You are here

ਲੁਧਿਆਣਾ

ਸਰਕਾਰੀ ਅੱਤਿਆਚਾਰ ਦੇ ਬਾਵਜੂਦ ਦਾਖਾ ਦੇ ਲੋਕ ਅਕਾਲੀ ਦਲ ਨੂੰ ਵੋਟ ਪਾਉਣਗੇ- ਅਕਾਲੀ ਦਲ

ਬਿਕਰਮ ਮਜੀਠੀਆ ਅਤੇ ਡਾਕਟਰ ਦਲਜੀਤ ਚੀਮਾ ਨੇ ਐਸਐਸਪੀ ਨੂੰ ਅਕਾਲੀ ਵਰਕਰਾਂ ਨੂੰ ਧਮਕਾਉਣ ਅਤੇ ਉਹਨਾਂ ਖ਼ਿਲਾਫ ਝੂਠੇ ਕੇਸ ਦਰਜ ਕਰਨ ਤੋਂ ਵਰਜਿਆ
ਜਗਰਾਉਂ/ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਦੇ ਬਾਵਜੂਦ ਦਾਖਾ ਹਲਕੇ ਦੇ ਲੋਕਾਂ ਨੇ ਅਕਾਲੀ ਦਲ ਨੂੰ ਵੋਟ ਪਾਉਣ ਦਾ ਫੈਸਲਾ ਕਰ ਲਿਆ ਹੈ। ਪਾਰਟੀ ਨੇ ਕਿਹਾ ਕਿ ਕਾਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੜ੍ਹੇ ਕੀਤੇ ਨਕਲੀ ਕੈਪਟਨ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਸ ਬਾਰੇ ਟਿੱਪਣੀ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਦੇ ਜ਼ੁਲਮ ਅੱਗੇ ਗੋਡੇ ਨਹੀਂ ਟੇਕੇ। ਉਹਨਾਂ ਨੇ ਕਾਂਗਰਸ ਪਾਰਟੀ ਦਾ ਸਫਾਇਆ ਕਰਨ ਦਾ ਫੈਸਲਾ ਕਰ ਲਿਆ ਹੈ। ਇਸੇ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਖੁਦ ਨੂੰ ਅਤੇ ਪਰਿਵਾਰਕ ਮੈਂਬਰਾਂ ਨੂੰ ਗਿਰਫ਼ਤਾਰੀ ਲਈ ਪੇਸ਼ ਕਰਦਿਆਂ ਜ਼ਿਲ੍ਹਾ ਪੁਲਿਸ ਨੂੰ ਕਿਹਾ ਕਿ ਉਹ ਦਾਖਾ ਵਿਧਾਨ ਸਭਾ ਹਲਕੇ ਦੀ ਆ ਰਹੀ ਜ਼ਿਮਨੀ ਚੋਣ ਦੌਰਾਨ ਅਕਾਲੀ ਵਰਕਰਾਂ ਦੇ ਪਰਿਵਾਰਾਂ ਨੂੰ ਅਕਾਲੀ ਦਲ ਦਾ ਸਮਰਥਨ ਕਰਨ ਤੋਂ ਰੋਕਣ ਲਈ ਉਹਨਾਂ ਦੇ ਘਰ ਅੱਧੀ ਰਾਤ ਛਾਪੇ ਕਰਕੇ ਪਰਿਵਾਰਾਂ ਨੂੰ ਪਰੇਸ਼ਾਨ ਕਰਨਾ ਬੰਦ ਕਰ ਦੇਣ। ਅਕਾਲੀ ਉਮੀਦਵਾਰ ਸੀਨੀਅਰ ਅਕਾਲੀ ਆਗੂਆਂ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਐਸਐਸਪੀ (ਦਿਹਾਤੀ) ਲੁਧਿਆਣਾ ਦੇ ਦਫ਼ਤਰ ਗਏ ਅਤੇ ਉਹਨਾਂ ਨੂੰ ਅਕਾਲੀ ਵਰਕਰਾਂ ਉੱਤੇ ਢਾਹੇ ਜਾ ਰਹੇ ਅੱਤਿਆਚਾਰਾਂ ਦੇ ਸਬੂਤ ਸੌਂਪੇ। ਮਜੀਠੀਆ ਨੇ ਐਸਐਸਪੀ ਕੋਲ ਸਿਆਸੀ ਬਦਲੇਖੋਰੀ ਦੇ 18 ਮਾਮਲੇ ਪੇਸ਼ ਕੀਤੇ ਅਤੇ ਪੁੱਛਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਇਹਨਾਂ 18 ਵਿਅਕਤੀਆਂ ਦੇ ਘਰਾਂ ਵਿਚ ਛਾਪੇ ਕਿਉਂ ਮਾਰੇ ਜਾ ਰਹੇ ਹਨ? ਉਹਨਾਂ ਕਿਹਾ ਕਿ ਹੁਣ ਇਹ ਸਥਿਤੀ ਹੈ ਕਿ ਸੱਤ ਜ਼ਿਲ੍ਹਿਆਂ ਦੀ ਪੁਲਿਸ ਅਕਾਲੀ ਵਰਕਰਾਂ ਖ਼ਿਲਾਫ ਛਾਪੇ ਮਾਰ ਰਹੀ ਹੈ। ਚੋਰੀ ਵਰਗੇ ਛੋਟੇ ਅਪਰਾਧਾਂ ਦੇ ਨਾਂ ਰਾਤ ਨੂੰ ਅਕਾਲੀ ਵਰਕਰਾਂ ਦੇ ਘਰਾਂ ਵਿਚ ਛਾਪੇ ਮਾਰੇ ਜਾ ਰਹੇ ਹਨ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਘਰਾਂ ਦੀਆਂ ਇਸਤਰੀਆਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਇਹ ਸਭ ਕੁੱਝ ਤੁਹਾਡੀ ਦੇਖ ਰੇਖ ਵਿਚ ਹੋ ਰਿਹਾ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਅਕਾਲੀ ਵਰਕਰਾਂ ਦੇ ਮੁੱਢਲੇ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ। ਅਸੀਂ ਅਜਿਹਾ ਨਹੀਂ ਹੋਣ ਦਿਆਂਗੇ ਅਤੇ ਇਸ ਗੁੰਡਾਗਰਦੀ ਨੂੰ ਰੋਕਣ ਲਈ ਅਸੀਂ ਆਪਣੀ ਪੂਰੀ ਤਾਕਤ ਝੋਕ ਦਿਆਂਗੇ। ਸਰਦਾਰ ਮਜੀਠੀਆ ਨੇ ਐਸਐਸਪੀ ਨੂੰ ਦੱਸਿਆ ਕਿ ਇਸ ਦੇ ਉਲਟ ਇੱਕ ਨਾਮੀ ਗੈਂਗਸਟਰ ਨੇ ਦੋ ਕਾਂਗਰਸੀ ਮੰਤਰੀਆਂ ਨਾਲ ਦਾਖਾ ਵਿਚ ਦੂਜੇ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਦਾ ਸਵਾਗਤ ਕੀਤਾ ਸੀ। ਉਹਨਾਂ ਕਿਹਾ ਕਿ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਫੇਸ ਬੁੱਕ ਪੇਜ ਉੱਤੇ ਵੀ ਇਸ ਫੋਟੋ ਪਾਈ ਹੈ।ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਅਜੇ ਤੀਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਜਦੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇੱਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਉੱਤੇ ਹਮਲਾ ਕੀਤਾ ਸੀ ਅਤੇ ਜਾਣ ਬੁੱਝ ਕੇ ਉਸ ਦੀ ਦਸਤਾਰ ਅਤੇ ਕੱਕਾਰਾਂ ਦਾ ਨਿਰਾਦਰ ਕੀਤਾ ਸੀ ਤਾਂ ਪੁਲਿਸ ਉਸ ਸਮੇਂ ਵੀ ਮੂਕ ਦਰਸ਼ਕ ਬਣੀ ਰਹੀ ਸੀ। ਉਹਨਾਂ ਕਿਹਾ ਕਿ ਮੰਤਰੀ ਖ਼ਿਲਾਫ ਅਜੇ ਤੀਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਦੌਰਾਨ ਸਰਦਾਰ ਮਜੀਠੀਆ ਅਤੇ ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਪੁਲਿਸ ਦਾ ਅੱਤਿਆਚਾਰ ਦਾਖਾ ਦੇ ਵੋਟਰਾਂ ਨੂੰ ਮਨਪ੍ਰੀਤ ਇਆਲੀ ਦਾ ਸਮਰਥਨ ਕਰਨ ਤੋਂ ਨਹੀਂ ਰੋਕ ਸਕੇਗਾ। ਉਹਨਾਂ ਕਿਹਾ ਕਿ ਇਹ ਰਿਪੋਰਟਾਂ ਮਿਲਣ ਮਗਰੋਂ ਕਿ ਨਕਲੀ ਕੈਪਟਨ ਨੂੰ ਲੋਕਾਂ ਵੱਲੋਂ ਨਕਾਰਿਆ ਜਾ ਰਿਹਾ ਹੈ, ਮੁੱਖ ਮੰਤਰੀ ਨੇ ਇੱਥੇ ਦੂਜਾ ਰੋਡ ਸ਼ੋਅ ਕੱਢਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਮੁੱਖ ਮੰਤਰੀ ਦੇ ਪੈਰਾਸ਼ੂਟ ਉਮੀਦਵਾਰ ਨੂੰ ਹੋਰ ਵੀ ਬੁਰੀ ਤਰ੍ਹਾਂ ਹਰਾਏਗੀ।

ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਤੋਂ ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਯੋਜਨਾਵਾਂ ਲਈ ਅਰਜ਼ੀਆਂ ਮੰਗੀਆਂ

ਨੈਸ਼ਨਲ ਸਕਾਲਰਸ਼ਿਪ ਪੋਰਟਲ www.scholarships.gov.in 'ਤੇ ਕੀਤਾ ਜਾ ਸਕਦਾ ਆਨਲਾਈਨ ਅਪਲਾਈ

ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਘੱਟ ਗਿਣਤੀ ਵਰਗ (ਸਿੱਖ, ਮੁਸਲਿਮ, ਇਸਾਈ, ਬੋਧੀ, ਪਾਰਸੀ ਅਤੇ ਜੈਨ) ਦੇ ਯੋਗ ਵਿਦਿਆਰਥੀਆਂ ਤੋਂ ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਯੋਜਨਾਵਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਜੋ ਕਿ ਨੈਸ਼ਨਲ ਸਕਾਲਰਸ਼ਿਪ ਪੋਰਟਲ ww.scholarships.gov.in 'ਤੇ ਆਨਲਾਈਨ ਅਪਲਾਈ ਕੀਤੀਆਂ ਜਾ ਸਕਦੀਆਂ ਹਨ। ਵਧੇਰੀ ਜਾਣਕਾਰੀ ਲਈ ਵੈੱਬਸਾਈਟ www.minorityaffairs.gov.in ਵੀ ਦੇਖੀ ਜਾ ਸਕਦੀ ਹੈ। ਇਹ ਸਕਾਲਰਸ਼ਿਪ ਵਿਦਿਅਕ ਸੈਸ਼ਨ 2019-20 ਲਈ ਦਿੱਤੇ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰੀ/ਮਾਨਤਾ ਪ੍ਰਾਪਤ ਸੀਨੀਅਰ ਸੈਕੰਡਰੀ ਸਕੂਲਾਂ/ਕਾਲਜਾਂ/ਯੂਨੀਵਰਸਿਟੀਜ਼ ਆਦਿ ਵਿੱਚ ਪੜ ਰਹੇ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਨੇ ਪਿਛਲੀ ਫਾਈਨਲ ਪ੍ਰੀਖਿਆ ਵਿੱਚ ਘੱਟੋ-ਘੱਟ 50 ਫੀਸਦੀ ਅੰਕ ਜ਼ਰੂਰ ਪ੍ਰਾਪਤ ਕੀਤੇ ਹੋਣ। ਉਸ ਦੇ ਪਰਿਵਾਰ ਦੀ ਸਾਲਾਨਾ ਆਮਦਨੀ 2 ਲੱਖ ਰੁਪਏ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ। ਵਿਦਿਆਰਥੀ ਸੂਬਾ ਪੰਜਾਬ ਦਾ ਰਿਹਾਇਸ਼ੀ ਹੋਣਾ ਚਾਹੀਦਾ ਹੈ। ਇਹ ਵਜ਼ੀਫਾ ਇੱਕ ਪਰਿਵਾਰ ਦੇ ਵੱਧ ਤੋਂ ਵੱਧ ਦੋ ਵਿਦਿਆਰਥੀਆਂ ਨੂੰ ਹੀ ਮਿਲ ਸਕਦਾ ਹੈ। ਇਸ ਤੋਂ ਇਲਾਵਾ ਜੋ ਵਿਦਿਆਰਥੀ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਵਾਨਤ ਸੰਸਥਾਵਾਂ ਵਿੱਚ ਗ੍ਰੇਜੂਏਟ/ਪੋਸਟ ਗ੍ਰੇਜੂਏਟ ਪੱਧਰ ਦੇ ਤਕਨੀਕੀ ਜਾਂ ਪ੍ਰੋਫੈਸ਼ਨਲ ਕੋਰਸ ਵਿੱਚ ਪੜ ਰਹੇ ਹੋਣ, ਉਹ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਉਕਤ ਦੀ ਤਰਾਂ ਵਿਦਿਆਰਥੀ ਨੇ ਪਿਛਲੀ ਫਾਈਨਲ ਪ੍ਰੀਖਿਆ ਵਿੱਚ ਘੱਟੋ-ਘੱਟ 50 ਫੀਸਦੀ ਅੰਕ ਜ਼ਰੂਰ ਪ੍ਰਾਪਤ ਕੀਤੇ ਹੋਣ। ਉਸ ਦੇ ਪਰਿਵਾਰ ਦੀ ਸਾਲਾਨਾ ਆਮਦਨੀ 2.50 ਲੱਖ ਰੁਪਏ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ। ਵਿਦਿਆਰਥੀ ਸੂਬਾ ਪੰਜਾਬ ਦਾ ਰਿਹਾਇਸ਼ੀ ਹੋਣਾ ਚਾਹੀਦਾ ਹੈ। ਇਹ ਵਜ਼ੀਫਾ ਇੱਕ ਪਰਿਵਾਰ ਦੇ ਵੱਧ ਤੋਂ ਵੱਧ ਦੋ ਵਿਦਿਆਰਥੀਆਂ ਨੂੰ ਹੀ ਮਿਲ ਸਕਦਾ ਹੈ। ਆਨਲਾਈਨ ਅਪਲਾਈ ਕਰਨ (ਨਵੀਂਆਂ ਦਰਖ਼ਾਸਤਾਂ ਅਤੇ ਰਿਨਿਊਲ ਦਰਖ਼ਾਸਤਾਂ ਵਾਸਤੇ) ਦੀ ਆਖ਼ਰੀ ਮਿਤੀ 31 ਅਕਤੂਬਰ, 2019 ਹੈ। ਸ੍ਰ. ਗਿੱਲ ਨੇ ਯੋਗ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਯੋਜਨਾਵਾਂ ਦਾ ਭਰਪੂਰ ਲਾਭ ਲੈਣ।

ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜ ਮੁਕੰਮਲ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰ ਇਕੱਠਿਆਂ ਕਰ ਰਹੇ ਹਨ ਕੰਮ

ਹਰਸਿਮਰਤ ਤੇ ਸੁਖਬੀਰ ਸੌੜੇ ਰਾਜਸੀ ਹਿੱਤਾਂ ਲਈ 550ਵੇਂ ਪ੍ਰਕਾਸ਼ ਪੁਰਬ ਸਮਾਗਮ ਸਾਂਝੇ ਤੌਰ 'ਤੇ ਕਰਵਾਉਣ ਵਿੱਚ ਅੜਿੱਕਾ ਢਾਹ ਰਹੇ ਹਨ- ਕੈਪਟਨ ਅਮਰਿੰਦਰ ਸਿੰਘ
ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਅਕਾਲੀ ਆਗੂਆਂ ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਦੋਵਾਂ 'ਤੇ ਦੋਸ਼ ਲਾਇਆ ਕਿ ਉਹ ਆਪਣੇ ਸੌੜੇ ਰਾਜਸੀ ਹਿੱਤਾਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਸੂਬਾ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਂਝਾ ਸਮਾਗਮ ਕਰਵਾਉਣ ਦੇ ਰਾਹ ਵਿੱਚ ਅੜਿੱਕਾ ਢਾਹ ਰਹੇ ਹਨ। ਦਾਖਾ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਲਈ ਚੋਣ ਪ੍ਰਚਾਰ ਕਰਨ ਆਏ ਮੁੱਖ ਮੰਤਰੀ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਤਿੰਨ ਕੈਬਨਿਟ ਮੰਤਰੀ ਅੱਜ ਸਵੇਰੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੂੰ ਮਿਲੇ ਅਤੇ ਸਾਂਝਾ ਸਮਾਗਮ ਮਨਾਉਣ ਦੇ ਮਾਮਲੇ 'ਤੇ ਸਕਾਰਾਤਮਕ ਵਿਚਾਰਾਂ ਹੋਈਆਂ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਡੇ ਵੱਲੋਂ ਦੋ ਨੁਮਾਇੰਦੇ ਨਾਮਜ਼ਦ ਕੀਤੇ ਗਏ ਹਨ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਦਲ ਦੇ ਨੁਮਾਇੰਦਿਆਂ ਨਾਲ ਨਿਰੰਤਰ ਮੀਟਿੰਗਾਂ ਕਰ ਰਹੇ ਹਨ ਅਤੇ ਸਾਰਾ ਕੁੱਝ ਠੀਕ-ਠਾਕ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸੁਖਬੀਰ ਤੇ ਹਰਸਿਮਰਤ ਸਿਆਸੀ ਰੋਟੀਆਂ ਸੇਕਣ ਲਈ ਇਸ ਮਾਮਲੇ ਵਿੱਚ ਲਗਾਤਾਰ ਰੁਕਾਵਟਾਂ ਪਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਹਮੇਸ਼ਾ ਹੀ ਆਪਣੇ ਨਿੱਜੀ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹੇ ਅਕਾਲੀ ਹਨ? ਇਕ ਗੱਲ ਯਕੀਨੀ ਹੈ ਕਿ ਇਹ ਉਹ ਟਕਸਾਲੀ ਅਕਾਲੀ ਨਹੀਂ ਹਨ ਜਿਹੜੇ ਪਾਰਟੀ ਦੇ ਸੰਸਥਾਪਕ ਸਨ। ਉਨ੍ਹਾਂ ਬਾਦਲ ਜੋੜੇ ਨੂੰ ਧੋਖੇਬਾਜ਼ ਆਖਦਿਆਂ ਕਿਹਾ ਕਿ ਸਿਰਫ ਅਜਿਹੇ ਧੋਖੇਬਾਜ਼ ਅਕਾਲੀ ਹੀ ਪਹਿਲੇ ਸਿੱਖ ਗੁਰੂ ਦੇ ਇਤਿਹਾਸਕ ਦਿਹਾੜੇ ਉਤੇ ਸਿਆਸਤ ਕਰ ਸਕਦੇ ਹਨ ਜਿਸ ਗੁਰੂ ਸਾਹਿਬ ਨੂੰ ਪੂਰੀ ਦੁਨੀਆਂ ਵਿੱਚ ਸਤਿਕਾਰਿਆ ਜਾਂਦਾ ਹੈ। ਮੁੱਖ ਮੰਤਰੀ ਨੇ ਅਕਾਲੀਆਂ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕੀਤਾ ਕਿ ਪ੍ਰਕਾਸ਼ ਪੁਰਬ ਸਮਾਗਮ ਕਰਵਾਉਣਾ ਸ਼੍ਰੋਮਣੀ ਕਮੇਟੀ ਦੀ ਡਿਊਟੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਸਿਰਫ ਧਾਰਮਿਕ ਅਸਥਾਨਾਂ ਦੇ ਅੰਦਰ ਹੈ ਜਦੋਂ ਕਿ ਬਾਹਰ ਸਮਾਗਮ ਕਰਵਾਉਣ ਦਾ ਅਧਿਕਾਰ ਸਰਕਾਰ ਦਾ ਕੰਮ ਆਉਂਦਾ ਹੈ ਅਤੇ ਇਹ ਪ੍ਰਥਾ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਅਕਾਲੀ ਦਲ ਨੂੰ ਸਿਧਾਂਤਹੀਣ ਪਾਰਟੀ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨਾਲ ਸਬੰਧਾਂ ਵਿੱਚ ਇਸ ਦੇ ਦੂਹਰੇ ਮਾਪਦੰਡ ਹਨ। ਜਿਹੜੀ ਪਾਰਟੀ ਨਾਲ ਉਨ੍ਹਾਂ ਦਾ ਹਰਿਆਣਾ ਵਿੱਚ ਸਖਤ ਵਿਰੋਧ ਹੈ, ਉਸੇ ਭਾਜਪਾ ਦੇ ਉਮੀਦਵਾਰਾਂ ਲਈ ਉਹ ਪੰਜਾਬ ਵਿੱਚ ਵੋਟਾਂ ਮੰਗ ਰਹੇ ਹਨ। ਅਜਿਹੀ ਘਟੀਆ ਰਾਜਨੀਤੀ ਹੀ ਇਸ ਪਾਰਟੀ ਨੂੰ ਲੋਕਾਂ ਤੋਂ ਦੂਰ ਲੈ ਕੇ ਜਾ ਰਹੀ ਹੈ ਅਤੇ ਹੌਲੀ-ਹੌਲੀ ਇਸ ਪਾਰਟੀ ਦਾ ਵਜ਼ੂਦ ਹੀ ਨਹੀਂ ਰਹਿਣਾ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਤਾਂ ਨੂੰ ਦੇਖਦਿਆਂ ਉਹ ਕਹਿ ਸਕਦੇ ਹਨ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਕਾਲੀ ਦਲ ਤੇ ਭਾਜਪਾ ਇਕੱਠਿਆਂ ਨਹੀਂ ਲੜਨਗੇ। ਮੁੱਖ ਮੰਤਰੀ ਨੇ ਅਕਾਲੀਆਂ ਵੱਲੋਂ ਉਨ੍ਹਾਂ ਦੀ ਸਰਕਾਰ 'ਤੇ ਵਾਅਦੇ ਪੂਰਾ ਨਾ ਕਰਨ ਦਾ ਦੋਸ਼ ਲੈਣ ਦੇ ਮਾਮਲੇ ਉਤੇ ਵਰ੍ਹਦਿਆਂ ਕਿਹਾ ਕਿ ਸਾਰੇ ਵਾਅਦੇ ਪੜਾਅ ਵਾਰ ਪੂਰੇ ਕੀਤੇ ਜਾ ਰਹੇ ਹਨ ਅਤੇ ਜਿਹੜੇ ਕੁੱਝ ਵਾਅਦੇ ਲਾਗੂ ਕਰਨ ਤੋਂ ਰਹਿ ਗਏ ਹਨ, ਉਹ ਵੀ ਸੂਬੇ ਦੀ ਆਰਥਿਕ ਹਾਲਤ ਸੁਧਾਰਨ 'ਤੇ ਤੁਰੰਤ ਲਾਗੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੀ ਉਨ੍ਹਾਂ ਦੀ ਸਰਕਾਰ ਵਿੱਚ ਵੀ ਸਾਰੇ ਵਾਅਦੇ ਪੂਰੇ ਕੀਤੇ ਗਏ ਸਨ। ਮੁੱਖ ਮੰਤਰੀ ਜੋ ਸੂਬੇ ਦੀਆਂ ਚਾਰੋਂ ਜ਼ਿਮਨੀ ਚੋਣਾਂ ਜਿੱਤਣ ਲਈ 101 ਫੀਸਦੀ ਆਸਵੰਦ ਹਨ, ਅੱਜ ਦਾਖਾ ਵਿਖੇ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਰੋਡ ਸ਼ੋਅ ਕਰਨ ਆਏ ਸਨ। ਉਨ੍ਹਾਂ ਕਾਂਗਰਸੀ ਉਮੀਦਵਾਰ ਨੂੰ ਲੋਕਾਂ ਦੀ ਭਲਾਈ ਲਈ ਤਤਪਰ ਰਹਿਣ ਵਾਲਾ ਪ੍ਰਤੀਬੱਧ ਵਰਕਰ ਦੱਸਿਆ ਜਿਹੜਾ ਦਿਲ ਦਾ ਬਹੁਤ ਸਾਫ ਇਨਸਾਨ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਪੱਖੀ ਹਵਾ ਚੱਲ ਰਹੀ ਹੈ ਕਿਉਂਕਿ ਲੋਕ ਵਿਕਾਸ ਚਾਹੁੰਦੇ ਹਨ, ਜੋ ਉਨ੍ਹਾਂ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੀ ਇਸ ਗੱਲੋਂ ਕਰੜੀ ਆਲੋਚਨਾ ਕੀਤੀ ਕਿ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਉਪਰ 20 ਡਾਲਰ ਫੀਸ ਲਗਾਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਉਤੇ ਟਿਕਟ ਲਾਉਣਾ ਕਿਸੇ ਪੱਖੋਂ ਵੀ ਅਨੁਕੂਲ ਨਹੀਂ। ਉਨ੍ਹਾਂ ਕਿਹਾ ਕਿ ਗਰੀਬ ਸ਼ਰਧਾਲੂ ਕਿਸ ਤਰ੍ਹਾਂ ਇਹ ਰਾਸ਼ੀ ਦੇ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਗਤ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਨ ਲਈ ਚੜ੍ਹਾਵਾ ਜ਼ਰੂਰ ਚੜ੍ਹਾਉਂਦੀ ਹੈ। ਉਨ੍ਹਾਂ ਕਿਹਾ ਕਿ ਫੀਸ ਲਗਾਉਣ ਦਾ ਪਾਕਿਸਤਾਨ ਦਾ ਫੈਸਲਾ ਸਿੱਖ ਧਰਮ ਵਿੱਚ 'ਖੁੱਲ੍ਹੇ ਦਰਸ਼ਨ ਦੀਦਾਰੇ' ਕਰਨ ਦੇ ਸਿਧਾਂਤ ਦੇ ਖਿਲਾਫ ਹੈ। ਕਰਤਾਰਪੁਰ ਲਾਂਘਾ ਦੇ ਪ੍ਰੋਗਰਾਮ ਦੇ ਅੰਤਿਮ ਰੂਪ ਸਬੰਧੀ ਪੁੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰ ਕੇ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਦਿਹਾੜੇ ਮੌਕੇ ਖੁੱਲ੍ਹੇ ਜਾਣ ਵਾਲੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜ ਤੇ ਹੋਰ ਕੰਮਾਂ ਨੂੰ ਤੈਅ ਸਮੇਂ ਅੰਦਰ ਮੁਕੰਮਲ ਕਰਨ ਲਈ ਸੂਬਾ ਸਰਕਾਰ ਕੇਂਦਰ ਨਾਲ ਮਿਲ ਕੇ ਇਕੱਠਿਆਂ ਕੰਮ ਕਰ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪਾਕਿਸਤਾਨ ਵੀ 550ਵੇਂ ਪ੍ਰਕਾਸ਼ ਪੁਰਬ ਮੌਕੇ ਕੰਮ ਮੁਕੰਮਲ ਹੋਣ ਦਾ ਵਾਅਦਾ ਪੂਰਾ ਕਰੇਗਾ। ਮੁੱਖ ਮੰਤਰੀ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਕਿ ਪਾਕਿਸਤਾਨ ਕਸ਼ਮੀਰ ਵਿਚਲੇ ਘਟਨਾਕ੍ਰਮ ਤੋਂ ਬਾਅਦ ਹਥਿਆਰਾਂ ਤੇ ਅਤਿਵਾਦੀਆਂ ਨੂੰ ਭੇਜ ਕੇ ਪੰਜਾਬ ਵਿੱਚ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਅਜਿਹੀ ਸਥਿਤੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਸੁਰੱਖਿਆ ਬਲ ਕਿਸੇ ਵੀ ਅਜਿਹੀ ਹਾਲਤ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਚੌਕਸ ਹਨ ਅਤੇ ਸੂਬੇ ਵਿੱਚ ਅਮਨ, ਕਾਨੂੰਨ ਦੀ ਵਿਵਸਥਾ ਖਰਾਬ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪੰਜਾਬ ਦੀ ਕਾਨੂੰਨ ਵਿਵਸਥਾ ਮੌਜੂਦਾ ਸਮੇਂ ਪਿਛਲੇ ਸਮੇਂ ਨਾਲੋਂ ਕਿਤੇ ਬਿਹਤਰ ਹੈ। ਸੂਬਾਈ ਤੇ ਕੇਂਦਰੀ ਸੁਰੱਖਿਆ ਬਲ ਸਰਹੱਦ ਪਾਰ ਪੰਜਾਬ ਵਿੱਚ ਘੁਸਪੈਠ ਨੂੰ ਨਾਕਾਮ ਕਰਨ ਲਈ ਇਕੱਠਿਆਂ ਕੰਮ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇਹ ਸਾਫ ਕੀਤਾ ਕਿ ਉਹ ਪਾਕਿਸਤਾਨ ਨਹੀਂ ਜਾਣਗੇ ਪਰ ਉਹ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜ਼ਰੂਰ ਜਾਣਗੇ ਜਿਸ ਧਾਰਮਿਕ ਅਸਥਾਨ ਨਾਲ ਉਨ੍ਹਾਂ ਦੇ ਪਰਿਵਾਰ ਨਾਲ ਗੂੜ੍ਹੀਆਂ ਸਾਂਝਾ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਦੇ ਹਾਮੀ ਨਹੀਂ ਹਨ ਜਦੋਂ ਤੱਕ ਸਰਹੱਦ ਪਾਰ ਅਤਿਵਾਦ ਖਤਮ ਨਹੀਂ ਹੋ ਜਾਂਦਾ ਅਤੇ ਭਾਰਤੀ ਜਵਾਨਾਂ ਨੂੰ ਮਾਰਨਾਂ ਰੋਕਿਆ ਨਹੀਂ ਜਾਂਦਾ। ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਭਾਰੀ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਬਿਆਨ ਉਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਤੇਜ਼ ਪੱਛਮੀ ਹਵਾਵਾਂ ਨਾਲ ਪਾਕਿਸਤਾਨ ਅਤੇ ਉਤਰੀ ਸੂਬਿਆਂ ਵਿੱਚ ਜਲਾਈ ਜਾਂਦੀ ਪਰਾਲੀ ਦਾ ਪ੍ਰਦੂਸ਼ਣ ਕੌਮੀ ਰਾਜਧਾਨੀ ਵਿੱਚ ਜਾਂਦਾ ਹੈ ਪਰ ਇਹ ਇਸ ਸਮੱਸਿਆ ਦਾ ਬਹੁਤ ਛੋਟਾ ਹਿੱਸਾ ਹੈ। ਵੱਡਾ ਮਾਮਲਾ ਇਹ ਹੈ ਕਿ ਦਿੱਲੀ ਵਿੱਚ ਇਕੱਲਿਆਂ ਹੀ ਇੰਨਾ ਪ੍ਰਦੂਸ਼ਣ ਹੈ ਜਿੰਨਾ ਪੰਜਾਬ ਤੇ ਹਰਿਆਣਾ ਮਿਲ ਕੇ ਨਹੀਂ ਫੈਲਾਉਂਦੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਦੂਜੇ ਸੂਬਿਆਂ 'ਤੇ ਦੋਸ਼ ਨਹੀਂ ਲਾਉਣੇ ਚਾਹੀਦੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਬਾਵਜੂਦ ਸੂਬਾ ਸਰਕਾਰ ਇਹ ਕੋਸ਼ਿਸ਼ਾਂ ਹਰ ਸੰਭਵ ਕਰ ਰਹੀ ਹੈ ਕਿ ਕੁਝ ਗੁੰਮਰਾਹਕੁਨ ਕਿਸਾਨ ਜਿਹੜੇ ਹਾਲੇ ਵੀ ਪਰਾਲੀ ਨੂੰ ਸਾੜਦੇ ਹਨ, ਉਨ੍ਹਾਂ ਨੂੰ ਜਾਗਰੂਕ ਕਰ ਕੇ ਹਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਮਸ਼ੀਨਾਂ ਨੂੰ ਕਿਸਾਨ ਵਰਤ ਰਹੇ ਹਨ ਅਤੇ ਇਸ ਵਿੱਚ ਸਰਕਾਰ ਨੂੰ ਸਫਲਤਾ ਵੀ ਹਾਸਲ ਹੋ ਰਹੀ ਹੈ ਅਤੇ ਕਿਸਾਨਾਂ ਦੀ ਜ਼ਮੀਨ ਦੀ ਉਪਜਾਊਸ਼ਕਤੀ ਵੀ ਵਧ ਰਹੀ ਹੈ। ਇਹ ਵੇਖਦਿਆਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਾਫ ਸੁਥਰੇ ਪੌਣ ਪਾਣੀ ਦਾ ਸੰਦੇਸ਼ ਦਿੱਤਾ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਪਹਿਲੀ ਪਾਤਸ਼ਾਹੀ ਦੇ ਫਲਸਫੇ ਤੇ ਸਿੱਖਿਆਵਾਂ ਉਤੇ ਚੱਲਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸੂਬਾ ਸਰਕਾਰ ਪਰਾਲੀ ਸਾੜਨ 'ਤੇ ਪਾਬੰਦੀ ਨੂੰ ਲਾਗੂ ਕਰਨ ਉਪਰ ਵੀ ਕੰਮ ਕਰ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਦੇ ਦਾਖਲਾ ਹਲਕੇ ਵਿੱਚ ਨਿਕਲੇ ਕਾਫਲੇ ਨੂੰ ਲੋਕਾਂ ਦੇ ਭਾਰੀ ਇਕੱਠ ਨੇ ਕਾਂਗਰਸੀ ਝੰਡਿਆਂ ਨਾਲ ਸਵਾਗਤ ਕੀਤਾ। ਮੁੱਖ ਮੰਤਰੀ ਦਾ ਰੋਡ ਸ਼ੋਅ ਦਾਖਾ ਦਾ ਬਜ਼ਾਰ ਸਮੇਤ ਹਲਕੇ ਦੇ ਪਿੰਡਾਂ ਆਲੀਵਾਲ, ਸਿੱਧਵਾਂ ਬੇਟ, ਮਦਾਰਪੁਰਾ, ਗੋਰਸੀਆ ਮੱਖਣ, ਤਲਵੰਡੀ ਕਲਾਂ ਤੇ ਮੁੱਲਾਂਪੁਰ ਸਿਟੀ ਵਿੱਚੋਂ ਗੁਜ਼ਰਿਆ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕਈ ਵਿਧਾਇਕ ਅਤੇ ਇਸ ਹਲਕੇ ਦੇ ਪਾਰਟੀ ਲੀਡਰ ਸ਼ਾਮਲ ਹੋਏ।

 

ਵਿਦਿਆਰਥੀਆਂ ਵਿੱਚ ਯਾਦ ਸ਼ਕਤੀ ਪ੍ਰਬੰਧਨ ਬਾਰੇ ਵਰਕਸ਼ਾਪ ਦਾ ਆਯੋਜਨ

ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ, ਚੰਡੀਗੜ ਵੱਲੋਂ ਵਿਦਿਆਰਥੀਆਂ ਵਿੱਚ ਯਾਦ ਸ਼ਕਤੀ ਦੇ ਵਿਕਾਸ ਪ੍ਰਬੰਧਨ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਸਥਾਨਕ ਡੀ. ਸੀ. ਐੱਮ. ਪ੍ਰੈਜ਼ੀਡੈਂਸੀ ਸਕੂਲ ਵਿਖੇ ਕੀਤਾ ਗਿਆ। ਜਿਸ ਵਿੱਚ ਰਿਸੋਰਸ ਪਰਸਨ ਆਨੰਤ ਕਾਸੀਭਟਲਾ ਨੇ ਯਾਦ ਸ਼ਕਤੀ ਪ੍ਰਬੰਧਨ ਬਾਰੇ ਕਈ ਅਹਿਮ ਪਹਿਲੂਆਂ 'ਤੇ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਯਾਦ ਸ਼ਕਤੀ ਨੂੰ ਵਧਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ, ਜੋ ਕਿ ਪ੍ਰੀਖਿਆਵਾਂ ਵਿੱਚ ਸਫ਼ਲ ਰਹਿਣ ਲਈ ਬਹੁਤ ਸਹਾਈ ਸਿੱਧ ਹੁੰਦਾ ਹੈ। ਉਨਾਂ ਕਿਹਾ ਕਿ ਸਾਰੀਆਂ ਗੱਲਾਂ ਨੂੰ ਯਾਦ ਵਿੱਚ ਸਮਾਉਣਾ ਮੁਸ਼ਕਿਲ ਹੁੰਦਾ ਹੈ, ਜਿਸ ਕਾਰਨ ਹੌਲੀ-ਹੌਲੀ ਇਸ ਯਾਦ ਸ਼ਕਤੀ ਦਾ ਵਿਕਾਸ ਕਰਨਾ ਚਾਹੀਦਾ ਹੈ। ਇਸ ਮੌਕੇ ਉਨਾਂ ਯਾਦ ਸ਼ਕਤੀ ਪ੍ਰਬੰਧਨ ਲਈ ਲਾਹੇਵੰਦ ਕਈ ਨੁਕਤੇ ਵੀ ਸਾਂਝੇ ਕੀਤੇ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਿਸ ਰਜਨੀ ਕਾਲੜਾ ਨੇ ਚੈਂਬਰ ਦੇ ਨੁਮਾਇੰਦਿਆਂ ਅਤੇ ਹੋਰ ਧਿਰਾਂ ਦਾ ਧੰਨਵਾਦ ਕੀਤਾ।

ਜ਼ਿਲਾ ਲੁਧਿਆਣਾ ਦੀਆਂ ਰੈੱਡ ਰਿਬਨ ਕਲੱਬਾਂ ਦੇ ਨੋਡਲ ਅਫ਼ਸਰਾਂ ਦੀ ਸਾਂਝੀ ਮੀਟਿੰਗ

ਰੈੱਡ ਰਿਬਨ ਕਲੱਬਾਂ ਲੋਕਾਂ ਨੂੰ ਨਸ਼ਾ ਅਤੇ ਏਡਜ਼ ਆਦਿ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ-ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ
ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਜ਼ਿਲਾ ਲੁਧਿਆਣਾ ਦੇ ਵੱਖ-ਵੱਖ ਕਾਲਜਾਂ ਤੋਂ ਆਏ ਰੈੱਡ ਰਿਬਨ ਕਲੱਬਾਂ ਦੇ ਨੋਡਲ ਅਫ਼ਸਰਾਂ ਦੀ ਮੀਟਿੰਗ ਸਥਾਨਕ ਮਾਲਵਾ ਸੈਂਟਰਲ ਕਾਲਜ਼ ਆਫ ਐਜੂਕੇਸ਼ਨ ਫਾਰ ਵੂਮੈਨ ਲੁਧਿਆਣਾ ਵਿਖੇ ਹੋਈ। ਇਹ ਮੀਟਿੰਗ ਡਾਇਰੈਕਟਰ, ਯੁਵਕ ਸੇਵਾਂਵਾਂ ਵਿਭਾਗ, ਪੰਜਾਬ, ਚੰਡੀਗੜ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਂਵਾਂ, ਲੁਧਿਆਣਾ ਵੀ ਹਾਜ਼ਰ ਸਨ। ਇਸ ਸਮੇਂ ਸੁਖਵਿੰਦਰ ਸਿੰਘ ਬਿੰਦਰਾ ਨੇ ਸੰਬੋਧਨ ਕਰਦਿਆਂ ਵੱਖ-ਵੱਖ ਕਾਲਜਾਂ ਦੇ ਨੋਡਲ ਅਫ਼ਸਰਾਂ ਤੇ ਵਲੰਟੀਅਰਾਂ ਨੂੰ ਨਸ਼ੇ ਤੇ ਏਡਜ਼ ਵਰਗੀਆਂ ਬੀਮਾਰੀਆਂ ਤੋਂ ਸਾਵਧਾਨ ਰਹਿਣ ਅਤੇ ਇਨਾਂ ਬੀਮਾਰੀਆਂ ਨੂੰ ਸਮਾਜ ਵਿੱਚੋਂ ਸਦਾ ਲਈ ਖਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਨਸ਼ਾ ਸਾਡੇ ਸਮਾਜ ਲਈ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ ਕਿਉਂਕਿ ਸਾਡਾ ਨੌਜਵਾਨ ਵਰਗ ਕਿਸੇ ਨਾ ਕਿਸੇ ਤਰਾਂ ਨਸ਼ੇ ਦੀ ਲਪੇਟ ਵਿੱਚ ਆਇਆ ਹੋਇਆ ਹੈ। ਇਸ ਦੇ ਖਾਤਮੇ ਲਈ ਨੌਜਵਾਨ ਵਰਗ ਅਤੇ ਸਮਾਜ ਨੂੰ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਨੋਡਲ ਅਫ਼ਸਰਾਂ ਨੂੰ ਕਾਲਜ ਵਲੰਟੀਅਰਾਂ ਤੇ ਸਮਾਜ ਨੂੰ ਨਸ਼ਾ ਨਾ ਕਰਨ ਤੇ ਖੂਨਦਾਨ ਕਰਨ ਸਬੰਧੀ ਜਾਗਰੂਕ ਕਰਨ ਲਈ ਚੈੱਕ ਵੰਡੇ ਗਏ। ਦੱਸਿਆ ਗਿਆ ਕਿ ਰੈਡ ਰਿਬਨ ਕਲੱਬਾਂ ਰੈਲੀਆਂ, ਸੈਮੀਨਾਰ, ਨੁੱਕੜ ਨਾਟਕ ਤੇ ਮੀਟਿੰਗਾਂ ਆਦਿ ਕਰਕੇ ਸਮਾਜ ਨੂੰ ਜਾਗਰੂਕ ਕਰਨਗੀਆਂ। ਸਿਵਲ ਹਸਪਤਾਲ ਵੱਲੋਂ ਡਾ. ਅੰਮ੍ਰਿਤ ਕੌਰ ਵਿਸ਼ੇਸ਼ ਤੌਰ 'ਤੇ ਪਹੁੰਚੇ ਜਿਨਾਂ ਨੇ ਏਡਜ਼ ਤੇ ਨਸ਼ੇ ਸਬੰਧੀ ਵਿਸਥਾਰ ਵਿੱਚ ਆਪਣੇ ਵਿਚਾਰ ਦਿੱਤੇ ਕਿ ਨਸ਼ੇ ਤੇ ਏਡਜ਼ ਦੇ ਕਾਰਨ ਕੀ ਹਨ ਤੇ ਇਨਾਂ 'ਤੇ ਕਾਬੂ ਕਿਸ ਤਰਾਂ ਪਾਇਆ ਜਾ ਸਕਦਾ ਹੈ। ਸੁਖਵਿੰਦਰ ਸਿੰਘ ਚੀਮਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਦੀ ਨਿਗਰਾਨੀ ਵਿੱਚ ਪ੍ਰ’ਗਰਾਮ ਦਾ ਆਯੋਜਿਨ ਕੀਤਾ ਗਿਆ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁਖਦੇਵ ਸਿੰਘ ਵੱਲੋਂ ਆਏ ਪਤਵੰਤੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਅੰਤ ਵਿੱਚ ਦਵਿੰਦਰ ਸਿੰਘ ਲੋਟੇ ਨੇ ਸਾਰੇ ਨੋਡਲ ਅਫ਼ਸਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਨੋਡਲ ਅਫ਼ਸਰਾਂ ਦੇ ਕੰਮਾਂ ਨੂੰ ਸਲਾਹਿਆ ਅਤੇ ਅੱਗੇ ਤੋਂ ਵੀ ਤਕੜੇ ਹੋ ਕੇ ਨਸ਼ੇ ਅਤੇ ਏਡਜ਼ ਵਰਗੀਆਂ ਬਿਮਾਰੀਆਂ ਵਿਰੁੱਧ ਸਮਾਜ ਨੂੰ ਸੇਧ ਦੇਣ ਅਤੇ ਜਾਗਰੂਕ ਕਰਨ ਲਈ ਪ੍ਰੇਰਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਮਹੂਆ ਖੋਸਲਾ, ਸ਼੍ਰੀਮਤੀ ਜਸਵਿੰਦਰ ਕੌਰ ਸਟੈਨੋ, ਸੁਰਿੰਦਰ ਸਿੰਘ, ਦਵਿੰਦਰ ਸਿੰਘ ਅਤੇ ਹਰੀਸ਼ ਕੁਮਾਰ ਹਾਜ਼ਰ ਸਨ।

ਦਾਖਾ ਹਲਕੇ ਦੇ ਈਸਾਈ ਭਾਈਚਾਰੇ ਵੱਲੋਂ ਕੈਪਟਨ ਸੰਦੀਪ ਸੰਧੂ ਦੀ ਹਮਾਇਤ ਦਾ ਐਲਾਨ

ਕ੍ਰਿਸਚੀਅਨ ਯੂਨਾਈਟਿਡ ਫ਼ੈਡਰੇਸ਼ਨ ਵੱਲੋਂ ਸ਼ਾਂਤੀ ਭਵਨ ਮੁੱਲਾਂਪੁਰ 'ਚ ਵਿਸ਼ਾਲ ਚੋਣ ਜਲਸਾ ਕਰਵਾਇਆ ਗਿਆ

ਮੁੱਲਾਂਪੁਰ/ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-   

ਦਾਖਾ ਹਲਕੇ ਤੋਂ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਈਸਾਈ ਭਾਈਚਾਰੇ ਨੇ ਉਨ੍ਹਾਂ ਦੀ ਹਮਾਇਤ ਦਾ ਐਲਾਨ ਕਰਦਿਆਂ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ 'ਚ ਉਨ੍ਹਾਂ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਵਿਧਾਨ ਸਭਾ ਵਿੱਚ ਭੇਜਣ ਦਾ ਭਰੋਸਾ ਦਿਵਾਇਆ। ਕ੍ਰਿਸ਼ਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਦੀ ਅਗਵਾਈ ਵਿੱਚ ਸ਼ਾਂਤੀ ਭਵਨ ਮੁੱਲਾਂਪੁਰ ਵਿਖੇ ਹੋਈ ਇਕ ਵਿਸ਼ਾਲ ਚੋਣ ਮੀਟਿੰਗ ਵਿੱਚ ਈਸਾਈ ਭਾਈਚਾਰੇ ਦੇ ਠਾਠਾਂ ਮਾਰਦੇ ਇਕੱਠ ਨੇ ਕੈਪਟਨ ਸੰਧੂ ਦੀ ਜਿੱਤ ਤੇ ਮੋਹਰ ਲਗਾ ਦਿੱਤੀ। ਮੀਟਿੰਗ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਪੁੱਜੇ ਪਾਦਰੀਆਂ ਅਤੇ ਕ੍ਰਿਸਚੀਅਨ ਯੂਨਾਈਟਿਡ ਫੈਡਰੇਸ਼ਨ ਦੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਇਸ ਪਿਆਰ ਅਤੇ ਸਤਿਕਾਰ ਲਈ ਉਹ ਹਮੇਸ਼ਾ ਇਸਾਈ ਭਾਈਚਾਰੇ ਦੇ ਰਿਣੀ ਰਹਿਣਗੇ। ਇਸ ਮੌਕੇ ਪ੍ਰਧਾਨ ਐਲਬਰਟ ਦੂਆ ਨੇ ਕੈਪਟਨ ਸੰਧੂ ਦਾ ਸਨਮਾਨ ਕਰਦਿਆਂ ਭਰੋਸਾ ਦਿਵਾਇਆ ਕਿ ਕ੍ਰਿਸਚੀਅਨ ਭਾਈਚਾਰੇ ਦੀ ਇੱਕ ਇੱਕ ਵੋਟ ਕੈਪਟਨ ਸੰਧੂ ਦੇ ਹੱਕ ਵਿੱਚੋ ਪੁਆ ਕੇ ਦਾਖਾ ਸੀਟ ਕਾਂਗਰਸ ਦੀ ਝੋਲੀ ਵਿਚ ਪਾਵਾਂਗੇ। ਮੀਟਿੰਗ ਵਿੱਚ ਚਰਚ ਰਕਬਾ ਰੋਡ ਤੋਂ ਪਾਸਟਰ ਵਿਲਸਨ ਮਸੀਹ, ਛਪਾਰ ਤੋਂ ਪਾਸਟਰ ਟੌਮ, ਆਲੀਵਾਲ ਤੋਂ ਪਾਸਟਰ ਸੰਜੀਵ ਐਡਵਿਨ, ਜੰਡੀ ਤੋਂ ਪਾਸਟਰ ਸਰਵੇਸ਼ ਅਤੇ ਪਾਸਟਰ ਬਲਜਿੰਦਰ, ਖੁਰਸ਼ੈਦਪੁਰ ਤੋਂ ਪਾਸਟਰ ਸਤਨਾਮ ਸਿੰਘ, ਭੂੰਦੜੀ ਤੋਂ ਪਾਸਟਰ ਰਣਜੀਤ, ਸਿੱਧਵਾਂ ਬੇਟ ਤੋਂ ਪਾਸਟਰ ਹਰਵਿੰਦਰ, ਵਲੀਪੁਰ ਤੋਂ ਪਾਸਟਰ ਬੀਰਬਲ, ਪਾਸਟਰ ਰਛਪਾਲ ਆਲੀਵਾਲ, ਪਾਸਟਰ ਮਹਿੰਦਰ ਦਾਸ, ਢੈਪਈ ਤੋਂ ਪਾਸਟਰ ਸਤਪਾਲ, ਪਾਸਟਰ/ਸਿਸਟਰ ਸੁਖਵਿੰਦਰ ਕੌਰ ਬੋਪਾਰਾਏ, ਪਾਸਟਰ ਜਗਜੀਤ ਪਮਾਲੀ, ਪਾਸਟਰ ਵਿਵੇਕ ਮੁੱਲਾਂਪੁਰ ਗਊਸ਼ਾਲਾ, ਪਾਸਟਰ ਪਾਲ ਸਲੇਮਪੁਰ, ਪਾਸਟਰ ਜੌਨ ਪਾਸਟਰ, ਅਭਿਸ਼ੇਕ ਢੋਲਣ, ਪਾਸਟਰ ਅਾਸ਼ੀਸ਼ ਗੁੜੇ, ਪਾਸਟਰ ਜੌਹਨ ਘੁਲ, ਪਾਸਟਰ ਜੈਸਨ ਜੌਹਨ ਵਿਰਕ, ਪਾਸਟਰ ਰਾਜੇਸ਼, ਪਾਸਟਰ ਆਰ.ਐੱਲ. ਪਰਮਿੰਦਰ ਸਿੰਘ ਪਿੰਦਾ ਮੁੱਲਾਂਪੁਰ, ਸੁਖਦੇਵ ਸਿੰਘ ਧੂਰਕੋਟ ਪਾਸਟਰ ਰਾਮ ਲਾਲ ਖੰਡੂਰ ਪਾਸਟਰ ਜਾਨ ਰੌਇਲ, ਪਾਸਟਰ ਬੰਟੀ, ਪਾਸਟਰ ਮਦਨ ਸੇਨ, ਸਿਸਟਰ ਰਜਨੀ,ਕੌਂਸਲਰ ਦਿਲਰਾਜ ਸਿੰਘ,ਇੰਦਰਜੀਤ ਸਿੰਘ ਰਾਇਪੁਰ, ਬਲਵਿੰਦਰ ਸਿੰਘ ਬਿੰਦਰ, ਜਗਦੀਪ ਸਿੰਘ ਜੱਗੀ ਆਦਿ ਹਾਜ਼ਰ ਸਨ

ਲੋਕ ਗਾਇਕ ਗੁਰੂ ਗਿੱਲ ਦਾ ਨਵਾਂ ਸੱਭਿਆਚਾਰਕ ਗੀਤ ਜਲਦੀ ਹੀ ਸਰੋਤਿਆਂ ਦੇ ਸਾਹਮਣੇ ਹੋਵੇਗਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਗਾਲਿਬ ਕਲਾਂ ਲੋਕ ਗਾਇਕ ਗੁਰੂ ਗਿੱਲ ਜੋ ਇਸ ਸਮੇ ਕਨੇਡਾ ਦੀ ਧਰਤੀ ਤੇ ਆਪਣੇ ਕਲਾਂ ਨਾਲ ਦਰਸਕਾਂ ਤੇ ਸਰੋਤਿਆਂ ਨੇ ਆਪਣੇ ਸਭਿਆਚਾਰ ਵਿਰਸੇ ਤੇ ਮਾਂ ਬੋਲੀ ਪੰਜਾਬੀ ਨਾਲ ਜੋੜਨ ਦਾ ਸੰਦੇਸ਼ ਦੇ ਰਹੇ ਹਨ।ਲੋਕ ਗਾਇਕ ਗੁਰੂ ਗਿੱਲ ਵੱਲੋਂ ਦਰਸ਼ਕਾਂ ਦੀ ਕਚਿਹਰੀ ਵਿੱਚ ਆਪਣਾ ਨਵਾਂ ਗੀਤ ਜਿਸ ਵਿੱਚ ਵਿਆਹ ਸਮੇਂ ਸਭਿਆਚਾਰ ਨੂੰ ਆਪਣੀ ਬੁਲੰਦ ਤੇ ਜੋਸੀਲੀ ਅਵਾਜ਼ ਰਾਹੀਂ ਲਹਿਜੇ ਨਾਲ ਪੇਸ਼ ਕੀਤਾ ਗਿਆ ਹੈ ਤੇ ਜਲਦ ਹੀ ਸਰੋਤਿਆਂ ਸਾਹਮਣੇ ਰੀਲਿਜ਼ ਕੀਤਾ ਜਾ ਰਿਹਾ ਹੈ ।ਗਰੀਬੀ ਤੇ ਸੰਘਰਸਮਈ ਜਿੰਦਗੀ ਵਿੱਚ ਉਠਕੇ ਵਿਦੇਸ਼ਾਂ ਵਿੱਚ ਸੈਟਿੰਲ ਹੋਏ ਗੁਰੂ ਗਿੱਲ ਨੇ ਦੱਸਿਆ ਕਿ ਇਹ ਸੱਭਿਆਚਾਰ ਤੇ ਪਰਵਾਰਿਕ ਗੀਤ ਲੋਕਾਂ ਦਾ ਖੂੰਬ ਮਨੋਰੰਜਣ ਕਰੇਗਾ ਤੇ ਲੋਕਾਂ ਵਿਚ ਚੰਗੇਰਾ ਸੰਦੇਸ਼ ਵੀ ਦੇਵੇਗਾਂ।ਉਨ੍ਹਾਂ ਕਿਹਾ ਕਿ ਆਪਣੀ ਲਿਖਤਾਂ ਤੇ ਗਾਇਕੀ ਵਿੱਚ ਮਾਂ ਬੋਲੀ ਪੰਜਾਬੀ ਤੇ ਆਪਣੇ ਪੁਰਾਤਨ ਵਿਰਸੇ ਨੂੰ ਲੋਕਾਂ ਸਾਹਮਣੇ ਚੰਗੇ ਤਰੀਕੇ ਨਾਲ ਪੇਸ਼ ਕਰਨ ਲਈ ਹਮੇਸ਼ਾਂ ਕੋਸ਼ਿਸ਼ ਕੀਤੀ ਗਈ ਹੈ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਮੇਰੇ ਸਭਿਆਚਾਰ ਗੀਤ ਨੂੰ ਪੰਜਾਬੀਆਂ ਵੱਲੋਂ ਭਰਪੂਰ ਹੁੰਗਾਰਾ ਮਿਲੇਗਾ।

ਪਿੰਡ ਗਾਲਿਬ ਕਲਾਂ 'ਚ ਝਮਟਮਾਰ ਵੱਲੋ ਔਰਤ ਦੇ ਅੱਖਾਂ ਵਿੱਚ ਮਿਰਚਾਂ ਪਾ ਕੇ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)- 

ਇਥੋ ਥੋੜੀ ਦੂਰ ਪਿੰਡ ਗਾਲਿਬ ਕਲਾਂ ਵਿਖੇ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਣ ਜਾ ਰਹੀ ਔਰਤ ਦੀਆਂ ਅਣਪਛਾਤੇ ਵਿਅਕਤੀ ਵੱਲੋ ਕੰਨਾਂ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਜਾਣ ਸਮਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਕ ਕੁਲਦੀਪ ਕੌਰ(45) ਪਤਨੀ ਚਰਨਜੀਤ ਸਿੰਘ ਵਾਸੀ ਗਾਲਿਬ ਕਲਾਂ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਸਵੇਰੇ 4.00 ਵਜੇ ਦੇ ਕਰੀਬ ਮੱਥਾ ਟੇਕਣ ਜਾ ਰਹੀ ਸੀ ਤਾਂ ਗੁਰਦੁਆਰਾ ਸਾਹਿਬ ਨੇੜੇ ਕਿਸੇ ਅਣਪਛਾਤੇ ਝਪਟਮਾਰ ਨੇ ਅਚਾਨਕ ਉਸ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਸੋਨੇ ਦੀਆਂ ਵਾਲੀਆਂ ਲਾਹ ਕੇ ਫਰਾਰ ਹੋ ਗਿਆ।ਮਹਿਲਾ ਵੱਲੋ ਚੋਕੀ ਗਾਲਿਬ ਕਲਾਂ ਵਿਖੇ ਇਤਲਾਹ ਦੇ ਦਿੱਤੀ ਗਈ ਹੈ ਚੌਕੀ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਝਪਟਮਾਰ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

ਡਰੀਮਿੰਗ ਐਬਰੌਡ ਨੇ ਜਸਕਰਨ ਸਿੰਘ ਬੱਧਨੀ ਕਲਾਂ ਦਾ ਕਨੇਡਾ ਜਾਣ ਦਾ ਸੁਪਨਾ ਕੀਤਾ ਸਾਕਾਰ ।

ਬੱਧਨੀ ਕਲਾਂ (ਗੁਰਸੇਵਕ ਸੋਹੀ) ਡੀਰੀਮਿੰਗ ਐਬਰੌਡ ਬੱਧਨੀ ਕਲਾਂ ਜੋ ਕਿ ਟੈਲੀਫੋਨ ਅਕਸਚੇਂਜ ਕੋਲ ਇਹ ਸੰਸਥਾ ਸਥਿਤ ਹੈ ।ਪੰਜਾਬ ਸਰਕਾਰ ਵੱਲੋਂ ਇਹ ਸੰਸਥਾ ਮਾਨਤਾ ਪ੍ਰਾਪਤ ਹੈ ਅਤੇ ਸਟੱਡੀ ਵੀਜੇ ਤੇ ਵਿਜਟਰ ਵੀਜੇ ਲਗਵਾਂ ਕੇ ਕਨੇਡਾ, ਆਸਟ੍ਰੇਲੀਆ ਅਤੇ ਯੂ,ਐੱਸ, ਏ ਜਾਣ ਦੇ ਚਾਹਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਇਹ ਸੰਸਥਾ ਆਪਣੀ ਵੱਖਰੀ ਪਹਿਚਾਣ ਬਨਾਈ ਰੱਖਦੀ ਹੈ । ਸੰਸਥਾ ਦੇ ਐਮ ,ਡੀ ,ਚਰਨਜੀਤ ਸਿੰਘ ਸੋਨੂੰ ਨੇ ਦੱਸਿਆ ਕਿ ਜਸਕਰਨ ਸਿੰਘ ਬੱਧਨੀ ਕਲਾਂ 12 ਵੀ ਦੀ ਪੜਾਈ ਤੋਂ ਬਾਅਦ ਆਈਲੈਸਟ ਕੀਤੀ ਅਤੇ ਆਪਣੀ ਲਗਨ ਮਿਹਨਤ ਨਾਲ 6.0 ਬੈਂਡ ਹਾਸਲ ਕੀਤੇ ਡਰੀਮਿੰਗ ਐਬਰੌਡ ਸੰਸਥਾ ਨੇ ਜਸਕਰਨ ਸਿੰਘ ਦਾ ਸਟੱਡੀ ਵੀਜਾ ਲਗਵਾਕੇ ਉਸ ਦੇ ਸੁਪਨਿਆ ਨੂੰ ਪੂਰਾ ਕੀਤਾ । ਜਸਕਰਨ ਨੇ ਕਿਹਾ ਕਿ ਮੇਰੀ ਫਾਈਲ ਬਹੁਤ ਹੀ ਵਧੀਆ ਤਰੀਕੇ ਨਾਲ ਲਾਈ ਐਬੰਸੀ ਵੱਲੋਂ ਤਰੁੰਤ ਵੀਜਾ ਲਵਾ ਦਿੱਤਾ ਗਿਆ । ਅਸੀਂ ਧੰਨਵਾਦੀ ਹਾਂ ਇਸ ਸੰਸਥਾ ਦੇ ਜਿਨਾਂ ਜਲਦੀ ਹੀ ਮੇਰੀ ਕੀਤੀ ਮਿਹਨਤ ਦਾ ਨਤੀਜਾ ਮੇਰੇ ਸਾਮਣੇ ਲਿਆ ਕੇ ਰੱਖ ਦਿੱਤਾ ।

ਬੂਟੇ ਲਗਾ ਕੇ ਮਨਾਇਆ ਜਨਮ ਦਿਨ

ਟੀਮ ਗ੍ਰੀਨ ਪੰਜਾਬ ਮਿਸ਼ਨ ਘਰ ਘਰ ਇਹ ਹੋਕਾ ਦੇ ਰਹੀ ਹੈ ਕੇ ਆਪਣੇ ਜਨਮ ਦਿਨ ਤੇ ਵਿਆਹ ਵਰੇਗੰਢ  ਕੇਕ ਕੱਟ ਕੇ ਤੇ ਹੋਰ ਫਜੂਲ ਖਰਚ ਕਰਨ ਦੀ ਵਜ੍ਹਾਏ ਬੂਟੇ ਲਗਾ ਕੇ ਮਨਾਓ, ਟੀਮ ਦੀਆਂ ਕੋਸ਼ਿਸ਼ਾ ਨੂੰ ਉਸ ਸਮੇਂ ਬੂਰ ਪਿਆ ਜਦੋ ਸਰਕਾਰੀ ਪ੍ਰਾਇਮਰੀ ਸੈਂਟਰਲ (ਗਰਲਜ )ਸਕੂਲ ਜਗਰਾਓਂ ਦੀ ਟੀਚਰ ਮੈਡਮ ਰੀਨਾ  ਰਾਣੀ ਜੀ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਬੂਟੇ ਲਗਾ ਕੇ ਮਨਾਉਣ ਲਈ ਟੀਮ ਗ੍ਰੀਨ ਪੰਜਾਬ ਮਿਸ਼ਨ ਨੂੰ ਸੱਦਾ ਦਿੱਤਾ ਅਤੇ ਆਪਣਾਂ ਜਨਮ ਦਿਨ ਸਕੂਲ ਵਿਚ ਬੂਟੇ ਲਗਾ ਕੇ ਮਨਾਇਆ, ਓਹਨਾ ਇਹ ਵੀ ਕਿਹਾ ਕੇ ਇਕ ਭਿਖਾਰੀ ਤੋਂ ਲੈਕੇ ਜੇ ਤੁਸੀ ਅਰਬਪਤੀ ਇਨਸਾਨ ਦੀ ਸੇਵਾ ਕਰਨੀ ਚਾਹੁੰਦੇ ਹੋ ਤਾ ਰੁੱਖ ਲਗਾਉਣ ਤੋਂ ਵਦੀਆ ਹੋਰ ਕੋਈ ਰਸਤਾ ਨਹੀਂ ਕਿਉਂ ਕੇ ਸਾਹ ਸਾਰੇ ਮਨੁੱਖਾ ਨੇ ਏਸੇ ਵਾਤਾਵਰਨ ਵਿੱਚੋ ਲੈਣਾ ਹੈ, ਓਹਨਾ ਸਾਰਿਆਂ ਨੂੰ ਕੁਦਰਤ ਨਾਲ ਜੁੜਨ ਦੀ ਅਪੀਲ ਕੀਤੀ,    ਇਸ ਮੌਕੇ ਸੀ. ਐਚ. ਟੀ ਰਸ਼ਪਾਲ ਕੌਰ, ਮਾਸਟਰ ਗੁਰਪ੍ਰੀਤ ਸਿੰਘ, ਰਾਜਵਿੰਦਰ ਕੌਰ, ਅਨੀਤਾ ਸ਼ਰਮਾ, ਗੁਰਪ੍ਰੀਤ ਕੌਰ,ਸੁਨੀਤਾ ਰਾਣੀ,  ਸਤਪਾਲ ਸਿੰਘ ਦੇਹੜਕਾ, ਇੰਦਰ ਪ੍ਰੀਤ ਸਿੰਘ, ਅਤੇ ਅਸ਼ੋਕ ਕੁਮਾਰ ਆਦਿ ਹਾਜਰ ਸਨ