ਜਿੱਦੀ ਮੁੰਡਾ ✍️ ਸੰਦੀਪ ਦਿਉੜਾ

ਗੱਲ 1995-96 ਦੀ ਹੈ। ਮੈਂ ਤੇ ਮੇਰੇ ਕੁਝ ਦੋਸਤਾਂ ਨੇ ਜੰਮੂ ਕਸ਼ਮੀਰ ਵਾਦੀ ਵਿੱਚ ਘੁੰਮਣ ਦਾ  ਪ੍ਰੋਗਰਾਮ ਬਣਾਇਆ। ਅਸੀਂ ਪੰਜ ਦੋਸਤ ਮੈਂ, ਗਾਲੂ, ਰਾਜੂ, ਬਿੱਟੂ ਤੇ ਮਨਜੀਤ ਨੇ ਇਕੱਠੇ ਜਾਣ ਦਾ ਫ਼ੈਸਲਾ ਕੀਤਾ। ਅਸੀਂ ਇੱਕ ਮਾਰੂਤੀ ਵੈਨ ਕਿਰਾਏ ਉੱਤੇ ਲੈ ਲਈ। ਉਸਦੀਆਂ ਸੀਟਾਂ ਬਾਹਰ ਕੱਢ ਲਈਆਂ ਤੇ ਉਹਨਾਂ ਦੀ ਥਾਂ ਉੱਤੇ ਗੱਦੇ ਸੁੱਟ ਲਏ ਤਾਂ ਜੋ ਆਰਾਮ ਨਾਲ ਸਫ਼ਰ ਕੀਤਾ ਜਾ ਸਕੇ। ਰਸਤੇ ਵਿੱਚ ਬਹੁਤ ਭਾਰੀ ਚੈਕਿੰਗ ਹੋਣ ਕਰਕੇ ਸਾਨੂੰ ਵੀ ਕਈ ਜਗ਼੍ਹਾ ਉੱਤੇ ਰੁਕਣਾ ਵੀ ਪਿਆ।
                ਸਾਡਾ ਪੁਰਾਣਾ ਟਰੱਕਾਂ ਦਾ ਕੰਮ ਹੋਣ ਕਰਕੇ ਲਗਭਗ ਹਰ ਜਗ਼੍ਹਾ ਹੀ ਜਾਣ ਪਹਿਚਾਣ ਨਿਕਲ ਹੀ ਆਉਂਦੀ ਸੀ।ਜੰਮੂ ਵੜ੍ਦੇ ਹੀ ਕਸ਼ਮੀਰ ਪੁਲਿਸ  ਦਾ ਇੱਕ ਬਹੁਤ ਵੱਡਾ ਨਾਕਾ ਸੀ।ਚੈਕਿੰਗ ਚੱਲ ਰਹੀ ਸੀ ।ਅਸੀਂ ਵੀ ਆਪਣੀ ਗੱਡੀ ਵਿੱਚੋਂ ਬਾਹਰ ਆ ਗਏ। ਬਹੁਤ ਵੱਡੀ ਲਾਇਨ ਲੱਗੀ ਹੋਈ ਸੀ।ਮੈਨੂੰ ਰਾਜੂ ਨੇ ਮਜ਼ਾਕ ਵਿੱਚ ਆਖਿਆ, "ਯਾਰ ਉਝ ਤਾਂ ਤੂੰ ਹਰ ਜਗ਼੍ਹਾ ਤੇ ਕੋਈ ਨਾ ਕੋਈ ਪਹਿਚਾਣ ਦਾ ਬੰਦਾ ਲੱਭ ਹੀ ਲੈਂਦਾ ਹੈ। ਇੱਥੇ ਲੱਭੇ ਤਾਂ ਮੰਨੀਏ। "
              "ਯਾਰ ਤੂੰ ਵੀ ਕਮਾਲ ਕਰੀਂ ਜਾਂਦਾ ਹੈ। ਜਿੰਦਗੀ ਵਿੱਚ ਪਹਿਲੀ ਵਾਰ ਕਸ਼ਮੀਰ ਘੁੰਮਣ  ਆਇਆਂ ਹਾਂ, ਇੱਥੇ ਕਿਹੜੀ ਜਾਣ ਪਹਿਚਾਣ ਕੱਢਾਂ। "ਮੈਂ ਉਸਨੂੰ ਜਵਾਬ ਦਿੱਤਾ।
       ਅਸੀਂ ਗੱਲਾਂ ਕਰ ਹੀ ਰਹੇ ਸੀ ਕਿ ਇੱਕ ਉੱਚਾ ਲੰਮਾ, ਗੋਰਾ ਕਸ਼ਮੀਰੀ ਪੁਲਿਸ ਅਫ਼ਸਰ ਸਾਡੇ ਕੋਲ ਆ ਕੇ ਖੜ੍ਹ ਗਿਆ।
               "ਸਰ ਕਿੰਨੀ ਦੇਰ ਲੱਗ ਜਾਵੇਗੀ ਇਸ ਚੈਕਿੰਗ ਲਈ। "ਮੈਂ ਉਸਨੂੰ ਪੁੱਛ ਲਿਆ।
             " ਘੱਟੋ ਘੱਟ ਇੱਕ ਘੰਟਾ ਲੱਗ ਜਾਵੇਗਾ। ਤੁਸੀਂ......ਤੁਸੀਂ ਪੰਜਾਬ ਤੋਂ ਆਏ ਹੋ ਨਾ। "
        "ਹਾਂ ਜੀ ਸਰ ਪੰਜਾਬ ਤੋਂ ਹੀ ਆਏ ਹਾਂ। " ਮੈਂ ਸੋਚਿਆ ਗੱਡੀ ਦਾ ਨੰਬਰ ਪੰਜਾਬ ਦਾ ਹੋਣ ਕਰਕੇ ਉਸਨੇ ਅੰਦਾਜ਼ਾ ਲਗਾਇਆ ਹੋਣਾ ਹੈ।
  "ਨਮਸਤੇ ਮਾਮਾ ਜੀ ਮੈਨੂੰ ਪਹਿਚਾਣਿਆ ਨਹੀਂ। "  ਉਹ ਅੱਗੇ ਬੋਲਿਆਂ।
         ਮੈਂ ਆਸੇ-ਪਾਸੇ ਹੈਰਾਨੀ ਨਾਲ ਦੇਖਿਆ ਕਿ ਉਸਨੇ ਕਿਸਨੂੰ ਮਾਮਾ ਕਹਿ ਕਿ ਬੁਲਾਇਆ।
        "ਮੈਂ ਤੁਹਾਨੂੰ ਹੀ ਪੁੱਛ ਰਿਹਾ ਹਾਂ ਮਾਮਾ ਜੀ। "
    "ਮੈਨੂੰ ਪੁੱਛ ਰਹੇ ਹੋ ਸਰ...........! "ਮੈਂ ਹੈਰਾਨੀ ਵਿੱਚ ਬੋਲਿਆਂ।
     " ਹਾਂ ਜੀ ਬਿਲਕੁਲ ਤੁਹਾਨੂੰ ਹੀ ਪੁੱਛ ਰਿਹਾ ਹਾਂ ਮਾਮਾ ਜੀ ਤੁਸੀਂ ਮੈਨੂੰ ਸੱਚਮੁੱਚ ਹੀ ਪਹਿਚਾਣਿਆ ਨਹੀਂ ਲੱਗਦਾ। "ਉਸਨੇ ਆਪਣੀ ਗੱਲ ਦੁਹਰਾਈ।
          " ਮੁਆਫ਼ ਕਰਨਾ ਜੀ ਮੈਂ ਤੁਹਾਨੂੰ ਸੱਚਮੁੱਚ ਹੀ ਨਹੀਂ ਪਹਿਚਾਣਿਆ। "
          "ਮੈਂ ਤੁਹਾਡਾ ਗੁਲੂ ਮਾਮਾ ਜੀ ਗੁਲੂ। "
                        "ਗੁਲੂ...........ਨਾਂ ਤਾਂ ਕੁਝ ਜਾਣਿਆ ਪਹਿਚਾਣਿਆ ਲੱਗ ਰਿਹਾ ਹੈ। " ਮੈਂ ਮਨ ਵਿੱਚ ਸੋਚਿਆ ਪਰ ਮੈਂ ਅਜੇ ਵੀ ਉਸਨੂੰ ਬਿਲਕੁਲ ਵੀ ਨਹੀਂ ਪਹਿਚਾਣਿਆ ਸੀ। "
          "ਆਉ ਆਪਾਂ ਚਾਹ ਪੀਂਦੇ ਹਾਂ। ਉਦੋਂ ਤੱਕ ਭੀੜ ਵੀ ਥੋੜ੍ਹੀ ਘੱਟ ਜਾਵੇਗੀ। ਅੱਜ ਠੰਡ ਵੀ ਥੋੜ੍ਹੀ ਜਿਆਦਾ ਹੀ ਹੈ। ਨਾਲੇ ਬੈਠ ਕੇ ਤੁਹਾਨੂੰ ਸਭ ਕੁਝ ਯਾਦ ਕਰਵਾਉਂਦਾ  ਹਾਂ। "
         ਅਸੀਂ ਉਸ ਅਫ਼ਸਰ ਨਾਲ ਭੰਬਲਭੂਸੇ ਵਿੱਚ ਹੀ ਚਾਹ ਪੀਣ ਲਈ ਸਾਹਮਣੇ ਛੋਟੀ ਜੇਹੀ ਦੁਕਾਨ ਵੱਲ ਚੱਲ ਪਏ।
         "ਹੋਰ ਸੁਣਾਉ ਮਾਮਾ ਜੀ ਘਰੇ ਸਾਰੇ ਠੀਕ ਠਾਕ ਹਨ।"
             "ਹਾਂ ਸਾਰੇ ਬਹੁਤ ਵਧੀਆ ਹਨ ਪਰ ਮੈਂ ਤੁਹਾਨੂੰ  ਅਜੇ ਵੀ ਪਹਿਚਾਣਿਆ ਨਹੀਂ ਹੈ। "
      " ਪਹਿਚਾਣੋਗੇ ਵੀ ਕਿਵੇਂ ਮਾਮਾ ਜੀ? ਮੈਂ ਉਦੋਂ ਮਸਾਂ ਦਸ ਕੁ ਸਾਲ ਦਾ ਸੀ ਜਦੋਂ ਤੁਹਾਡੇ ਕੋਲ ਸੀ।"
         ਉਸ ਦੀਆਂ ਪਾਈਆਂ ਬੁਝਾਰਤਾਂ ਮੈਨੂੰ ਅਜੇ ਵੀ ਸਮਝ ਨਹੀਂ ਆ ਰਹੀਆਂ ਸਨ।ਮੇਰੀ ਹੈਰਾਨੀ ਮੇਰੇ ਚਿਹਰੇ ਤੋ ਸਾਫ਼ ਹੀ ਨਜ਼ਰ ਆ ਰਹੀ ਸੀ।
      " ਮਾਮਾ ਜੀ ਤੁਹਾਡੀ ਗਲੀ ਵਿੱਚ ਰਾਮ ਪ੍ਕਾਸ਼ ਰਿਕਸ਼ਾ ਵਾਲੇ ਦਾ ਪਰਿਵਾਰ ਹੁਣ ਵੀ ਰਹਿੰਦਾ ਹੈ ਨਾ। "
      "ਹਾਂ ਬਿਲਕੁਲ ਰਹਿੰਦਾ ਹੈ ਪਰ ਤੁਸੀਂ ਉਹਨਾਂ ਨੂੰ ਕਿਵੇਂ ਜਾਣਦੇ ਹੋ? "
          "ਰਾਮ ਪ੍ਕਾਸ਼ ਦੀ ਇੱਕ ਕੁੜੀ ਜਿਸਦਾ ਨਾਂ ਬੇਬੀ ਹੈ । ਉਹ ਕਸ਼ਮੀਰ ਵਿਆਹੀ ਹੋਈ ਹੈ।"
        "ਹਾਂ ਬਿਲਕੁਲ ਹੈ ਉਹ ਮੇਰੇ ਤੋਂ ਦਸ ਕੁ ਸਾਲ ਵੱਡੀ ਸੀ। "
   "ਜੇ ਤੁਹਾਨੂੰ ਬੇਬੀ ਯਾਦ ਆ ਗਈ ਹੈ ਤਾਂ ਉਸਦਾ ਵੱਡਾ ਮੁੰਡਾ ਗੁਲੂ ਵੀ ਯਾਦ ਆ ਗਿਆ ਹੋਣਾ ਹੈ। "
    "ਹਾਂ..... ਹਾਂ ਬਿਲਕੁਲ ਯਾਦ ਆ ਗਿਆ। "
                      ਮੈਂ ਲੱਗਭਗ ਵੀਹ ਸਾਲ ਪਿੱਛੇ ਚਲਾ ਗਿਆ ਸੀ। ਰਾਮ ਪ੍ਕਾਸ਼ ਰਿਕਸ਼ੇ ਵਾਲੇ ਨੇ ਆਪਣੀ ਬੇਬੀ ਦਾ ਵਿਆਹ ਜੰਮੂ ਵਿੱਚ ਪ੍ਰੇਮ ਨਾਂ ਦੇ ਇੱਕ ਮੁੰਡੇ ਨਾਲ ਕਰ ਦਿੱਤਾ ਸੀ। ਬਹੁਤ ਵੀ ਚੰਗਾ ਸੀ ਬੇਬੀ ਦਾ ਘਰਵਾਲਾ ਪੇ੍ਮ। ਬਹੁਤ ਪਿਆਰ ਕਰਦਾ ਸੀ ਬੇਬੀ ਨੂੰ।ਵਿਆਹ ਦੇ ਅਗਲੇ ਸਾਲ ਹੀ ਉਹਨਾਂ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ। ਦੋਵੇਂ ਪਤੀ-ਪਤਨੀ ਬਹੁਤ ਖੁਸ਼ ਸਨ। ਉਹ ਜਦੋਂ ਵੀ ਕਦੇ ਪੰਜਾਬ ਆਉਂਦੇ ਸਾਰੀ ਗਲੀ ਦੇ ਹਰ ਇੱਕ ਘਰ ਵਿੱਚ ਮਿਲਣ ਲਈ ਜਾਂਦਾ ਹੁੰਦਾ ਸੀ । ਸੁਭਾਅ ਹੀ ਬਹੁਤ ਮਿਲਾਪੜਾ ਸੀ ਪੇ੍ਮ ਦਾ। ਗਲੀ ਵਾਲੇ ਵੀ ਸਾਰੇ ਪੇ੍ਮ ਦੀ ਇੱਜ਼ਤ ਤੇ ਮਾਨ ਸਨਮਾਨ ਵਿੱਚ ਕੋਈ ਵੀ ਕਮੀ ਨਹੀਂ ਛੱਡਦੇ ਸਨ।
                              ਪਰ ਰੱਬ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਅੱਠ ਸਾਲ ਬਾਅਦ ਹੀ ਪੇ੍ਮ ਦੀ ਮੌਤ ਹੋ ਗਈ। ਪਹਾੜੀ ਰੀਤੀ ਰਿਵਾਜ਼ ਅਨੁਸਾਰ ਬੇਬੀ ਨੂੰ ਉਸਦੇ ਦਿਉਰ ਦੇ ਘਰੇ ਹੀ ਬਿਠਾ ਦਿੱਤਾ। ਚਲੋ ਘਰ ਦੀ ਇੱਜ਼ਤ ਘਰੇ ਹੀ ਰਹਿ ਗਈ। ਪਰ ਪਤਾ ਨਹੀਂ ਉਹਨਾਂ ਦੇ ਦਿਲ ਵਿੱਚ ਕੀ ਆਇਆਂ ਕਿ ਉਹ ਦੋ ਸਾਲ ਬਾਅਦ ਗੁਲੂ ਨੂੰ ਪੰਜਾਬ ਆਪਣੇ ਨਾਨਕੇ ਘਰ ਛੱਡ ਗਏ।ਰਾਮ ਪ੍ਕਾਸ਼ ਦਾ ਪਹਿਲਾਂ ਹੀ ਸੁੱਖ ਨਾਲ ਟੱਬਰ ਬਹੁਤ ਵੱਡਾ ਸੀ। ਰਾਮ ਪ੍ਕਾਸ਼ ਦੇ ਅੱਠ ਬੱਚੇ ਸਨ। ਪਰ ਸਨ ਸਾਰੇ ਹੀ ਨਿਕੰਮੇ। ਬਸ ਵੱਡਾ ਮੁੰਡਾ ਹੀ ਰਾਮ ਪ੍ਕਾਸ਼ ਦੇ ਨਾਲ ਰਿਕਸ਼ਾ ਚਲਾ ਕੇ ਥੋੜ੍ਹੀ ਕਮਾਈ ਕਰਦਾ ਸੀ।
ਗੁਲੂ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰਨ ਲਈ ਲਗਾ ਦਿੱਤਾ ਗਿਆ। ਗੁਲੂ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਸੀ ਪਰ ਉਸਨੂੰ ਪੜ੍ਹਨ ਦਾ ਮੌਕਾ ਘੱਟ ਹੀ ਮਿਲ ਪਾਉਂਦਾ ਸੀ। ਉਸਨੂੰ ਸਵੇਰੇ ਸਾਰਿਆਂ ਤੋਂ ਪਹਿਲਾਂ ਉੱਠਣਾ ਪੈਂਦਾ ਸੀ। ਉਹ ਆਪਣੇ ਨਾਨੇ ਨਾਲ ਮੱਝ ਨੂੰ ਪੱਠੇ ਪਾਉਂਦਾ ਤੇ ਫੇਰ ਆਪਣੇ ਨਿੱਕੇ-ਨਿੱਕੇ ਹੱਥਾਂ ਨਾਲ ਪੱਠਿਆਂ ਉੱਤੇ ਆਟਾ ਧੂੜੀ ਜਾਂਦਾਂ ਜਦੋਂ ਤੱਕ ਉਸਦਾ ਨਾਨਾ ਦੁੱਧ  ਚੋਂ ਨਹੀਂ ਲੈਂਦੇ ਸਨ।
                ਗੁਲੂ ਮੈਨੂੰ ਹਰ ਰੋਜ਼ ਕਾਲਜ ਜਾਂਦੇ ਨੂੰ ਰਸਤੇ ਵਿੱਚ ਪੁਰਾਣੀ ਜੇਹੀ ਬਾਲਟੀ ਹੱਥ ਵਿੱਚ ਫੜੇ ਮਿਲਦਾ।
             "ਨਮਸਤੇ ਮਾਮਾ ਜੀ। "
         "ਨਮਸਤੇ....ਕਿਵੇਂ ਗੁਲੂ ਅੱਜ ਫ਼ੇਰ ਸਕੂਲੋਂ ਛੁੱਟੀ? ਪੁੱਤ ਜੇ ਇੰਝ ਹੀ ਛੁੱਟੀਆਂ ਮਾਰੀ ਗਿਆ ਨਾ ਫ਼ੇਰ ਤਾਂ ਤੂੰ ਬਣ ਗਿਆ ਫੌਜੀ।"
         "ਮਾਮਾ ਜੀ ਕੀ ਕਰਾਂ ਜੀ ਨਾਨਾ ਜੀ ਕਹਿੰਦੇ ਹਨ ਕਿ ਪਹਿਲਾਂ  ਸੜਕ ਤੋਂ ਗੋਹਾ ਇਕੱਠਾ ਕਰਕੇ ਲਿਆ ਤੇ ਪਾਥੀਆਂ ਵੀ ਪੱਥ।" ਇਹ ਗੱਲ ਕਰਦੇ ਕਰਦੇ ਅਕਸਰ ਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਸਨ।
        "ਚੱਲ ਕੋਈ ਨਾ ਇਸ ਵਾਰ ਆਉਣ ਦੇ ਤੇਰੀ ਮਾਂ ਨੂੰ। ਮੈਂ ਕਰਾਂਗਾ ਗੱਲ ਉਸ ਨਾਲ। "
                "ਪੱਕਾ ਮਾਮਾ ਜੀ। "
            "ਹਾਂ ...ਹਾਂ ਬਿਲਕੁਲ ਪੱਕਾ। "ਮੈਂ ਉਸਨੂੰ ਇਹ ਗੱਲ ਆਖ ਕੇ ਹੌਂਸਲਾ ਦੇ ਦਿੰਦਾ ਤੇ ਉਹ ਵੀ ਮੇਰੀ ਇਸ ਗੱਲ ਨਾਲ ਖੁਸ਼ ਹੋ ਜਾਂਦਾ।
                  ਬੇਬੀ ਨੂੰ ਪੰਜਾਬ ਆਏ ਹੋਏ ਪੂਰੇ ਦੋ ਸਾਲ ਹੋ ਗਏ ਸਨ। ਪਤਾ ਲੱਗਿਆ ਕਿ ਉਹ ਮਾਂ ਬਨਣ ਵਾਲੀ ਹੈ। ਮੈਨੂੰ ਗੁਲੂ ਅੱਜ ਫ਼ੇਰ ਸਵੇਰੇ ਕਾਲਜ ਜਾਂਦੇ ਨੂੰ ਮਿਲਿਆ।
     " ਮਾਮਾ ਜੀ ਨਮਸਤੇ। "ਉਸਦੇ ਹੱਥ ਵਿੱਚ ਉਹ ਹੀ ਗੋਹਾ ਇਕੱਠੀ ਕਰਨ ਵਾਲੀ ਬਾਲਟੀ ਸੀ।
       " ਨਮਸਤੇ ਹੋਰ ਗੁਲੂ ਕਿਵੇਂ ਹੈ? "
       " ਬਸ ਮਾਮਾ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਗੋਹਾ ਇਕੱਠਾ ਕਰ ਰਿਹਾ ਹਾਂ ਤੇ ਜਾਕੇ ਪੱਥਦਾ ਹਾਂ ਪਾਥੀਆਂ। "
         " ਗੁਲੂ ਤੈਨੂੰ ਪਤਾ ਹੈ ਉਏ? "
               "ਕੀ ਮਾਮਾ ਜੀ? "
             "ਤੇਰੀ ਮਾਂ ਨੇ ਤਾਂ ਹੁਣ ਇੱਕ ਸਾਲ ਤੱਕ ਪੰਜਾਬ ਨਹੀਂ ਆਉਣਾ। " ਮੈਂ ਉਸਨੂੰ ਦੱਸ ਦਿੱਤਾ।ਪਹਿਲਾਂ ਤਾਂ ਉਹ ਮੇਰੀ ਗੱਲ ਸੁਣ ਕੇ ਉਦਾਸ ਹੋ ਗਿਆ ਪਰ ਅਚਾਨਕ ਨੇ ਉਸਨੇ ਮੈਨੂੰ ਤੁਰੇ ਜਾਂਦੇ ਨੂੰ ਪਿੱਛੋਂ ਆਵਾਜ਼ ਮਾਰ ਕੇ ਰੋਕਿਆ।
             "ਮਾਮਾ ਜੀ ਇੱਕ ਗੱਲ ਪੁੱਛਾਂ। "
                 "ਪੁੱਛ ਕੀ ਗੱਲ ਹੈ? "
    "ਮਾਮਾ ਜੀ ਜੇ ਜੰਮੂ ਜਾਣਾ ਹੋਵੇ ਤਾਂ ਕਿੰਨੇ ਕੁ ਪੈਸੇ ਕਿਰਾਇਆ ਲੱਗ ਜਾਂਦਾ ਹੈ। "
         " ਡੇਢ ਦੋ ਸੋਂ ਰੁਪਏ ਲੱਗ ਜਾਂਦੇ ਹਨ। "
      "ਮਾਮਾ ਜੀ ਕਿੱਥੋ ਬੱਸ ਜਾਂਦੀ ਹੈ ਜੰਮੂ ਨੂੰ? "
      "ਗੁਲੂ ਪਹਿਲਾਂ ਇੱਥੋ ਫਿਰੋਜ਼ਪੁਰ ਜਾਂਦੇ ਹਨ ਤੇ ਉੱਥੋ ਸਿੱਧੀ ਰੇਲ ਗੱਡੀ ਜੰਮੂ ਨੂੰ ਜਾਂਦੀ ਹੈ। "
            "ਇਸਦਾ ਮਤਲਬ ਪਹਿਲਾਂ ਫਿਰੋਜ਼ਪੁਰ ਜਾਣਾ ਪੈਣਾ ਹੈ। "ਉਹ ਹੋਲੀ ਜਿਹੇ ਬੋਲਿਆ।
             "ਕੀ ਕਿਹਾ......? "
                 "ਕੁਝ ਨਹੀਂ ਜੀ ਕੁਝ ਨਹੀਂ ਜੀ।"ਮੈਂ ਆਪਣੇ ਕਾਲਜ ਚਲਾ ਗਿਆ ਤੇ ਉਹ ਚੁੱਪਚਾਪ ਗੋਹਾ ਇਕੱਠਾ ਕਰਨ ਲੱਗ ਪਿਆ।
        ਅਗਲੇ ਦਿਨ ਗੁਲੂ ਮੈਨੂੰ ਸੜਕ ਉੱਤੇ ਨਹੀਂ ਮਿਲਿਆ। ਕਾਲਜ ਤੋਂ ਵਾਪਸ ਆਉਂਦੇ ਨੂੰ ਮੈਨੂੰ ਉਸਦਾ ਮਾਮਾ ਮਿਲ ਗਿਆ। ਮੈਂ ਉਸਨੂੰ ਗੁਲੂ ਦੇ ਬਾਰੇ ਵਿੱਚ ਪੁੱਛ ਲਿਆ।
          "ਦੀਪੇ ਯਾਰ ਅੱਜ ਗੁਲੂ ਦਿਖਾਈ ਨਹੀਂ ਦੇ ਰਿਹਾ। ਉਹ ਮੈਨੂੰ ਸਵੇਰੇ ਕਾਲਜ ਜਾਂਦੇ ਨੂੰ ਵੀ ਨਹੀਂ ਮਿਲਿਆ। "
  "  ਮਿਲਣਾ ਕਿੱਥੋ ਸੀ ਉਸ ਚੋਰ ਨੇ ਉਹ ਤਾਂ ਅੱਜ ਸਵੇਰੇ-ਸਵੇਰੇ ਮੇਰੀ ਜੇਬ ਵਿੱਚੋਂ ਚੋਰੀ ਪੈਸੇ ਕੱਢ ਕੇ ਘਰੋਂ ਭੱਜ ਗਿਆ। "
            "ਚੋਰੀ ਕਰਕੇ........! " ਦੀਪੇ ਦੀ ਚੋਰੀ ਵਾਲੀ ਗੱਲ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ।
"ਕਿੱਥੇ ਭੱਜ ਗਿਆ ? ਤੁਸੀਂ ਪਤਾ ਨਹੀਂ ਕੀਤਾ। "
  "ਪਤਾ ਕੀ ਕਰਨਾ ਹੈ ਆਪੇ ਧੱਕੇ ਖਾਹ ਕੇ ਵਾਪਸ ਆ ਜਾਵੇਗਾ ਜਦੋਂ ਪੈਸੇ ਮੁੱਕ ਗਏ। "
          "ਕਿੰਨੇ ਕੁ ਪੈਸੇ ਲੈ ਗਿਆ? "
                   "ਪੰਜ ਘਰਾਂ ਤੋਂ ਸਕੂਲ ਵਾਲੀ ਬੱਗੀ ਦਾ ਕਿਰਾਇਆ ਇਕੱਠਾ ਕੀਤਾ ਸੀ, ਪੂਰੇ ਤਿੰਨ ਸੋਂ ਰੁਪਏ ਸਨ। ਇਹ ਤਾਂ ਸ਼ੁਕਰ ਹੈ ਕਿ ਬਾਕੀਆਂ ਨੇ ਅੱਜ ਦੇਣੇ ਹਨ ਨਹੀਂ ਤਾਂ ਸਾਰੇ ਹੀ ਲੈ ਜਾਣੇ ਸੀ ਉਸ ਚੋਰ ਨੇ। ਇੱਕ ਵਾਰ ਵਾਪਸ ਆ ਜਾਵੇ ਫ਼ੇਰ ਦੇਖੀ ਕਰਦਾ ਇਸਦੀ ਸੇਵਾ। "
           "ਛੱਡ ਯਾਰ ਦੀਪੇ ਬੱਚਾ ਹੈ। "
"ਅੱਛਾ ਜੇ ਬੱਚਾ ਹੈ ਤਾਂ ਉਸਨੂੰ ਚੋਰ ਬਣਾ ਦੇਈਏ।"  ਉਸਨੇ ਮੈਨੂੰ ਅੱਗੋਂ ਜਵਾਬ ਦਿੱਤਾ।
     ਪਰ ਮੈਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਉਹ ਜਰੂਰ ਜੰਮੂ ਆਪਣੀ ਮਾਂ ਕੋਲ ਗਿਆ ਹੋਣਾ ਹੈ।ਥੋੜ੍ਹੇ ਦਿਨਾਂ ਬਾਅਦ ਗੁਲੂ ਦੇ ਨਾਨੇ ਨੇ ਮੈਨੂੰ ਸ਼ਾਮ ਨੂੰ ਗਲੀ ਵਿੱਚ ਤੁਰੇ ਜਾਂਦੇ ਨੂੰ ਆਵਾਜ਼ ਮਾਰੀ।
        " ਗੱਲ ਸੁਣ ਕੇ ਜਾਈ ਕਾਕਾ। "
      "ਹਾਂ ਜੀ ਤਾਇਆਂ ਜੀ ਬੋਲੋ। "ਮੈਂ ਉੱਥੇ ਹੀ ਖੜ੍ਹ ਗਿਆ।
         " ਆਹ ਚਿੱਠੀ ਤਾਂ ਪੜ੍ਹ ਕੇ ਸੁਣਾ। "ਉਹਨਾਂ ਨੇ ਇੱਕ ਚਿੱਠੀ ਜੇਬ ਵਿੱਚੋ ਕੱਢ ਕੇ ਮੈਨੂੰ ਪੜਨ ਲਈ ਫੜਾਂ ਦਿੱਤੀ। ਉਹ ਚਿੱਠੀ ਜੰਮੂ ਕਸ਼ਮੀਰ ਤੋਂ ਉਹਨਾਂ ਦੀ ਬੇਟੀ ਬੇਬੀ ਦੀ ਹੀ ਲਿਖੀ ਹੋਈ ਸੀ ਜਿਸ ਵਿੱਚ ਗੁਲੂ ਦੇ ਕਸ਼ਮੀਰ ਘਰੇ ਪਹੁੁੰਚਣ ਦੇ ਬਾਰੇ ਵਿੱਚ ਲਿਖਿਆ ਹੋਇਆਂ ਸੀ।
                   " ਇਸਦਾ ਮਤਲਬ ਗੁਲੂ ਕੰਜ਼ਰ ਆਪਣੀ ਮਾਂ ਕੋਲ ਭੱਜ ਗਿਆ। ਚੱਲ ਯਾਰ ਉਂਝ ਤਾਂ ਮੇਰਾ ਵੀ ਫ਼ਿਕਰ ਉਤਰਿਆ।"ਮੈਂ ਆਪਣੇ ਘਰੇ ਆ ਗਿਆ।
          ਇਹ ਸਾਰਾ ਸੀਨ ਇੱਕ ਫਿਲਮ ਦੇ ਵਾਂਗ ਹੀ ਮੇਰੀਆਂ ਅੱਖਾਂ ਦੇ ਅੱਗੋ ਦੀ ਨਿਕਲ ਗਿਆ।
         "ਉਏ ਤੂੰ ਸੱਚੀ ਗੁਲੂ ਹੈ.......! "
    " ਹਾਂ ਜੀ ਮਾਮਾ ਜੀ ਉਹੀ ਗੋਹੇ ਵਾਲੀ ਬਾਲਟੀ ਵਾਲਾ ਗੁਲੂ ਹੀ ਹਾਂ। "
               "ਵਾਹ ਯਾਰ ਸੱਚਮੁੱਚ ਤੂੰ ਤਾਂ ਬਹੁਤ ਹੀ ਜਿੱਦੀ ਮੁੰਡਾ ਨਿਕਲਿਆ। ਸ਼ਾਬਾਸ਼ ਪੁੱਤਰ ਸ਼ਾਬਾਸ਼ ਆਖਿਰ ਤੂੰ ਆਪਣੀ ਜਿੱਦ ਪਕਾ ਹੀ ਲਈ ਤੇ ਬਣ ਹੀ ਗਿਆ ਅਫ਼ਸਰ। " ਮੈਂ ਗੁਲੂ ਨੂੰ ਆਪਣੇ ਸੀਨੇ ਨਾਲ ਲਗਾ ਲਿਆ।
          "ਮਾਮਾ ਜੀ ਤੁਸੀਂ ਘਰ ਚੱਲੋਂ।"ਮੈਂ ਵਾਪਸੀ ਉੱਤੇ ਉਸਦੇ ਨਾਲ ਘਰ ਜਾਣ ਦਾ ਵਾਅਦਾ ਕਰਕੇ ਅਸੀਂ ਅੱਗੇ ਚੱਲ ਪਏ।
          " ਯਾਰ ਅੱਜ ਤਾਂ ਪੱਕੀ ਮੋਹਰ ਲੱਗ ਗਈ ਕਿ ਪੂਰੇ ਦੇਸ ਵਿੱਚ ਕਿੱਥੇ ਮਰਜ਼ੀ ਚਲੇ ਜਾਵੋਂ ਤੈਨੂੰ ਜਰੂਰ ਕੋਈ ਨਾ ਕੋਈ ਜਾਣ ਪਹਿਚਾਣ ਦਾ ਮਿਲ ਹੀ ਜਾਣਾ ਹੈ।"ਆਖ ਸਾਰੇ ਜਾਣੇ ਹੱਸਣ ਲੱਗ ਪਏ।
                   ਸੰਦੀਪ ਦਿਉੜਾ
                  8437556667