ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸੈਂਟਰ ਹੈੱਡ ਅਧਿਆਪਕ ਸ. ਪਰਮਜੀਤ ਸਿੰਘ ਪਹੁੰਚੇ ਜਿਹਨਾਂ ਦਾ ਬੱਚਿਆਂ ਅਤੇ ਸਟਾਫ ਵੱਲੋਂ ਸਵਾਗਤ ਕੀਤਾ ਗਿਆ। ਉਪਰੰਤ ਸਕੂਲ ਪ੍ਰਿੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਸ੍ਰ. ਪਰਮਜੀਤ ਸਿੰਘ ਸੰਗਤ ਨੂੰ ਜੀਅ ਆਇਆਂ ਆਖਿਆ। ਸੰਬੋਧਨ ਦੌਰਾਨ ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਲਹਿਰੀ ਦੇ ਬੱਚਿਆਂ ਨੇ ਕਬੱਡੀ ਨੈਸ਼ਨਲ (ਲੜਕੀਆਂ), ਹਾਕੀ (ਲੜਕੀਆਂ), ਸ਼ਤਰੰਜ (ਲੜਕੀਆਂ), ਮਿੰਨੀ ਹੈਂਡਬਾਲ (ਲੜਕੀਆਂ), ਤੈਰਾਕੀ (ਲੜਕੀਆਂ) ਮੁਕਾਬਲਿਆਂ ਵਿੱਚ ਗੋਲਡ ਮੈਡਲ ਪ੍ਰਾਪਤ ਕੀਤੇ ਅਤੇ ਕਬੱਡੀ ਸਰਕਲ (ਲੜਕੀਆਂ), ਖੋ-ਖੋ (ਲੜਕੀਆਂ), ਖੋ-ਖੋ (ਲੜਕੇ), ਫੁੱਟਬਾਲ (ਲੜਕੇ), ਹਾਕੀ (ਲੜਕੇ), ਬੈਡਮਿੰਟਨ ਡਬਲ (ਲੜਕੇ), ਮਿੰਨੀ ਹੈਂਡਬਾਲ (ਲੜਕੇ), ਕਰਾਟੇ (ਲੜਕੀਆਂ), ਤੈਰਾਕੀ (ਲੜਕੀਆਂ) ਅਤੇ ਰੱਸਕਸ਼ੀ (ਲੜਕੇ) ਮੁਕਾਬਲਿਆਂ ‘ਚ ਸਿਲਵਰ ਮੈਡਲ ਪ੍ਰਾਪਤ ਕੀਤੇ। ਇਸਤੋਂ ਇਲਾਵਾ ਅਥਲੈਟਿਕ ਮੁਕਾਬਲਿਆਂ 'ਚ ਰਾਜਵੀਰ ਕੌਰ ਨੇ ਸ਼ਾਟਪੁੱਟ 'ਚ ਗੋਲਡ ਮੈਡਲ ਅਤੇ 400 ਮੀਟਰ ਦੌੜ 'ਚ ਜਗਜੀਤ ਸਿੰਘ ਅਤੇ 600 ਮੀਟਰ ਦੌੜ 'ਚ ਅਨਮੋਲ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਖਿਡਾਰੀਆਂ ਨੂੰ ਸਨਮਾਨਿਤ ਕਰਨ ਮੌਕੇ ਮੁੱਖ ਮਹਿਮਾਨ ਸ੍ਰ. ਪਰਮਜੀਤ ਸਿੰਘ ਸੰਗਤ ਨੇ ਜਿੱਥੇ ਖਿਡਾਰੀਆਂ, ਸਕੂਲ ਪ੍ਰਬੰਧਕਾਂ ਅਤੇ ਕੋਚ ਸ੍ਰ. ਹਰਵਿੰਦਰ ਸਿੰਘ ਨੂੰ ਵਧਾਈ ਦਿੱਤੀ ਉੱਥੇ ਉਹਨਾਂ ਕਿਹਾ ਕਿ ਪਹਿਲਾਂ ਅੰਡਰ-14 ਤੋਂ ਇਲਾਵਾ ਹੋਰ ਉਮਰ ਵਰਗ ਦੇ ਖਿਡਾਰੀਆਂ ਦੀ ਗ੍ਰੇਡੇਸ਼ਨ ਵਿਚ ਖੇਡਾਂ ਦੇ ਅੰਕ ਨਹੀਂ ਜੁੜਦੇ ਸਨ ਹੁਣ ਸਰਕਾਰ ਦੇ ਫੈਸਲੇ ਅਨੁਸਾਰ ਅੰਡਰ-11 ਦੇ ਖੇਡਾਂ ਵਿਚ ਭਾਗ ਲੈਣ ਵਾਲੇ ਬੱਚਿਆਂ ਦੇ ਵੀ ਨੰਬਰ ਜੁੜਨਗੇ। ਇਸ ਲਈ ਸਾਰੇ ਬੱਚਿਆਂ ਨੂੰ ਖੇਡਾਂ ਵਿਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿੱਤ ਤੇ ਹਾਰ ਜਿੰਦਗੀ ਦੇ ਦੋ ਅਹਿਮ ਅੰਗ ਹਨ ਇਸ ਕਰਕੇ ਹਾਰਾਂ ਤੋਂ ਨਿਰਾਸ਼ ਨਹੀਂ ਹੋਣਾ ਬਲਕਿ ਸਖ਼ਤ ਮਿਹਨਤ ਕਰਕੇ ਜਿੱਤ ਹਾਸਲ ਕਰਨੀ ਹੈ। ਇਸ ਮੌਕੇ ਪਰਮਜੀਤ ਸਿੰਘ ਸੰਗਤ ਵਲੋਂ ਬੱਚਿਆਂ ਨੂੰ ਮੈਡਲ, ਸ਼ੀਲਡਾਂ ਤੇ ਵਿਸ਼ੇਸ਼ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ ਅਤੇ ਸਕੱਤਰ ਸ਼੍ਰੀਮਤੀ ਪਰਮਜੀਤ ਕੌਰ ਜਗਾ ਨੇ ਮੁੱਖ ਮਹਿਮਾਨ ਸ੍ਰ. ਪਰਮਜੀਤ ਸਿੰਘ ਸੰਗਤ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਸ੍ਰ. ਜਗਤਾਰ ਸਿੰਘ ਸ਼ੇਖਪੁਰਾ, ਸ਼੍ਰੀ ਭੋਲਾ ਰਾਮ ਜਗਾ, ਜਗਤਾਰ ਸਿੰਘ ਜਗਾ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।