ਟਰਾਂਸਪੋਰਟ ਮੰਤਰੀ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਵਿਭਾਗਾਂ ਵੱਲੋਂ ਕੀਤਾ ਜਾ ਰਿਹਾ ਟਾਲਮਟੋਲ - ਜਥੇਬੰਦੀ 

ਮੰਨੀਆਂ ਮੰਗਾਂ ਤਰੁੰਤ ਲਾਗੂ ਨਾ ਕੀਤੀਆਂ ਤਾਂ  ਗੁਪਤ ਅਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ -ਆਗੂ 
ਲੁਧਿਆਣਾ, 29 ਸਤੰਬਰ (ਟੀ. ਕੇ.)
- ਪੰਜਾਬ ਰੋਡਵੇਜ਼/ ਪਨਬਸ ਅਤੇ ਪੀ. ਆਰ. ਟੀ. ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਅਹੁਦੇਦਾਰਾਂ ਦੀ ਸੂਬਾਈ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ  ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 14,15 ਅਤੇ 16 ਅਗਸਤ ਨੂੰ ਠੇਕਾ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕਰਕੇ ਗੁਲਾਮੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ, ਜਿਸ ਕਰਕੇ ਪਟਿਆਲਾ ਪ੍ਰਸ਼ਾਸਨ ਵੱਲੋਂ 25 ਅਗਸਤ ਦੀ ਮੀਟਿੰਗ  ਮੁੱਖ ਮੰਤਰੀ ਪੰਜਾਬ ਨਾਲ ਤੈਅ ਕਰਵਾਈ ਗਈ ਸੀ ਪ੍ਰੰਤੂ ਸਰਕਾਰ ਸਰਕਾਰ ਵੱਲੋਂ ਮੀਟਿੰਗ ਮੁਲਤਵੀ  ਕਰਕੇ 14 ਸਤੰਬਰ ਦੀ ਮੀਟਿੰਗ ਤੈਅ ਕਰਵਾਈ ਗਈ ਪ੍ਰੰਤੂ ਸਰਕਾਰ ਵੱਲੋ ਫਿਰ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਸੀ, ਫਿਰ ਮੁਲਾਜ਼ਮਾਂ  ਵਿੱਚ ਰੋਸ ਨੂੰ ਕਾਬੂ ਕਰਨਾ ਮੁਸ਼ਕਲ ਹੋ ਗਿਆ ਜਿਸ ਨੂੰ ਵੇਖਦੇ ਹੋਏ ਯੂਨੀਅਨ ਨੇ ਫੈਸਲਾ ਕਰਦਿਆਂ 20 ਸਤੰਬਰ ਨੂੰ ਹੜਤਾਲ ਕੀਤੀ ਗਈ ਜਿਸ ਨੂੰ ਵੇਖਦੇ ਹੋਏ ਟਰਾਂਸਪੋਰਟ ਮੰਤਰੀ ਪੰਜਾਬ, ਸਟੇਟ ਟ੍ਰਾਂਸਪੋਰਟ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਟਰਾਂਸਪੋਰਟ ਮੰਤਰੀ  ਵੱਲੋਂ ਤਨਖਾਹ ਵਿਚ 5 ਫੀਸਦੀ ਦਾ ਵਾਧਾ ਜੋ ਪਿਛਲੇ ਸਮੇਂ ਦੀ ਪਿਛਲੀ ਸਰਕਾਰ  ਵੱਲੋਂ ਲਾਗੂ ਕੀਤਾ ਗਿਆ ਸੀ ਨੂੰ ਮਾਨ ਸਰਕਾਰ ਨੇ ਲਾਗੂ ਕਰਨ ਲਈ ਮੰਗ ਮੰਨ ਲਈ। 
 ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿਲੋਂ ਅਤੇ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆ 20 ਸਤੰਬਰ ਦੀ ਮੀਟਿੰਗ ਦੇ ਵਿੱਚ ਟਰਾਂਸਪੋਰਟ ਮੰਤਰੀ ਵਲੋਂ ਟ੍ਰਾਂਸਪੋਰਟ ਅਫਸਰਾਂ ਨੂੰ ਰਿਪੋਰਟਾਂ ਦੀਆਂ ਕੰਡੀਸ਼ਨਾਂ ਦੇ ਵਿੱਚ ਸੋਧ ਕਰਨ ਦੇ ਲਈ ਕਿਹਾ ਗਿਆ ਤੇ ਮੁਲਾਜ਼ਮਾਂ ਨੂੰ ਇੱਕ ਮੌਕਾ ਦੇ ਕੇ ਬਹਾਲ ਕਰਨ ਦੀ ਗੱਲ ਕੀਤੀ ਭਾਵੇਂ ਬਲੈਕ ਲਿਸਟ ਜਾਂ ਅਪੀਲ ਖਾਰਜ ਹੋਵੇ ਸਭ ਨੂੰ ਇੱਕ ਮੌਕਾ ਦੇ ਕੇ ਬਹਾਲ ਕਰਨ ਦੀ ਮੰਗ ਤੇ ਸਹਿਮਤੀ ਬਣੀ ਪ੍ਰੰਤੂ ਪਨਬਸ ਅਤੇ ਪੀ.ਆਰ.ਟੀ.ਸੀ ਦੀ ਮੈਨੇਜਮੈਂਟ ਵੱਲੋਂ ਟਰਾਂਸਪੋਰਟ ਮੰਤਰੀ ਦੇ ਕਹਿਣ  'ਤੇ ਵੀ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ, ਜਿਸ ਕਰਕੇ ਅੱਜ ਫਿਰ ਮੁਲਾਜ਼ਮਾਂ ਨੂੰ ਮੁੜ ਤੋਂ ਸੰਘਰਸ਼ ਕਰਨ ਦੇ ਲਈ ਮਜਬੂਰ ਕੀਤਾ ਗਿਆ। ਇਸ ਮੌਕੇ ਮੀਟਿੰਗ ਵਿਚ ਜਥੇਬੰਦੀ ਦੇ ਸੂਬਾਈ ਆਗੂ   ਜਲੋਰ ਸਿੰਘ , ਰੋਹੀ ਰਾਮ, ਬਲਵਿੰਦਰ ਸਿੰਘ ਰਾਠ , ਹਰਜਿੰਦਰ ਸਿੰਘ ਗੋਰਾ , ਬਲਜਿੰਦਰ ਸਿੰਘ, ਲਵਪ੍ਰੀਤ ਸਿੰਘ , ਸੰਦੀਪ ਸਿੰਘ ਗਰੇਵਾਲ ਅਤੇ ਸੁਖਪਾਲ ਸਿੰਘ ਹਾਜ਼ਰ ਹੋਏ। ਇਸ ਮੌਕੇ ਫੈਸਲਾ ਕੀਤਾ ਗਿਆ ਕਿ ਜੇਕਰ ਡਾਇਰੈਕਟਰ ਸਟੇਟ ਟਰਾਂਸਪੋਰਟ ਵਲੋਂ ਮੰਨੀਆਂ ਹੋਈਆਂ ਮੰਗਾਂ ਨਾ ਲਾਗੂ ਕੀਤੀਆਂ ਗਈਆਂ ਤਾਂ 
  2 ਅਕਤੂਬਰ ਨੂੰ ਜਥੇਬੰਦੀ ਵਲੋਂ ਰੈਲੀ ਕੀਤੀ ਜਾਵੇਗੀ ਅਤੇ ਸਰਕਾਰੀ ਰੈਲੀਆਂ ਵਿੱਚ ਡਿਊਟੀ ਨਾ ਕਰਕੇ ਲੋਕਾਂ ਨੂੰ ਟਰਾਂਸਪੋਰਟ ਦੀ ਸਹੂਲਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਸਿਆਸੀ ਰੈਲੀ ਹੋਵੇ ਭਾਵੇਂ ਸਰਕਾਰ ਦਾ ਕੋਈ ਨਿੱਜੀ ਕੰਮ ਹੋਵੇ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਮੁਲਾਜ਼ਮ ਰੈਲੀਆਂ ,ਆਫ਼ਤਾਂ,ਸਮੇਤ ਹੋਰ ਵਾਧੂ ਡਿਊਟੀਆਂ ਨਹੀਂ ਕਰਨਗੇ। 
ਉਨ੍ਹਾਂ ਕਿਹਾ ਕਿ 2 ਅਕਤੂਬਰ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਪੰਜਾਬ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ, ਜਿਸ ਦੀ  ਜੁੰਮੇਵਾਰ ਪਨਬੱਸ ਅਤੇ ਪੀ. ਆਰ. ਟੀ. ਸੀ. ਦੀ ਮੈਨੇਜਮੈਂਟ ਦੀ ਹੋਵੇਗੀ।ਉਨ੍ਹਾਂ ਕਿਹਾ ਕਿ ਜਥੇਬੰਦੀ ਹੁਣ ਗੁਪਤ ਐਕਸ਼ਨ ਵੀ ਕਰੇਗੀ।