ਵਿਧਾਇਕਾ ਮਾਣੂੰਕੇ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ
ਜਗਰਾਉਂ, 29 ਅਪ੍ਰੈਲ (ਮਨਜਿੰਦਰ ਗਿੱਲ ) ਹਲਕੇ ਦੀਆਂ ਸਮੱਸਿਆਵਾਂ ਸਬੰਧੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ 5 ਅਪ੍ਰੈਲ ਨੂੰ ਮੀਟਿੰਗ ਕੀਤੀ ਗਈ ਸੀ, ਪਰੰਤੂ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦੇ 'ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ' ਹੋਣ ਕਾਰਨ ਸਮੱਸਿਆਵਾਂ ਜਿਉਂ ਦੀਆਂ ਤਿਊਂ ਹੀ ਸਨ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਂਦਾ ਅਤੇ ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਸ਼ੁਰਭੀ ਮਲਿਕ ਨੂੰ ਮੀਟਿੰਗ ਕਰਨ ਲਈ ਕਿਹਾ ਗਿਆ ਅਤੇ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਹਲਕੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਮੰਗ ਅਨੁਸਾਰ ਸ਼ਹਿਰ ਦੇ ਕਮਲ ਚੌਂਕ ਅਤੇ ਪੁਰਾਣੀ ਦਾਣਾ ਮੰਡੀ ਵਿੱਚ ਖੜਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਾਲੇ ਅਤੇ ਡਰੇਨ ਦੀ ਸਫਾਈ ਕਰਵਾਉਣ ਅਤੇ ਨਵਾਂ ਪ੍ਰੋਜੈਕਟ ਤਿਆਰ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਜਿਸ ਕਾਰਨ ਜਗਰਾਉਂ ਵਾਸੀਆਂ ਦੀ ਵੱਡੀ ਸਮੱਸਿਆ ਦੇ ਹੱਲ ਦੀ ਆਸ ਬੱਝ ਗਈ ਹੈ। ਸ਼ਹੀਦ ਭਗਤ ਸਿੰਘ ਕੰਮਿਊਨਟੀ ਹਾਲ ਦੀ ਮੁਰੰਮਤ ਕਰਨ, ਡਾ:ਬੀ.ਆਰ.ਅੰਬੇਡਕਰ ਦਾ ਚੌਂਕ ਬਣਾਕੇ ਬੁੱਤ ਲਗਾਉਣ, ਲਾਲਾ ਲਾਜਪਤ ਰਾਏ ਕੰਮਿਊਨਟੀ ਹਾਲ ਦੀ ਉਸਾਰੀ ਜ਼ਲਦੀ ਸ਼ੁਰੂ ਕਰਨ, ਮਾਤਾ ਸਵਿੱਤਰੀ ਬਾਈ ਫੂਲੇ ਯਾਦਕਾਰੀ ਲਾਇਬ੍ਰੇਰੀ ਬਨਾਉਣ, ਸ਼ਹਿਰ ਵਾਸੀਆਂ ਨੂੰ ਸਾਫ਼ ਪਾਣੀ ਦੇਣ, ਸਾਰੇ ਸਰਕਾਰੀ ਦਫਤਰਾਂ ਦੀ ਸਫਾਈ ਕਰਨ, ਬਿਮਾਰੀਆਂ ਦੇ ਫੈਲਾਅ ਤੋਂ ਰੋਕਣ ਅਤੇ ਮੱਛਰ ਮਾਰ ਦਵਾਈਆਂ ਦਾ ਛਿੜਕਾ ਕਰਨ, ਸ਼ਹਿਰ ਦੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ, ਸ਼ਹਿਰ ਦੀ ਸਫ਼ਾਈ ਅਤੇਂ ਕੂੜੇ ਦੇ ਡੰਪ ਖਤਮ ਕਰਨ, ਗਲੀਆਂ ਪੱਕੀਆਂ ਕਰਨ ਅਤੇ ਰਾਏਕੋਟ ਰੋਡ ਦੀ ਹਾਲਤ ਸੁਧਾਰਨ, ਅਖਾੜਾ ਨਹਿਰ ਤੇ ਨਵੇਂ ਬਣਨ ਵਾਲੇ ਪੁਲ ਦੀ ਉਸਾਰੀ ਸ਼ੁਰੂ ਕਰਨ ਆਦਿ ਮੰਗਾਂ ਤੇ ਵਿਚਾਰ-ਚਰਚਾ ਕੀਤੀ ਗਈ ਅਤੇ ਇੱਕ ਹਫ਼ਤੇ ਅੰਦਰ ਕੰਮ ਸ਼ੁਰੂ ਕਰਕੇ ਰਿਪੋਰਟ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਲੋਕਾਂ ਦੀ ਜਾਣਬੁੱਝ ਕੇ ਖੱਜਲ-ਖੁਆਰੀ ਕਰਨ ਅਤੇ ਕੰਮਾਂ ਨੂੰ ਲਮਕਾਉਣ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਏ.ਡੀ.ਸੀ.ਡਾ:ਨਯਨ ਜੱਸਲ, ਐਸ.ਡੀ.ਐਮ. ਵਿਕਾਸ ਹੀਰਾ, ਐਸ.ਐਸ.ਪੀ.ਦੀਪਕ ਹਿਲੋਰੀ, ਐਸ.ਪੀ.ਪ੍ਰਿਥੀਪਾਲ ਸਿੰਘ, ਡੀ.ਐਸ.ਪੀ. ਦਲਜੀਤ ਸਿੰਘ ਵਿਰਕ, ਤਹਿਸੀਲਦਾਰ ਮਨਮੋਹਣ ਕੌਸ਼ਿਕ, ਨਾਇਬ ਤਹਿਸੀਲਦਾਰ ਗੁਰਦੀਪ ਸਿੰਘ, ਈ.ਓ.ਅਸ਼ੋਕ ਕੁਮਾਰ, ਬੀ.ਡੀ.ਪੀ.ਓ.ਜਗਰਾਉਂ ਸਤਵਿੰਦਰ ਸਿੰਘ, ਇੰਜ:ਪ੍ਰਭਜੋਤ ਸਿੰਘ ਉਬਰਾਏ, ਪਰਮਜੀਤ ਸਿੰਘ ਚੀਮਾਂ, ਪ੍ਰੀਤਮ ਸਿੰਘ ਅਖਾੜਾ, ਅਮਰਦੀਪ ਸਿੰਘ ਟੂਰੇ, ਗੋਪੀ ਸ਼ਰਮਾਂ, ਸਾਜਨ ਮਲਹੋਤਰਾ, ਸੁਖਦੇਵ ਸਿੰਘ ਸ਼ੇਰਪੁਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੇ ਅਧਿਕਾਰੀ ਹਾਜ਼ਰ ਸਨ।