You are here

ਲੁਧਿਆਣਾ

ਡਿਪਟੀ ਕਮਿਸ਼ਨਰ ਵੱਲੋਂ 6 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

18 ਸਾਲ ਦੇ ਨੌਜਵਾਨਾਂ ਨੂੰ ਵੋਟ ਬਣਾਉਣ ਲਈ ਕਰਨਗੀਆਂ ਪ੍ਰੇਰਿਤ, ਲੋਕਤੰਤਰ ਦੀ ਮਜ਼ਬੂਤੀ 'ਚ ਬਣਨ ਭਾਗੀਦਾਰ

5 ਤੇ 6 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ ਵਿਸ਼ੇਸ਼ ਕੈਂਪ, ਦਾਅਵੇ ਅਤੇ ਇਤਰਾਜ਼ ਪੇਸ਼ੇ ਕਰ ਸਕਦੇ ਹਨ ਲੋਕ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ 6 ਵੈਨਾਂ ਨੂੰ ਹਰੀ ਝੰਡੀ ਦੇ ਰਵਾਨਾ ਕੀਤਾ। ਇਹ ਵੈਨਾਂ ਉਨ੍ਹਾਂ ਨੌਜਵਾਨਾਂ ਨੂੰ ਵੋਟ ਬਣਵਾਉਣ ਲਈ ਉਤਸ਼ਾਹਿਤ ਕਰਨਗੀਆਂ ਜਿਹੜੇ ਕਿ 01 ਜਨਵਰੀ, 2021 ਜਾਂ ਇਸ ਤੋਂ ਪਹਿਲਾਂ 18 ਸਾਲ ਦੇ ਹੋ ਚੁੱਕੇ ਹਨ ਤਾਂ ਜੋ ਉਹ ਆਪਣੀ ਵੋਟ ਪਾਉਣ ਦਾ ਅਧਿਕਾਰ ਹਾਸਲ ਕਰਕੇ ਲੋਕਤੰਤਰ ਦੀ ਮਜ਼ਬੂਤੀ ਵਿਚ ਭਾਗੀਦਾਰ ਬਣ ਸਕਣ।ਜ਼ਿਲ੍ਹਾਂ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਚੋਣ ਵਿਭਾਗ 15 ਦਸੰਬਰ ਤੱਕ ਫੋਟੋ ਵੋਟਰ ਸੂਚੀਆਂ ਦੇ ਸੰਖੇਪ ਸੋਧ ਲਈ ਵਿਸ਼ੇਸ਼ ਮੁਹਿੰਮ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਵੱਲੋਂ 05 ਦਸੰਬਰ ਅਤੇ 06 ਦਸੰਬਰ, 2020 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਦੋ ਰੋਜ਼ਾ ਵਿਸ਼ੇਸ਼ ਕੈਂਪ ਵੀ ਲਗਾਇਆ ਜਾ ਰਿਹਾ ਹੈ, ਜਿੱਥੇ ਲੋਕ ਦਾਅਵੇ ਅਤੇ ਇਤਰਾਜ਼ ਪੇਸ਼ ਕਰ ਸਕਦੇ ਹਨ । ਡਿਪਟੀ ਕਮਿਸ਼ਨਰ ਵੱਲੋਂ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਯੋਗ ਵਿਅਕਤੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਾਉਣ ਲਈ ਫਾਰਮ ਨੰਬਰ-6, ਵੋਟ ਕਟਾਉਣ ਲਈ ਫਾਰਮ ਨੰਬਰ-7 ਅਤੇ ਵੋਟਰ ਸੂਚੀ ਵਿੱਚ ਦਰਜ਼ ਵੇਰਵਿਆਂ ਵਿੱਚ ਕਿਸੇ ਕਿਸਮ ਦੀ ਸੋਧ ਕਰਾਉਣ ਲਈ ਫਾਰਮ ਨੰਬਰ-8 ਭਰ ਕੇ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਅੰਦਰ ਕਿਸੇ ਹੋਰ ਹਲਕੇ ਵਿੱਚ ਵੋਟ ਬਦਲਾਉਣ ਲਈ ਲੋਕ ਫਾਰਮ 8-ਏ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਵੈਨਾਂ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਲੋਕਾਂ ਨੂੰ ਵੋਟਾਂ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨਗੀਆਂ। ਉਨ੍ਹਾਂ ਚੋਣ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਕੋਈ ਵੀ ਯੋਗ ਵੋਟਰ ਵੋਟ ਬਣਾਉਣ ਤੋਂ ਵਾਂਝਾਂ ਨਾ ਰਹਿ ਸਕੇ।ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਇਤਰਾਜ਼ ਅਤੇ ਵੋਟਰ ਸੂਚੀ ਵਿੱਚ ਸੋਧ ਸਬੰਧੀ ਵੈਬਸਾਈਟ voterportal.eci.gov.in 'ਤੇ ਜਾਂ 'ਵੋਟਰ ਹੈਲਪਲਾਈਨ' ਮੋਬਾਈਲ ਐਪਲੀਕੇਸ਼ਨ ਰਾਹੀਂ ਆਨਲਾਈਨ ਵੀ ਅਪਲਾਈ ਕੀਤਾ ਜਾ ਸਕਦਾ ਹੈ, ਅਜਿਹਾ ਕਰਨ ਵਿੱਚ ਜੇਕਰ ਉਨ੍ਹਾਂ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਟੋਲ ਫਰੀ ਨੰਬਰ 1950 'ਤੇ ਵੀ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਜ਼ਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ ਦੇ ਸਕੱਤਰ ਵੱਲ਼ੋ ਐਮ.ਆਰ. ਤੇ ਆਬਜ਼ਰਵੇਸ਼ਨ ਹੋਮਜ਼ ਦਾ ਕੀਤਾ ਦੌਰਾ

ਬਾਲ ਦੋਸ਼ੀਆਂ ਨੂੰ ਉਨ੍ਹਾਂ ਦੇ ਵੱਖ-ਵੱਖ ਕਾਨੂੰਨੀ ਅਧਿਕਾਰਾਂ ਬਾਰੇ ਕੀਤਾ ਜਾਗਰੂਕ

ਆਪਣੇ ਵਿਰੁੱਧ ਚੱਲ ਰਹੇ ਕੇਸਾਂ ਵਿੱਚ ਮੁਫਤ ਕਾਨੂੰਨੀ ਸਹਾਇਤਾ ਲੈਣ ਦੇ ਹਨ ਹੱਕਦਾਰ - ਪ੍ਰੀਤੀ ਸੁਖੀਜ਼ਾ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਮਾਨਯੋਗ ਮਿਸਟਰ ਜਸਟਿਸ ਡਾਕਟਰ ਐਸ. ਮੁਰਲੀਧਰ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਗੁਰਬੀਰ ਸਿੰਘ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਰਹਿਨੁਮਾਈ ਹੇਠ ਮੈਡਮ ਪ੍ਰੀਤੀ ਸੁਖੀਜਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ Mentaly Retarded Home (M.R. Home) ਅਤੇ Observation Home ਲੁਧਿਆਣਾ ਦਾ ਦੌਰਾ ਕੀਤਾ ਗਿਆ। ਅਬਜ਼ਰਵੇਸ਼ਨ ਹੋਮ, ਲੁਧਿਆਣਾ ਦੇ ਦੌਰੇ ਦੌਰਾਨ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋ ਹੋਮ ਵਿੱਚ ਬੰਦ ਬਾਲ ਦੋਸ਼ੀਆਂ ਨੂੰ ਉਨ੍ਹਾਂ ਦੇ ਵੱਖ-ਵੱਖ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਬੱਚਿਆਂ ਨੂੰ ਦੱਸਿਆ ਗਿਆ ਕਿ ਉਹ ਕਾਨੂੰਨੀ ਸੇਵਾਵਾਂ ਅਥਾਰਟੀਜ਼, ਐਕਟ, 1987 ਤਹਿਤ ਆਪਣੇ ਵਿਰੁੱਧ ਚੱਲ ਰਹੇ ਕੇਸਾਂ ਵਿੱਚ ਮੁਫਤ ਕਾਨੂੰਨੀ ਸਹਾਇਤਾ ਲੈਣ ਦੇ ਹੱਕਦਾਰ ਹਨ।ਇਸ ਮੌਕੇ ਤੇ ਮੈਡਮ ਪ੍ਰੀਤੀ ਸੁਖੀਜਾ ਵੱਲੋਂ ਹੋਮ ਦੇ ਬੱਚਿਆਂ ਨਾਲ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦਾ ਨਿਪਟਾਰਾ ਮੌਕੇ ਤੇ ਹੀ ਕੀਤਾ ਗਿਆ । ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਆਦਿ ਦਾ ਵੀ ਨਿਰੀਖਣ ਕੀਤਾ ਗਿਆ, ਬੱਚਿਆਂ ਨੂੰ ਦੇਸ਼ ਵਿੱਚ ਫੈਲ ਰਹੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਬੱਚਿਆਂ ਨੂੰ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਮਾਸਕ ਲਗਾ ਕੇ ਮੁੰਹ ਨੂੰ ਢੱਕ ਕੇ ਰੱਖਣ ਲਈ ਵੀ ਪ੍ਰੇਰਿਤ ਕੀਤਾ।

Mentaly Retarded Home (M.R. Home), ਲੁਧਿਆਣਾ ਦੇ ਦੌਰੇ ਦੌਰਾਨ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਮਾਨਸਿਕ ਤੌਰ ਤੇ ਬੀਮਾਰ ਬੱਚਿਆਂ ਦੀ ਦੇਖ-ਭਾਲ, ਹੋਮ ਵੱਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਖਾਣੇ, ਪੀਣ ਵਾਲੇ ਪਾਣੀ ਅਤੇ ਰਹਿਣ ਸਹਿਣ ਦੀਆਂ ਸੁਵਿਧਾਵਾਂ ਦਾ ਆਦਿ ਦੀ ਨਿਰੀਖਣ ਕੀਤਾ ਗਿਆ । ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਹੋਮ ਵਿੱਚ ਰਹਿ ਰਹੇ ਮਾਨਸਿਕ ਰੋਗੀ ਬੱਚਿਆਂ ਨੂੰ ਇੱਕ ਵਿਸ਼ੇਸ਼ ਅਧਿਆਪਕ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਸਪੈਸ਼ਲ ਸਿੱਖਿਆ ਦਾ ਵੀ ਨਿਰੀਖਣ ਕੀਤਾ ਗਿਆ ਅਤੇ ਇਹ ਪਾਇਆ ਗਿਆ ਕਿ ਮਾਨਸਿਕ ਰੋਗੀ ਬੱਚੇ ਅਧਿਆਪਕ ਦੀ ਸਿੱਖਿਆ ਨਾਲ A B C ਆਦਿ ਬੋਲਣਾ ਸਿੱਖ ਗਏ ਹਨ ।

ਨਿਹਾਲ ਸਿੰਘ ਵਾਲਾ ਦੇ ਤਸੀਲਦਾਰ ਦੇ ਭ੍ਰਿਸ਼ਟਾਚਾਰੀ ਚਿਹਰਾ ਜਲਦੀ ਨੰਗਾ ਕਰਾਂਗੇ, ਨੰਬਰਦਾਰਾ ਐਸੋਸੀਏਸਨ ਮਾਲ ਵਿਭਾਗ ਦੇ ਖਿਲਾਫ ਜਲਦੀ ਸੰਘਰਸ਼ ਸ਼ੁਰੂ ਕਰੇਗੀ: ਪ੍ਰਧਾਨ ਗਾਲਿਬ

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- 

ਪੰਜਾਬ ਨੰਬਰਦਾਰਾਂ ਐਸੋਸੀਏਸਨ ਰਜਿ਼ 169 ਗਾਲਿਬ ਗਰੁੱਪ ਵੱਲੋਂ ਮਾਲ ਵਿਭਾਗ ਦੇ ਭਿ੍ਰਸ਼ਟਾਚਾਰ ਅਫਸਰਾਂ ਵਿਰੁਧ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸੋਸੀਏਸਨ ਦੇ ਪ੍ਰਧਾਨ ਪਰਮਿੰਦਰਜੀਤ ਸਿੰਘ ਗਾਲਿਬ ਨੇ ਪੱਤਰਕਾਰਾਂ ਨਾਲ ਕੀਤੇ।ਉਨ੍ਹਾਂ ਕਿਹਾ ਕਿ ਨਿਹਾਲ ਸਿੰਘ ਵਾਲੇ ਦੇ ਤਹਿਸੀਲਦਾਰ ਅਤੇ ਰਜਿਸਟਰੀ ਕਲਰਕ ਵੱਲੋਂ ਸੂਬੇ ਦੇ ਜਰਨਲ ਸਕੱਤਰ ਤੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜਗਜੀਤ ਸਿੰਘ ਖਾਈ ਵੱਲੋਂ ਪੇਸ਼ ਕੀਤੀ ਰਜਿਸਟਰੀ ਨਾ ਕਰਨਾ ਅਤੇ ਰਿਸ਼ਵਤ ਮੰਗਣ ਨਾ ਸਹਿਣਯੋਗ ਹੈ। ਉਨ੍ਹਾਂ ਕਿਹਾ ਕਿ ਨੰਬਰਦਾਰ ਮਾਲ ਵਿਭਾਗ ਦੀ ਅਹਿਮ ਕੜੀ ਹਨ ਅਤੇ ਭਿ੍ਰਸ਼ ਅਫਸਰਾਂ ਵੱਲੋਂ ਉਨਾਂ ਨੰਬਰਦਾਰ ਨਾਲ ਘਟੀਆ ਵਤੀਰਾ ਸਹਿਣ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਮੁੱਚੀ ਜਥੇਬੰਦੀ ਪ੍ਰਧਾਨ ਜਗਜੀਤ ਸਿੰਘ ਖਾਈ ਦੇ ਨਾਲ ਹੈ।ਉਨ੍ਹਾਂ ਕਿਹਾ ਕਿ ਜੱਥੇਬੰਦੀ ਜਲਦੀ ਮੀਟਿੰਗ ਕਰਕੇ ਸੰਘਰਸ਼ ਵਿੱਢੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਮਾਲ ਵਿਭਾਗ ਅਤੇ ਸਰਕਾਰ ਦੀ ਹੋਵੇਗੀ।ਪ੍ਰਧਾਨ ਪਰਵਿੰਦਰ ਜੀਤ ਸਿੰਘ ਗਾਲਬ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮਾਲ ਮੰਤਰੀ ਤੁਰੰਤ ਰਿਸ਼ਵਤ ਖੋਰ ਅਫਸਰਾਂ ਨੂੰ ਨੱਥ ਪਾਉਣ।ਇਸ ਮੌਕੇ ਹਰਨੇਕ ਸਿੰਘ ਹਠੂਰ ਤਹਿਸੀਲ  ਪ੍ਰਧਾਨ,ਜਸਵੰਤ ਸਿੰਘ ਸੇਖਦੋਲਤ, ਅਵਤਾਰ ਸਿੰਘ ਕਉਕੇ,ਸਤਿਨਾਮ ਸਿੰਘ ਬੱਸੂਵਾਲ, ਬਲਬੀਰ ਸਿੰਘ ਨੰਬਰਦਾਰ,ਮਹਿੰਦਰ ਸਿੰਘ, ਇਕਬਾਲ ਸਿੰਘ ਕਮਾਲਪੁਰਾ,ਆਤਮਾ ਸਿੰਘ ਕਲੇਰ ਅਤੇ ਰੇਸ਼ਮ ਸਿੰਘ ਆਦਿ ਹਾਜ਼ਰ ਸਨ।

ਕਿਸਾਨ ਸੰਘਰਸ਼ ਸਹਿਯੋਗ ਕਮੇਟੀ ਜਗਰਾਉਂ ਵੱਲੋਂ ਭਾਰਤ ਸਰਕਾਰ ਨੂੰ ਮੰਗ ਪੱਤਰ

ਜਗਰਾਉਂ ,ਦਸੰਬਰ  2020 -(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) 

ਭਾਰਤ ਭਰ ਚ ਚੱਲ ਰਹੇ ਕਿਸਾਨ ਸੰਘਰਸ਼ ਸਬੰਧੀ ਅੱਜ ਐੱਸ.ਡੀ.ਐੱਮ. ਦਫ਼ਤਰ ਜਗਰਾਉਂ ਵਿਖੇ ਕਿਸਾਨ ਸੰਘਰਸ਼ ਕਮੇਟੀ ਜਗਰਾਉਂ ਵੱਲੋਂ ਐੱਸ.ਡੀ.ਐੱਮ. ਰਾਹੀਂ ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਮੰਗ ਪੱਤਰ ਰਾਹੀ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਬਿਨ੍ਹਾਂ ਦੇਰ ਕੀਤਿਆਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਦਾ ਐਲਾਨ ਕੀਤਾ ਜਾਵੇ। ਕਿਸਾਨ ਵਿਰੋਧੀ ਕਨੂੰਨ, ਬਿਜਲੀ ਸੋਧ ਬਿੱਲ, ਖੇਤੀਬਾੜੀ ਪ੍ਰਦੂਸ਼ਣ ਐਕਟ ਰੱਦ ਕੀਤੇ ਜਾਣ। ਸਿੱਖਿਆ ਦਾ ਨਿੱਜੀਕਰਨ ਤੇ ਭਗਵਾਕਰਨ ਬੰਦ ਕੀਤਾ ਜਾਵੇ। ਜੇਲ੍ਹਾਂ ਚ ਬੰਦ ਜਮਹੂਰੀ ਹੱਕਾਂ ਦੇ ਕਾਰਕੁਨ ਰਿਹਾਅ ਕੀਤੇ ਜਾਣ। ਸਰਕਾਰੀ ਅਦਾਰੇ ਵੇਚਣੇ ਬੰਦ ਕੀਤੇ ਜਾਣ ਆਦਿ ਮੰਗਾਂ ਕੀਤੀਆਂ ਗਈਆਂ। ਰੈਲੀ ਚ ਬੁਲਾਰਿਆਂ ਨੇ ਇਸ ਗੱਲ ਤੇ ਤਸੱਲੀ ਜਾਹਰ ਕੀਤੀ ਕਿ ਫਾਸ਼ੀ ਸਰਕਾਰ ਘੋਲ ਨੂੰ ਹੰਭਾਉਣ ਚ ਬੁਰੀ ਤਰ੍ਹਾ ਨਾਕਾਮ ਰਹੀ ਹੈ ਅਤੇ ਘੋਲ ਦਿਨ ਬ ਦਿਨ  ਵੱਡਾ ਹੁੰਦਾ ਜਾ ਰਿਹਾ ਹੈ।ਬੁਲਾਰਿਆਂ ਨੇ ਕਿਸਾਨ ਲੀਡਰਾਂ ਦੇ ਫੈਸਲੇ ਕਿ ਕਾਲੇ ਕਾਨੂੰਨਾਂ ਨੂੰ ਪਾਰਲੀਮੈਂਟ ਦਾ ਵਿਸ਼ੇਸ਼ ਸਤਰ ਬੁਲਾ ਕੇ ਰੱਦ ਕੀਤਾ ਜਾਵੇ ਦਾ ਸਵਾਗਤ ਕੀਤਾ। ਮੌਕਾਪ੍ਰਸਤ ਸਿਆਸੀ ਪਾਰਟੀਆਂ ਦਾ ਦੋਗਲਾਪਣ ਨੰਗਾ ਕਰਦੇ ਹੋਏ ਬੁਲਾਰਿਆਂ ਨੇ ਅਪਣੀ ਰਾਖੀ ਆਪ ਕਰੋ,ਜੋਕਾਂ ਤੋਂ ਨਾ ਝਾਕ ਕਰੋ ਦੇ ਨਾਅਰੇ ਬੁਲੰਦ ਕੀਤੇ। ਅੱਜ ਦੀ ਇਸ ਮੀਟਿੰਗ ਚ ਹਰਬੰਸ ਸਿੰਘ ਅਖਾੜਾ, ਅਵਤਾਰ ਸਿੰਘ ਡਾਇਟ, ਜੋਗਿੰਦਰ ਆਜ਼ਾਦ, ਮਲਕੀਤ ਸਿੰਘ, ਕਰਮ ਸਿੰਘ ਸੰਧੂ, ਹਰਭਜਨ ਸਿੰਘ ਸਿੱਧੂ, ਮਜ਼ਦੂਰ ਆਗੂ ਬਲਦੇਵ ਰਸੂਲਪੁਰ, ਕਿਸਾਨ ਆਗੂ ਜਸਮੇਲ ਸਿੰਘ ਅਤੇ ਪਰਵਾਰ ਸਿੰਘ, ਸੱਤਪਾਲ ਸਿੰਘ ਦੇਹੜਕਾ, ਸਾਹਿਤਕਾਰ ਰਾਜਦੀਪ ਸਿੰਘ ਤੂਰ, ਪ੍ਰਭਜੋਤ ਸੋਹੀ, ਸੁਖਦੇਵ ਹਠੂਰ, ਡੀ.ਟੀ.ਐੱਫ਼. ਆਗੂ ਮਨਜਿੰਦਰ ਸਿੰਘ ਚੀਮਾ, ਦਵਿੰਦਰ ਸਿੰਘ ਸਿੱਧੂ, ਸੁਧੀਰ ਝਾਂਜੀ, ਹਰਦੀਪ ਸਿੰਘ, ਸਰਬਜੀਤ ਸਿੰਘ, ਭਜਨ ਸਿੰਘ, ਬਲਜਿੰਦਰ ਸਿੰਘ ਗੁਰਮੀਤ ਸਿੰਘ,ਜਸਵੰਤ ਕਲੇਰ ਆਦਿ ਹਾਜ਼ਰ ਸਨ।

ਮੋਦੀ ਸਰਕਾਰ ਦੇ"ਕਾਲੇ ਕਾਨੂੰਨ ਖਿਲਾਫ ਜੰਗ ਜਿੱਤ ਕੇ ਆਵਾਂਗੇ -ਕੈਪਟਨ ਕੁਲਵੰਤ ਸਿੰਘ ਬਾੜੇਵਾਲ

ਲੁਧਿਆਣਾ, ਦਸੰਬਰ  2020 (ਰਾਣਾ ਸ਼ੇਖਦੌਲਤ)

ਮੋਦੀ ਸਰਕਾਰ ਨੇ ਖੇਤੀ ਮਾਰੂ ਕਾਨੂੰਨ ਬਿੱਲਾ ਨੂੰ ਪਾਸ ਕਰਕੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਪਰ ਕਿਸਾਨ ਜੱਥੇਬੰਦੀਆਂ ਇਹ ਕਾਲੇ ਕਾਨੂੰਨ ਨੂੰ ਰੱਦ ਕਰਵਾ ਕੇ ਹੀ ਵਾਪਿਸ ਆਉਣ ਗਈਆਂ ਅੱਜ ਕੈਪਟਨ ਕੁਲਵੰਤ ਸਿੰਘ ਬਾੜੇਵਾਲ ਨੇ ਕਿਹਾ ਕਿ ਪਿੰਡ ਬਾੜੇਵਾਲ ਨੇ ਕਿਸਾਨਾਂ ਲਈ ਬਿਸਤਰੇ,ਅਤੇ ਵਿੱਤੀ ਸਹਾਇਤਾ ਵੀ ਭੇਜੀ ਹੈ ਅਤੇ ਜਿਨ੍ਹਾਂ ਦਾਨੀ ਸੱਜਣਾਂ ਨੇ ਇਹ ਮੱਦਦ ਕੀਤੀ ਹੈ ਕੈਪਟਨ ਕੁਲਵੰਤ ਸਿੰਘ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਜਿਨ੍ਹਾਂ ਨੇ ਹੋਰ ਵੀ ਮੱਦਦ ਕੀਤੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਕੈਪਟਨ ਕੁਲਵੰਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈਂਸ ਬਿੱਲਾ ਨੂੰ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ ਇਸ ਕਰਕੇ ਕਿਸਾਨ ਜੱਥੇਬੰਦੀਆਂ ਲਗਾਤਾਰ 2 ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਨੇ ਅਤੇ ਇਸ ਜੰਗ ਨੂੰ ਜਾਰੂਰ ਜਿੱਤਾਗੇ ਅਸੀਂ ਸਾਰੇ ਐਡਵੋਕੇਟ ਅਤੇ ਆਰਮੀ ਦੇ ਸਾਰੇ ਸਾਰੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ

ਕੂੜੇ ਦੇ ਡੰਪ ਨੂੰ  ਹਟਾਕੇ ਮਿਉਂਸਪਲ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ-ਮਲਕੀਤ ਸਿੰਘ ਦਾਖਾ

ਜਗਰਾਉਂ, ਦਸੰਬਰ 2020 (ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

 ਜਗਰਾਉਂ ਦੇ ਪ੍ਰਮੁੱਖ ਸ੍ਰੀ ਭਦਰਕਾਲੀ ਮੰਦਿਰ ਦੇ ਬਾਹਰ ਬੜੇ ਲੰਮੇ ਸਮੇਂ ਤੋਂ ਕੁੜੇ ਦੇ ਡੰਪ ਨੂੰ ਚੁਕਾਨ ਲਈ ਇਕ ਸੰਘਰਸ਼ ਚਲ ਰਿਹਾ ਸੀ ਅੱਜ ਉਹ ਸੰਘਰਸ਼ ਜਿਤ ਕੇ ਉਸ ਜਗ੍ਹਾ ਤੇ ਮਿਉਂਸੀਪਲ ਕਮੇਟੀ ਵਲੋਂ ਇਕ ਸੁੰਦਰ ਪਾਰਕ ਦੇ ਨਿਰਮਾਣ ਲਈ 47 ਲੱਖ ਰੁਪਏ ਲਗਾਏ ਜਾਣ ਗੇ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਚੈਅਰਮੈਨ ਜ਼ਿਲ੍ਹਾ ਪਲਾਨੀਗ ਬੋਰਡ ਸ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਇਸ ਜਗ੍ਹਾ ਤੇ ਮਿਉਂਸਪਲ ਪਾਰਕ ਦਾ ਨਿਰਮਾਣ ਕਰਕੇ ਸ਼ਹਿਰ ਵਾਸੀਆਂ ਨੂੰ ਸੋਂਪਿਆ ਜਾਵੇਗਾ। ਇਸ ਸਮੇਂ ਉਨ੍ਹਾਂ ਨੇ ਉਸ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਨਾਲ ਐਸ ਉ ਸੁਖਦੀਪ ਸਿੰਘ, ਰਵਿੰਦਰ ਕੁਮਾਰ ਸਭਰਵਾਲ ਫੀਨਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ, ਕਾਕਾ ਗਰੇਵਾਲ ਚੈਅਰਮੈਨ ਮਾਰਕੀਟ ਕਮੇਟੀ,ਕਾਲਾ ਕਲਿਆਨ, ਕਰਮਜੀਤ ਕੈਂਥ, ਸੁਖਦੇਵ ਸਿੰਘ ਸੈਂਬੀ,ਸਾਜਨ ਮਲਹੋਤਰਾ, ਕੁਲਦੀਪ ਸਿੰਘ ਕੈਲੇ , ਗੋਪਾਲ ਸ਼ਰਮਾ, ਪ੍ਰਾਸ਼ਰ ਦੇਵ ਸ਼ਰਮਾ, ਪ੍ਰਵੀਨ ਕੁਮਾਰ ਰਾਣਾ, ਬੋਬੀ ਕਪੂਰ, ਵਿਕਰਮ ਜਸੀ, ਪ੍ਰਿਂਸ ਮਲਕ,ਮਨੀ ਗਰਗ, ਭਜਨ ਸਿੰਘ ਬਚਿੱਤਰ ਸਿੰਘ ਅਮਰ ਜੀਤ, ਸੰਜੀਵ ਚੋਪੜਾ ਆਦਿ ਹਾਜ਼ਰ ਸਨ।

ਪਿੰਡ ਢੋਲਣ ਦੇ ਸਰਪੰਚ ਰਵਿੰਦਰ ਸਿੰਘ ਜੋਗਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- 

ਇੱਥੋਂ ਥੋੜ੍ਹੀ ਦੂਰ ਪਿੰਡ ਢੋਲਣ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਰਪੰਚ ਰਵਿੰਦਰ ਸਿੰਘ ਜੋਗਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਸਰਦਾਰ ਸੋਹਣ ਸਿੰਘ ਕੈਸ਼ੀਅਰ (77) ਦਾ ਅਚਾਨਕ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿਚ ਕੈਪਟਨ ਸੰਦੀਪ ਸਿੰਘ ਸੰਧੂ ਮੇਜਰ ਸਿੰਘ ਮੁੱਲਾਂਪੁਰ, ਕਰਨ ਵੜਿੰਗ, ਮੇਜਰ ਭੇਣੀ ਆਦਿ ਨੇ ਸਰਪੰਚ ਰਵਿੰਦਰ ਸਿੰਘ ਜੋਗਾ ਨਾਲ ਦੁੱਖ ਸਾਂਝਾ ਕੀਤਾ।ਸੋਹਣ ਸਿੰਘ ਕੈਸ਼ੀਅਰ ਦੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ 11 ਦਸੰਬਰ ਨੂੰ ਗੁਰਦਵਾਰਾ ਸ਼ਹੀਦਾਂ ਸਾਹਿਬ ਪਿੰਡ ਢੋਲਣ ਵਿਖੇ ਹੋਵੇਗੀ।

ਹਠੂਰ ਥਾਣੇ ਅੱਗੇ ਦਿੱਤਾ ਰੋਸ ਧਰਨਾ

ਹਠੂਰ, ਦਸੰਬਰ 2020-(ਕੌਸ਼ਲ ਮੱਲ੍ਹਾ)-ਅੱਜ ਪੁਲਿਸ ਥਾਣਾ ਹਠੂਰ ਅੱਗੇ ਜਨਤਕ ਜੱਥੇਬੰਦੀਆ ਅਤੇ ਇਨਸਾਫ ਪਸੰਦ ਲੋਕਾ ਵੱਲੋ ਰੋਸ ਧਰਨਾ ਦੇ ਕੇ ਦਲਿਤ ਲੜਕੀ ਨੂੰ ਸਾੜ ਕੇ ਮਾਰਨ ਵਾਲੇ ਦੋਸੀਆ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।ਇਸ ਸਬੰਧੀ ਮ੍ਰਿਤਕ ਲੜਕੀ ਦੇ ਪਿਤਾ ਤਰਸੇਮ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਮੰੂਮ (ਬਰਨਾਲਾ) ਨੇ ਦੱਸਿਆ ਕਿ ਮੇਰੀ ਨਬਾਲਗ ਲੜਕੀ ਨੂੰ ਇੱਕ ਲੜਕਾ ਵਿਆਹ ਦਾ ਝਾਸਾ ਦੇ ਕੇ ਕਿਸੇ ਅਣ ਦੱਸੀ ਜਗ੍ਹਾਂ ਤੇ ਲੈ ਗਿਆ ਸੀ।ਜਿਸ ਬਾਰੇ ਮੈ ਥਾਣਾ ਮਹਿਲ ਕਲਾਂ ਵਿਖੇ ਦਰਖਾਸਤ ਦਿੱਤੀ ਸੀ ਪਰ ਪੁਲਿਸ ਨੇ ਲੜਕੀ ਦੀ ਕੋਈ ਪੜਤਾਲ ਨਹੀ ਕੀਤੀ।ਮ੍ਰਿਤਕ ਲੜਕੀ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਮੈਨੂੰ ਕੁਝ ਦਿਨ ਪਹਿਲਾ ਹੀ ਪਤਾ ਲੱਗਾ ਸੀ ਕਿ ਮੇਰੀ ਲੜਕੀ ਨੂੰ ਪਿੰਡ ਚੱਕ ਭਾਈ ਕਾ ਦਾ ਲੜਕਾ ਆਪਣੇ ਘਰ ਲੈ ਗਿਆ ਹੈ ਅਤੇ ਲੜਕੇ ਦੇ ਪਰਿਵਾਰ ਵੱਲੋ ਮੇਰੀ ਲੜਕੀ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ।ਜਿਸ ਦੀ 27 ਨਵੰਬਰ ਨੂੰ ਚੰਡੀਗੜ੍ਹ ਦੇ ਇੱਕ ਹਸਪਤਾਲ ਵਿਚ ਮੌਤ ਹੋ ਗਈ ਅਤੇ ਮੇਰੀ ਲੜਕੀ ਦਾ ਸਰਕਾਰੀ ਹਸਪਤਾਲ ਜਗਰਾਓ ਵਿਖੇ ਪੋਸਟਮਾਰਟਮ ਕਰਵਾਇਆ ਗਿਆ,ਪਰ ਹਠੂਰ ਪੁਲਿਸ ਨੇ ਲੜਕੇ ਦੇ ਪਰਿਵਾਰ ਤੇ ਕੋਈ ਵੀ ਕਾਰਵਾਈ ਨਹੀ ਕੀਤੀ।ਉਨ੍ਹਾ ਕਿਹਾ ਕਿ ਸਾਨੂੰ ਹਠੂਰ ਪੁਲਿਸ ਵੱਲੋ ਵਾਰ-ਵਾਰ ਆਖਿਆ ਗਿਆ ਕਿ ਜਦੋ ਪੋਸਟਮਾਰਟਮ ਦੀ ਰਿਪੋਰਟ ਆਏਗੀ ਤਾਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾ ਪੁਲਿਸ ਪ੍ਰਸਾਸਨ ਦੇ ਉੱਚ ਅਧਿਅਕਾਰੀ ਤੋ ਮੰਗ ਕੀਤੀ ਕਿ ਲੜਕੀ ਦੇ ਕਾਤਲਾ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ।ਇਸ ਮੌਕੇ ਉਨ੍ਹਾ ਨਾਲ ਰਣਜੀਤ ਸਿੰਘ ਛੀਨੀਵਾਲ ਕਲਾਂ,ਕਾਕਾ ਸਿੰਘ,ਭੋਲਾ ਸਿੰਘ,ਕਮਲ ਸਿੰਘ,ਜਗਤਾਰ ਸਿੰਘ,ਰਮਨ ਕੌਰ,ਸੰਦੀਪ ਕੌਰ,ਤਾਰੀ ਕੌਰ,ਤਰਸੇਮ ਸਿੰਘ, ਉਜਾਗਰ ਸਿੰਘ ਅੱਕੀ ਕੌਰ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇਚਾਰਜ ਰੁਬਨੀਵ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮ੍ਰਿਤਕ ਲੜਕੀ ਵੱਲੋ ਪਹਿਲਾ ਆਪਣੇ ਮਾਤਾ-ਪਿਤਾ ਅਤੇ ਭਰਾ ਖਿਲਾਫ ਕੋਰਟ ਵਿਚ ਬਿਆਨ ਦਰਜ ਕਰਵਾਏ ਗਏ ਹਨ ਅਤੇ ਮਰਨ ਤੋ ਪਹਿਲਾ ਲੜਕੀ ਨੇ ਬਿਆਨ ਦਿੱਤੇ ਕਿ ਮੈ ਘਰ ਵਿਚ ਖਾਣਾ ਬਣਾ ਰਹੀ ਸੀ ਤਾਂ ਗੈਸ ਲੀਕ ਹੋਣ ਕਾਰਨ ਮੈਨੂੰ ਅੱਗ ਲੱਗੀ,ਮੇਰੇ ਸਹੁਰੇ ਪਰਿਵਾਰ ਨੇ ਅੱਗ ਬੁਝਾਉਣ ਦੀ ਬਹੁਤ ਕੋਸਿਸ ਕੀਤੀ ਉਨ੍ਹਾ ਮੇਰੇ ਉੱਪਰ ਕੰਬਲ ਵੀ ਦਿੱਤਾ ।

ਗੁਰੂ ਜੀ ਦੇ ਕਿਰਤ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਕਿਸਾਨਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਵਲੋਂ ਦਿਬਾਇਆ ਨਹੀਂ ਜਾ ਸਕਦਾ: ਪ੍ਰਧਾਨ ਪ੍ਰਿਤਪਾਲ ਸਿੰਘ ਪਾਰਸ

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- 

ਸਿੱਖ ਧਰਮ ਦੇ ਮੋਢੀ ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਲੋਂ ਕਿਰਤ ਅਤੇ ਸਿਧਾਂਤ ਤੇ ਪਹਿਰਾ ਦਿੱਤਾ ਅਤੇ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਉਨਾ ਨੇ ਖੁਦ ਖੇਤੀ ਕੀਤੀ ਅਤੇ ਅੱਜ ਪੰਜਾਬ ਦਾ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਸਾਂਝੇ ਤੌਰ ਤੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਸਭਾ ਇੰਟਰਨੈਸ਼ਨਲ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕਿਹਾ ਹੈ ਕਿ ਉਹ ਅੱਜ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਕਰਨ । ਉਨ੍ਹਾਂ ਆਖਿਆ ਹੈ ਕਿ ਗੁਰੂ ਜੀ ਨੇ ਸਦੀਆ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਤੇ ਗੁਰੂ ਜੀ ਦੇ ਕਿਰਤ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਕਿਸਾਨਾਂ ਨੂੰ ਦਬਾਇਆ ਜਾਣਾ ਨਿੰਦਣਯੋਗ ਹੈ।ਸਰਕਾਰ ਦੀ ਅੜੀ ਕਾਰਨ ਅੰਨਦਾਤਾ ਆਪਣੀ ਹੋਦ ਦੀ ਲੜਾਈ ਲੜਦਾ ਹੋਇਆ ਘਰੋਂ ਬੇਘਰ ਹੋ ਗਿਆ ਹੈ ਇਸ ਮੌਕੇ ਉਨ੍ਹਾਂ ਸੰਗਤਾ ਨੂੰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਤੇ ਚੱਲਣ ਦੀ ਪ੍ਰੇਰਨਾ ਦਿਦਿਆਂ ਕਿਹਾ ਕਿ ਗੁਰੂ ਸਾਹਿਬ ਸਮੁੱਚੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਰਹਿਬਰ ਸਨ ਜਿੰਨ੍ਹਾਂ ਨੇ ਆਪਣੀ ਵਿਚਾਰਧਾਰਾ ਨਾਲ ਸਮਾਜ ਅੰਦਰ ਇਕ ਵੱਡੀ ਤਬਦੀਲੀ ਲਿਆਂਦੀ।ਉਹਨਾਂ ਨੇ ਲੋਕਾਂ ਦੀ ਗੁਲਾਮ ਮਾਨਸਿਕਤਾ ਨੂੰ ਆਪਣੇ ਵਿਚਾਰਾ ਨਾਲ ਅਜ਼ਾਦੀ ਦੇ ਰਾਹ ਤੁਰਿਆ।ਭਾਈ ਪਾਰਸ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਦੀ ਨਬਜ਼ ਪਛਾਣ ਅਤੇ ਇਮਾਨਦਾਰੀ ਨਾਲ ਕਿਸਾਨਾਂ ਦੀ ਪ੍ਰਫੁਲਤਾ ਲਈ ਕੰਮ ਕਰੇ ਤਾਂ ਹੀ ਦੇਸ਼ ਦਾ ਸਮੁੱਚਾ ਕਿਸਾਨ ਖੁਸ਼ਹਾਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਜਲਦੀ ਵਾਪਸ ਲਵੇ।

 

ਪਿੰਡ ਗਾਲਿਬ ਖੁਰਦ ਦੇ 19 ਸਾਲ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )- 

ਇੱਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਖੁਰਦ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ 19 ਸਾਲ ਦਾ ਪਰਮਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਤੇ ਦੋ ਭੈਣਾਂ ਦਾ ਲਾਡਲਾ ਭਰਾ ਸੀ ਜੋ ਬੀਤੀ ਦੇਰ ਸ਼ਾਮ ਜਗਰਾਉਂ ਤੋਂ ਟਿਊਸ਼ਨ ਪੜ੍ਹਕੇ ਬੋਲਟ ਮੋਟਰਸਾਈਕਲ ਤੇ ਆਪਣੀ ਭੈਣ ਰਮਨਦੀਪ ਕੌਰ ਨਾਲ ਘਰ ਆ ਰਿਹਾ ਸੀ ਲੰਡੇ ਰੇਲਵੇ ਫਾਟਕਾਂ ਨੇੜੇ ਸਾਈਕਲ ਸਵਾਰ ਨਾਲ ਟੱਕਰ  ਹੋਈ ਤਾਂ ਖੂਨ ਨਾਲ ਲਥਪਥ ਭੈਣ ਭਰਾ ਨੂੰ ਲੋਕਾਂ ਨੇ ਜਗਰਾਓਂ ਹਸਪਤਾਲ ਵਿੱਚ ਲਿਜਾਇਆ ਗਿਆ। ਪਰ ਰਾਸਤੇ ਵਿਚ ਪਰਮਿੰਦਰ ਸਿੰਘ ਦੀ ਮੌਤ ਹੋ ਗਈ। ਜਿਸ ਨੂੰ ਹਸਪਤਾਲ ਦੇ ਡਾਕਟਰ ਨੇ ਮ੍ਰਿਤਕ ਐਲਾਨ ਦਿੱਤਾ ਤੇ ਰਮਨਦੀਪ ਕੌਰ ਦੇ ਗੰਭੀਰ ਸੱਟਾਂ ਲੱਗੀਆਂ ਦੂਜੇ ਪਾਸੇ ਸਾਈਕਲ ਸਵਾਰ ਦੀ ਮੌਕ ਤੇ ਹੀ ਮੌਤ ਹੋ ਗਈ। ਨੌਜਵਾਨ ਪਰਮਿੰਦਰ ਸਿੰਘ ਦੀ ਅਚਾਨਕ ਮੌਤ ਕਾਰਨ ਪਿੰਡ ਵਿਚ ਮਾਤਮ ਤੇ ਸੋਗਮਈ ਮਾਹੌਲ ਹੈ ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਨੂੰ ਅੰਤਮ ਸੰਸਕਾਰ ਸਮੇਂ ਰਿਸ਼ਤੇਦਾਰ ਦੋਸਤ ਇਲਾਕਾ ਨਿਵਾਸੀਆਂ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।ਹੈ ਇਸ ਸਮੇਂ ਸਰਪੰਚ ਗੁਰਪ੍ਰੀਤ ਸਿੰਘ ਪੀਤਾ ਤੇ ਅਮਰਜੀਤ ਸਿੰਘ ਗਾਲਿਬ ਨੇ ਦੱਸਿਆ ਕਿ ਪਰਮਿੰਦਰ ਸਿੰਘ ਦੀ ਅੰਤਮ ਅਰਦਾਸ ਦੇ ਭੋਗ 11 ਦਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।