ਇਨਕਲਾਬੀ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਦਿਵਸ ਸਮਾਗਮ ਕਰਵਾਇਆ ਗਿਆ

ਲੁਧਿਆਣਾ, 17 ਮਾਰਚ (ਟੀ. ਕੇ.)  ਅਮਰ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਵਿੱਚ ਮਜਦੂਰ-ਨੌਜਵਾਨ ਜੱਥੇਬੰਦੀਆਂ ਵੱਲੋਂ  ਸ਼ਾਮ ਮਜਦੂਰ ਲਾਇਬ੍ਰੇਰੀ, ਈ.ਡਬਲਿਯੂ.ਐਸ. ਕਾਲੋਨੀ , ਲੁਧਿਆਣਾ ਵਿਖੇ ਸ਼ਹੀਦੀ ਦਿਵਸ ਸਮਾਗਮ ਕੀਤਾ ਗਿਆ। ਇਸ ਮੌਕੇ ਜਥੇਬੰਦੀਆਂ ਦੇ ਬੁਲਾਰਿਆਂ ਨੇ ਇਨਕਲਾਬੀਆਂ ਦੇ ਵਿਚਾਰਾਂ, ਮੌਜੂਦਾ ਹਾਲਤਾਂ ਅਤੇ ਅੱਜ ਦੇ ਸਮੇਂ ਵਿੱਚ ਇਨਕਲਾਬੀ ਵਿਚਾਰਾਂ ਦੀ ਪ੍ਰਸੰਗਿਕਤਾ ਬਾਰੇ ਗੱਲ ਕੀਤੀ। ਨੌਜਵਾਨ ਭਾਰਤ ਸਭਾ ਦੇ ਸਾਥੀਆਂ ਵੱਲੋਂ ‘ਟੋਆ’ ਨਾਟਕ ਅਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਸਮਾਗਮ ਨੂੰ ਕਾਰਖਾਨਾ ਮਜਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ, ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਜਗਦੀਸ਼ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਸੰਜੂ ਨੇ ਸੰਬੋਧਿਤ ਕੀਤਾ। ਮੰਚ ਸੰਚਾਲਨ ਕਲਪਨਾ ਨੇ ਕੀਤਾ। ਇਸ ਮੌਕੇ ਮਨਪ੍ਰੀਤ ਅਚਾਨਕ ਅਤੇ ਰਮੇਸ਼  ਨੇ ਵੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਸਮਾਗਮ ਤੋਂ ਬਾਅਦ ਇਲਾਕੇ ਵਿੱਚ ਪੈਦਲ ਮਾਰਚ ਕੀਤਾ ਗਿਆ। ਇਸ ਮੌਕੇ ਇਨਕਲਾਬੀ-ਅਗਾਂਹਵਧੂ ਸਾਹਿਤ ਦੀ ਪ੍ਰਦਰਸ਼ਨੀ ਵੀ ਲਾਈ ਗਈ।
ਬੁਲਾਰਿਆਂ ਨੇ ਕਿਹਾ ਕਿ ਸਾਡੇ ਸ਼ਹੀਦਾਂ ਨੇ ਅੰਗਰੇਜਾਂ ਤੋਂ ਆਜ਼ਾਦੀ ਦੇ ਨਾਲ-ਨਾਲ ਲੋਕਾਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਲਈ ਕੁਰਬਾਨੀਆਂ ਕੀਤੀਆਂ ਸਨ। ਉਨ੍ਹਾਂ ਧਰਮਾਂ-ਜਾਤਾਂ ਦੀਆਂ ਵੰਡੀਆਂ ਖਿਲਾਫ ਆਵਾਜ ਉਠਾਈ ਸੀ। ਪਰ ਸਾਨੂੰ ਅਧੂਰੀ ਅਜ਼ਾਦੀ ਮਿਲੀ। ਲੋਟੂ ਚਿਹਰੇ ਬਦਲ ਗਏ ਪਰ ਲੋਟੂ ਨਿਜ਼ਾਮ ਨਹੀਂ ਬਦਲਿਆ। ਅੱਜ ਵੀ ਦੇਸ਼ ਦੇ ਮਜਦੂਰ-ਕਿਰਤੀ ਸਰਮਾਏਦਾਰਾਂ ਦੀ ਗੁਲਾਮੀ ਹੰਢਾ ਰਹੇ ਹਨ ਰਹੇ ਹਨ। ਅੱਜ ਵੀ ਧਰਮਾਂ-ਜਾਤਾਂ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਲੜਾਇਆ ਜਾ ਰਿਹਾ ਹੈ। ਇਸ ਲੋਟੂ ਢਾਂਚੇ ਵਿੱਚ ਮਿਹਨਤ ਕਰਨ ਵਾਲੇ ਇਨਸਾਨ ਦੀ ਕੋਈ ਵੁੱਕਤ ਨਹੀਂ ਹੈ। ਮੁੱਠੀ ਭਰ ਅਮੀਰਾਂ ਨੇ ਅੰਗਰੇਜ਼ਾਂ ਦੀ ਤਰ੍ਹਾਂ ਹੀ ਦੇਸ਼ ਦੀ ਕੁੱਲ ਦੌਲਤ ਤੇ ਕਬਜ਼ਾ ਕੀਤਾ ਹੋਇਆ ਹੈ। ਅੱਜ ਆਮ ਲੋਕ ਗਰੀਬੀ, ਬੇਰੁਜਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਨਸ਼ਿਆਂ ਜਿਹੀਆਂ ਅਲਾਮਤਾਂ ਨਾਲ਼ ਜੂਝ ਰਹੇ ਹਨ। ਸਰਕਾਰਾਂ ਲਗਾਤਾਰ ਨਿੱਜੀਕਰਨ ਕਰਦੇ ਹੋਏ ਸਾਰਾ ਦੇਸ਼ ਸਰਮਾਏਦਾਰਾਂ ਦੇ ਹਵਾਲੇ ਕਰ ਰਹੀਆਂ ਹਨ ਅਤੇ ਲੋਕਾਂ ਤੋਂ ਬੁਨਿਆਦੀ ਸਹੂਲਤਾਂ ਖੋਹ ਰਹੀਆਂ ਹਨ। ਕੇਂਦਰ ਦੀ ਫਾਸ਼ੀਵਾਦੀ ਭਾਜਪਾ ਹਕੂਮਤ ਵੱਲੋਂ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਹਟਾਉਣ ਲਈ ਮੰਦਰਾਂ-ਮਸਜਿਦਾਂ ਦੇ ਝਗੜੇ ਖੜ੍ਹੇ ਕਰਕੇ, ਫ਼ਿਰਕੂ ਪਾਟਕ ਪਾ ਕੇ ਲੋਕਾਂ ਨੂੰ ਦੂਜੇ ਧਰਮਾਂ ਦੇ ਲੋਕਾਂ ਖਿਲਾਫ ਭੜਕਾਉਣ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਇਹਨਾਂ ਤੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਦੇਸ਼ ਅੰਦਰ ਗਰੀਬਾਂ, ਘੱਟ ਗਿਣਤੀਆਂ ਖਾਸਕਰ ਮੁਸਲਮਾਨਾਂ ਤੋਂ ਨਾਗਰਿਕਤਾ ਖੋਹਣ ਲਈ ਨਾਗਰਿਕਤਾ ਸੋਧ ਕਨੂੰਨ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਬੁਲਾਰਿਆਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕਹਿਣ ਨੂੰ ਆਮ ਆਦਮੀ ਪਾਰਟੀ ਹੈ ਪਰ ਸੇਵਾ ਸਰਮਾਏਦਾਰਾਂ ਦੀ ਹੀ ਕਰਦੀ ਹੈ। ਮਜ਼ਦੂਰਾਂ ਦੇ ਕਿਰਤ ਹੱਕ ਲਾਗੂ ਕਰਵਾਉਣ, ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਰੱਦ ਕਰਵਾਉਣ, ਮਜ਼ਦੂਰਾਂ ਦੀਆਂ ਉਜਰਤਾਂ ਵਧਾਉਣ, ਠੇਕਾ ਪ੍ਰਬੰਧ ਬੰਦ ਕਰਵਾਉਣ ਜਿਹੇ ਮਸਲਿਆਂ ‘ਤੇ ਚੁੱਪ ਹੈ। ਮੁੱਖ ਮੰਤਰੀ ਭਗਵੰਤ ਮਾਨ ਆਏ ਦਿਨੀਂ ਸਰਮਾਏਦਾਰਾਂ ਨਾਲ਼ ਮੀਟਿੰਗਾਂ ਕਰਕੇ ਉਹਨਾਂ ਨੂੰ ਕਿਰਤੀ ਅਬਾਦੀ ਦੀ ਲੁੱਟ ਕਰਨ ਦੀ ਹੋਰ ਖੁੱਲ ਦੇ ਰਿਹਾ ਹੈ। ਇਸ ਵੇਲੇ ਲੋਕਾਂ ਨੂੰ ਆਪਣੇ ਮਸਲੇ ਹੱਲ ਕਰਵਾਉਣ ਲਈ ਇੱਕਮੁੱਠ ਤਾਕਤ ’ਤੇ ਹੀ ਭਰੋਸਾ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਇਨਕਲਾਬੀਆਂ ਦਾ ਬੁਲੰਦ ਕੀਤਾ ‘ਇਨਕਲਾਬ ਜਿੰਦਾਬਾਦ’ ਦਾ ਨਾਅਰਾ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ। ਇਨਕਲਾਬੀਆਂ ਦੇ ਵਿਚਾਰਾਂ ਨੂੰ ਜਾਨਣਾ ਤੇ ਅੱਜ ਦੀਆਂ ਹਾਲਤਾਂ ਨੂੰ ਸਮਝਦੇ ਹੋਏ ਸਮਾਜ ਨੂੰ ਬਦਲਣ ਲਈ ਆਪਣੀ ਭੂਮਿਕਾ ਨਿਭਾਉਣਾ ਇਨਕਲਾਬੀਆਂ ਨੂੰ ਸੱਚੀ ਸ਼ਰਧਾਂਜਲੀ ਹੈ।