ਜੀਰੋ ਜਾਂ ਹੀਰੋ ✍️ ਸੰਦੀਪ ਦਿਉੜਾ

                                                   ਜੀਰੋ ਜਾਂ ਹੀਰੋ 
                ਸੇਠ ਰੌਣਕੀ ਰਾਮ ਨੂੰ ਦੁਕਾਨ ਉੱਤੇ ਉਦਾਸ ਬੈਠੇ ਦੇਖ ਲੱਲੂ ਨੇ ਹੌਸਲਾ ਕਰ ਸੇਠ ਜੀ ਨੂੰ ਪੁੱਛ ਲਿਆ।
           "ਮੁਆਫ਼ ਕਰਨਾ ਸੇਠ ਜੀ ਮੈਂ ਅੱਜ ਸਵੇਰ ਤੋਂ ਦੇਖ ਰਿਹਾ ਹਾਂ ਕਿ ਤੁਸੀਂ ਉਦਾਸ ਹੋ ਕੀ ਗੱਲ ਹੈ? ਘਰ ਸਭ ਠੀਕ ਠਾਕ ਤਾਂ ਹੈ। "
            "ਉਦਾਸ ਨਹੀਂ ਯਾਰ ਲੱਲੂ ਕੋਈ ਗੱਲ ਨਹੀਂ ਤੈਨੂੰ ਉਝ ਹੀ ਲੱਗ ਰਿਹਾ ਹੈ। "
          "ਉਝ ਤਾਂ ਨਹੀਂ ਕੋਈ ਗੱਲ ਹੈ ਤਾਂ ਜਰੂਰ। ਜੇ ਤੁਸੀਂ ਸਾਂਝੀ ਨਹੀਂ ਕਰਨੀ ਚਾਹੁੰਦੇ ਤਾਂ ਕੋਈ ਗੱਲ ਨਹੀਂ। ਆਖਿਰ ਮੈਂ ਹੈ ਤਾਂ ਤੁਹਾਡਾ ਨੋਕਰ ਹੀ। "
        "ਤੂੰ ਮੈਨੂੰ ਦੱਸ ਮੈਂ ਅੱਜ ਤੱਕ ਤੇਰੇ ਨਾਲ ਕਦੇ ਨੋਕਰ ਮਾਲਕ ਵਾਲੀ ਗੱਲ ਕੀਤੀ ਹੈ। "
          " ਜੇ ਨਹੀਂ ਕੀਤੀ ਤਾਂ ਹੀ ਤੁਹਾਨੂੰ ਉਦਾਸ ਦੇਖ ਕੇ ਮੇਰੇ ਮਨ ਵਿੱਚ ਚੀਸ ਉੱਠਦੀ ਹੈ। ਜੇ ਕੋਈ ਪਰੇਸ਼ਾਨੀ ਹੈ ਤਾਂ ਦੱਸੋ ਜਰੂਰ ਕੋਈ ਨਾ ਕੋਈ ਹੱਲ ਨਿਕਲ ਆਵੇਗਾ। "
                   "ਯਾਰ ਪਰੇਸ਼ਾਨੀ ਹੈ ਵੀ ਤੇ ਨਹੀਂ ਵੀ। ਰੱਬ ਦਾ ਦਿੱਤਾ ਸਾਰਾ ਕੁਝ ਹੈ ਪੂਰਾ ਵਧੀਆ ਕਾਰੋਬਾਰ ਹੈ। "
           " ਉਹ ਤਾਂ ਹੈ ਹੀ ਪਰ ਤੁਸੀਂ ਉਦਾਸ ਕਿਉਂ ਹੋ? "
          "ਮੈਂ ਉਦਾਸ ਤੇਰੇ ਦੋਹਾਂ ਭਤੀਜਿਆਂ ਕਰਕੇ ਹਾਂ। "
        "ਕੀ ਕਰਤਾ ਉਹਨਾਂ ਨੇ? "
            "ਕੁਝ ਕਰਦੇ ਹੀ ਤਾਂ ਨਹੀਂ ਦੋਵੇਂ ਆਪਸ ਵਿੱਚ ਲੜਾਈ ਤੋਂ ਬਿਨਾਂ ਜਦੋਂ ਦੇਖ ਲਵੋ ਆਪਸ ਵਿੱਚ ਲੜਦੇ ਹੀ ਰਹਿੰਦੇ ਹਨ। ਦੋਵੇਂ ਹੀ ਆਪਣੇ ਆਪ ਨੂੰ ਬਹੁਤ ਅਕਲਮੰਦ ਸਮਝਦੇ ਹਨ ਤੇ ਇੱਕ ਦੂਜੇ ਦੀ ਕੋਈ ਵੀ ਗੱਲ ਸੁਨਣ ਨੂੰ ਤਿਆਰ ਨਹੀਂ ਹਨ। ਮੈਨੂੰ ਫਿਕਰ ਹੁੰਦਾ  ਹੈ ਕੱਲ੍ਹ ਮੇਰੇ ਤੋਂ ਬਾਅਦ ਤਾਂ ਇਹਨਾਂ ਨੇ ਦੋ ਦਿਨ ਵੀ ਇਕੱਠੇ ਨਹੀਂ ਰਹਿਣਾ ਤੇ ਵੰਡ ਲੈਣਾ ਹੈ  ਕਾਰੋਬਾਰ ਤੇ ਘਰ ।
           "ਬਸ ਆਹ ਹੈ ਉਦਾਸੀ ਦਾ ਕਾਰਨ। "
             "  ਹਾਂ ਲੱਲੂ ਇਹ ਹੀ ਕਾਰਨ ਹੈ। ਸਾਰੇ ਕਹਿੰਦੇ ਹਨ ਕਿ ਤੇਰੇ ਕੋਲ ਹਰ ਮੁਸ਼ਕਿਲ ਦਾ ਹੱਲ ਹੈ ਜੇ ਇਸ ਦਾ ਹੈ ਤਾਂ ਦੱਸ। "
             "ਸੇਠ ਜੀ ਪੂਰਾ ਹੱਲ ਹੈ, ਤੁਸੀਂ ਆਪਣਾ ਕੰਨ ਇੱਧਰ ਕਰੋ। "
                               ਲੱਲੂ ਸੇਠ ਰੌਣਕੀ ਰਾਮ ਨੂੰ ਇੱਕ ਸਕੀਮ ਦੱਸਦਾ ਹੈ। ਸ਼ਾਮ ਵੇਲੇ ਦੋਨੋ ਮੁੰਡੇ ਹੀ ਦੁਕਾਨ ਉੱਤੇ ਆਉਦੇਂ ਹਨ। ਉਹ ਦੋਵੇਂ ਹੀ  ਇੱਕ -ਇੱਕ ਹਜ਼ਾਰ ਰੁਪਏ ਦੀ ਮੰਗ ਕਰਦੇ ਹਨ। ਸੇਠ ਜੀ ਬਿਨਾਂ ਕੋਈ ਪ੍ਸ਼ਨ ਕੀਤੇ ਇੱਕ ਦੋ ਹਜ਼ਾਰ ਦਾ ਨੋਟ ਆਪਣੀ ਜੇਬ ਵਿੱਚੋਂ ਬਾਹਰ ਕੱਢਦੇ ਹਨ ਤੇ ਦੋਹਾਂ ਨੂੰ ਪਾੜ ਕੇ ਫੜਾਂ ਦਿੰਦੇ ਹਨ।
             "ਆਹ ਲਵੋ ਪੁੱਤਰ। "
              "ਪਿਤਾ ਜੀ ਤੁਸੀਂ ਆਹ ਕੀ ਕਰ ਦਿੱਤਾ ਹੈ। ਚੰਗਾ ਭਲਾ ਨੋਟ ਪਾੜ੍ਹ ਦਿੱਤਾ ਹੈ",ਦੋਵੇਂ ਇਕੱਠੇ ਹੀ ਬੋਲਦੇ ਹਨ।
                  "ਪੁੱਤਰ ਦੋ ਹਜ਼ਾਰ ਦਾ ਅੱਧਾ ਕਿੰਨਾ ਹੁੰਦਾ ਹੈ। "
       "ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਇੱਕ ਹਜ਼ਾਰ। "
           " ਬਸ ਮੈਂ ਤੁਹਾਨੂੰ ਦੋਹਾਂ ਨੂੰ ਅੱਧਾ- ਅੱਧਾ ਯਾਨੀ ਇੱਕ -ਇੱਕ ਹਜ਼ਾਰ ਦੇ ਦਿੱਤਾ ਹੈ। "
         "ਪਰ ਪਿਤਾ ਜੀ ਇਹ ਤਾਂ ਤੁਸੀਂ ਜੀਰੋ ਕਰ ਦਿੱਤਾ ਹੈ। "
           "ਕਿਵੇਂ ਜੀਰੋ ਕਰ ਦਿੱਤਾ? "
                              "ਮੈਂਨੂੰ ਦੱਸੋਂ ਜੇ ਆਪਣੀ ਦੁਕਾਨ ਉੱਤੇ ਦੋ ਟੋਟਿਆਂ ਵਿੱਚ ਨੋਟ ਲੈ ਕੇ ਆਵੇਂ ਤਾਂ ਤੁਸੀਂ ਲੈ ਲਵੋਂਗੇਲਵੋਂਗੇ"ਇੱਕ ਮੁੰਡਾ ਬੋਲਦਾ ਹੈ।
              "ਬਿਲਕੁਲ ਇੰਝ ਹੀ ਇਹ ਨੋਟ ਸਾਥੋਂ ਹੁਣ ਕੋਣ ਲਵੇਗਾ? ਹੋ ਗਿਆ ਨਾ ਜੀਰੋ", ਨਾਲ ਹੀ ਦੂਜਾ ਮੁੰਡਾ ਬੋਲਦਾ ਹੈ।
           "ਜੇ ਮੈਂ ਤੁਹਾਡੀ ਗੱਲ ਮੰਨ ਵੀ ਲੈਂਦਾ ਹਾਂ ਤਾਂ ਫ਼ਿਰ ਮੈਨੂੰ ਦੱਸੋਂਗੇ ਕਿ ਇਹ ਹੀਰੋ ਕਿਵੇਂ ਬਣ ਸਕਦਾ ਹੈ? "
         "ਜਦੋਂ ਇਹ ਜੁੜ ਗਿਆ ਬਸ ਹੋਰ ਕਿਵੇਂ", ਦੋਵੇਂ ਹੀ ਇਕੱਠੇ ਬੋਲਦੇ ਹਨ।
             "ਫ਼ੇਰ ਪੁੱਤਰ ਤੁਸੀਂ ਦੋਵਾਂ ਨੇ ਕਦੋਂ ਜੀਰੋ ਤੋਂ ਹੀਰੋ ਬਨਣਾ ਹੈ? ਸੇਠ ਜੀ ਦੀਆਂ ਅੱਖਾਂ ਵਿੱਚ ਅੱਥਰੂ ਸਨ।
                                      "ਪਿਤਾ ਜੀ ਸਾਨੂੰ ਜੀਰੋ ਤੋਂ ਹੀਰੋ ਬਨਣ ਦਾ ਢੰਗ ਸਮਝ ਆ ਗਿਆ ਹੈ, ਬਸ ਤੁਸੀਂ ਸਾਨੂੰ ਮੁਆਫ਼ ਕਰ ਦਿਉ। ਅਸੀਂ ਅੱਜ ਤੋਂ ਬਾਅਦ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ", ਦੋਵੇਂ ਮੁੰਡੇ ਸੇਠ ਜੀ ਦੇ ਗਲੇ ਲੱਗ ਕੇ ਮੁਆਫ਼ੀ ਮੰਗਣ ਲੱਗ ਜਾਂਦੇ ਹਨ। ਲੱਲੂ ਦੀ ਸੇਠ ਜੀ ਨੂੰ ਦੱਸੀ ਸਕੀਮ ਕੰਮ ਕਰ ਗਈ ਸੀ।
        
           ਸਿੱਖਿਆ:-ਜਿੰਦਗੀ ਵਿੱਚ ਕਾਮਯਾਬੀ ਇਕੱਠੇ ਹੋ ਕੇ ਕੋਸ਼ਿਸ਼ ਕਰਨ ਨਾਲ ਮਿਲਦੀ ਹੈ। ਸਿਆਣਿਆਂ ਨੇ ਸੱਚ ਹੀ ਕਿਹਾ ਹੈ ਇੱਕ ਇਕੱਲਾ ਤੇ ਦੋ ਗਿਆਰਾਂ ਹੁੰਦੇ ਹਨ।
                 ਸੰਦੀਪ ਦਿਉੜਾ
                8437556667