ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਐਸ ਜੀ ਪੀ ਸੀ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਚੜ੍ਹਾਵੇ ਦਾ ਹਿਸਾਬ ਮੰਗਿਆ

ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਦੇ ਚੜ੍ਹਾਵੇ ਦਾ ਹਿਸਾਬ ਮੰਗਿਆ ਹੈ। ਭਾਈ ਰਣਜੀਤ ਸਿੰਘ ਨਾਲ ਹੋਈ ਵਿਸ਼ੇਸ਼ ਗੱਲਬਾਤ ਦੌਰਾਨ ਓਹਨਾ ਆਖਿਆ ਕੇ ਉਹਨਾਂ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਹੈ ਕਿ ਉਹ ਸ੍ਰੀ ਨਨਕਾਣਾ ਸਾਹਿਬ (ਪਾਕਿ) ਦੀ ਧਰਤੀ ਤੋਂ ਸ਼ੁਰੂ ਹੋਏ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ, ਜੋ ਭਾਰਤ ਦੇ ਕੋਨੇ-ਕੋਨੇ ਵਿਚ ਸਿੱਖ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕੇ ਆਉਣ ਵਾਲੇ ਦਿਨਾਂ 'ਚ ਸੁਲਤਾਨਪੁਰ ਲੋਧੀ ਪੁੱਜ ਰਿਹਾ ਹੈ, ਦੇ ਚੜ੍ਹਾਵੇ ਦਾ ਹਿਸਾਬ ਦੇਵੇ ।ਉਨ੍ਹਾਂ ਕਿਹਾ ਕਿ ਹਜ਼ਾਰਾਂ ਕਿਲੋਮੀਟਰ ਦੇ ਇਸ ਨਗਰ ਕੀਰਤਨ ਵਿਚ ਸੰਗਤਾਂ ਨੇ ਕਰੋੜਾਂ ਰੁਪਏ ਸ਼ਰਧਾ ਵਜੋਂ ਭੇਟ ਕੀਤੇ ਹੋਣਗੇ ਤੇ ਸ਼੍ਰੋਮਣੀ ਕਮੇਟੀ ਹਿਸਾਬ ਲਾ ਕੇ ਦੱਸੇ ਕਿ ਇਹ ਰਾਸ਼ੀ ਕਿਨ੍ਹਾਂ ਦੀ ਭਲਾਈ ਲਈ ਜਾਂ ਕਿਸ ਕਾਰਜ ਲਈ ਖਰਚੀ ਜਾਣੀ ਹੈ।ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਚੜ੍ਹਾਵੇ 'ਤੇ ਹੋਰ ਕਿੰਤੂ- ਪ੍ਰੰਤੂ ਹੋਵੇ, ਸ਼੍ਰੋਮਣੀ ਕਮੇਟੀ ਤੇ ਜਥੇਦਾਰ ਸ਼ਤਾਬਦੀ ਮਨਾਉਣ ਉਪਰੰਤ ਇਸ ਸਭ ਬਾਰੇ ਜਾਣਕਾਰੀ ਸਿੱਖ ਕੌਮ ਨੂੰ ਦੇਣ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਉਸ ਵੇਲੇ ਸਾਹਮਣੇ ਆਏ ਸਨ ਜਦੋਂ ਪਾਕਿਸਤਾਨ ਵਿਚ ਸ਼੍ਰੋਮਣੀ ਕਮੇਟੀ ਹੋਂਦ ਵਿਚ ਨਹੀਂ ਆਈ ਸੀ। ਉਸ ਵੇਲੇ ਅੰਮ੍ਰਿਤਸਰ ਵਾਲੀ ਕਮੇਟੀ ਪਾਕਿਸਤਾਨ ਦੇ ਗੁਰਪੁਰਬਾਂ ਮੌਕੇ ਵਿਦੇਸ਼ੀ ਸਿੱਖ ਸੰਗਤਾਂ ਵੱਲੋਂ ਦਾਨ ਕੀਤੇ ਡਾਲਰ, ਪੌਂਡ, ਅਤੇ ਹੋਰ ਕੀਮਤੀ ਸਾਮਾਨ ਲੈ ਕੇ ਆਉਂਦੀ ਰਹੀ ਪਰ ਕਦੇ ਹਿਸਾਬ ਨਹੀਂ ਦਿੱਤਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਵੇਂ ਸਾਡੀ ਜ਼ਿੰਦਗੀ ਵਿਚ ਇਹ 550 ਸਾਲਾ ਪੁਰਬ ਆਇਆ ਹੈ ਪਰ ਉਹ ਹੈਰਾਨ ਹਨ ਕਿ ਸ਼੍ਰੋਮਣੀ ਕਮੇਟੀ ਨੇ ਇਸ ਨਗਰ ਕੀਰਤਨ ਨੂੰ ਅੰਤਰਰਾਸ਼ਟਰੀ ਨਗਰ ਕੀਰਤਨ ਆਖ ਕੇ ਪੈਸੇ ਕਮਾਉਣ ਦਾ ਕਿਵੇਂ ਜ਼ਰੀਆ ਬਣਾ ਲਿਆ ਹੈ ਕਿਉਂਕਿ ਪੰਜ ਪਿਆਰੇ ਵੀ ਸ਼੍ਰੋਮਣੀ ਕਮੇਟੀ ਦੇ, ਗੱਡੀਆਂ ਵੀ ਸ਼੍ਰੋਮਣੀ ਕਮੇਟੀ ਦੀਆਂ, ਸੇਵਾਦਾਰ ਵੀ ਸ਼੍ਰੋਮਣੀ ਕਮੇਟੀ ਦੇ ਤਾਂ ਇਹ ਨਗਰ ਕੀਰਤਨ ਅੰਤਰਰਾਸ਼ਟਰੀ ਕਿਵੇਂ ਹੋ ਗਿਆ। ਇਹ ਸਭ ਪੈਸੇ ਇਕੱਠੇ ਕਰਨ ਦਾ ਵੱਡਾ ਜ਼ਰੀਆ ਹੈ ਜਿਸ ਦਾ ਸੰਗਤ ਨੂੰ ਹੁਣ ਹਿਸਾਬ ਦੇਣਾ ਪਵੇਗਾ।