ਪੀ. ਏ. ਯੂ. ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਹੋਈ 

ਲੁਧਿਆਣਾ , 6 ਅਕਤੂਬਰ (  ਟੀ. ਕੇ. ) ਅੱਜ ਪੀਏਯੂ ਪੈਨਸ਼ਨਰ ਵੈਲਫੇਅਰ ਐਸੋਸੀਏਸਨ ਦੀ ਮਹੀਨਾਵਾਰ ਮੀਟਿੰਗ ਸਥਾਨਕ ਵਿਦਿਆਰਥੀ ਭਵਨ ਵਿੱਖੇ  ਹੋਈ ਜਨਰਲਬਾਡੀ ਦੀ ਮੀਟਿੰਗ ਵਿੱਚ ਕਈ ਮਸਲੇ ਵਿਚਾਰੇ ਗਏ। ਮੀਟਿੰਗ ਦੀ ਪ੍ਰਧਾਨਗੀ ਸੁਖਦੇਵ ਸਿੰਘ ਦੀ ਅਗਵਾਈ ਹੇਠ ਅਗਜੈਕਟਿਵ ਕਮੇਟੀ ਮੈਂਬਰਾਂ ਵੱਲੋਂ ਕੀਤੀ ਗਈ। ਇਸ ਜੱਥੇਬੰਦੀ ਵੱਲੋਂ ਆਪਣੇ ਮੈਂਬਰਾਂ ਨੂੰ ਸਾਲ ਵਿੱਚ ਦੋ ਵਾਰ ਇਤਿਹਾਸਿਕ ਅਤੇ ਧਾਰਮਿਕ ਥਾਂਵਾਂ ਦੇ ਕਰਵਾਏ ਜਾਂਦੇ ਟੂਰਾਂ ਵਿੱਚੋਂ ਇਸ ਵਾਰ 29, 30 ਅਕਤੂਬਰ ਨੂੰ ਡੇਰਾ ਬਾਬਾ ਨਾਨਕ ਅਤੇ ਸੁਲਤਾਨਪੁਰ ਲੋਧੀ ਦੇ ਆਸ ਪਾਸ ਦੇ ਥਾਂਵਾਂ ਦਾ ਕਰਵਾਇਆ ਜਾ ਰਿਹਾ ਹੈ। ਪੈਨਸਨਰਾਂ ਦੇ ਨਵੇਂ ਪੇ ਕਮਿਸ਼ਨ ਰਿਪੋਰਟ ਸੰਬੰਧੀ ਰਹਿੰਦੇ ਬਕਾਇਆਂ , ਰਹਿੰਦੇ ਐਲ ਟੀ ਏ ਦੀ ਅਦਾਇਗੀ ਨਵੰਬਰ ਤੱਕ ਹੋਣ ਬਾਰੇ ਅਤੇ ਪੀ ਏ ਯੂ ਦੇ ਪੈਨਸਨਰਾਂ ਦਾ ਪੈਨਸ਼ਨ ਹੈੱਡ ਵੱਖਰਾ ਹੋਣ ਬਾਰੇ ਜਨਰਲ ਸਕੱਤਰ ਆਸਾ ਸਿੰਘ ਪੰਨੂੰ ਨੇ ਜਾਣਕਾਰੀ ਸਾਂਝੀ ਕੀਤੀ। ਉੱਪ ਪ੍ਰਧਾਨ ਜਸਵੰਤ ਜੀਰਖ ਨੇ ਮਨੀਪੁਰ ਵਿੱਚ ਵਾਪਰੀਆਂ ਅੱਗ ਜਲਣੀ ਦੀਆਂ ਘਟਨਾਵਾਂ ਦਾ ਅੱਖੀਂ ਵੇਖਿਆ ਹਾਲ ਵਰਨਣ ਕੀਤਾ। ਉਹਨਾਂ ਦੱਸਿਆ ਕਿ ਸੱਤ੍ਹਾ ਤੇ ਕਾਬਜ ਸਿਆਸਤਦਾਨ ਕਿਵੇਂ ਆਮ ਲੋਕਾਂ ਨੂੰ ਧਰਮਾਂ, ਜਾਤਾਂ, ਫਿਰਕਿਆਂ ਵਿੱਚ ਵੰਡਕੇ ਆਪਣੇ ਰਾਜ ਦੀ ਉਮਰ ਲੰਮੀ ਕਰਨ ਲਈ ਕਤਲੇਆਮ ਕਰਵਾਉਂਦੇ ਹਨ ,ਉਹਨਾਂ ਘਟਨਾਵਾਂ ਦੀਆਂ ਜਾਹਰਾ ਤਸਵੀਰਾਂ ਹਨ।ਉਹਨਾਂ ਕਿਹਾ ਕਿ ਜਿਵੇਂ ਆਜ਼ਾਦੀ ਦੇ ਪ੍ਰਦੇ ਹੇਠ ਸਿਆਸਤਦਾਨਾਂ ਨੇ 1947 ਵਿੱਚ ਲੋਕਾਂ ਨੂੰ ਧਰਮਾਂ ਦੇ ਨਾਂ ਹੇਠ ਉਜਾੜਕੇ ਦੋ ਮੁਲਕ ਬਣਾਏ ਗਏ , ਉਸੇ ਤਰ੍ਹਾਂ ਅੱਜ ਮਨੀਪੁਰ ਨੂੰ ਵੰਡਣ ਲਈ ਲੋਕਾਂ ਦੇ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ।ਜਦੋਂ ਹਕੂਮਤਾਂ ਲੋਕਾਂ ਦੇ ਅਸਲ ਮੁੱਦੇ ਬੇਰੋਜਗਾਰੀ, ਮਹਿੰਗਾਈ , ਗਰੀਬੀ , ਸਿਹਤ ਸਹੂਲਤਾਂ ਆਦਿ ਹੱਲ ਕਰਨ ਤੋਂ ਅਸਮਰੱਥ ਹੋ ਜਾਣ ਤਾਂ ਉਹ ਲੋਕਾਂ ਨੂੰ ਧਰਮਾਂ, ਜਾਤਾਂ ਅਤੇ ਹੋਰ ਦੋਮ ਦਰਜਿਆਂ ਵਿੱਚ ਉਲਝਾਕੇ ਆਪਣੇ ਰਾਜ ਦੀ ਉਮਰ ਲੰਮੀ ਕਰਨ ਲਈ ਵਰਤਦੀਆਂ ਹਨ। ਉਹਨਾਂ ਹਾਜ਼ਰ ਮੈਂਬਰਾਂ ਨੂੰ ਆਪਸੀ ਭਾਈਚਾਰਾ ਬਣਾਕੇ ਰੱਖਣ ਅਤੇ ਹਾਕਮਾਂ ਦੀਆਂ ਕੋਝੀਆਂ ਚਾਲਾਂ ਨੂੰ ਸਮਝਕੇ ਹਰ ਗਲਤ ਖਿਲਾਫ ਖੜਨ ਤੇ ਜ਼ੋਰ ਦਿੱਤਾ। ਕਰਤਾਰ ਸਿੰਘ ਨੇ ਮਸ਼ਹੂਰ ਕਵੀ ਪਾਸ਼ ਦੀ ਕਵਿਤਾ ਸੁਣਾਕੇ, ਸੁਰਿੰਦਰ ਮੋਹੀ ਨੇ ਸਿਆਸਤਦਾਨਾਂ ਬਾਰੇ ਇੱਕ ਵਿਅੰਗ ਰੂਪੀ ਕਵਿਤਾ ਪੜ੍ਹੀ ਅਤੇ ਇੰਦਰ ਸੈਨ ਨੇ ਸਿਹਤ ਸੰਬੰਧੀ ਕੁੱਝ ਸੁਝਾਅ ਦੇ ਕੇ ਆਪਣੀ ਆਪਣੀ ਹਾਜ਼ਰੀ ਲਵਾਈ। ਚਰਨਜੀਤ ਸੇਖੋਂ ਨੇ ਰਹਿੰਦੀ ਜ਼ਿੰਦਗੀ ਇੱਕ ਦੂਜੇ ਨਾਲ ਮਾੜੇ ਮੋਟੇ ਵਖਰੇਵੇਂ ਛੱਡਕੇ ਖੁਸ਼ੀ ਨਾਲ ਜਿਉਂਣ ਦੇ ਉਪਰਾਲੇ ਕਰਨ ਤੇ ਜ਼ੋਰ ਦਿੱਤਾ। ਅੰਤ ਵਿੱਚ ਜਨਰਲ ਸਕੱਤਰ ਆਸਾ ਸਿੰਘ ਪੰਨੂ ਨੇ ਸਭ ਦਾ ਧੰਨਵਾਦ ਕੀਤਾ। ਇਸ ਸਮੇਂ ਮੰਗਲ ਸਿੰਘ, ਐਮ ਐਸ ਪਰਮਾਰ, ਬਲਵੀਰ ਸਿੰਘ, ਤਰਸੇਮ ਸਿੰਘ, ਤਜਿੰਦਰ ਮਹਿੰਦਰੂ , ਰਣਜੋਧ ਗਰੇਵਾਲ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।