ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਤੋਂ ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਯੋਜਨਾਵਾਂ ਲਈ ਅਰਜ਼ੀਆਂ ਮੰਗੀਆਂ

ਨੈਸ਼ਨਲ ਸਕਾਲਰਸ਼ਿਪ ਪੋਰਟਲ www.scholarships.gov.in 'ਤੇ ਕੀਤਾ ਜਾ ਸਕਦਾ ਆਨਲਾਈਨ ਅਪਲਾਈ

ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਘੱਟ ਗਿਣਤੀ ਵਰਗ (ਸਿੱਖ, ਮੁਸਲਿਮ, ਇਸਾਈ, ਬੋਧੀ, ਪਾਰਸੀ ਅਤੇ ਜੈਨ) ਦੇ ਯੋਗ ਵਿਦਿਆਰਥੀਆਂ ਤੋਂ ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਯੋਜਨਾਵਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਜੋ ਕਿ ਨੈਸ਼ਨਲ ਸਕਾਲਰਸ਼ਿਪ ਪੋਰਟਲ ww.scholarships.gov.in 'ਤੇ ਆਨਲਾਈਨ ਅਪਲਾਈ ਕੀਤੀਆਂ ਜਾ ਸਕਦੀਆਂ ਹਨ। ਵਧੇਰੀ ਜਾਣਕਾਰੀ ਲਈ ਵੈੱਬਸਾਈਟ www.minorityaffairs.gov.in ਵੀ ਦੇਖੀ ਜਾ ਸਕਦੀ ਹੈ। ਇਹ ਸਕਾਲਰਸ਼ਿਪ ਵਿਦਿਅਕ ਸੈਸ਼ਨ 2019-20 ਲਈ ਦਿੱਤੇ ਜਾਣਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰੀ/ਮਾਨਤਾ ਪ੍ਰਾਪਤ ਸੀਨੀਅਰ ਸੈਕੰਡਰੀ ਸਕੂਲਾਂ/ਕਾਲਜਾਂ/ਯੂਨੀਵਰਸਿਟੀਜ਼ ਆਦਿ ਵਿੱਚ ਪੜ ਰਹੇ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਵਿਦਿਆਰਥੀ ਨੇ ਪਿਛਲੀ ਫਾਈਨਲ ਪ੍ਰੀਖਿਆ ਵਿੱਚ ਘੱਟੋ-ਘੱਟ 50 ਫੀਸਦੀ ਅੰਕ ਜ਼ਰੂਰ ਪ੍ਰਾਪਤ ਕੀਤੇ ਹੋਣ। ਉਸ ਦੇ ਪਰਿਵਾਰ ਦੀ ਸਾਲਾਨਾ ਆਮਦਨੀ 2 ਲੱਖ ਰੁਪਏ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ। ਵਿਦਿਆਰਥੀ ਸੂਬਾ ਪੰਜਾਬ ਦਾ ਰਿਹਾਇਸ਼ੀ ਹੋਣਾ ਚਾਹੀਦਾ ਹੈ। ਇਹ ਵਜ਼ੀਫਾ ਇੱਕ ਪਰਿਵਾਰ ਦੇ ਵੱਧ ਤੋਂ ਵੱਧ ਦੋ ਵਿਦਿਆਰਥੀਆਂ ਨੂੰ ਹੀ ਮਿਲ ਸਕਦਾ ਹੈ। ਇਸ ਤੋਂ ਇਲਾਵਾ ਜੋ ਵਿਦਿਆਰਥੀ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਵਾਨਤ ਸੰਸਥਾਵਾਂ ਵਿੱਚ ਗ੍ਰੇਜੂਏਟ/ਪੋਸਟ ਗ੍ਰੇਜੂਏਟ ਪੱਧਰ ਦੇ ਤਕਨੀਕੀ ਜਾਂ ਪ੍ਰੋਫੈਸ਼ਨਲ ਕੋਰਸ ਵਿੱਚ ਪੜ ਰਹੇ ਹੋਣ, ਉਹ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਉਕਤ ਦੀ ਤਰਾਂ ਵਿਦਿਆਰਥੀ ਨੇ ਪਿਛਲੀ ਫਾਈਨਲ ਪ੍ਰੀਖਿਆ ਵਿੱਚ ਘੱਟੋ-ਘੱਟ 50 ਫੀਸਦੀ ਅੰਕ ਜ਼ਰੂਰ ਪ੍ਰਾਪਤ ਕੀਤੇ ਹੋਣ। ਉਸ ਦੇ ਪਰਿਵਾਰ ਦੀ ਸਾਲਾਨਾ ਆਮਦਨੀ 2.50 ਲੱਖ ਰੁਪਏ ਤੋਂ ਵਧੇਰੇ ਨਹੀਂ ਹੋਣੀ ਚਾਹੀਦੀ। ਵਿਦਿਆਰਥੀ ਸੂਬਾ ਪੰਜਾਬ ਦਾ ਰਿਹਾਇਸ਼ੀ ਹੋਣਾ ਚਾਹੀਦਾ ਹੈ। ਇਹ ਵਜ਼ੀਫਾ ਇੱਕ ਪਰਿਵਾਰ ਦੇ ਵੱਧ ਤੋਂ ਵੱਧ ਦੋ ਵਿਦਿਆਰਥੀਆਂ ਨੂੰ ਹੀ ਮਿਲ ਸਕਦਾ ਹੈ। ਆਨਲਾਈਨ ਅਪਲਾਈ ਕਰਨ (ਨਵੀਂਆਂ ਦਰਖ਼ਾਸਤਾਂ ਅਤੇ ਰਿਨਿਊਲ ਦਰਖ਼ਾਸਤਾਂ ਵਾਸਤੇ) ਦੀ ਆਖ਼ਰੀ ਮਿਤੀ 31 ਅਕਤੂਬਰ, 2019 ਹੈ। ਸ੍ਰ. ਗਿੱਲ ਨੇ ਯੋਗ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਯੋਜਨਾਵਾਂ ਦਾ ਭਰਪੂਰ ਲਾਭ ਲੈਣ।