ਕਰਤਾਰਪੁਰ ਦੇ ਦਰਸ਼ਨਾਂ ਲਈ 20 ਅਕਤੂਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਡੇਰਾ ਬਾਬਾ ਨਾਨਕ, ਅਕਤੂਬਰ 2019-( ਇਕਬਾਲ ਸਿੰਘ ਰਸੂਲਪੁਰ/  ਮਨਜਿੰਦਰ ਗਿੱਲ )- 

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਦਾ ਕੰਮ 20 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। ਭਾਰਤ ਵਾਲੇ ਪਾਸੇ ‘ਜ਼ੀਰੋ ਲਾਈਨ’ ਨੂੰ ਪਾਕਿਸਤਾਨ ਨਾਲ ਜੋੜਦੇ ਚਹੁੰ-ਮਾਰਗੀ ਹਾਈਵੇਅ ਦਾ ਨਿਰਮਾਣ ਕਾਰਜ ਜ਼ੋਰਾਂ ’ਤੇ ਚੱਲ ਰਿਹਾ ਹੈ ਪਰ ਸਰੱਹਦ ਪਾਰ ਇਸ ਕੰਮ ਦੀ ਰਫ਼ਤਾਰ ਕਾਫੀ ਮੱਠੀ ਹੈ।
ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਭਾਰਤ ਦੀ ਲੈਂਡ ਪੋਰਟ ਅਥਾਰਿਟੀ ਦੇ ਚੇਅਰਮੈਨ ਗੋਵਿੰਦ ਮੋਹਨ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਵਿਖੇ ਜਾਣ ਲਈ ਸ਼ਰਧਾਲੂਆਂ ਦੀ ਆਨਲਾਈਨ ਰਜਿਸਟ੍ਰੇਸ਼ਨ 20 ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ।’’ ਉਨ੍ਹਾਂ ਕਿਹਾ ਕਿ ਚਹੁੰ-ਮਾਰਗੀ ਹਾਈਵੇਅ ਅਤੇ ਸਟੇਟ-ਆਫ-ਆਰਟ ਯਾਤਰੀ ਟਰਮੀਨਲ, ਜਿਸ ਦੀ 5000 ਯਾਤਰੀਆਂ ਦੀ ਸਮਰੱਥਾ ਹੈ, ਦਾ ਕੰਮ ਅਕਤੂਬਰ ਦੇ ਅਖ਼ੀਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਦੂਜੇ ਪਾਸੇ, ਪਾਕਿਸਤਾਨ ਵਾਲੇ ਪਾਸੇ ਕੰਮ ਦੀ ਮੱਠੀ ਰਫ਼ਤਾਰ ਭਾਰਤ ਵਾਲੇ ਪਾਸਿਓਂ ਸਾਫ਼ ਦਿਖਾਈ ਦਿੰਦੀ ਹੈ ਕਿਉਂਕਿ ਸੜਕ ਅਤੇ ਪੁਲ, ਜੋ ਭਾਰਤ ਵੱਲ ਬਣੀ ਚਹੁੰ-ਮਾਰਗੀ ਸੜਕ ਨੂੰ ਜੋੜੇਗਾ, ਉੱਪਰ ਕੋਈ ਕੰਮ ਨਹੀਂ ਚੱਲ ਰਿਹਾ ਹੈ। ਗੋਵਿੰਦ ਮੋਹਨ ਨੇ ਕਿਹਾ, ‘‘ਪਾਕਿਸਤਾਨ ਨੇ ਨਿਰਮਾਣ ਮੁਲਤਵੀ ਕਰ ਦਿੱਤਾ ਹੈ ਪਰ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਕੰਮ ਸਹੀ ਸਮੇਂ ’ਤੇ ਮੁਕੰਮਲ ਕਰ ਲਿਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਪੁਲ ਅਤੇ ਸੜਕ ਨਾ ਬਣਨ ਕਾਰਨ ਬਦਲ ਵਜੋਂ ਜ਼ੀਰੋ ਪੁਆਇੰਟ ਤੱਕ ਵੱਖਰੀ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵਲੋਂ ਆਪਣੇ ਪਾਸੇ ਦੇ ਸੇਵਾ ਕੇਂਦਰ ਤੋਂ ਜ਼ੀਰੋ ਪੁਆਇੰਟ ਤੱਕ ਯਾਤਰੀਆਂ ਨੂੰ ਲਿਜਾਣ ਅਤੇ ਛੱਡਣ ਲਈ ਆਵਾਜਾਈ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਲੋਂ ਹਾਲੇ ਵੀ ਗੁਆਂਢੀ ਮੁਲਕ ਵਲੋਂ ਹਰੇਕ ਸ਼ਰਧਾਲੂ ਲਈ ਰੱਖੀ ਗਈ 20 ਡਾਲਰ (ਅਮਰੀਕੀ) ਫੀਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ।