ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜ ਮੁਕੰਮਲ ਕਰਨ ਲਈ ਕੇਂਦਰ ਤੇ ਪੰਜਾਬ ਸਰਕਾਰ ਇਕੱਠਿਆਂ ਕਰ ਰਹੇ ਹਨ ਕੰਮ

ਹਰਸਿਮਰਤ ਤੇ ਸੁਖਬੀਰ ਸੌੜੇ ਰਾਜਸੀ ਹਿੱਤਾਂ ਲਈ 550ਵੇਂ ਪ੍ਰਕਾਸ਼ ਪੁਰਬ ਸਮਾਗਮ ਸਾਂਝੇ ਤੌਰ 'ਤੇ ਕਰਵਾਉਣ ਵਿੱਚ ਅੜਿੱਕਾ ਢਾਹ ਰਹੇ ਹਨ- ਕੈਪਟਨ ਅਮਰਿੰਦਰ ਸਿੰਘ
ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਅਕਾਲੀ ਆਗੂਆਂ ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਦੋਵਾਂ 'ਤੇ ਦੋਸ਼ ਲਾਇਆ ਕਿ ਉਹ ਆਪਣੇ ਸੌੜੇ ਰਾਜਸੀ ਹਿੱਤਾਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਸੂਬਾ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਾਂਝਾ ਸਮਾਗਮ ਕਰਵਾਉਣ ਦੇ ਰਾਹ ਵਿੱਚ ਅੜਿੱਕਾ ਢਾਹ ਰਹੇ ਹਨ। ਦਾਖਾ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਲਈ ਚੋਣ ਪ੍ਰਚਾਰ ਕਰਨ ਆਏ ਮੁੱਖ ਮੰਤਰੀ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਤਿੰਨ ਕੈਬਨਿਟ ਮੰਤਰੀ ਅੱਜ ਸਵੇਰੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੂੰ ਮਿਲੇ ਅਤੇ ਸਾਂਝਾ ਸਮਾਗਮ ਮਨਾਉਣ ਦੇ ਮਾਮਲੇ 'ਤੇ ਸਕਾਰਾਤਮਕ ਵਿਚਾਰਾਂ ਹੋਈਆਂ। ਇਸ ਤੋਂ ਇਲਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਡੇ ਵੱਲੋਂ ਦੋ ਨੁਮਾਇੰਦੇ ਨਾਮਜ਼ਦ ਕੀਤੇ ਗਏ ਹਨ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਕਾਲੀ ਦਲ ਦੇ ਨੁਮਾਇੰਦਿਆਂ ਨਾਲ ਨਿਰੰਤਰ ਮੀਟਿੰਗਾਂ ਕਰ ਰਹੇ ਹਨ ਅਤੇ ਸਾਰਾ ਕੁੱਝ ਠੀਕ-ਠਾਕ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਸੁਖਬੀਰ ਤੇ ਹਰਸਿਮਰਤ ਸਿਆਸੀ ਰੋਟੀਆਂ ਸੇਕਣ ਲਈ ਇਸ ਮਾਮਲੇ ਵਿੱਚ ਲਗਾਤਾਰ ਰੁਕਾਵਟਾਂ ਪਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਹਮੇਸ਼ਾ ਹੀ ਆਪਣੇ ਨਿੱਜੀ ਹਿੱਤਾਂ ਲਈ ਧਰਮ ਦੀ ਦੁਰਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹੇ ਅਕਾਲੀ ਹਨ? ਇਕ ਗੱਲ ਯਕੀਨੀ ਹੈ ਕਿ ਇਹ ਉਹ ਟਕਸਾਲੀ ਅਕਾਲੀ ਨਹੀਂ ਹਨ ਜਿਹੜੇ ਪਾਰਟੀ ਦੇ ਸੰਸਥਾਪਕ ਸਨ। ਉਨ੍ਹਾਂ ਬਾਦਲ ਜੋੜੇ ਨੂੰ ਧੋਖੇਬਾਜ਼ ਆਖਦਿਆਂ ਕਿਹਾ ਕਿ ਸਿਰਫ ਅਜਿਹੇ ਧੋਖੇਬਾਜ਼ ਅਕਾਲੀ ਹੀ ਪਹਿਲੇ ਸਿੱਖ ਗੁਰੂ ਦੇ ਇਤਿਹਾਸਕ ਦਿਹਾੜੇ ਉਤੇ ਸਿਆਸਤ ਕਰ ਸਕਦੇ ਹਨ ਜਿਸ ਗੁਰੂ ਸਾਹਿਬ ਨੂੰ ਪੂਰੀ ਦੁਨੀਆਂ ਵਿੱਚ ਸਤਿਕਾਰਿਆ ਜਾਂਦਾ ਹੈ। ਮੁੱਖ ਮੰਤਰੀ ਨੇ ਅਕਾਲੀਆਂ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕੀਤਾ ਕਿ ਪ੍ਰਕਾਸ਼ ਪੁਰਬ ਸਮਾਗਮ ਕਰਵਾਉਣਾ ਸ਼੍ਰੋਮਣੀ ਕਮੇਟੀ ਦੀ ਡਿਊਟੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਸਿਰਫ ਧਾਰਮਿਕ ਅਸਥਾਨਾਂ ਦੇ ਅੰਦਰ ਹੈ ਜਦੋਂ ਕਿ ਬਾਹਰ ਸਮਾਗਮ ਕਰਵਾਉਣ ਦਾ ਅਧਿਕਾਰ ਸਰਕਾਰ ਦਾ ਕੰਮ ਆਉਂਦਾ ਹੈ ਅਤੇ ਇਹ ਪ੍ਰਥਾ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਅਕਾਲੀ ਦਲ ਨੂੰ ਸਿਧਾਂਤਹੀਣ ਪਾਰਟੀ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨਾਲ ਸਬੰਧਾਂ ਵਿੱਚ ਇਸ ਦੇ ਦੂਹਰੇ ਮਾਪਦੰਡ ਹਨ। ਜਿਹੜੀ ਪਾਰਟੀ ਨਾਲ ਉਨ੍ਹਾਂ ਦਾ ਹਰਿਆਣਾ ਵਿੱਚ ਸਖਤ ਵਿਰੋਧ ਹੈ, ਉਸੇ ਭਾਜਪਾ ਦੇ ਉਮੀਦਵਾਰਾਂ ਲਈ ਉਹ ਪੰਜਾਬ ਵਿੱਚ ਵੋਟਾਂ ਮੰਗ ਰਹੇ ਹਨ। ਅਜਿਹੀ ਘਟੀਆ ਰਾਜਨੀਤੀ ਹੀ ਇਸ ਪਾਰਟੀ ਨੂੰ ਲੋਕਾਂ ਤੋਂ ਦੂਰ ਲੈ ਕੇ ਜਾ ਰਹੀ ਹੈ ਅਤੇ ਹੌਲੀ-ਹੌਲੀ ਇਸ ਪਾਰਟੀ ਦਾ ਵਜ਼ੂਦ ਹੀ ਨਹੀਂ ਰਹਿਣਾ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਤਾਂ ਨੂੰ ਦੇਖਦਿਆਂ ਉਹ ਕਹਿ ਸਕਦੇ ਹਨ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਕਾਲੀ ਦਲ ਤੇ ਭਾਜਪਾ ਇਕੱਠਿਆਂ ਨਹੀਂ ਲੜਨਗੇ। ਮੁੱਖ ਮੰਤਰੀ ਨੇ ਅਕਾਲੀਆਂ ਵੱਲੋਂ ਉਨ੍ਹਾਂ ਦੀ ਸਰਕਾਰ 'ਤੇ ਵਾਅਦੇ ਪੂਰਾ ਨਾ ਕਰਨ ਦਾ ਦੋਸ਼ ਲੈਣ ਦੇ ਮਾਮਲੇ ਉਤੇ ਵਰ੍ਹਦਿਆਂ ਕਿਹਾ ਕਿ ਸਾਰੇ ਵਾਅਦੇ ਪੜਾਅ ਵਾਰ ਪੂਰੇ ਕੀਤੇ ਜਾ ਰਹੇ ਹਨ ਅਤੇ ਜਿਹੜੇ ਕੁੱਝ ਵਾਅਦੇ ਲਾਗੂ ਕਰਨ ਤੋਂ ਰਹਿ ਗਏ ਹਨ, ਉਹ ਵੀ ਸੂਬੇ ਦੀ ਆਰਥਿਕ ਹਾਲਤ ਸੁਧਾਰਨ 'ਤੇ ਤੁਰੰਤ ਲਾਗੂ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੀ ਉਨ੍ਹਾਂ ਦੀ ਸਰਕਾਰ ਵਿੱਚ ਵੀ ਸਾਰੇ ਵਾਅਦੇ ਪੂਰੇ ਕੀਤੇ ਗਏ ਸਨ। ਮੁੱਖ ਮੰਤਰੀ ਜੋ ਸੂਬੇ ਦੀਆਂ ਚਾਰੋਂ ਜ਼ਿਮਨੀ ਚੋਣਾਂ ਜਿੱਤਣ ਲਈ 101 ਫੀਸਦੀ ਆਸਵੰਦ ਹਨ, ਅੱਜ ਦਾਖਾ ਵਿਖੇ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਰੋਡ ਸ਼ੋਅ ਕਰਨ ਆਏ ਸਨ। ਉਨ੍ਹਾਂ ਕਾਂਗਰਸੀ ਉਮੀਦਵਾਰ ਨੂੰ ਲੋਕਾਂ ਦੀ ਭਲਾਈ ਲਈ ਤਤਪਰ ਰਹਿਣ ਵਾਲਾ ਪ੍ਰਤੀਬੱਧ ਵਰਕਰ ਦੱਸਿਆ ਜਿਹੜਾ ਦਿਲ ਦਾ ਬਹੁਤ ਸਾਫ ਇਨਸਾਨ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਪੱਖੀ ਹਵਾ ਚੱਲ ਰਹੀ ਹੈ ਕਿਉਂਕਿ ਲੋਕ ਵਿਕਾਸ ਚਾਹੁੰਦੇ ਹਨ, ਜੋ ਉਨ੍ਹਾਂ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਰੋਡ ਸ਼ੋਅ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੀ ਇਸ ਗੱਲੋਂ ਕਰੜੀ ਆਲੋਚਨਾ ਕੀਤੀ ਕਿ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਉਪਰ 20 ਡਾਲਰ ਫੀਸ ਲਗਾਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਉਤੇ ਟਿਕਟ ਲਾਉਣਾ ਕਿਸੇ ਪੱਖੋਂ ਵੀ ਅਨੁਕੂਲ ਨਹੀਂ। ਉਨ੍ਹਾਂ ਕਿਹਾ ਕਿ ਗਰੀਬ ਸ਼ਰਧਾਲੂ ਕਿਸ ਤਰ੍ਹਾਂ ਇਹ ਰਾਸ਼ੀ ਦੇ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੰਗਤ ਗੁਰਦੁਆਰਾ ਸਾਹਿਬ ਵਿੱਚ ਦਰਸ਼ਨ ਕਰਨ ਲਈ ਚੜ੍ਹਾਵਾ ਜ਼ਰੂਰ ਚੜ੍ਹਾਉਂਦੀ ਹੈ। ਉਨ੍ਹਾਂ ਕਿਹਾ ਕਿ ਫੀਸ ਲਗਾਉਣ ਦਾ ਪਾਕਿਸਤਾਨ ਦਾ ਫੈਸਲਾ ਸਿੱਖ ਧਰਮ ਵਿੱਚ 'ਖੁੱਲ੍ਹੇ ਦਰਸ਼ਨ ਦੀਦਾਰੇ' ਕਰਨ ਦੇ ਸਿਧਾਂਤ ਦੇ ਖਿਲਾਫ ਹੈ। ਕਰਤਾਰਪੁਰ ਲਾਂਘਾ ਦੇ ਪ੍ਰੋਗਰਾਮ ਦੇ ਅੰਤਿਮ ਰੂਪ ਸਬੰਧੀ ਪੁੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰ ਕੇ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਦਿਹਾੜੇ ਮੌਕੇ ਖੁੱਲ੍ਹੇ ਜਾਣ ਵਾਲੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜ ਤੇ ਹੋਰ ਕੰਮਾਂ ਨੂੰ ਤੈਅ ਸਮੇਂ ਅੰਦਰ ਮੁਕੰਮਲ ਕਰਨ ਲਈ ਸੂਬਾ ਸਰਕਾਰ ਕੇਂਦਰ ਨਾਲ ਮਿਲ ਕੇ ਇਕੱਠਿਆਂ ਕੰਮ ਕਰ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਪਾਕਿਸਤਾਨ ਵੀ 550ਵੇਂ ਪ੍ਰਕਾਸ਼ ਪੁਰਬ ਮੌਕੇ ਕੰਮ ਮੁਕੰਮਲ ਹੋਣ ਦਾ ਵਾਅਦਾ ਪੂਰਾ ਕਰੇਗਾ। ਮੁੱਖ ਮੰਤਰੀ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਕਿ ਪਾਕਿਸਤਾਨ ਕਸ਼ਮੀਰ ਵਿਚਲੇ ਘਟਨਾਕ੍ਰਮ ਤੋਂ ਬਾਅਦ ਹਥਿਆਰਾਂ ਤੇ ਅਤਿਵਾਦੀਆਂ ਨੂੰ ਭੇਜ ਕੇ ਪੰਜਾਬ ਵਿੱਚ ਅਤਿਵਾਦ ਨੂੰ ਮੁੜ ਸੁਰਜੀਤ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਅਜਿਹੀ ਸਥਿਤੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਸੁਰੱਖਿਆ ਬਲ ਕਿਸੇ ਵੀ ਅਜਿਹੀ ਹਾਲਤ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਚੌਕਸ ਹਨ ਅਤੇ ਸੂਬੇ ਵਿੱਚ ਅਮਨ, ਕਾਨੂੰਨ ਦੀ ਵਿਵਸਥਾ ਖਰਾਬ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪੰਜਾਬ ਦੀ ਕਾਨੂੰਨ ਵਿਵਸਥਾ ਮੌਜੂਦਾ ਸਮੇਂ ਪਿਛਲੇ ਸਮੇਂ ਨਾਲੋਂ ਕਿਤੇ ਬਿਹਤਰ ਹੈ। ਸੂਬਾਈ ਤੇ ਕੇਂਦਰੀ ਸੁਰੱਖਿਆ ਬਲ ਸਰਹੱਦ ਪਾਰ ਪੰਜਾਬ ਵਿੱਚ ਘੁਸਪੈਠ ਨੂੰ ਨਾਕਾਮ ਕਰਨ ਲਈ ਇਕੱਠਿਆਂ ਕੰਮ ਕਰ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇਹ ਸਾਫ ਕੀਤਾ ਕਿ ਉਹ ਪਾਕਿਸਤਾਨ ਨਹੀਂ ਜਾਣਗੇ ਪਰ ਉਹ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜ਼ਰੂਰ ਜਾਣਗੇ ਜਿਸ ਧਾਰਮਿਕ ਅਸਥਾਨ ਨਾਲ ਉਨ੍ਹਾਂ ਦੇ ਪਰਿਵਾਰ ਨਾਲ ਗੂੜ੍ਹੀਆਂ ਸਾਂਝਾ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਉਦੋਂ ਤੱਕ ਪਾਕਿਸਤਾਨ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਦੇ ਹਾਮੀ ਨਹੀਂ ਹਨ ਜਦੋਂ ਤੱਕ ਸਰਹੱਦ ਪਾਰ ਅਤਿਵਾਦ ਖਤਮ ਨਹੀਂ ਹੋ ਜਾਂਦਾ ਅਤੇ ਭਾਰਤੀ ਜਵਾਨਾਂ ਨੂੰ ਮਾਰਨਾਂ ਰੋਕਿਆ ਨਹੀਂ ਜਾਂਦਾ। ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਭਾਰੀ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਬਿਆਨ ਉਤੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲਾਂਕਿ ਤੇਜ਼ ਪੱਛਮੀ ਹਵਾਵਾਂ ਨਾਲ ਪਾਕਿਸਤਾਨ ਅਤੇ ਉਤਰੀ ਸੂਬਿਆਂ ਵਿੱਚ ਜਲਾਈ ਜਾਂਦੀ ਪਰਾਲੀ ਦਾ ਪ੍ਰਦੂਸ਼ਣ ਕੌਮੀ ਰਾਜਧਾਨੀ ਵਿੱਚ ਜਾਂਦਾ ਹੈ ਪਰ ਇਹ ਇਸ ਸਮੱਸਿਆ ਦਾ ਬਹੁਤ ਛੋਟਾ ਹਿੱਸਾ ਹੈ। ਵੱਡਾ ਮਾਮਲਾ ਇਹ ਹੈ ਕਿ ਦਿੱਲੀ ਵਿੱਚ ਇਕੱਲਿਆਂ ਹੀ ਇੰਨਾ ਪ੍ਰਦੂਸ਼ਣ ਹੈ ਜਿੰਨਾ ਪੰਜਾਬ ਤੇ ਹਰਿਆਣਾ ਮਿਲ ਕੇ ਨਹੀਂ ਫੈਲਾਉਂਦੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਦੂਜੇ ਸੂਬਿਆਂ 'ਤੇ ਦੋਸ਼ ਨਹੀਂ ਲਾਉਣੇ ਚਾਹੀਦੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦੇ ਬਾਵਜੂਦ ਸੂਬਾ ਸਰਕਾਰ ਇਹ ਕੋਸ਼ਿਸ਼ਾਂ ਹਰ ਸੰਭਵ ਕਰ ਰਹੀ ਹੈ ਕਿ ਕੁਝ ਗੁੰਮਰਾਹਕੁਨ ਕਿਸਾਨ ਜਿਹੜੇ ਹਾਲੇ ਵੀ ਪਰਾਲੀ ਨੂੰ ਸਾੜਦੇ ਹਨ, ਉਨ੍ਹਾਂ ਨੂੰ ਜਾਗਰੂਕ ਕਰ ਕੇ ਹਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਮਸ਼ੀਨਾਂ ਨੂੰ ਕਿਸਾਨ ਵਰਤ ਰਹੇ ਹਨ ਅਤੇ ਇਸ ਵਿੱਚ ਸਰਕਾਰ ਨੂੰ ਸਫਲਤਾ ਵੀ ਹਾਸਲ ਹੋ ਰਹੀ ਹੈ ਅਤੇ ਕਿਸਾਨਾਂ ਦੀ ਜ਼ਮੀਨ ਦੀ ਉਪਜਾਊਸ਼ਕਤੀ ਵੀ ਵਧ ਰਹੀ ਹੈ। ਇਹ ਵੇਖਦਿਆਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਾਫ ਸੁਥਰੇ ਪੌਣ ਪਾਣੀ ਦਾ ਸੰਦੇਸ਼ ਦਿੱਤਾ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਪਹਿਲੀ ਪਾਤਸ਼ਾਹੀ ਦੇ ਫਲਸਫੇ ਤੇ ਸਿੱਖਿਆਵਾਂ ਉਤੇ ਚੱਲਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸੂਬਾ ਸਰਕਾਰ ਪਰਾਲੀ ਸਾੜਨ 'ਤੇ ਪਾਬੰਦੀ ਨੂੰ ਲਾਗੂ ਕਰਨ ਉਪਰ ਵੀ ਕੰਮ ਕਰ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਦੇ ਦਾਖਲਾ ਹਲਕੇ ਵਿੱਚ ਨਿਕਲੇ ਕਾਫਲੇ ਨੂੰ ਲੋਕਾਂ ਦੇ ਭਾਰੀ ਇਕੱਠ ਨੇ ਕਾਂਗਰਸੀ ਝੰਡਿਆਂ ਨਾਲ ਸਵਾਗਤ ਕੀਤਾ। ਮੁੱਖ ਮੰਤਰੀ ਦਾ ਰੋਡ ਸ਼ੋਅ ਦਾਖਾ ਦਾ ਬਜ਼ਾਰ ਸਮੇਤ ਹਲਕੇ ਦੇ ਪਿੰਡਾਂ ਆਲੀਵਾਲ, ਸਿੱਧਵਾਂ ਬੇਟ, ਮਦਾਰਪੁਰਾ, ਗੋਰਸੀਆ ਮੱਖਣ, ਤਲਵੰਡੀ ਕਲਾਂ ਤੇ ਮੁੱਲਾਂਪੁਰ ਸਿਟੀ ਵਿੱਚੋਂ ਗੁਜ਼ਰਿਆ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ, ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਕਈ ਵਿਧਾਇਕ ਅਤੇ ਇਸ ਹਲਕੇ ਦੇ ਪਾਰਟੀ ਲੀਡਰ ਸ਼ਾਮਲ ਹੋਏ।