You are here

ਲੁਧਿਆਣਾ

ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਕਰੇ ਲਾਂਘੇ ਦੀ ਫ਼ੀਸ ਦਾ ਭੁਗਤਾਨ- ਦਲ ਖ਼ਾਲਸਾ

ਜਗਰਾਓਂ/ਪੰਜਾਬ-ਅਕਤੂਬਰ 2019-(ਜਨ ਸ਼ਕਤੀ ਨਿਊਜ)-
ਦਲ ਖ਼ਾਲਸਾ ਨੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਪਾਕਿਸਤਾਨ ਵੱਲੋਂ ਲਾਈ ਗਈ 20 ਡਾਲਰ ਦੀ ਫ਼ੀਸ ਦਾ ਭੁਗਤਾਨ ਕਰਨ ਲਈ ਅੱਗੇ ਆਉਣ ਤਾਂ ਜੋ ਫ਼ੀਸ ਤਾਰਨ ਤੋਂ ਅਸਮਰੱਥ ਸ਼ਰਧਾਲੂ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਜਥੇਬੰਦੀ ਨੇ ਪਾਕਿਸਤਾਨ ਸਰਕਾਰ ਨੂੰ ਵੀ ਫ਼ੀਸ ਘਟਾਉਣ ਦੀ ਅਪੀਲ ਕੀਤੀ ਤਾਂ ਕਿ ਆਰਥਿਕ ਪੱਖੋਂ ਕਮਜ਼ੋਰ ਸ਼ਰਧਾਲੂਆਂ ਲਈ ਵੀ ਯਾਤਰਾ ’ਤੇ ਜਾਣਾ ਸੌਖਾ ਹੋ ਸਕੇ। ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਫ਼ੀਸ ਸਬੰਧੀ ਚੱਲ ਰਿਹਾ ਅੜਿੱਕਾ ਅਫ਼ਸੋਸਨਾਕ ਹੈ। ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਸੰਨਿਆਸ ਵਿਚੋਂ ਬਾਹਰ ਨਿਕਲਣ ਦਾ ਸੁਝਾਅ ਦਿੱਤਾ।

ਸਿੱਧਵਾਂ ਬੇਟ ਦੀ ਨੂੰਹ ਤੇ ਪਿੰਡ ਸਫ਼ੀਪੁਰਾ ਦੀ ਧੀ ਸੋਨੀਆ ਸਿੱਧੂ ਮੁੜ ਬਣੀ ਕੈਨੇਡਾ ਦੀ ਸੰਸਦ ਮੈਂਬਰ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )- ਕੈਨੇਡਾ 'ਚ ਹੋਈਆਂ ਸੰਸਦੀ ਚੋਣਾਂ ਦੌਰਾਨ ਸਥਾਨਕ ਕਸਬੇ ਸਿੱਧਵਾਂ ਬੇਟ ਦੇ ਮਰਹੂਮ ਮਾਸਟਰ ਮੁਖਤਿਆਰ ਸਿੰਘ ਸਿੱਧੂ ਦੀ ਨੂੰਹ ਤੇ ਲਾਗਲੇ ਪਿੰਡ ਸਫੀਪੁਰਾ ਦੇ ਪ੍ਰਵਾਸੀ ਭਾਰਤੀ ਸਤਨਾਮ ਸਿੰਘ ਰੰਧਾਵਾ ਤੇ ਪਿ੍ਤਪਾਲ ਕੌਰ ਰੰਧਾਵਾ ਦੀ ਪੁੱਤਰੀ ਬੀਬੀ ਸੋਨੀਆ ਸਿੱਧੂ ਪਤਨੀ ਗੁਰਜੀਤ ਸਿੰਘ ਸਿੱਧੂ ਇਕ ਵਾਰ ਫਿਰ ਲਿਬਰਲ ਪਾਰਟੀ ਦੀ ਟਿਕਟ 'ਤੇ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਚੁਣੀ ਗਈ ਹੈ । ਸੋਨੀਆ ਸਿੱਧੂ ਦੀ ਸ਼ਾਨਦਾਰ ਜਿੱਤ 'ਤੇ ਸਾਬਕਾ ਮੈਂਬਰ ਪਾਰਲੀਮਿੰਟ ਸ ਅਮਰੀਕ ਸਿੰਘ ਆਲੀਵਾਲ, ਸਾਬਕਾ ਐਮ ਐਲ ਏ ਸ ਗੁਰਦੀਪ ਸਿੰਘ ਭੈਣੀ, ਸਾਬਕਾ ਐਮ ਐਲ ਏ ਸ਼੍ਰੀ ਐਸ ਆਰ ਕਲੇਰ , ਜਨ ਸਕਤੀ ਨਿਊਜ਼ ਦੇ ਐਡੀਟਰ ਸ ਅਮਨਜੀਤ ਸਿੰਘ ਖਹਿਰਾ, ਸਾਬਕਾ ਚੇਅਰਮੈਨ ਸ ਸਵਰਨ ਸਿੰਘ ਤਿਹਾੜਾ,ਸਾਬਕਾ ਚੇਅਰਮੈਨ ਰਸ਼ਪਾਲ ਸਿੰਘ ਤਲਵਾੜਾ, ਸ ਇੰਦਰਜੀਤ ਸਿੰਘ ਖਹਿਰਾ ਲੋਧੀਵਾਲਾ ਯੂਥ ਆਗੂ, ਗੁਰਜੀਤ ਸਿੰਘ ਸਿੱਧੂ ਦੇ ਵੱਡੇ ਭਰਾ ਤਰਨਤੇਜ ਸਿੰਘ ਸਿੱਧੂ, ਸਾਬਕਾ ਸਰਪੰਚ ਦਿਲਬਾਗ ਸਿੰਘ ਸਿੱਧੂ, ਸਿਕੰਦਰ ਸਿੰਘ ਸਿੱਧੂ, ਸੁਖਦੇਵ ਸਿੰਘ ਸਿੱਧੂ(ਅਮਰੀਕਾ), ਪਰਮਿੰਦਰ ਸਿੰਘ ਸਿੱਧੂ, ਭਰਾ ਹਰਵਿੰਦਰ ਸਿੰਘ ਸਿੱਧੂ, ਸਰਪੰਚ ਪਰਮਜੀਤ ਸਿੰਘ ਪੱਪੀ ਸਿੱਧਵਾਂ ਬੇਟ, ਸਰਪੰਚ ਜਤਿੰਦਰਪਾਲ ਸਿੰਘ ਸਿੱਧੂ, ਨੰਬਰਦਾਰ ਬਲਜੀਤ ਸਿੰਘ ਸਿੱਧੂ, ਸੁਖਦੀਪ ਸਿੰਘ ਰੰਧਾਵਾ,ਸ ਸੁਰਿਦਰ ਸਿੰਘ ਬਿੱਲਾ ਸਫ਼ੀਪੁਰਾ, ਸ ਗਗਨਦੀਪ ਸਿੰਘ ਸਫ਼ੀਪੁਰਾ,ਸ ਸੁਖਦੇਵ ਸਿੰਘ ਸਾਬਿਕਾ ਸਰਪੰਚ ਅਬੂਪੁਰਾ, ਸੁਖਦੇਵ ਸਿੰਘ ਕਲਸੀ ਆਦਿ ਨੇ ਖੁਸੀ ਦਾ ਇਜ਼ਹਾਰ ਕੀਤਾ ਹੈ ।

ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਐਸ ਜੀ ਪੀ ਸੀ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਚੜ੍ਹਾਵੇ ਦਾ ਹਿਸਾਬ ਮੰਗਿਆ

ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਚੜ੍ਹਾਵੇ ਦਾ ਹਿਸਾਬ ਮੰਗਿਆ ਹੈ। ਭਾਈ ਰਣਜੀਤ ਸਿੰਘ ਨਾਲ ਹੋਈ ਵਿਸ਼ੇਸ਼ ਗੱਲਬਾਤ ਦੌਰਾਨ ਓਹਨਾ ਆਖਿਆ ਕੇ ਉਹਨਾਂ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਹੈ ਕਿ ਉਹ ਸ੍ਰੀ ਨਨਕਾਣਾ ਸਾਹਿਬ (ਪਾਕਿ) ਦੀ ਧਰਤੀ ਤੋਂ ਸ਼ੁਰੂ ਹੋਏ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ, ਜੋ ਭਾਰਤ ਦੇ ਕੋਨੇ-ਕੋਨੇ ਵਿਚ ਸਿੱਖ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕੇ ਆਉਣ ਵਾਲੇ ਦਿਨਾਂ 'ਚ ਸੁਲਤਾਨਪੁਰ ਲੋਧੀ ਪੁੱਜ ਰਿਹਾ ਹੈ, ਦੇ ਚੜ੍ਹਾਵੇ ਦਾ ਹਿਸਾਬ ਦੇਵੇ ।ਉਨ੍ਹਾਂ ਕਿਹਾ ਕਿ ਹਜ਼ਾਰਾਂ ਕਿਲੋਮੀਟਰ ਦੇ ਇਸ ਨਗਰ ਕੀਰਤਨ ਵਿਚ ਸੰਗਤਾਂ ਨੇ ਕਰੋੜਾਂ ਰੁਪਏ ਸ਼ਰਧਾ ਵਜੋਂ ਭੇਟ ਕੀਤੇ ਹੋਣਗੇ ਤੇ ਸ਼੍ਰੋਮਣੀ ਕਮੇਟੀ ਹਿਸਾਬ ਲਾ ਕੇ ਦੱਸੇ ਕਿ ਇਹ ਰਾਸ਼ੀ ਕਿਨ੍ਹਾਂ ਦੀ ਭਲਾਈ ਲਈ ਜਾਂ ਕਿਸ ਕਾਰਜ ਲਈ ਖਰਚੀ ਜਾਣੀ ਹੈ।ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਚੜ੍ਹਾਵੇ 'ਤੇ ਹੋਰ ਕਿੰਤੂ- ਪ੍ਰੰਤੂ ਹੋਵੇ, ਸ਼੍ਰੋਮਣੀ ਕਮੇਟੀ ਤੇ ਜਥੇਦਾਰ ਸ਼ਤਾਬਦੀ ਮਨਾਉਣ ਉਪਰੰਤ ਇਸ ਸਭ ਬਾਰੇ ਜਾਣਕਾਰੀ ਸਿੱਖ ਕੌਮ ਨੂੰ ਦੇਣ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਉਸ ਵੇਲੇ ਸਾਹਮਣੇ ਆਏ ਸਨ ਜਦੋਂ ਪਾਕਿਸਤਾਨ ਵਿਚ ਸ਼੍ਰੋਮਣੀ ਕਮੇਟੀ ਹੋਂਦ ਵਿਚ ਨਹੀਂ ਆਈ ਸੀ। ਉਸ ਵੇਲੇ ਅੰਮ੍ਰਿਤਸਰ ਵਾਲੀ ਕਮੇਟੀ ਪਾਕਿਸਤਾਨ ਦੇ ਗੁਰਪੁਰਬਾਂ ਮੌਕੇ ਵਿਦੇਸ਼ੀ ਸਿੱਖ ਸੰਗਤਾਂ ਵੱਲੋਂ ਦਾਨ ਕੀਤੇ ਡਾਲਰ, ਪੌਂਡ, ਅਤੇ ਹੋਰ ਕੀਮਤੀ ਸਾਮਾਨ ਲੈ ਕੇ ਆਉਂਦੀ ਰਹੀ ਪਰ ਕਦੇ ਹਿਸਾਬ ਨਹੀਂ ਦਿੱਤਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਵੇਂ ਸਾਡੀ ਜ਼ਿੰਦਗੀ ਵਿਚ ਇਹ 550 ਸਾਲਾ ਪੁਰਬ ਆਇਆ ਹੈ ਪਰ ਉਹ ਹੈਰਾਨ ਹਨ ਕਿ ਸ਼੍ਰੋਮਣੀ ਕਮੇਟੀ ਨੇ ਇਸ ਨਗਰ ਕੀਰਤਨ ਨੂੰ ਅੰਤਰਰਾਸ਼ਟਰੀ ਨਗਰ ਕੀਰਤਨ ਆਖ ਕੇ ਪੈਸੇ ਕਮਾਉਣ ਦਾ ਕਿਵੇਂ ਜ਼ਰੀਆ ਬਣਾ ਲਿਆ ਹੈ ਕਿਉਂਕਿ ਪੰਜ ਪਿਆਰੇ ਵੀ ਸ਼੍ਰੋਮਣੀ ਕਮੇਟੀ ਦੇ, ਗੱਡੀਆਂ ਵੀ ਸ਼੍ਰੋਮਣੀ ਕਮੇਟੀ ਦੀਆਂ, ਸੇਵਾਦਾਰ ਵੀ ਸ਼੍ਰੋਮਣੀ ਕਮੇਟੀ ਦੇ ਤਾਂ ਇਹ ਨਗਰ ਕੀਰਤਨ ਅੰਤਰਰਾਸ਼ਟਰੀ ਕਿਵੇਂ ਹੋ ਗਿਆ। ਇਹ ਸਭ ਪੈਸੇ ਇਕੱਠੇ ਕਰਨ ਦਾ ਵੱਡਾ ਜ਼ਰੀਆ ਹੈ ਜਿਸ ਦਾ ਸੰਗਤ ਨੂੰ ਹੁਣ ਹਿਸਾਬ ਦੇਣਾ ਪਵੇਗਾ।

ਕੋਠੇ ਸ਼ੇਰ ਜੰਗ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)-

ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕੋਠੇ ਸ਼ੇਰ ਜੰਗ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ ਬੜੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ।ਪ੍ਰਕਾਸ਼ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਭਾਰੀ ਦੀਵਾਨ ਸਜਾਏ ਗਏ ਜਿਸ ਵਿੱਚ ਪ੍ਰਸਿੱਧ ਰਾਹੀ ਭਾਈ ਗਿਆਨ ਸਿੰਘ ਦਿੱਲੀ ਵਾਲਿਆਂ ਦੇ ਰਾਗੀ ਜੱਥੇ ਨੇ ਬਹੁਤ ਹੀ ਰਸ-ਭਿੰਨਾ ਕੀਰਤਨ ਕੀਤਾ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੁੱਖ ਸਵੇਦਾਰ ਭਾਈ ਜਸਬੀਰ ਸਿੰਘ ਬੇਰਾਗੀ ਨੇ ਸਮੂਹ ਸੰਗਤਾਂ ਨੂੰ ਬਾਬਾ ਨੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਆਖਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇੇ ਥਪੜੇ ਨਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਂਦਿਆਂ ਸਰਹਿੰਦ ਦੀ ਇਟ ਨਾਲ ਇਟ ਖੜਕਾ ਕੇ ਜ਼ਾਲਮਾਂ ਦਾ ਨਾਸ਼ ਕੀਤਾ।ਜ਼ਾਲਮਾਂ ਦੇ ਹੱਥ ਆਉਣ ਤੇ ਵੀ ਉਹਨਾਂ ਨੇ ਜ਼ਾਲਮਾਂ ਦੀ ਈਨ ਨਹੀਂ ਮੰਨੀ ਤੇ ਸ਼ਹਾਦਤ ਦਾ ਜਾਮ ਪੀਤਾ।ਇਸ ਮੌਕੇ ਤੇ ਸਹਿਯੋਗ ਕਰਨ ਵਾਲੇ ਪ੍ਰਿਤਪਾਲ ਸਿੰਘ ਮਾਣੂੰਕੇ ਨੂੰ ਸਨਮਾਨਿਤ ਵੀ ਕੀਤਾ ਗਿਆ।ਸੰਗਤਾਂ ਵਿੱਚ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਰਸਾਲੀ,ਭਾਈ ਗੁਰਚਰਨ ਸਿੰਘ ਜਗਰਾਉਂ ,ਤੇਜਿੰਦਰ ਸਿੰਘ ਨੰਨੀ,ਜਸਵਿੰਦਰ ਸਿੰਘ ਰਾਜਾ ,ਧਿਆਨ ਸਿੰਘ ਅਤੇ ਥਾਣੇਦਾਰ ਸਿੰਘ ਆਦਿ ਹਾਜ਼ਰ ਸਨ।ਗੁਰੂ ਕਾ ਲੰਗਰ ਅਤੱਟ ਵਰਤੇ।

ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ 149ਵੇ ਜਨਮ ਦਿਨ ਤੇ ਪਹਿਲੀ ਲੜੀ ਅੰਖਡ ਪਾਠਾਂ ਦੇ ਭੋਗ ਪਾਏ ਦੂਸਰੀ ਲੜੀ ਦੇ ਅਖੰਡ ਪਾਠਾਂ ਦੀ ਅਰੰਭਤਾ,ਨਗਰ ਕੀਰਤਨ 28 ਨੂੰ

ਸਿੱਧਵਾਂ ਬੇਟ/ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ)-

)ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੇ 149ਵੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਸ਼ੇਰਪੁਰ ਕਲਾਂ ਵਿਖੇ ਅੰਖਡ ਪਾਠਾਂ ਦੀ ਪਹਿਲੀ ਲੜੀ ਦੇ ਭੋਗ ਪਾਏ ਗਏ ਤੇ ਉਪਰੰਤ ਦੂਸਰੀ ਲੜੀ ਦੇ ਅੰਖਡ ਪਾਠ ਦੀ ਅਰੰਭਤਾ ਮੱੁਖ ਪ੍ਰਬੰਧਕ ਸਰਬਜੀਤ ਸਿੰਘ ਤੇ ਅਰਦਾਸ ਸੁਖਦੇਵ ਸਿੰਘ ਗਿੱਦੜਵਿੰਡੀ ਨੇ ਕੀਤੀ।ਕੀਰਤਨੀ ਜੱਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ।ਇਸ ਸਮੇ ਮੁੱਖ ਸਰਪ੍ਰਸਤ ਬਾਬਾ ਚਰਨ ਸਿੰਘ ਜੀ ਨੇ ਆਪਣੇ ਪ੍ਰਵਚਨਾਂ 'ਚ ਕਿਹਾ ਕਿ ਸਾਨੂੰ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੀ ਭਗਤੀ ਤੇ ਸ਼ਕਤੀ ਭਰੇ ਜੀਵਨ ਤੇ ਸੇਧ ਲੈ ਕੇ ਜੁਗੋ-ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗੰ੍ਰਥ ਜੀ ਦੇ ਲੜ ਲੱਗਣ ਦੀ ਲੋੜ ਹੈ ਤਾਂ ਕਿ ਅਸੀ ਗੁਰੂ ਦਾ ਪੱਲਾ ਫੜ ਕੇ ਜਿੰਦਗੀ ਦੇ ਅਸਲ ਸਿਧਾਤਾਂ ਤੇ ਪਹਿਰਾ ਦੇ ਸਕੀਏ।ਇਸ ਉਨ੍ਹਾਂ ਕਿਹਾ ਕਿ 28 ਅਕਤੂਬਰ ਨੂੰ ਸਵੇਰੇ 10 ਵਜੇ ਗੁਰੂ ਸਾਹਿਬ ਨੂੰ ਸੋਨੇ ਦੇ ਬਰਤਨ 'ਚ ਭੋਗ ਲਗਵਾਇਆ ਜਾਵੇਗਾ ਉਪਰੰਤ ਗੁਰੂ ਸਾਹਿਬ ਨੂੰ ਸੋਨੇ ਦੀ ਪਾਲਕੀ ਵਿੱਚ ਬਿਰਾਜਮਾਨ ਕਰਕੇ ਨਗਰ ਪ੍ਰਕਰਮਾ ਕੀਤੀ ਜਾਵੇਗੀ।ਰਾਤ ਨੂੰ 1 ਵਜੇ ਕੇ 13 ਮਿੰਟ ਬਾਬਾ ਜੀ ਦੇ ਜਨਮ ਸਮੇ ਆਤਿਸ਼ਬਾਜੀ ਦਾ ਨਜ਼ਾਰਾ ਦੇਖਣਯੋਗ ਹੋਵੇਗਾ।ਇਸ ਸਮੇ ਸਰਪੰਚ ਸਰਬਜੀਤ ਸਿੰਘ,ਪ੍ਰਧਾਨ ਸੱੁਖ ਸ਼ੇਰਪੁਰ ਕਲਾਂ,ਬਲਦੇਵ ਸਿੰਘ ਦਿਉਲ,ਹਰਚੰਦ ਸਿੰਘ ਤੂਰ,ਬਲਵਿੰਦਰ ਸਿੰਘ ਭੱਠੇਵਾਲੇ,ਸਾਬਕਾ ਸਰਪੰਚ ਹਰਜਿੰਦਰ ਸਿੰਘ,ਅਜਮੇਰ ਸਿੰਘ ਆਦਿ ਹਾਜ਼ਰ ਸਨ

ਸ਼ਹੀਦ ਪਰਿਵਾਰਾਂ ਦੀ ਭਲਾਈ ਲਈ ਪੰਜਾਬ ਸਰਕਾਰ ਅਤੇ ਲੁਧਿਆਣਾ ਪੁਲਿਸ ਹਮੇਸ਼ਾਂ ਤਤਪਰ-ਪੁਲਿਸ ਕਮਿਸ਼ਨਰ

ਕਿਹਾ! ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਦੀਆਂ ਸ਼ਹਾਦਤਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ

ਲੁਧਿਆਣਾ, ਅਕਤੂਬਰ 2019- (ਮਨਜਿੰਦਰ ਗਿੱਲ )- ਰਾਕੇਸ਼ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਸ਼ਹੀਦ ਸਾਡੇ ਸੂਬੇ ਅਤੇ ਦੇਸ਼ ਦਾ ਸਰਮਾਇਆ ਹਨ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਵਾਲੇ ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਦੀਆਂ ਸ਼ਹਾਦਤਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਨਾਂ ਸ਼ਹੀਦ ਪਰਿਵਾਰਾਂ ਦੀ ਭਲਾਈ ਲਈ ਪੰਜਾਬ ਸਰਕਾਰ ਅਤੇ ਲੁਧਿਆਣਾ ਪੁਲਿਸ ਹਮੇਸ਼ਾਂ ਤਤਪਰ ਹੈ। ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸਾਰੇ ਇੱਕ ਮੁੱਠ ਹੋ ਕੇ ਦੇਸ਼ ਵਿਰੋਧੀ ਤਾਕਤਾਂ ਦਾ ਡੱਟ ਕੇ ਮੁਕਾਬਲਾ ਕਰੀਏ। ਅਗਰਵਾਲ ਅੱਜ ਪੁਲਿਸ ਲਾਈਨ ਵਿਖੇ ਆਯੋਜਿਤ ਪੁਲਿਸ ਸ਼ਹੀਦੀ ਸ਼ੋਕ ਦਿਵਸ ਮੌਕੇ ਵੱਖ-ਵੱਖ ਹਮਲਿਆਂ ਵਿੱਚ ਹੋਏ ਸ਼ਹੀਦ ਜਵਾਨਾਂ ਅਤੇ 1 ਸਤੰਬਰ, 2018 ਤੋਂ ਲੈ ਕੇ 31 ਅਗਸਤ, 2019 ਤੱਕ ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਵਿਚ ਪੁਲਿਸ ਅਤੇ ਦੂਸਰੀਆਂ ਪੈਰਾ ਮਿਲਟਰੀ ਫੋਰਸਾਂ ਦੇ ਸਹੀਦ ਹੋਏ ਜਵਾਨਾਂ ਅਤੇ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ। ਇਸ ਮੌਕੇ ਪੁਲਿਸ ਦੀ ਟੁਕੜੀ ਵੱਲੋਂ ਸਹੀਦਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ 2 ਮਿੰਟ ਦਾ ਮੋਨ ਰੱਖ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਹਾਇਕ ਕਮਿਸ਼ਨਰ ਪੁਲਿਸ ਮਿਸ ਪ੍ਰਭਜੋਤ ਕੌਰ ਅਤੇ ਸ੍ਰ. ਜਸ਼ਨਜੀਤ ਸਿੰਘ ਨੇ ਦੇਸ਼ ਭਰ ਵਿਚ ਹੋਏ ਸ਼ਹੀਦਾਂ ਦੇ ਨਾਮ ਪੜ• ਕੇ ਸੁਣਾਏ। ਅਗਰਵਾਲ ਨੇ ਕਿਹਾ ਕਿ ਅੱਜ ਦਾ ਸ਼ਹੀਦੀ ਯਾਦਗਾਰੀ ਦਿਵਸ ਉਹਨਾਂ ਮਹਾਨ ਪੁਲਿਸ ਜਵਾਨਾਂ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਂਦਾ ਹੈ, ਜਿੰਨਾਂ ਨੇ 21 ਅਕਤੂਬਰ 1959 ਨੂੰ ਲੱਦਾਖ ਦੇ ਹਾਟ ਸਪਰਿੰਗ ਵਿਖੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹਾਦਤਾਂ ਦਿੱਤੀਆਂ। ਉਹਨਾਂ ਦੱਸਿਆ ਕਿ ਚੀਨ ਦੀ ਫੌਜ ਵੱਲੋ ਸਾਡੀ ਧਰਤੀ 'ਤੇ ਪੈਟਰੋਲਿੰਗ ਕਰ ਰਹੇ 20 ਜਵਾਨਾਂ 'ਤੇ ਅਚਾਨਕ ਹਮਲਾ ਕਰ ਦਿੱਤਾ ਗਿਆ ਸੀ, ਜਿੰਨਾਂ ਵਿੱਚੋਂ ਕਰਮ ਸਿੰਘ ਡੀ.ਐਸ.ਪੀ ਸਮੇਤ 10 ਜਵਾਨ ਸ਼ਹੀਦ ਹੋ ਗਏ ਸਨ ਅਤੇ ਬਾਕੀਆਂ ਨੂੰ ਬੰਦੀ ਬਣਾ ਲਿਆ ਗਿਆ ਸੀ। ਉਹਨਾ ਕਿਹਾ ਕਿ 21 ਅਕਤੂਬਰ, 1960 ਤੋ ਲਗਾਤਾਰ ਦੇਸ਼ ਭਰ ਵਿਚ ਇਹਨਾਂ ਮਹਾਨ ਸ਼ਹੀਦਾਂ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਖਾਤਿਰ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸਾਂ ਦੇ ਸ਼ਹੀਦ ਜਵਾਨਾਂ ਨੂੰ ਯਾਦ ਕਰਨ ਲਈ ਸ਼ਰਧਾਂਜਲੀ ਸਮਾਗਮ ਕੀਤੇ ਜਾਂਦੇ ਹਨ ਤਾਂ ਜੋ ਪੁਲਿਸ ਦੇ ਜਵਾਨ ਅਤੇ ਲੋਕ ਇਹਨਾਂ ਸ਼ਹੀਦਾਂ ਦੀਆਂ ਜੀਵਨੀਆਂ ਤੋ ਪ੍ਰੇਰਨਾ ਲੈ ਸਕਣ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੱਤਵਾਦ ਦੌਰਾਨ ਲੁਧਿਆਣਾ ਪੁਲਿਸ ਦੇ 117 ਜਵਾਨ ਸ਼ਹੀਦ ਹੋਏ ਸਨ, ਜਿੰਨਾਂ ਦੇ ਜਿਆਦਾਤਰ ਪਰਿਵਾਰ ਲੁਧਿਆਣਾ ਵਿਖੇ ਰਹਿ ਰਹੇ ਹਨ, ਜ਼ਿਲਾ ਪੁਲਿਸ ਹਮੇਸ਼ਾਂ ਉਹਨਾਂ ਨਾਲ ਖੜੀ ਹੈ। ਇਹਨਾਂ ਪਰਿਵਾਰਾਂ ਨੂੰ ਪੇਸ਼ ਆਉਦੀਆਂ ਮੁਸ਼ਕਿਲਾਂ ਦੂਰ ਕੀਤੀਆਂ ਜਾਂਦੀਆਂ ਹਨ। ਉਹਨਾਂ ਇਹਨਾਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਅਤੇ ਲੁਧਿਆਣਾ ਪੁਲਿਸ ਵੱਲੋ ਹਰ ਕਦਮ 'ਤੇ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਨਿਸ਼ਾਨੀਆਂ ਵੀ ਭੇਟ ਕੀਤੀਆਂ ਗਈਆਂ। ਇਸ ਦੌਰਾਨ ਸਾਬਕਾ ਪੁਲਿਸ ਮੁੱਖੀ ਡੀ. ਆਰ. ਭੱਟੀ ਤੋਂ ਇਲਾਵਾ ਸਾਰੇ ਪੁਲਿਸ ਅਫ਼ਸਰਾਂ, ਐਸ.ਐਚ.ਓਜ਼, ਜਵਾਨਾਂ ਅਤੇ ਹੋਰ ਪਤਵੰਤੇ ਸੱਜਣਾਂ ਨੇ ਪੁਲਿਸ ਲਾਈਨ ਵਿਚ ਬਣੇ ਸ਼ਹੀਦੀ ਸਮਾਰਕ 'ਤੇ ਫੁੱਲ ਮਲਾਵਾਂ ਭੇਟ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਪੁਲਿਸ ਕਮਿਸ਼ਨਰ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸ਼ਹੀਦੀ ਪਰਿਵਾਰਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ ਅਤੇ ਜਿਆਦਾਤਰ ਮੁਸ਼ਕਿਲਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ।

ਮੁੱਲਾਂਪੁਰ ਦਾਖਾ 'ਚ ਚੱਲੀ ਗੋਲੀ

ਜਗਰਾਉਂ, ਅਕਤੂਬਰ 2019- (ਗੁਰਦੇਵ ਸਿੰਘ ਗਾਲਿਬ /ਮਨਜਿੰਦਰ ਗਿੱਲ )-

 ਮੁੱਲਾਂਪੁਰ ਦਾਖਾ ਦੇ ਪਿੰਡ ਜਾਂਗਪੁਰ 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ। ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਵਿਅਕਤੀ ਅਕਾਲੀ ਵਰਕਰ ਦੱਸਿਆ ਜਾ ਰਿਹਾ ਹੈ, ਜਿਸ ਦੀ ਲੱਤ 'ਤੇ ਗੋਲੀ ਲੱਗੀ ਹੈ। ਜਿਸ ਨੂੰ ਜ਼ਖਮੀ ਹਾਲਤ 'ਚ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁਲਸ ਪ੍ਰਸ਼ਾਸਨ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੀ ਚੱਲਣ ਦੇ ਕਾਰਨਾਂ ਬਾਰੇ ਸਹੀ ਜਾਣਕਾਰੀ ਦਾ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ।

ਪ੍ਰੋ. ਮੋਹਨ ਸਿੰਘ ਦਰਿਆ ਦਿਲ ਇਨਸਾਨ ਤੇ ਸੰਵੇਦਨਸ਼ੀਲ ਯੁਗ ਦ੍ਰਸ਼ਟਾ ਕਵੀ ਸੀ— ਡਾ: ਤੇਜਵੰਤ ਸਿੰਘ ਗਿੱਲ

ਲੁਧਿਆਣਾ, ਅਕਤੂਬਰ 2019-(ਮਨਜਿੰਦਰ ਗਿੱਲ)-

ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਦੇ ਬੁਲਾਵੇ ਤੇ ਗੁਹਾਟੀ(ਆਸਾਮ) ਆਏ ਪੰਜਾਬੀ ਲੇਖਕਾਂ ਨੇ ਬੀਤੀ ਸ਼ਾਮ ਯੁਗ ਕਵੀ ਪ੍ਰੋ: ਮੋਹਨ ਸਿੰਘ ਜੀ ਦਾ 115ਵਾਂ ਜਨਮ ਦਿਨ ਮਨਾਇਆ ਜਿਸ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ ਨੇ ਕੀਤੀ। ਪ੍ਰੋ. ਮੋਹਨ ਸਿੰਘ ਜੀਵਨ ਤੇ ਕਾਵਿ ਰਚਨਾ ਬਾਰੇ ਚਰਚਾ ਛੇੜਦਿਆਂ ਸਿਰਕੱਢ ਵਿਦਵਾਨ ਡਾ. ਤੇਜਵੰਤ ਸਿੰਘ ਗਿੱਲ ਨੇ ਕਿਹਾ ਕਿ ਉਹ ਦਰਿਆ ਦਿਲ ਇਨਸਾਨ ਤੇ ਅਤਿ ਸੰਵੇਦਨਸ਼ੀਲ ਕਵੀ ਸਨ ਜਿੰਨ੍ਹਾਂ ਨੇ ਸਿਰਫ਼ ਆਪ ਹੀ ਸਾਹਿੱਤ ਸਿਰਜਣਾ ਨਹੀਂ ਕੀਤੀ ਸਗੋਂ ਨੌਜਵਾਨ ਲੇਖਕਾਂ ਨੂੰ ਵੀ ਪ੍ਰੇਰਨਾ ਦੇ ਕੇ ਸਾਹਿੱਤ ਖੇਤਰ ਚ ਸਰਗਰਮ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰੋ. ਮੋਹਨ ਸਿੰਘ ਜੀ ਨੇ ਆਪਣੀ ਆਖਰੀ ਕਿਤਾਬ ਬੂਹੇ ਦਾ ਮੁੱਖ ਬੰਦ ਮੇਰੇ ਤੋਂ ਸ: ਜਗਦੇਵ ਸਿੰਘ ਜੱਸੋਵਾਲ ਦੇ ਘਰ ਸੁਰਜੀਤ ਪਾਤਰ ਦੀ ਹਾਜ਼ਰੀ ਚ ਇਹ ਕਹਿ ਕੇ ਲਿਖਵਾਇਆ ਕਿ ਮੇਰੀ ਪਹਿਲੀ ਕਿਤਾਬ ਦਾ ਮੁੱਖ ਬੰਦ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖੀ ਸੀ ਤੇ ਹੁਣ ਤੇਜਵੰਤ ਸਿੰਘ ਲਿਖੇਗਾ। ਇਹ ਗੱਲ ਵੀ ਮਹੱਤਵ ਪੂਰਨ ਸੀ ਕਿ ਪ੍ਰੋ: ਮੋਹਨ ਸਿੰਘ ਆਪਣੇ ਸਮਕਾਲੀਆਂ ਲਈ ਵੀ ਹਮੇਸ਼ਾਂ ਸਹਿਯੋਗੀ ਧਿਰ ਬਣੇ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਕਵਿਤਾ ਜੀਵਨ ਵਿਹਾਰ ਤੇ ਕਰਮਸ਼ੀਲ ਰਹਿਣ ਦੀ ਕਵਿਤਾ ਹੈ। ਪਲ ਪਲ ਰੰਗ ਵਟਾਉਂਦੇ ਸ਼ਾਇਰ ਦਾ ਕਾਵਿ ਮੈਨੀਫੈਸਟੋ ਕਮਾਲ ਦਾ ਸੀ। ਹੈ ਜੀਵਨ ਅਦਲਾ ਬਦਲੀ ਤੇ ਹੋਣਾ ਰੰਗ ਬਰੰਗਾ। ਸੌ ਮੁਰਦੇ ਭਗਤਾਂ ਗੇ ਨਾਲੋਂ ਇੱਕ ਖੋਜੀ ਕਾਫਰ ਚੰਗਾ। ਡਾ. ਜਗਬੀਰ ਸਿੰਘ ਨੇ ਕਿਹਾ ਕਿ ਮੈਨੂੰ ਨਿਜੀ ਤੌਰ ਤੇ ਪ੍ਰੋ. ਮੋਹਨ ਸਿੰਘ ਦੇ ਨੇੜੇ ਰਹਿਣ ਦਾ ਮੌਕਾ ਨਹੀਂ ਮਿਲਿਆ ਪਰ ਉਨ੍ਹਾਂ ਦੀ ਕਵਿਤਾ ਮੇਰੇ ਲਈ ਹਮੇਸ਼ਾਂ ਪ੍ਰੇਰਨਾ ਸਰੋਤ ਰਹੀ ਹੈ। ਪੰਜਾਬੀ ਅਕਾਡਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਕਿਹਾ ਕਿ ਮੋਹਨ ਸਿੰਘ ਸਰਬਕਾਲੀ ਮਹੱਤਵ ਵਾਲਾ ਸਮਰੱਥ ਕਵੀ ਸੀ ਜਿਸਨੇ ਹਰ ਸਮਾਂ ਕਾਲ ਵਿੱਚ ਸਿਰਫ਼ ਪਾਠਕਾਂ ਨੂੰ ਹੀ ਨਹੀਂ ਸਗੋਂ ਲੇਖਕਾਂ ਨੂੰ ਵੀ ਉਂਗਲੀ ਫੜ ਕੇ ਨਾਲ ਨਾਲ ਤੋਰਿਆ। ਦਿੱਲੀ ਯੂਨੀ: ਦਿੱਲੀ ਦੇ ਪ੍ਰੋਫੈਸਰ ਡਾ. ਰਵੀ ਰਵਿੰਦਰ ਕੁਮਾਰ ਨੇ ਕਿਹਾ ਕਿ ਮੋਹਨ ਸਿੰਘ ਦੇਸ਼ ਪਿਆਰ ਕਵਿਤਾ ਰਾਹੀਂ ਉਸ ਸਿਖ਼ਰ ਤੇ ਪਹੁੰਚ ਗਿਆ ਹੈ ਜਿੱਥੇ ਮੁਲਕਾਂ ਦੀਆਂ ਹੱਦਾਂ ਸਰਹੱਦਾਂ ਅਰਥਹੀਣ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਹਿੱਤ ਅਧਿਐਨ ਵਿਭਾਗ ਦੇ ਮੁਖੀ ਡਾ: ਭੀਮ ਇੰਦਰ ਸਿੰਘ ਨੇ ਕਿਹਾ ਅੱਜ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਪ੍ਰੋ. ਮੋਹਨ ਸਿੰਘ ਦੀ ਇਹ ਕਵਿਤਾ ਦਾਤੀਆਂ ਕਲਮਾਂ ਅਤੇ ਹਥੌੜੇ ਕੱਠੇ ਕਰ ਲਉ ਸੰਦ ਓ ਯਾਰ। ਤਕੜੀ ਇੱਕ ਤ੍ਰਿਸ਼ੂਲ ਬਣਾਉ ਯੁੱਧ ਕਰੋ ਪ੍ਰਚੰਡ ਓ ਯਾਰ ਅਗਵਾਈ ਕਰਨ ਦੇ ਸਮਰੱਥ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਰਚਨਾ ਨਾਨਕਾਇਣ ਸਾਖੀ ਕਾਵਿ ਦੀ ਪ੍ਰਮਾਣੀਕ ਕਿਰਤ ਹੈ। ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਵਿੱਤਰੀ ਡਾ: ਵਨੀਤਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਲਿਖੀ ਨਾਨਕਾਇਣ ਨੂੰ 550ਵੇਂ ਪ੍ਰਕਾਸ਼ ਉਤਸਵ ਮੌਕੇ ਹਰ ਘਰ ਵਿੱਚ ਪਹੁੰਚਾਉਣ ਦੀ ਲੋੜ ਹੈ। ਭਾਰਤੀ ਸਾਹਿੱਤ ਅਕਾਡਮੀ ਦੇ ਸੰਪਾਦਕ ਅਨੂਪਮ ਤਿਵਾੜੀ ਨੇ ਸੁਝਾਅ ਦਿੱਤਾ ਕਿ ਅੱਜ ਵਾਂਗ ਆਪਣੇ ਪੁਰਖੇ ਲਿਖਾਰੀਂਆਂ ਨੂੰ ਯਾਦ ਕਰਨਾ ਚਾਹੀਦਾ ਹੈ। ਬਾਤ ਰਸ ਦੀ ਆਪਣੀ ਮਹੱਤਤਾ ਹੈ। ਸਮੂਹ ਵਿਦਵਾਨਾਂ ਦਾ ਧੰਨਵਾਦ ਕਰਦਿਆਂ ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮੈਨੂੰ ਪ੍ਰੋ. ਮੋਹਨ ਸਿੰਘ ਜੀ ਦੀ ਸੰਗਤ ਮਾਨਣ ਦਾ ਆਪਣੇ ਅਧਿਆਪਕ ਡਾ. ਐੱਸ ਪੀ ਸਿੰਘ ਤੇ ਸ: ਜਗਦੇਵ ਸਿੰਘ ਜੱਸੋਵਾਲ ਜੀ ਕਾਰਨ ਲਗਪਗ ਸੱਤ ਸਾਲ ਮੌਕਾ ਮਿਲਿਆ ਹੈ। ਉਹ ਦਿਲਦਾਰ ਇਨਸਾਨ ਸਨ ਜਿੰਨ੍ਹਾਂ ਦੀ ਹਾਜ਼ਰੀ ਚ ਨਿੱਕੇ ਹੋਣ ਦਾ ਅਹਿਸਾਸ ਨਹੀਂ ਸੀ ਹੁੰਦਾ। ਸਮਕਾਲੀ ਘਟਨਾਵਾਂ ਤੇ ਬੜੀ ਸਟੀਕ ਕਾਵਿ ਟਿਪਣੀ ਕਰਨੀ ਜਾਣਦੇ ਸਨ। ਜਨਤਾ ਸਰਕਾਰ ਬਣਨ ਤੇ 1977 ਚ ਜਦ ਵੱਖ ਵੱਖ ਸਿਆਸੀ ਧਿਰਾਂ ਨੇ ਇਸ ਤਬਦੀਲੀ ਨੂੰ ਲੋਕ ਉਭਾਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰੋ. ਮੋਹਨ ਸਿੰਘ ਜੀ ਨੇ ਲਿਖਿਆ। ਨਾ ਹਿਣਕੋ ਘੋੜਿਉ! ਬੇਸ਼ੱਕ ਨਵਾਂ ਨਿਜ਼ਾਮ ਆਇਆ। ਨਵਾਂ ਨਿਜ਼ਾਮ ਹੈ ਲੈ ਕੇ ਨਵੀਂ ਲਗਾਮ ਆਇਆ। ਅਯੁੱਧਿਆ ਵਿੱਚ ਅਜੇ ਵੀ ਭੁੱਖਿਆਂ ਦੀ ਭੀੜ ਬੜੀ, ਪਿਆ ਕੀ ਫ਼ਰਕ ਜੇ ਰਾਵਣ ਗਿਆ ਤੇ ਰਾਮ ਆਇਆ। ਉਨ੍ਹਾਂ ਦੀ ਯਾਦ ਵਿੱਚ ਲੱਗਣ ਵਾਲੇ ਮੇਲੇ ਚ ਮੈਂ 1978 ਤੋਂ 2014 ਤੀਕ ਵੱਖ ਵੱਖ ਜ਼ਿੰਮੇਵਾਰੀਆਂ ਨਿਭਾਉਂਦਾ ਰਿਹਾ ਹਾਂ। ਸਿਰਫ਼ ਤਿੰਨ ਮੌਕੇ ਅਜਿਹੇ ਹਨ ਜਦ ਮੈਂ 20 ਮਈ ਨੂੰ ਪ੍ਰੋ. ਮੋਹਨ ਸਿੰਘ ਦੇ ਜਨਮ ਦਿਹਾੜੇ ਮੌਕੇ ਮੈਂ ਲੁਧਿਆਣਾ ਚ ਨਹੀਂ ਸਾਂ। ਦੋ ਵਾਰ ਕੈਨੇਡਾ ਚ ਸਾਂ ਤੇ ਐਤਕੀਂ ਗੁਹਾਟੀ ਚ ਹਾਂ ਮੈਂ ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਵੱਲੋਂ ਸਭ ਦਾ ਧੰਨਵਾਦੀ ਹਾਂ ਜਿੰਨ੍ਹਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਕੇ ਇਹ ਵਿਚਾਰ ਚਰਚਾ ਕੀਤੀ।

ਹਠੂਰ ਦੀ ਮੰਡੀ ਵਿੱਚ ਝੋਨੇ ਦੀ ਖਰੀਦ ਅਤੇ ਸਾਭ ਸਭਾਲ ਲਈ ਵਧੀਆ ਪ੍ਰਬੰਧ ਕੀਤੇ ਗਏ ।

ਹਠੂਰ/ਲੁਧਿਆਣਾ,ਅਕਤੂਬਰ 2019-(ਗੁਰਸੇਵਕ ਸੋਹੀ)-ਹਠੂਰ ਦੀ ਮੰਡੀ ਵਿੱਚ ਵਧੀਆ ਤਰੀਕੇ ਨਾਲ ਝੋਨੇ ਦੀ ਖਰੀਦ ਤੇ ਸਾਭ ਸੰਭਾਲ ਲਈ ਹਰ ਇੱਕ ਪ੍ਰਬੰਧ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਹੋਵੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸਕੱਤਰ ਸੁਭਾਸ਼ ਕੁਮਾਰ ਅਤੇ ਅਕਾਊਡੈਟ ਕੁਲਵੰਤ ਸਿੰਘ ਨੇ ਕਿਹਾ ਕਿ ਕਿਸਾਨ ਵੀਰ ਮੌਸਮ ਦੇ ਡਰ ਕਰਕੇ ਜਾਂ ਹੋਰ ਕੋਈ ਮੁਸਕਿਲ ਕਰਕੇ ਝੋਨਾ ਨਿਰਧਾਰਿਤ ਸਮੇਂ ਤੋਂ ਪਹਿਲਾਂ ਕਟਾਈ ਕਰ ਲੈਂਦੇ ਹਨ ਜਿਸ ਕਰਕੇ ਮੰਡੀਆ ਦੇ ਮੁਲਾਜ਼ਮਾਂ ਨੂੰ ਬਹੁਤ ਮੁਸਕਿਲਾਂ ਆਉਂਦੀਆ ਨੇ ਅਤੇ ਝੋਨਾ ਕਿੰਨੇ ਹੀ ਦਿਨ ਮੰਡੀਆਂ ਵਿੱਚ ਪਿਆ ਰਹਿੰਦਾ ਹੈ ਤੇ ਕਿਸਾਨਾਂ ਨੂੰ ਇੰਤਜਾਰ ਕਰਨਾ ਪੈਂਦਾ ਹੈ। ਇਸ ਕਰਕੇ ਝੋਨੇ ਦੀ ਕਟਾਈ ਠੀਕ ਸਮੇਂ ਹੀ ਕੀਤੀ ਜਾਵੇ ।

ਕੈਪਟਨ ਸੰਦੀਪ ਸਿੰਘ ਸੰਧੂ ਨੂੰ ਨਗਰ 'ਚ ਵੱਧ ਤੋ ਵੱਧ ਵੋਟਾਂ ਪਾ ਕੇ ਲੀਡ ਨਾਲ ਜਿੱਤਾਵਾਂਗੇ

ਸਿੱਧਵਾਂ ਬੇਟ/ਲੁਧਿਆਣਾ, 18 ਅਕਤੂਬਰ 2019-(ਜਸਮੇਲ ਗਾਲਿਬ)-

ਹਲਕਾ ਦਾਖਾ ਤੋਂ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਬਾਕੀ ਥਾਵਾਂ ਦੀ ਤਰ੍ਹਾਂ ਪਿੰਡ ਬੰਗਸੀਪੁਰਾ ਤੋਂ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਲੀਡ ਜਿਤਾ ਕੇ ਵਿਧਾਨ ਸਭਾ 'ਚ ਭੇਜਾਂਗੇ ਇੰਨਾਂ ਸਬਦਾਂ ਦਾ ਪ੍ਰਗਟਾਵਾ ਪਿੰਡ ਬੰਗਸੀਪੁਰਾ ਦੇ ਸਰਪੰਚ ਕਰਮਜੀਤ ਸਿੰਘ ਮੰਡ ਘਰ-ਘਰ ਵੋਟਾਂ ਮੰਗਣ ਦੌਰਾਨ ਨੇ ਇੱਕ ਵਿਸ਼ੇਸ਼ ਪ੍ਰੈਸ ਮਿਲਨੀ ਦੌਰਾਨ ਕੀਤਾ ਉਹਨਾਂ ਕਿਹਾ ਕਿ ਭਾਵੇਂ ਪਿਛਲੀ ਵਾਰ ਹਲਕਾ ਦਾਖਾ ਲੋਕਾਂ ਨੇ ਬੜੀਆ ਆਸਾਂ ਉਮੀਦਾਂ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਬਖਸੀ ਸੀ ਪਰ ਉਹਨਾਂ ਆਪਣੇ ਸਮੇਂ ਅੰਦਰ ਵਿਕਾਸ ਜਾਂ ਲੋਕਾਂ ਦੇ ਦੁੱਖ ਸੁੱਖ 'ਚ ਸਹਾਈ ਤਾਂ ਕੀ ਹੋਣ ਸੀ ਪਰ ਉਹਨਾਂ ਤਾਂ ਹਲ ਕਾ ਦਾਖਾ ਦੇ ਲੋਕਾਂ ਨੂੰ ਛੱਡ ਕੇ ਦਿੱਲੀ ਡੇਰੇ ਲਾ ਬੈਠਾ ਜਿਸ ਕਰਕੇ ਲੋਕਾਂ 'ਚ ਭਾਰੀ ਨਿਰਾਸਤਾ ਹੈ ਪਰ ਹੁਣ ਸੂਝਵਾਨ ਵੋਟਰ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ 'ਚ ਭੇਜਣਗੇ ਤਾ ਕਿ ਹਲਕਾ ਦਾਖਾ ਦਾ ਵਿਕਾਸ ਹੋ ਸਕੇ