You are here

ਪੰਜਾਬ

ਪੁਲਿਸ ਨੇ 1 ਲੱਖ 70 ਹਜ਼ਾਰ ਰੁਪਏ ਤੇ 15 ਤੋਲੇ ਸੋਨਾ 6 ਘੰਟਿਆਂ 'ਚ ਲੱਭਿਆ। 

ਮਹਿਲ ਕਲਾਂ /ਬਰਨਾਲਾ -ਸਤੰਬਰ 2020 (ਗੁਰਸੇਵਕ ਸਿੰਘ ਸੋਹੀ)- ਬਲਾਕ ਮਹਿਲ ਕਲਾਂ ਦੇ ਪਿੰਡ ਚੁਹਾਣਕੇ ਕਲਾਂ ਵਿਖੇ ਇੱਕ ਕਿਸਾਨ ਪਰਿਵਾਰ ਦੇ ਘਰ ਬੀਤੀ ਰਾਤ ਸੋਨਾ ਅਤੇ ਨਕਦੀ ਚੋਰੀ ਕੀਤੇ ਜਾਣ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਸੀਆਈਏਏ ਸਟਾਫ ਦੇ ਸਹਿਯੋਗ ਨਾਲ ਚੋਰੀ ਨੂੰ ਟਰੇਸ ਕਰਕੇ ਪਰਿਵਾਰਕ ਮੈਂਬਰਾਂ ਤੋਂ ਸੋਨਾ ਅਤੇ ਨਕਦੀ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਮੌਕੇ ਪੁਲਿਸ ਥਾਣਾ ਮਹਿਲ ਕਲਾਂ ਦੇ ਮੁਖੀ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਲ ਕਲਾਂ ਪੁਲਿਸ ਨੂੰ ਗੁਰਤੇਜ ਸਿੰਘ ਪੁੱਤਰ ਜੀਤ ਸਿੰਘ ਵਾਸੀ ਚੁਹਾਣਕੇ ਕਲਾਂ ਦੇ ਘਰ ਸੋਹਣਾ ਅਤੇ ਨਕਦੀ ਚੋਰੀ ਹੋਣ ਦੀ ਸੂਚਨਾ ਮਿਲੀ ਸੀ।ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਏ ਐੱਸ ਪੀ ਮਹਿਲ ਕਲਾਂ ਡਾਕਟਰ ਪ੍ਰੱਗਿਆ ਜੈਨ ਦੀ ਅਗਵਾਈ ਹੇਠ ਬਣੀ ਟੀਮ ਉਕਤ ਚੋਰੀ ਨੂੰ ਕੁਝ ਹੀ ਘੰਟਿਆਂ ਵਿੱਚ ਟਰੇਸ ਕਰਕੇ ਪਰਿਵਾਰਕ ਮੈਂਬਰਾਂ ਵਿੱਚੋਂ ਹੀ ਸੋਨਾ ਅਤੇ ਨਕਦੀ ਬਰਾਮਦ ਕਰ ਲਈ ਗਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਪ੍ਰੱਗਿਆ ਜੈਨ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਸੁਰੱਖਿਆ   ਲਈ ਹੈ ਇਸ ਲਈ ਉਨ੍ਹਾਂ ਦੀ ਹਰ ਮੁਸ਼ਕਲ ਨੂੰ ਹੱਲ ਕਰਨਾ ਸਾਡਾ ਮੁੱਢਲਾ ਫਰਜ ਤੇ ਡਿਊਟੀ ਹੈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਤੋਂ ਡਰਨ ਦੀ ਬਜਾਏ ਪੁਲਿਸ ਨੂੰ ਸਹਿਯੋਗ ਕਰਨ ਤਾਂ ਜੋ ਕੋਈ ਵੀ ਗਲਤ ਅਨਸਰ ਸਮਾਜ ਵਿੱਚ ਸਿਰ ਨਾ ਚੁੱਕ ਸਕੇ ਡਾ ਜੈਨ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਗਲਤ ਕੰਮ ਕਰਨੇ ਛੱਡ ਦੇਣ ਉਨ੍ਹਾਂ ਕਿਹਾ ਕਿ ਮਾਣਯੋਗ ਐੱਸ ਐੱਸ ਪੀ ਬਰਨਾਲਾ ਸ੍ਰੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੀ ਟੀਮ ਵੱਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦਾ ਜੋ ਬੀੜਾ ਚੁੱਕਿਆ ਉਸ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ।

ਪੰਜਾਬ ਵਿਚ ਕੋਰੋਨਾ ਨਾਲ ਬੁਧਵਾਰ ਨੂੰ 79 ਮੌਤਾਂ

ਇਹਨਾਂ ਵਿੱਚ ਬਰਨਾਲੇ ਤੋਂ ਪੰਜ ਮਹੀਨਿਆਂ ਦੀ ਗਰਭਵਤੀ ਵੀ ਸ਼ਾਮਲ 

ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਵਿਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਦਰਮਿਆਨ ਬੁੱਧਵਾਰ ਨੂੰ ਕੁਝ ਰਾਹਤ ਮਿਲੀ ਹੈ। ਇਸ ਦਿਨ 2387 ਲੋਕ ਇਨਫੈਕਟਿਡ ਪਾਏ ਗਏ ਤੇ 2756 ਲੋਕ ਕੋਰੋਨਾ ਨੂੰ ਮਾਤ ਦੇਣ ਵਿਚ ਸਫਲ ਵੀ ਹੋਏ ਹਨ। ਉਧਰ ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ ਵੀ ਮੰਗਲਵਾਰ ਦੇ ਮੁਕਾਬਲੇ ਬੇਹੱਦ ਘੱਟ ਰਹੀ ਹੈ। ਮੰਗਲਵਾਰ ਨੂੰ ਜਿੱਥੇ 90 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਸੀ ਉੱਥੇ ਬੁੱਧਵਾਰ ਨੂੰ ਇਹ ਅੰਕੜਾ 79 ਰਿਹਾ। ਮਰਨ ਵਾਲਿਆਂ ਵਿਚ ਪਟਿਆਲੇ ਵਿਚ ਥਾਣੇ ਵਿਚ ਤਾਇਨਾਤ ਹੋਮਗਾਰਡ ਜਵਾਨ ਤੇ ਬਰਨਾਲੇ ਵਿਚ ਪੰਜ ਮਹੀਨਿਆਂ ਦੀ ਗਰਭਵਤੀ ਵੀ ਸ਼ਾਮਲ ਹਨ। ਬੁੱਧਵਾਰ ਨੂੰ ਲੁਧਿਆਣੇ ਵਿਚ ਸਭ ਤੋਂ ਜ਼ਿਆਦਾ 15 ਲੋਕਾਂ ਦੀ ਮੌਤ ਹੋਈ ਹੈ। ਏਸੇ ਤਰ੍ਹਾਂ ਅੰਮਿ੍ਤਸਰ 'ਚ 12, ਪਟਿਆਲਾ ਤੇ ਜਲੰਧਰ ਵਿਚ ਦਸ-ਦਸ ਲੋਕ ਕੋਰੋਨਾ ਦਾ ਸ਼ਿਕਾਰ ਬਣੇ ਹਨ। ਏਸੇ ਤਰ੍ਹਾਂ ਪਟਿਆਲੇ 'ਚ 292, ਲੁਧਿਆਣੇ ਵਿਚ 286, ਅੰਮਿ੍ਤਸਰ ਵਿਚ 258, ਮੋਹਾਲੀ ਵਿਚ 249, ਜਲੰਧਰ ਵਿਚ 198, ਹੁਸ਼ਿਆਰਪੁਰ ਵਿਚ 206, ਗੁਰਦਾਸਪੁਰ 'ਚ 148 ਤੇ ਬਠਿੰਡੇ ਵਿਚ 109 ਲੋਕ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚੋਂ ਅੰਮਿ੍ਤਸਰ ਵਿਚ ਬੀਐੱਸਐੱਫ ਦੇ 49 ਜਵਾਨ, ਗੁਰਦਾਸਪੁਰ ਵਿਚ ਤਿੰਨ ਸਿਹਤ ਮੁਲਾਜ਼ਮ ਤੇ ਪਠਾਨਕੋਟ ਦੇ ਸਰਨਾ ਸਥਿ ਬੈਂਕ ਆਫ ਇੰਡੀਆ ਦੇ ਤਿੰਨ ਮੁਲਾਜ਼ਮ ਸ਼ਾਮਲ ਹਨ। ਬੈਂਕ ਮੁਲਾਜ਼ਮਾਂ ਦੇ ਇਨਫੈਕਟਿਡ ਪਾਏ ਜਾਣ ਬਾਅਦ ਬਰਾਂਚ ਦਾ ਪੂਰਾ ਸਟਾਫ ਕੁਆਰੰਟਾਈਨ ਹੋ ਗਿਆ ਹੈ। ਕੋਰੋਨਾ ਕਾਰਨ ਜਿੱਥੇ ਸਿਹਤ ਵਿਭਾਗ ਹਸਪਤਾਲਾਂ ਵਿਚ ਸਾਰੇ ਪ੍ਰਬੰਧ ਪੂਰੇ ਕਰਨ ਦਾ ਦਾਅਵਾ ਕਰ ਰਿਹਾ ਹੈ ਉੱਥੇ ਗੁਰਦਾਸਪੁਰ ਜ਼ਿਲ੍ਹੇ ਨੂੰ ਢਾਈ ਮਹੀਨੇ ਪਹਿਲਾਂ ਮਿਲੇ ਚਾਰ ਵੈਂਟੀਲੇਟਰ ਸਹੀ ਤਰੀਕੇ ਨਾਲ ਨਾ ਚੱਲਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਮਰੀਜ਼ਾਂ ਨੂੰ ਅੰਮਿ੍ਤਸਰ ਰੈਫਰ ਕੀਤਾ ਜਾ ਰਿਹਾ ਹੈ।

ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਖੁੱਲ੍ਹਾ ਪੱਤਰ

 

ਅੰਮਿ੍ਤਸਰ, ਸਤੰਬਰ 2020 -(ਜਸਮੇਲ਼ ਗਾਲਿਬ/ਮਨਜਿੰਦਰ ਗਿੱਲ)- ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ। ਉਨ੍ਹਾਂ ਨੇ ਇਸ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਕਾਰਜਕਾਰਨੀ ਨੂੰ ਲਿਖਿਆ ਕਿ ਉਹ ਉਸ ਸੰਸਥਾ ਦੇ ਜ਼ਿੰਮੇਵਾਰ ਹਨ, ਜਿਸ ਦੀਆਂ ਜੜ੍ਹਾਂ ਅੰਦਰ ਉਨ੍ਹਾਂ ਕੌਮ ਪ੍ਰਸਤ ਗੁਰਸਿੱਖਾਂ ਦਾ ਖ਼ੂਨ ਹੈ, ਜੋ ਬ੍ਰਾਹਮਣਵਾਦੀ ਸੋਚ ਦੇ ਸਮੱਰਥਕ ਮਹੰਤਾਂ ਨੂੰ ਗੁਰੂ ਘਰ ਵਿਚੋਂ ਕੱਢਣ ਲਈ ਸ਼ਹਾਦਤਾਂ ਦਾ ਜਾਮ ਪੀ ਗਏ। ਸਭ ਜਾਣਦੇ ਹਨ ਕਿ ਸੰਨ 1920 ਤੋਂ ਕਿਹੜੇ ਹਾਲਾਤ 'ਚ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਵਜੋਂ ਕੰਮ ਕੀਤਾ। ਸੰਨ 1984 ਤੋਂ ਬਾਅਦ ਅਖੌਤੀ ਸਰਬੱਤ ਖ਼ਾਲਸਾ ਜੋ ਸੰਪਰਦਾਈ ਸਰਪ੍ਰਸਤੀ ਹੇਠ ਹੁੰਦਾ ਹੈ, ਉਹ ਸ਼੍ਰੋਮਣੀ ਕਮੇਟੀ ਨੂੰ ਖ਼ਤਮ ਕਰਨ ਦਾ ਮਤਾ ਪਾਉਂਦਾ ਹੈ। 1984 ਤੋਂ ਬਾਅਦ ਸ਼੍ਰੋਮਣੀ ਕਮੇਟੀ ਆਪਣੀ ਕੌਮੀ ਹਸਤੀ ਨੂੰ ਸੰਭਾਲਣ ਤੋਂ ਪਿੱਛੇ ਹੱਟ ਕੇ ਆਗੂਆਂ ਦੀ ਧੜ੍ਹੇਬੰਦੀ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦੀ ਹੈ। ਅੱਗੇ ਜਾ ਕੇ ਕੀ-ਕੀ ਤੇ ਕਿਵੇਂ ਇਸ ਦੇ ਪ੍ਰਬੰਧਕੀ ਢਾਂਚੇ ਅੰਦਰ ਗਿਰਾਵਟ ਆਉਂਦੀ ਹੈ, ਇਸ ਬਾਰੇ ਪ੍ਰਧਾਨ ਤੇ ਕਾਰਜਕਾਰਨੀ ਕੋਲ ਵੱਧ ਜਾਣਕਾਰੀ ਹੈ। ਉਨ੍ਹਾਂ ਲਿਖਿਆ ਕਿ ਜਦੋਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਇਕ ਅਕਾਲੀ ਧੜ੍ਹਾ ਸਿਧਾਂਤ ਤੇ ਮਰਿਆਦਾ ਤੋਂ ਬੇਮੁੱਖ ਹੋ ਕੇ ਕਾਬਜ਼ ਹੋਇਆ ਹੈ, ਉਸ ਸਮੇਂ ਤੋਂ ਇਸ ਦਾ ਪ੍ਰਬੰਧਕੀ ਮਿਆਰ ਅਤੇ ਤਖ਼ਤ ਸਾਹਿਬਾਨ ਦਾ ਮਾਣ ਸਨਮਾਨ ਦਾਅ 'ਤੇ ਲੱਗਾ ਹੋਇਆ ਹੈ। ਸੰਤ ਸਮਾਜ ਦੀ ਭਾਈਵਾਲੀ ਨਾਲ ਹੋਂਦ ਵਿਚ ਆਈ ਮੌਜੂਦਾ ਨੁਮਾਇੰਦਾ ਜਮਾਤ ਮੌਕੇ ਤਾਂ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਨੂੰ ਚੁਣੌਤੀ ਦੇਣ ਦੀਆਂ ਘਟਨਾਵਾਂ ਦਾ ਹੜ੍ਹ ਹੀ ਆਇਆ ਹੋਇਆ ਹੈ। ਇਹ ਬੜਾ ਗੰਭੀਰ ਵਿਸ਼ਾ ਹੈ। ਦੁੱਖ ਇਹ ਹੈ ਕਿ ਗੌਰ ਕੌਣ ਕਰੇ? ਜਿਹੜੀ ਸੰਸਥਾ ਸਿੱਖ ਕੌਮ ਨੇ ਆਪਣੇ ਕੌਮੀ ਜਾਹੋ ਜਲਾਲ ਲਈ ਖੜ੍ਹੀ ਕੀਤੀ ਸੀ ਉਸ ਦੇ ਵਾਰਸ ਅੱਜ ਸੰਸਥਾ ਨੂੰ ਨਮੋਸ਼ੀ ਦੀ ਸਥਿਤੀ ਵਿਚ ਧੱਕ ਚੁੱਕੇ ਹਨ। ਉਨ੍ਹਾਂ ਪੁੱਛਿਆ ਕਿ ਸੰਸਥਾ ਦੇ ਸੇਵਾਦਾਰ ਜੀਓ! ਖ਼ੁਦ ਸੋਚੋ ਕਿਉਂ ਆਈ ਹੈ ਗਿਰਾਵਟ? ਕਿਉਂ ਹੋ ਗਈ ਇਸ ਸੰਸਥਾ ਦੀ ਬਦਨਾਮੀ? ਕੀ ਇਕੱਲੇ ਮੁਲਾਜ਼ਮ ਗੁਨਾਹਗਾਰ ਹਨ? ਕੀ ਉਨ੍ਹਾਂ ਦੇ ਗੁਨਾਹਾਂ ਦਾ ਅੱਜ ਹੀ ਪਤਾ ਲੱਗਾ ਹੈ? ਗੁਨਾਹਗਾਰਾਂ ਦੀ ਪੁਸ਼ਤਪਨਾਹੀ ਕਿਨ੍ਹਾਂ ਨੇ ਕੀਤੀ ਹੈ? ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਹਰ ਸਾਲ ਨਾਮਜ਼ਦ ਹੁੰਦੀ ਹੈ। ਕੀ ਇਹ ਕਾਰਜਕਾਰਨੀ ਸੁੱਤੀ ਰਹਿੰਦੀ ਹੈ? ਕੀ ਮੁਲਾਜ਼ਮਾਂ ਦੇ ਨਾਲ-ਨਾਲ ਕਾਰਜਕਾਰਨੀ ਗੁਨਾਹਗਾਰ ਨਹੀਂ, ਜਿਸ ਨੇ ਆਪਣੇ ਪ੍ਰਬੰਧ ਦੀਆਂ ਖ਼ਾਮੀਆਂ ਨੂੰ ਨਾ ਲੱਭਿਆ ਤੇ ਨਾ ਸੁਧਾਰਿਆ? ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪ ਵਿਦੇਸ਼ ਭੇਜਣ, ਛਾਪਣ ਅਤੇ ਅੱਗੇ ਸਿੱਖ ਸੰਗਤ ਤਕ ਦੇਣ ਵਾਲੀ ਵਿਧੀ ਨੂੰ ਕੌਣ ਵਿਗਾੜ ਗਿਆ? ਕੌਣ ਦੱਸੇਗਾ? ਛਪਾਈ ਕਾਗਜ਼ ਕਿੰਨਾ ਆਇਆ ਤੇ ਕਿੰਨਾ ਹੇਰ-ਫੇਰ ਹੋ ਗਿਆ? ਸੰਸਥਾ ਸਿਰ ਕਰੋੜਾਂ ਦੇ ਭਾਰ, ਵੱਡੇ-ਵੱਡੇ ਸੀਏ ਦੱਸ ਨਾ ਸਕੇ ਕਿ ਕਿੱਥੇ ਗੜਬੜ ਹੈ। ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪ ਬਿਜਲੀ ਜਾਂ ਕਿਸੇ ਵੀ ਕਾਰਨ ਨੁਕਸਾਨੇ ਜਾਂਦੇ ਹਨ ਤਾਂ ਕੌਮ ਤੋਂ ਓਹਲਾ ਕਿਉਂ ਰੱਖਿਆ ਗਿਆ? 328 ਸਰੂਪ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਬਾਰੇ ਆਈ ਪੜਤਾਲ ਉਪਰੰਤ 27 ਅਗਸਤ ਦੀ ਕਾਰਜਕਾਰਨੀ ਦਾ ਫ਼ੈਸਲਾ 5 ਸਤੰਬਰ ਨੂੰ ਰੱਦ ਕੀਤੇ ਜਾਣ ਨਾਲ ਜੋ ਨੁਕਸਾਨ ਸਿਰਮੌਰ ਸੰਸਥਾ ਦਾ ਹੋਇਆ ਹੈ, ਉਸ ਦੀ ਗੁਨਾਹਗਾਰ ਕਾਰਜਕਾਰਨੀ ਹੈ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਕਾਰਗੁਜ਼ਾਰੀ ਖ਼ਿਲਾਫ਼ ਰੋਸ ਮੁਜ਼ਾਹਰੇ ਹੋ ਰਹੇ ਹਨ। ਸੰਸਥਾ ਵੱਲੋਂ ਸਿੱਖ ਜਥੇਬੰਦੀਆਂ ਨਾਲ ਤਕਰਾਰ ਦਾ ਮਾਹੌਲ ਖੜ੍ਹਾ ਕਰ ਲਿਆ ਗਿਆ ਹੈ। ਸੰਸਾਰ ਭਰ ਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਜਾ ਰਹੇ ਹਨ।  

ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ

ਕਿਸਾਨ ਮਾਰੂ ਆਰਡੀਨੈਂਸਾਂ ਖ਼ਿਲਾਫ਼ ਗ੍ਰਿਫਤਾਰੀ ਦੇਣੀ ਪਈ ਤਾਂ ਪਿੱਛੇ ਨਹੀਂ ਹਟਾਂਗਾ

ਭਗਵੰਤ ਮਾਨ ਕਿਸਾਨਾਂ ਦੀ ਗੱਲ ਕਰੇ,ਅਕਾਲੀ ਦਲ ਨੂੰ ਭੰਡ ਕੇ ਸਿਆਸਤ ਨਾ ਕਰੇ-ਬੀਹਲਾ

ਮਹਿਲ ਕਲਾਂ/ਬਰਨਾਲਾ-ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਟ ਕੇ ਲੋਕ ਸਭਾ ਵਿੱਚ ਬੋਲੇ ਹਨ 'ਤੇ ਕਿਸਾਨਾਂ ਦੇ ਹੱਕ 'ਚ ਅਵਾਜ਼ ਬੁਲੰਦ ਕੀਤੀ ਹੈ। ਸੁਖਬੀਰ ਸਿੰਘ ਬਾਦਲ ਜਿੱਥੇ ਕੇਂਦਰ ਵੱਲੋਂ ਪਾਸ ਕੀਤੇ ਜਾਣ ਵਾਲੇ ਆਰਡੀਨੈਂਸਾਂ ਦੇ ਵਿਰੋਧ 'ਚ ਬੋਲੇ ਹਨ ਉਥੇ ਭਗਵੰਤ ਮਾਨ ਨੇ ਪਾਰਲੀਮੈਂਟ 'ਚ ਕਿਸਾਨਾਂ ਦੇ ਹੱਕ 'ਚ ਬੋਲਣ ਦੀ ਬਜਾਇ ਸ਼੍ਰੋਮਣੀ ਅਕਾਲੀ ਦੇ ਖ਼ਿਲਾਫ਼ ਹੀ ਸਮਾਂ ਬਰਬਾਦ ਕੀਤਾ।ਇਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਆਗੂ 'ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ 'ਤੇ ਮਜ਼ਦੂਰਾਂ ਦੀ ਪਾਰਟੀ ਹੈ,ਜਦੋਂ ਵੀ ਕਦੇ ਕਿਸਾਨਾਂ ਦੇ ਹੱਕਾਂ 'ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ 'ਤੇ ਵਰਕਰਾਂ ਨੇ ਅੱਗੇ ਹੋ ਕੇ ਸੰਘਰਸ਼ ਲੜੇ ਹਨ। ਲੰਮਾ ਸਮੇਂ ਕੇਂਦਰ 'ਚ ਕਾਂਗਰਸ ਦੀ ਸਰਕਾਰ ਰਹੀ ਜਿਸ ਨੇ ਪੰਜਾਬ ਨੂੰ ਤਬਾਹ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ ਸਿੰਘ ਬਾਦਲ 'ਤੇ ਸਮੁੱਚੇ ਲੀਡਰਾਂ ਨੇ ਅਨੇਕਾਂ ਕਸਟ ਚੱਲਦੇ ਹੋਏ ਪੰਜਾਬ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ। ਉਹਨਾਂ ਕਿਹਾ ਕਿ ਪ੍ਰਕਾਸ ਸਿੰਘ ਬਾਦਲ,ਚੌਧਰੀ ਦੇਵੀ ਲਾਲ 'ਤੇ ਚੌਧਰੀ ਚਰਨ ਸਿੰਘ ਹਰ ਸਮੇਂ ਕਿਸਾਨਾਂ ਦੇ ਨਾਲ ਖੜੇ ਹਨ। ਸੁਖਬੀਰ ਸਿੰਘ ਬਾਦਲ ਨੇ ਆਰਡੀਨੈਂਸਾਂ ਦੇ ਵਿਰੁੱਧ ਵੋਟ ਕੀਤੀ ਹੈ ਜਦਕਿ ਆਮ ਆਦਮੀ ਪਾਰਟੀ ਦਾ ਸੰਸਦ ਭਗਵੰਤ ਮਾਨ 'ਤੇ ਕਾਂਗਰਸ ਦੇ ਸੰਸਦ ਇੱਕ ਡਰਾਮਾ ਕਰਕੇ 'ਤੇ ਵਾਕ ਆਉਟ ਦਾ ਬਹਾਨਾ ਬਣਾ ਕੇ ਪਾਰਲੀਮੈਂਟ ਚੋ ਬਾਹਰ ਆ ਗਏ। ਜਿਸ ਨਾਲ ਉਹਨਾਂ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਬਰਨਾਲਾ ਤੋਂ ਵਿਧਾਇਕ ਮੀਤ ਹੇਅਰ 'ਤੇ ਵਿਅੰਗ ਕਸਦਿਆਂ ਕਿਹਾ ਕਿ ਜਿਹੜੇ ਵਿਧਾਇਕ ਨੂੰ ਇਹ ਨਹੀਂ ਪਤਾ ਕਿ ਪਾਰਲੀਮੈਂਟ 'ਚ ਕੌਣ ਬੋਲਿਆ। ਫੇਸਬੁੱਕ 'ਤੇ ਪੋਸਟ ਪਾਉਣ ਨੂੰ ਕਾਹਲੇ ਰਹਿੰਦੇ ਹਨ। ਬੀਹਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜੇ ਪੀ ਨੱਢਾ ਨਾਲ ਵੀ ਮੀਟਿੰਗ ਕੀਤੀ ਗਈ ਹੈ 'ਤੇ ਪੰਜਾਬ ਦੇ ਕਿਸਾਨਾਂ ਦੀ ਮੰਗ ਤੋਂ ਜਾਣੂ ਕਰਵਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਖੜਾ ਹੈ 'ਤੇ ਕਿਸਾਨ ਜਥੇਬੰਦੀਆਂ ਦਾ ਹਰ ਪੱਖੋਂ ਸਾਥ ਦਿੱਤਾ ਜਾਵੇਗਾ, ਜੇਕਰ ਕਿਸਾਨ ਮਾਰੂ ਆਰਡੀਨੈਂਸਾਂ ਖ਼ਿਲਾਫ਼ ਗ੍ਰਿਫਤਾਰੀ ਦੇਣੀ ਪਈ ਤਾਂ ਪਿੱਛੇ ਨਹੀਂ ਹਟਣਗੇ। ਉਹਨਾਂ ਕਿਸਾਨ ਜਥੇਬੰਦੀਆਂ 'ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਾਂਗਰਸ 'ਤੇ ਆਮ ਆਦਮੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਤਰਾਂ ਤਰਾਂ ਦੇ ਯਤਨ ਕੀਤੇ ਜਾ ਰਿਹੇ ਹਨ 'ਤੇ ਨਿਰਾ ਝੂਠ ਫੈਲਾਇਆ ਜਾ ਰਿਹਾ ਹੈ ਇਸ ਲਈ ਇਹਨਾਂ ਦੀ ਡਰਾਮੇਬਾਜ ਗੱਲਾਂ 'ਚ ਨਾ ਆਉਣ।

ਸੁਖਬੀਰ ਸਿੰਘ ਬਾਦਲ ਆਰਡੀਨੈਂਸਾਂ ਨੂੰ ਲੈ ਕੇ ਦੋਹਰੀ ਨੀਤੀ ਅਪਣਾ ਰਿਹਾ ਹੈ।

ਪਾਰਲੀਮੈਂਟ 'ਚ ਆਰਡੀਨੈਂਸਾਂ ਨੂੰ ਲੈ ਕੇ ਸਿਰਫ਼ ਬਹਿਸ ਹੋ ਰਹੀ ਹੈ ਨਾ ਕਿ ਵੋਟਿੰਗ-ਚੀਮਾ

ਮਹਿਲ ਕਲਾਂ/ਬਰਨਾਲਾ-ਸਤੰਬਰ 2020 - (ਗੁਰਸੇਵਕ ਸਿੰਘ ਸੋਹੀ)-ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਂਦਰ ਵੱਲੋਂ ਪਾਸ ਕੀਤੇ ਜਾ ਰਹੇ ਆਰਡੀਨੈਂਸਾਂ ਨੂੰ ਲੈ ਕੇ ਦੋਹਰੀ ਨੀਤੀ ਅਪਣਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਆਰਡੀਨੈਂਸਾਂ ਦੇ ਖ਼ਿਲਾਫ਼ ਹੋਣ ਦਾ ਦਾਅਵਾ ਕਰ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਨੇਤਾ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਮਹਿਲ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਚੀਮਾ ਨੇ ਕਿਹਾ ਕਿ ਦੇਸ ਦੀ ਪਾਰਲੀਮੈਂਟ ਚ ਆਰਡੀਨੈਂਸਾਂ ਨੂੰ ਲੈ ਕੇ ਸਿਰਫ਼ ਬਹਿਸ ਹੋ ਰਹੀ ਹੈ ਨਾ ਕਿ ਵੋਟਿੰਗ,ਪਰ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੋਟਿੰਗ ਹੋਣ ਦਾ ਝੂਠ ਬੋਲ ਰਿਹਾ ਹੈ। ਵੱਡਾ ਝੂਠ ਉਹ ਆਰਡੀਨੈਂਸਾਂ ਦੇ ਵਿਰੋਧ 'ਚ ਵੋਟ ਕਰਨ ਦਾ ਬੋਲ ਰਿਹਾ ਹੈ ਜਿਸ ਤੋਂ ਪੰਜਾਬ ਵਾਸੀ ਜਾਣੂ ਹਨ। ਉਨ੍ਹਾ ਕਿਹਾ ਕਿ ਕੇਂਦਰ ਚ ਵਜ਼ਾਰਤ ਦਾ ਆਨੰਦ ਮਾਣ ਰਿਹਾ ਬਾਦਲ ਪਰਿਵਾਰ ਜੇਕਰ ਸੱਚਮੁੱਚ ਕਿਸਾਨਾਂ ਦੇ ਹਿਤੈਸ਼ੀ ਹੈ ਤਾਂ ਕੇਂਦਰ ਚ ਵਜੀਰ ਬੀਬਾ ਹਰਸਿਮਰਤ ਕੌਰ ਦਾ ਅਸਤੀਫ਼ਾ ਤੁਰੰਤ ਮੋਦੀ ਸਰਕਾਰ ਨੂੰ ਭੇਜਣ। ਬਾਦਲ ਪਰਿਵਾਰ ਪੰਜਾਬ 'ਚ ਹੁੰਦਿਆਂ ਆਰਡੀਨੈਂਸਾਂ ਦੇ ਵਿਰੁੱਧ ਬੋਲਦਾ ਹੈ ਜਦਕਿ ਇਹ ਬਿੱਲ ਭਾਜਪਾ ਵੱਲੋਂ ਸਹਿਯੋਗੀ ਪਾਰਟੀਆਂ ਦੇ ਨਾਲ ਮਿਲ ਕੇ ਲਿਆਂਦਾ ਗਿਆ ਹੈ।ਪਾਰਟੀ ਪ੍ਰਧਾਨ ਤੇ ਸੰਸਦ ਭਗਵੰਤ ਮਾਨ ਪਾਰਲੀਮੈਂਟ 'ਚ ਕਿਸਾਨ ਵਿਰੋਧੀ ਬਿੱਲਾਂ 'ਤੇ ਪਾਰਟੀ ਦਾ ਸਟੈਂਡ ਸਪੱਸ਼ਟ ਕਰ ਚੁੱਕੇ ਹਨ। ਆਮ ਆਦਮੀ ਪਾਰਟੀ ਆਰਡੀਨੈਂਸ ਪਾਸ ਨਹੀ ਕਰਨ ਦੇਵੇਗੀ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਵੱਖ ਵੱਖ ਮੁੱਦਿਆਂ 'ਤੇ ਘੇਰਨ ਲਈ ਆਮ ਆਦਮੀ ਪਾਰਟੀ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਬਿੰਦ੍ਰ ਸਿੰਘ ਖਾਲਸਾ ਹਾਜਰ ਸਨ।

ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਦੇ ਆਗਮਨ ਦਿਵਸ ਨੂੰ ਸਮਰਪਿਤ ਮਹਿਲ ਕਲਾਂ ਵਿਖੇ ਸਲਾਨਾ ਸਮਾਗਮ ਕਰਵਾਇਆ 

ਸਮਾਗਮ ਚ ਹਜਾਰਾਂ ਸੰਗਤਾਂ ਨੇ ਕੀਤੀ ਸਿਰਕਤ

ਮਹਿਲ ਕਲਾਂ/-ਬਰਨਾਲਾ-ਸਤੰਬਰ 2020  (ਗੁਰਸੇਵਕ ਸਿੰਘ ਸੋਹੀ) - ਨਾਨਕਸਰ ਸੰਪਰਦਾਇ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਦੇ ਆਗਮਨ ਦਿਵਸ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਸੰਪੂਰਨਤਾ ਦਿਵਸ ਨੂੰ ਸਮਰਪਿਤ 55 ਵਾਂ ਸਾਲਾਨਾ ਸੰਤ ਸਮਾਗਮ ਮੌਜੂਦਾ ਮਹਾਂਪੁਰਸ਼ ਸੰਤ ਬਾਬਾ ਕੇਹਰ ਸਿੰਘ ਮੁੱਖੀ 13 ਵੀ ਨਾਨਕਸਰ ਠਾਠ ਮਹਿਲ ਕਲਾਂ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਸਮੇ ਪੰਜ ਸ੍ਰੀ ਸੰਪਟ ਅਖੰਡ ਪਾਠ,ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪਟ ਪਾਠ ਅਤੇ ਸ੍ਰੀ ਜਪੁਜੀ ਸਾਹਿਬ ਦੇ ਸੰਪਟ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਸੰਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਸੰਪਟ ਅਖੰਡ ਪਾਠਾਂ ਦੇ ਭੋਗ ਦੀ ਅਰਦਾਸ ਮਹੰਤ ਗੁਰਪ੍ਰੀਤ ਨਾਨਕਸਰ ਮਹਿਲ ਕਲਾ ਨੇ ਕੀਤੀ।ਇਸ ਮੌਕੇ ਸੰਤ ਬਾਬਾ ਜੋਗਾ ਸਿੰਘ ਜੀ ਪਾਣੀਪਤ ਕਰਨਾਲ ਵਾਲਿਆ ਨੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਸਾਦਗੀ ਭਰੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਲੱਖਾ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸੀ। ਇਸ ਮੌਕੇ ਸੰਤ ਬਾਬਾ ਕੇਹਰ ਸਿੰਘ ਮਹਿਲ ਕਲਾ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਸਿੱਖੀ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ  ਕੁਰਬਾਨੀਆਂ ਨੂੰ ਯਾਦ ਰੱਖਣ ਸਿੰਘਾਂ ਤੇ ਬੀਬੀਆਂ ਨੂੰ ਯਾਦ ਰੱਖਣ ਦੀ ਅਪੀਲ ਕਰਦਿਆ ਆਪਣੇ ਬੱਚਿਆਂ ਦੇ ਕੇਸ ਨਾ ਕਤਲ ਕਰਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅਗਲੇ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨੋਜਵਾਨ ਪੀੜੀ ਨੂੰ ਨਸ਼ਿਆ ਦਾ ਤਿਆਗ ਕਰਕੇ ਅੰਮ੍ਰਿਤ ਛਕ ਕੇ ਸਿੰਘ ਸਜਨ ਦੀ ਬੇਨਤੀ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਲੀਡਰ ਵਿਧਾਇਕ ਹਰਪਾਲ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸਾਨੂੰ ਦਸਾਂ ਗੁਰੂਆਂ ਦੇ ਦੱਸੇ ਮਾਰਗ ਤੇ ਚੱਲਣ ਦੀ ਬੇਨਤੀ ਕੀਤੀ।ਇਸ ਅਸਥਾਨ ਨੂੰ ਭਗਤੀ ਤੇ ਸ਼ਕਤੀ ਦਾ ਕੇਂਦਰ ਕਿਹਾ ਜਾਂਦਾ ਹੈ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਜੀ ਨਾਨਕਸਰ ਮਹਿਲ ਕਲਾਂ, ਸੰਤ ਬਾਬਾ ਸਰਦਾਰਾ ਸਿੰਘ ਨਾਨਕਸਰ ਕਲੇਰਾਂ, ਸੰਤ ਬਾਬਾ ਬਲਦੇਵ ਸਿੰਘ ਲੁਧਿਆਣਾ, ਸੰਤ ਬਾਬਾ ਨਾਮਦੇਵ ਜੀ ਘੱਗਾ ਵਾਲੇ, ਸੰਤ ਬਾਬਾ ਕਰਮਜੀਤ ਸਿੰਘ ਧਨੇਠਾ,ਸੰਤ ਬਾਬਾ ਸੁਖਵਿੰਦਰ ਸਿੰਘ ਕੱਟੂ, ਭਾਈ ਬੱਗਾ ਸਿੰਘ ਹਜੂਰੀ ਰਾਗੀ ਨਾਠਕਸਰ ਕਲੇਰਾਂ, ਸੰਤ ਬਾਬਾ ਅਵਤਾਰ ਸਿੰਘ ਕੋਮਲ, ਸੰਤ ਬਾਬਾ ਸੁਰਿੰਦਰ ਸਿੰਘ ਫਰੀਦ ਨਾਨਕਸਰ ਕਮਾਲਪੁਰਾ,ਸੰਤ ਬਾਬਾ ਸੇਰ ਸਿੰਘ ਸੁਨਾਮ, ਬਾਬਾ ਚਮਕੌਰ ਸਿੰਘ ਲੋਹਗੜ੍ਹ, ਰਾਗੀ ਭੋਲਾ ਸਿੰਘ ਸਹਿਜੜਾ, ਬਾਬਾ ਹਰਭਜਨ ਸਿੰਘ ਧਨੇਰ ਹਜੂਰੀ ਰਾਗੀ ਨਾਨਕਸਰ ਮਹਿਲ ਕਲਾਂ, ਰਾਜਵਿੰਦਰ ਸਿੰਘ ਕਲਾਲਮਾਜਰਾ ਤਪਲਾ ਵਾਚਕ, ਭਾਈ ਗੁਰਪ੍ਰੀਤ ਸਿੰਘ ਗੋਪੀ ਨਾਨਕਸਰ ਆਦਿ ਰਾਗੀ ਜੱਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬਾ ਗੁਰਦੀਪ ਸਿੰਘ,ਬਾਬਾ ਬਲਵੀਰ ਸਿੰਘ ਘੋਨਾ, ਭਾਈ ਜਸਵਿੰਦਰ ਸਿੰਘ ਲਾਡੀ, ਗੁਰਪ੍ਰੀਤ ਸਿੰਘ ਗੋਪੀ, ਸ਼੍ਰੋਮਣੀ ਅਕਾਲੀ ਦਲ ਬ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ,ਸਾਬਕਾ ਸਰਪੰਚ ਹਰਭਜਨ ਸਿੰਘ ਮਹਿਲ ਕਲਾਂ ਸੋਢੇ ,ਸਮਾਜ ਸੇਵੀ ਸਰਬਜੀਤ ਸਿੰਘ ਸੰਭੂ, ਭਾਈ ਕਰਮ ਸਿੰਘ,ਰਾਗੀ ਜਗਸੀਰ ਸਿੰਘ ਮਹਿਲ ਕਲਾ,ਕਾਂਗਰਸੀ ਆਗੂ ਸਰਬਜੀਤ ਸਿੰਘ ਸਰਬੀ, ਗੁਰਦੀਪ ਸਿੰਘ ਟੀਵਾਣਾ, ਪ੍ਰੈਸ ਕਲੱਬ ਰਜਿ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਗੁਰਮੁੱਖ ਸਿੰਘ ਹਮੀਦੀ, ਜਗਸੀਰ ਸਿੰਘ ਸਹਿਜੜਾ, ਗੁਰਸੇਵਕ ਸਿੰਘ ਸਹੋਤਾ,ਹਰਪਾਲ ਸਿੰਘ ਪਾਲੀ ਵਜੀਦਕੇ, ਗੁਰਮੀਤ ਸਿੰਘ ਤੇ ਸੁਰਜਨ ਸਿੰਘ ਚੰਨਣਵਾਲ, ਬਾਬਾ ਬਲਵਿੰਦਰ ਸਿੰਘ ਗੰਥੀ, ਯੂਥ ਆਗੂ ਗੁਰਜੀਤ ਸਿੰਘ ਧਾਲੀਵਾਲ ਸਹਿਜੜਾ,  ਵਿਧਾਇਕ ਪੰਡੋਰੀ ਦੇ ਪੀ ਏ ਬਿੰਦਰ ਸਿੰਘ ਖਾਲਸਾ ਮਹਿਲ ਖੁਰਦ,ਕਲੱਬ ਪ੍ਰਧਾਨ ਵਰਿੰਦਰ ਸਿੰਘ ਟੀਵਾਣਾ, ਅਮਰਜੀਤ ਸਿੰਘ ਬੱਸੀਆ ਵਾਲੇ, ਭੋਲਾ ਸਿੰਘ ਸਹੋਰ,ਅਜੈਬ ਸਿੰਘ ਤੇ ਜੱਸੀ ਭੰਮੀਪੁਰਾ,ਭਾਈ ਜਗਰਾਜ ਸਿੰਘ ਧਨੋਲਾ, ਅਮਰਜੀਤ ਸਿੰਘ, ਜਗਸੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਤੇ ਦੇਸ ਵਿਦੇਸ਼ ਦੀਆਂ ਸੰਗਤਾਂ ਹਾਜਰ ਸਨ। ਇਸ ਮੌਕੇ ਸਟੇਜ ਦੀ ਕਾਰਵਾਈ ਭਾਈ ਮਨਜੀਤ ਸਿੰਘ ਸਹਿਜੜਾ ਨੇ ਸੁਚੱਜੇ ਢੰਗ ਨਾਲ ਨਿਭਾਈ।

ਮਾਸਟਰ ਗੁਲਵੰਤ ਸਿੰਘ ਮਾਣੰੂਕੇ ਨਮਿਤ ਸਰਧਾਂਜਲੀ ਸਮਾਰੋਹ ਹੋਇਆ

ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਕੀਤੇ ਸਰਧਾ ਦੇ ਫੁੱਲ ਭੇਂਟ

ਹਠੂਰ ਸਤੰਬਰ 2020 (ਨਛੱਤਰ ਸੰਧੂ)ਹਲਕਾ ਜਗਰਾਓ ਤੋ ਆਪ ਦੇ ਐਮ.ਐਲ.ਏ ਬੀਬੀ ਸਰਬਜੀਤ ਕੌਰ ਮਾਣੰੂਕੇ ਦੇ ਸਤਿਕਾਰਯੋਗ ਪਿਤਾ ਮਾਸਟਰ ਗੁਲਵੰਤ ਸਿੰਘ ਮਾਣੰੂਕੇ ਬੀਤੇ ਦਿਨੀ ਅਕਾਲ ਚਲਾਨਾ ਕਰ ਗਏ ਸਨ।ਪਰਿਵਾਰ ਵੱਲੋ ਉਨ੍ਹਾ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਦੇ ਭੋਗ ਅੱਜ ਉਨ੍ਹਾ ਦੇ ਜੱਦੀ ਪਿੰਡ ਮਾਣੂੰਕੇ ਦੇ ਗੁਰਦੁਆਰਾ ਜੋੜੀਆ ਸਾਹਿਬ ਵਿਖੇ ਪਾਏ ਗਏ,ਉਪਰੰਤ ਵੱਖ-ਵੱਖ ਪਾਰਟੀਆ ਦੇ ਪਹੁੰਚੇ ਹੋਏ ਆਗੂਆ ਨੇ ਉਨ੍ਹਾ ਨੂੰ ਸਰਧਾ ਦੇ ਫੁੱਲ ਭੇਟ ਕਰਦਿਆ ਕਿਹਾ ਕਿ ਮਾਸਟਰ ਜੀ ਨੇ ਜਿੱਥੇ ਕਾਰਜਕਾਲ ਦੌਰਾਨ ਪੜ੍ਹਾਈ ਦੇ ਜਰੀਏ ਨੋਜਵਾਨ ਪੀੜ੍ਹੀ ਨੂੰ ਇੱਕ ਚੰਗੀ ਸੇਧ ਦਿੱਤੀ,ਉਥੇ ਉਨ੍ਹਾ ਨੇ ਆਪਣੇ ਪਰਿਵਾਰ ਨੂੰ ਚੰਗੇ ਸੰਸਕਾਰ ਦੇ ਕੇ ਅਜਿਹਾ ਕਾਬਲ ਬਣਾਇਆ ਕਿ ਜਗਰਾਓ ਹਲਕੇ ਦੇ ਲੋਕਾ ਨੇ ਉਨ੍ਹਾ ਦੀ ਬੇਟੀ ਬੀਬੀ ਸਰਬਜੀਤ ਕੌਰ ਨੂੰ ਆਪ ਪਾਰਟੀ ਵਜੋ ਹਲਕੇ ਦੀ ਸੇਵਾ ਕਰਨ ਦਾ ਜੋ ਸੁਨਹਿਰੀ ਮੌਕਾ ਦਿੱਤਾ ਹੈ,ਉਹ ਬੇਮਿਸਾਲ ਹੈ।ਇਸ ਸਮੇ ਆਪ ਦੇ ਸੀਨੀਅਰ ਆਗੂ ਵਿਧਾਇਕ ਹਰਪਾਲ ਸਿੰਘ ਚੀਮਾ,ਵਿਧਾਇਕ ਕੁਲਤਾਰ ਸਿੰਘ ਸੰਧਵਾ,ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਸਾਬਕਾ ਵਿਧਾਇਕ ਐਸ.ਆਰ.ਕਲੇਰ,ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,ਸ੍ਰੋਮਣੀ ਕਮੇਟੀ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਪ੍ਰੀਤਮ ਸਿੰਘ ਅਖਾੜਾ ਆਦਿ ਨੇ ਸੰਬੋਧਨ ਕੀਤਾ।ਸਮਾਗਮ ਵਿੱਚ ਹੋਰਨਾ ਤੋ ਇਲਾਵਾ ਚੇਅਰਮੈਨ ਤਰਲੋਚਨ ਸਿੰਘ ਝੋਰੜਾ,ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚੀਮਾ,ਨੰਬਰਦਾਰ ਗੁਰਦੇਵ ਸਿੰਘ,ਕੌਸਲਰ ਅਜੀਤ ਸਿੰਘ ਠਕਰਾਲ,ਕੌਸਲਰ ਸੁਖਦੇਵ ਸਿੰਘ ਸੇਬੀ,ਸਾਬਕਾ ਸਰਪੰਚ ਪਰਮਜੀਤ ਸਿੰਘ ਲੱਖਾ,ਗਾਇਕ ਜਸਵਿੰਦਰ ਸਿਮਘ ਲੋਪੋ,ਸਾਬਕਾ ਸਰਪੰਚ ਸਾਧੂ ਸਿੰਘ ਝੋਰੜਾ,ਸਾਬਕਾ ਚੇਅਰਮੈਨ ਨਿਰਮਲ ਸਿੰਘ ਮਾਣੂੰਕੇ,ਪ੍ਰਧਾਨ ਸੁਖਮੰਦਰ ਸਿੰਘ ਮਾਣੂੰਕੇ,ਉਮ ਪ੍ਰਕਾਸ ਗੋਇਲ,ਜੀਵਨ ਕੁਮਾਰ ਗੋਲਡੀ,ਬਲਵਿੰਦਰ ਸਿੰਘ ਜੈਦ ਚਕਰ,ਛਿੰਦਰ ਸਿੰਘ ਮੀਨੀਆ ਆਦਿ ਵੱਡੀ ਇਲਾਕੇ ਦੇ ਪੰਚ-ਸਰਪੰਚ ਹਾਜਰ ਸਨ।

ਮਾਂ ਦੀ ਮੌਤ ਦੇ ਸਦਮੇ 'ਚ ਪਹਿਲਾਂ ਛੋਟੇ ਪੁੱਤ ਨੇ ਹੁਣ ਵੱਡੇ ਪੁੱਤ ਨੇ ਕੀਤੀ ਖੁਦਕੁਸ਼ੀ

 

 ਭੀਖੀ , ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)-  ਭੀਖੀ ਦੇ ਵਾਰਡ ਨੰ. 1 ਵਿਖੇ ਬੀਤੇ ਦਿਨੀਂ ਮਾਂ ਦੀ ਹੋਈ ਮੌਤ ਦੇ ਸਦਮੇ 'ਚ ਦੂਜੇ ਪੁੱਤ ਨੇ ਵੀ ਖ਼ੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਵੀ ਮਿ੍ਤਕ ਦੇ ਛੋਟੇ ਭਰਾ ਨੇ ਵੀ ਮਾਂ ਦੀ ਮੌਤ ਤੋਂ 3-4 ਦਿਨਾਂ ਬਾਅਦ ਖ਼ੁਦਕੁਸ਼ੀ ਕਰ ਲਈ ਸੀ। ਜਾਣਕਾਰੀ ਦਿੰਦਿਆਂ ਥਾਣਾ ਭੀਖੀ ਦੇ ਏਐੱਸਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਵਾਰਡ ਨੰ. 1 ਵਾਸੀ ਮੁਕੇਸ਼ ਕੁਮਾਰ ਪੁੱਤਰ ਪਿ੍ਤਪਾਲ ਨੇ ਆਪਣੇ ਘਰ ਵਿਖੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ। ਉਸ ਨੂੰ ਤੁਰੰਤ ਮਾਨਸਾ ਦੇ ਇਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ ਹੈ। ਮਿ੍ਤਕ ਮੁਕੇਸ਼ ਕੁਮਾਰ ਦੇ ਭਰਾ ਮਹਿੰਦਰਪਾਲ ਦੇ ਬਿਆਨਾਂ 'ਤੇ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਕੇਸ਼ ਕੁਮਾਰ ਆਪਣੀ ਮਾਂ ਦੀ ਮੌਤ ਤੋਂ ਬਾਅਦ ਅਕਸਰ ਪਰੇਸ਼ਾਨ ਰਹਿੰਦਾ ਸੀ। ਇਸ ਕਾਰਨ ਉਸ ਨੇ ਇਹ ਕਦਮ ਉਠਾਇਆ। ਜ਼ਿਕਰਯੋਗ ਹੈ ਕਿ ਤਕਰੀਬਨ 15 ਦਿਨ ਪਹਿਲਾਂ ਮਿ੍ਤਕ ਮੁਕੇਸ਼ ਕੁਮਾਰ ਦੀ ਮਾਤਾ ਦਾ ਕਿਸੇ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਸਦਮੇ ਕਾਰਨ ਮਾਂ ਦੀ ਮੌਤ ਤੋਂ 3-4 ਦਿਨ ਬਾਅਦ ਮੁਕੇਸ਼ ਕੁਮਾਰ ਦੇ ਛੋਟੇ ਭਰਾ ਸੁਨੀਲ ਕੁਮਾਰ ਨੇ ਵੀ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। 15 ਦਿਨਾਂ ਦੇ ਅੰਦਰ-ਅੰਦਰ ਇਕ ਪਰਿਵਾਰ ਵਿਚ ਹੋਈਆਂ ਤਿੰਨ ਮੌਤਾਂ ਨਾਲ ਸ਼ਹਿਰ ਵਾਸੀਆਂ ਵਿਚ ਭਾਰੀ ਸੋਗ ਪਾਇਆ ਜਾ ਰਿਹਾ ਹੈ।

ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਰਿਕਾਰਡ 91 ਮੌਤਾਂ,2700 ਨਵੇਂ ਮਾਮਲੇ ਆਏ ਸਾਮਣੇ

ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਸੂਬੇ 'ਚ ਮੰਗਲਵਾਰ ਨੂੰ ਅੰਮਿ੍ਤਸਰ ਦੀ ਡਰੱਗ ਇੰਸਪੈਕਟਰ ਸਣੇ 2700 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਤੋਂ ਇਲਾਵਾ 91 ਲੋਕਾਂ ਦੀ ਮੌਤ ਹੋ ਗਈ। ਇਹ ਹੁਣ ਤਕ ਦਾ ਰਿਕਾਰਡ ਅੰਕੜਾ ਹੈ। ਲੁਧਿਆਣਾ 'ਚ 19, ਜਲੰਧਰ 'ਚ 12, ਹੁਸ਼ਿਆਰਪੁਰ, ਗੁਰਦਾਸਪੁਰ ਤੇ ਅੰਮਿ੍ਤਸਰ 'ਚ ਸੱਤ-ਸੱਤ, ਸੰਗਰੂਰ ਤੇ ਕਪੂਰਥਲਾ 'ਚ ਪੰਜ, ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ 'ਚ ਚਾਰ-ਚਾਰ, ਮੋਹਾਲੀ ਤੇ ਬਠਿੰਡਾ 'ਚ ਤਿੰਨ-ਤਿੰਨ, ਰੂਪਨਗਰ, ਫਿਰੋਜ਼ਪੁਰ, ਮੁਕਤਸਰ ਤੇ ਨਵਾਂਸ਼ਹਿਰ 'ਚ ਦੋ-ਦੋ ਅਤੇ ਪਠਾਨਕੋਟ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਉੱਧਰ ਲੁਧਿਆਣਾ 'ਚ 438, ਅੰਮਿ੍ਤਸਰ 'ਚ 305, ਗੁਰਦਾਸਪੁਰ 'ਚ 202, ਪਟਿਆਲਾ 'ਚ 288, ਜਲੰਧਰ 'ਚ 268, ਪਠਾਨਕੋਟ 'ਚ 189, ਮੋਹਾਲੀ 'ਚ 188, ਹੁਸ਼ਿਆਰਪੁਰ 'ਚ 141, ਬਠਿੰਡਾ 'ਚ 136 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ।

ਸਾਬਕਾ ਮੰਤਰੀਆਂ ਸੇਖੋਂ ਅਤੇ ਢਿੱਲੋਂ ਦੇ ਖ਼ਿਲਾਫ਼ ਗੁਟਾਲਿਆ ਨੂੰ ਲੈਕੇ ਹੋਵੇਗੀ ਜਾਂਚ

ਚੰਡੀਗੜ੍ਹ , ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਤਿੰਨ ਸਾਲ ਤੋਂ ਚੱਲ ਰਹੇ ਇਕ ਹਜ਼ਾਰ ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਵਿਚ ਹੁਣ ਜ਼ਰਾ ਜਿਹੀ ਹਰਕਤ ਹੁੰਦੀ ਦਿਖਾਈ ਦੇ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘੁਟਾਲੇ ਵਿਚ ਕਥਿਤ ਤੌਰ 'ਤੇ ਨਾਂ ਆ ਰਹੇ ਅਕਾਲੀ ਸ਼ਾਸਨ ਕਾਲ ਦੇ ਸਾਬਕਾ ਸਿੰਚਾਈ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਅਤੇ ਸ਼ਰਣਜੀਤ ਸਿੰਘ ਢਿੱਲੋਂ ਦੇ ਖ਼ਿਲਾਫ਼ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਇਸ ਘੁਟਾਲੇ ਵਿਚ ਉਨ੍ਹਾਂ ਤਿੰਨ ਆਈਏਐੱਸ ਅਫਸਰਾਂ ਦੇ ਖ਼ਿਲਾਫ਼ ਜਾਂਚ ਲਈ ਵਿਜੀਲੈਂਸ ਮਨਜ਼ੂਰੀ ਲੈਣ ਲਈ ਕਿਹਾ ਹੈ, ਜਿਹੜੇ ਉਸ ਸਮੇਂ ਵਿਭਾਗ ਦੇ ਸਕੱਤਰ ਅਤੇ ਪ੍ਰਮੁੱਖ ਸਕੱਤਰ ਰਹੇ ਹਨ। ਇਨ੍ਹਾਂ ਵਿਚ ਉਦੋਂ ਦੇ ਮੁੱਖ ਸਕੱਤਰ ਰਹੇ ਸਰਵੇਸ਼ ਕੌਸ਼ਲ, ਸਪੈਸ਼ਲ ਚੀਫ ਸੈਕਟਰੀ ਕੇਬੀਐੱਸ ਸਿੱਧੂ ਅਤੇ 15 ਦਿਨ ਪਹਿਲਾਂ ਰਿਟਾਇਰ ਹੋਏ ਕਾਹਨ ਸਿੰਘ ਪੰਨੂ ਸ਼ਾਮਲ ਹਨ। ਮੁੱਖ ਮੰਤਰੀ ਨੇ ਇਹ ਮਨਜ਼ੂਰੀ ਜੂਨ ਮਹੀਨੇ ਵਿਜੀਲੈਂਸ ਵੱਲੋਂ ਦਿੱਤੀ ਗਈ ਛੇ ਪੰਨਿਆਂ ਦੀ ਰਿਪੋਰਟ ਮਿਲਣ ਤੋਂ ਬਾਅਦ ਦਿੱਤੀ ਹੈ। ਅਧਿਕਾਰੀਆਂ ਦੇ ਖ਼ਿਲਾਫ਼ ਜਾਂਚ ਦੀ ਇਜਾਜ਼ਤ ਲਈ ਚੀਫ ਸੈਕਟਰੀ ਵਿਨੀ ਮਹਾਜਨ ਸੀਐੱਮ ਨੂੰ ਫਾਈਲ ਭੇਜੇਗੀ। 2017 ਦੀਆਂ ਚੋਣਾਂ ਵਿਚ ਜਨਮੇਜਾ ਸਿੰਘ ਸੇਖੋਂ ਤਾਂ ਚੋਣ ਹਾਰ ਗਏ ਸੀ ਪਰ ਸ਼ਰਣਜੀਤ ਸਿੰਘ ਢਿੱਲੋਂ ਜਿੱਤ ਗਏ ਅਤੇ ਇਸ ਸਮੇਂ ਉਹ ਵਿਧਾਨ ਸਭਾ ਵਿਚ ਅਕਾਲੀ ਦਲ ਦੇ ਨੇਤਾ ਹਨ। ਦੋਵੇਂ ਸਾਬਕਾ ਮੰਤਰੀਆਂ ਦੇ ਖ਼ਿਲਾਫ਼ ਜਾਂਚ ਦੀ ਇਜਾਜ਼ਤ ਲਈ ਸੰਸਦੀ ਕੰਮਕਾਰ ਵਿਭਾਗ ਨੂੰ ਲਿਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਸ਼ਾਸਨ ਕਾਲ ਵਿਚ ਸਿੰਚਾਈ ਘੁਟਾਲੇ ਨੂੰ ਲੈ ਕੇ ਅਕਸਰ ਖ਼ਬਰਾਂ ਲੱਗਦੀਆਂ ਰਹੀਆਂ ਸਨ। ਇਨ੍ਹਾਂ ਘੁਟਾਲਿਆਂ ਦੇ ਮੁੱਖ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਨੂੰ ਵਿਜੀਲੈਂਸ ਨੇ ਦਸੰਬਰ 2017 ਵਿਚ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਇਸ ਮਾਮਲੇ ਵਿਚ ਸਾਰੇ ਅਫਸਰਾਂ ਨੇ ਚੁੱਪ ਵੱਟੀ ਹੋਈ ਹੈ। ਹਾਲਾਂਕਿ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਉਨ੍ਹਾਂ ਦੀ ਕਿਸੇ ਵੀ ਮਾਮਲੇ ਵਿਚ ਸ਼ਮੂਲੀਅਤ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਧਿਆਨ ਆਮ ਲੋਕਾਂ ਦੇ ਮੁੱਦਿਆਂ ਤੋਂ ਹਟਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ ਜਦਕਿ ਨਾ ਤਾਂ ਉਨ੍ਹਾਂ ਦਾ ਨਾਂ ਕਿਸੇ ਵੀ ਟੈਂਡਰ ਅਲਾਟ ਕਰਨ ਵਿਚ ਹੈ ਅਤੇ ਨਾ ਹੀ ਉਨ੍ਹਾਂ ਕਿਸੇ ਠੇਕੇਦਾਰ ਦੀ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਨੇ ਠੇਕੇਦਾਰ ਤੋਂ ਜਬਰਨ ਬਿਆਨ ਲੈ ਕੇ ਇਹ ਕਾਰਵਾਈ ਸ਼ੁਰੂ ਕੀਤੀ ਹੈ। ਸੇਵਾਮੁਕਤ ਆਈਏਐੱਸ ਅਫਸਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਉਨ੍ਹਾਂ ਦਾ ਨਾਂ ਬਿਨਾਂ ਕਿਸੇ ਕਾਰਨ ਤੋਂ ਇਸ ਵਿਚ ਘਸੀਟਿਆ ਜਾ ਰਿਹਾ ਹੈ ਜਦਕਿ ਉਨ੍ਹਾਂ ਗੁਰਿੰਦਰ ਸਿੰਘ ਦੇ ਭ੍ਰਿਸ਼ਟਾਚਾਰ ਨੂੰ ਰੋਕਿਆ ਸੀ। ਉਨ੍ਹਾਂ ਵਿਜੀਲੈਂਸ ਵੱਲੋਂ ਉਨ੍ਹਾਂ ਦੇ ਨਾਂ ਦੀ ਵੀ ਮਨਜ਼ੂਰੀ ਲੈਣ 'ਤੇ ਵੀ ਹੈਰਾਨੀ ਪ੍ਰਗਟਾਈ 

ਸ਼੍ਰੀ ਗੁਰੂ ਗਰੰਥ ਸਾਹਿਬ ਜੀ 328 ਦੀ ਜਾਣਕਾਰੀ ਨੂੰ ਲੈਕੇ ਨਿਹੰਗਾਂ ਤੇ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਵਿਚਾਲੇ ਝੜਪ

ਅੰਮ੍ਰਿਤਸਰ, ਸਤੰਬਰ 2020 -(ਜਸਮੇਲ਼ ਗਾਲਿਬ/ਮਨਜਿੰਦਰ ਗਿੱਲ)- ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਸਿੱਖ ਕਾਰਕੁਨਾਂ ਦੇ ਹੱਕ ਵਿੱਚ ਆਏ ਕੁਝ ਨਿਹੰਗ ਸਿੰਘਾਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਿਚਾਲੇ ਤਕਰਾਰ ਮਗਰੋਂ ਹੋਏ ਝਗੜੇ ਵਿੱਚ ਕੁਝ ਨਿਹੰਗ ਸਿੰਘ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਦੀਆਂ ਦਸਤਾਰਾਂ ਵੀ ਉੱਤਰ ਗਈਆਂ। ਇਸ ਦੌਰਾਨ ਟਾਸਕ ਫੋਰਸ ਦੇ ਕਰਮਚਾਰੀਆਂ ਵੱਲੋਂ ਮੀਡੀਆ ਕਰਮੀਆਂ ਨਾਲ ਵੀ ਦੁਰਵਿਹਾਰ ਕੀਤਾ ਗਿਆ। ਲਾਪਤਾ ਸਰੂਪਾਂ ਦੀ ਜਾਂਚ ਰਿਪੋਰਟ ਵਿੱਚ ਦੱਸੇ ਗਏ ਦੋਸ਼ੀਆਂ ਖ਼ਿਲਾਫ਼ ਪੁਲੀਸ ਕੇਸ ਦਰਜ ਕਰਾਉਣ ਦੀ ਮੰਗ ਨੂੰ ਲੈ ਕੇ ਸਤਿਕਾਰ ਕਮੇਟੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਕਾਰਕੁਨ ਸੋਮਵਾਰ ਤੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਧਰਨੇ ’ਤੇ ਬੈਠੇ ਹੋਏ ਸਨ। ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਅੱਜ ਵੀ ਸ਼੍ਰੋਮਣੀ ਕਮੇਟੀ ਅਤੇ ਧਰਨਾਕਾਰੀਆਂ ਦੇ ਆਗੂਆਂ ਵਿਚਾਲੇ ਮੀਟਿੰਗ ਹੋਈ ਹੈ। ਰਾਤ ਵੇਲੇ ਜਦੋਂ ਧਰਨਾਕਾਰੀ ਘੱਟ ਗਿਣਤੀ ਵਿੱਚ ਰਹਿ ਗਏ ਸਨ ਤਾਂ ਸ਼੍ਰੋਮਣੀ ਕਮੇਟੀ ਨੇ ਗੁਰੂ ਰਾਮਦਾਸ ਨਿਵਾਸ, ਗੁਰਦੁਆਰਾ ਬਾਬਾ ਅਟਲ ਰਾਏ ਅਤੇ ਮੰਜੀ ਸਾਹਿਬ ਦੀਵਾਨ ਹਾਲ ਦੇ ਅੱਗੇ ਲੱਗਪਗ 10 ਫੁੱਟ ਉੱਚੀਆਂ ਟੀਨਾਂ ਲਾ ਕੇ ਇੱਧਰ ਆਉਣ ਵਾਲੇ ਰਸਤੇ ਰੋਕ ਦਿੱਤੇ, ਜਿਸ ਨਾਲ ਧਰਨਾਕਾਰੀ ਅਲੱਗ ਥਲੱਗ ਹੋ ਕੇ ਰਹਿ ਗਏ ਹਨ। ਸਵੇਰ ਵੇਲੇ ਜਦੋਂ ਧਰਨਾਕਾਰੀਆਂ ਦੇ ਸਮਰਥਨ ਵਿੱਚ ਕੁਝ ਨਿਹੰਗ ਸਿੰਘ ਪੁੱਜੇ ਤਾਂ ਉਹ ਰਸਤਾ ਬੰਦ ਦੇਖ ਕੇ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਧਰਨੇ ’ਤੇ ਬੈਠ ਗਏ। ਇਨ੍ਹਾਂ ਨੇ ਇੱਥੇ ਹੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਖ਼ਿਲਾਫ਼ ਕੁਝ ਬੈਨਰ ਵੀ ਲਾਏ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਆਈ ਟਾਸਕ ਫੋਰਸ ਦੇ ਕਰਮਚਾਰੀਆਂ ਨੇ ਪਹਿਲਾਂ ਬੈਨਰ ਇਥੋਂ ਹਟਾਏ, ਜਿਸ ਨਾਲ ਨਿਹੰਗਾਂ ਅਤੇ ਇਨ੍ਹਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ ਜੋ ਝਗੜੇ ਵਿੱਚ ਬਦਲ ਗਈ। ਇੱਕ ਨਿਹੰਗ ਨੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਨੂੰ ਰੋਕਦਿਆਂ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਉਸ ਨਿਹੰਗ ਸਮੇਤ ਹੋਰਨਾਂ ਦੀ ਕੁੱਟਮਾਰ ਕੀਤੀ ਅਤੇ ਕਈਆਂ ਦੀ ਦਸਤਾਰ ਵੀ ਉੱਤਰ ਗਈ। ਇਸ ਕਾਰਵਾਈ ’ਚ ਕੁਝ ਨਿਹੰਗ ਜ਼ਖਮੀ ਵੀ ਹੋਏ ਅਤੇ ਟਾਸਕ ਫੋਰਸ ਨੇ ਉਨ੍ਹਾਂ ਨੂੰ ਭਜਾ ਦਿੱਤਾ। ਇਸੇ ਦੌਰਾਨ ਘਟਨਾ ਦੀ ਕਵਰੇਜ ਕਰ ਰਹੇ ਮੀਡੀਆ ਕਰਮੀਆਂ ਨੂੰ ਰੋਕਣ ਲਈ ਉਨ੍ਹਾਂ ਦੀ ਖਿੱਚ-ਧੂਹ ਕਰਦਿਆਂ ਕੈਮਰੇ ਖੋਹਣ ਦਾ ਵੀ ਯਤਨ ਕੀਤਾ ਗਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਧਰਨਾਕਾਰੀਆਂ ਦੇ ਹੋਰ ਵੀ ਸਮਰਥਕ ਮੌਕੇ ’ਤੇ ਪੁੱਜ ਗਏ ਅਤੇ ਉਨ੍ਹਾਂ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਸਾਹਮਣੇ ਧਰਨਾ ਦੇ ਦਿੱਤਾ, ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਇੰਜ ਧਰਨਾਕਾਰੀਆਂ ਦੇ ਦੋ ਪਾਸੇ ਧਰਨੇ ਚੱਲ ਰਹੇ ਹਨ। ਧਰਨੇ ਵਿੱਚ ਸ਼ਾਮਲ ਹੋਣ ਲਈ ਲੋਕ ਇਨਸਾਫ਼ ਪਾਰਟੀ ਦੇ ਜਗਜੋਤ ਸਿੰਘ ਤੇ ਉਨ੍ਹਾਂ ਦੇ ਸਮਰਥਕ ਵੀ ਪੁੱਜੇ ਸਨ। ਹਵਾਰਾ ਕਮੇਟੀ ਦੇ ਆਗੂਆਂ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ।

ਜ਼ਰੂਰੀ ਵਸਤਾਂ (ਸੋਧ) ਐਕਟ ਨੂੰ ਅਦਾਲਤ ਵਿੱਚ ਚੁਣੌਤੀ ਦੇਵਾਂਗੇ-ਕੈਪਟਨ

ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਖੇਤੀ ਸਬੰਧੀ ਕਾਨੂੰਨ ਨੂੰ ਕੇਂਦਰ ਵੱਲੋਂ ਕਿਸਾਨਾਂ ਦੇ ਹਿੱਤਾਂ ਉਪਰ ਸਿੱਧਾ ਤੇ ਜਾਣ-ਬੁੱਝ ਕੇ ਕੀਤਾ ਗਿਆ ਹਮਲਾ ਕਰਾਰ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਲੋਕ ਸਭਾ ਵਿੱਚ ਪਾਸ ਕੀਤੇ ਜ਼ਰੂਰੀ ਵਸਤਾਂ (ਸੋਧ) ਐਕਟ-2020 ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਭਾਈਵਾਲ ਹੈ, ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਪੂਰੀ ਤਰਾਂ ਦਰਕਿਨਾਰ ਕਰਦਿਆਂ ਸੂਬਾਈ ਵਿਸ਼ੇ ’ਤੇ ਕੇਂਦਰੀ ਕਾਨੂੰਨ ਥੋਪ ਦਿੱਤਾ ਜਿਸ ਨਾਲ ਮੁਲਕ ਦੇ ਸੰਘੀ ਢਾਂਚੇ ਨੂੰ ਖੋਰਾ ਲੱਗਾ। ਉਨਾਂ ਕਿਹਾ,‘‘ਅਸੀਂ ਇਸ ਕਾਨੂੰਨ ਨੂੰ ਅਦਾਲਤ ਵਿੱਚ ਚੁਣੌਤੀ ਦੇਵਾਂਗੇ।’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਬੇਸ਼ਰਮੀ ਭਰੇ ਢੰਗ ਨਾਲ ਕਿਸਾਨਾਂ ਦੇ ਹਿੱਤਾਂ ’ਤੇ ਸਮਝੌਤਾ ਨਹੀਂ ਹੋਣ ਦੇਣਗੇ। ਉਨਾਂ ਕਿਹਾ ਕਿ ਇਹ ਕਾਨੂੰਨ ਸਿੱਧੇ ਤੌਰ ’ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਪ੍ਰਣਾਲੀ ਨੂੰ ਖਤਮ ਕਰਨ ਵਾਲਾ ਕਦਮ ਹੈ। ਮੁੱਖ ਮੰਤਰੀ ਨੇ ਕਿਹਾ,‘‘ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਨੂੰ ਤਬਾਹ ਕਰਨਾ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੀ ਸਾਜ਼ਿਸ਼ ਦਾ ਹਿੱਸਾ ਹੈ।’’ ਉਨਾਂ ਨੇ ਐਲਾਨ ਕੀਤਾ ਕਿ ਸੂਬੇ ਦੇ ਹਿੱਤਾਂ ’ਤੇ ਕੀਤੇ ਗਏ ਹਮਲੇ ਵਿਰੁੱਧ ਕਾਂਗਰਸ ਪਾਰਟੀ ਆਰ-ਪਾਰ ਦੀ ਲੜਾਈ ਲੜੇਗੀ। ਮੁੱਖ ਮੰਤਰੀ ਨੇ ਕਿਹਾ,‘‘ਇਹ ਕਾਨੂੰਨ ਕਿਸਾਨਾਂ ਦਰਮਿਆਨ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਤ ਕਰਨ ਦੀ ਗੱਲ ਕਰਦਾ ਹੈ। ਕੀ ਤੁਸੀਂ ਗਰੀਬ ਕਿਸਾਨਾਂ, ਜੋ ਆਪਣੇ ਜੀਵਨ ਨਿਰਬਾਹ ਲਈ ਰੋਜ਼ਾਨਾ ਆਪਣੇ ਆਪ ਨਾਲ ਮੁਕਾਬਲਾ ਕਰਦੇ ਹਨ, ਤੋਂ ਸੱਚਮੁੱਚ ਇਹ ਉਮੀਦ ਕਰਦੇ ਹੋ ਕਿ ਉਹ ਆਪਣੇ ਹਿਤਾਂ ਦੀ ਰਾਖੀ ਲਈ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਟੱਕਰ ਲੈ ਸਕਣਗੇ?’’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਾਕੀ ਦੋ ਖੇਤੀ ਆਰਡੀਨੈਂਸਾਂ ਨਾਲ ਲੋਕ ਸਭਾ ਵਿੱਚ ਪੇਸ਼ ਕੀਤਾ ਇਹ ਐਕਟ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਦੀ ਲੀਹ ’ਤੇ ਹੈ। ਉਨਾਂ ਕਿਹਾ ਕਿ ਇਸੇ ਕਮੇਟੀ ਨੇ ਹੀ ਘੱਟੋ-ਘੱਟ ਸਮਰਥਨ ਮੁੱਲ ਦੀ ਪ੍ਰਣਾਲੀ ਨੂੰ ਖਤਮ ਕਰਨ ਦਾ ਸੁਝਾਅ ਦਿੱਤਾ ਸੀ। ਉਨਾਂ ਕਿਹਾ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਐਨ.ਡੀ.ਏ. ਸਰਕਾਰ ਘੱਟੋ-ਘੱਟ ਸਮਰਥਨ ਮੁੱਲ, ਜੋ ਕਿਸਾਨਾਂ ਦੀ ਜੀਵਨਧਾਰਾ ਹੈ, ਨੂੰ ਖਤਮ ਕਰਨ ਦੇ ਰਾਹ ਤੁਰ ਪਈ ਹੈ। ਉਨਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਇਸ ਢੰਗ ਨਾਲ ਕਿਸਾਨ ਭਾਈਚਾਰੇ ਦੇ ਹਿੱਤਾਂ ਦਾ ਘਾਣ ਕੀਤੇ ਜਾਣ ਦੀ ਆਗਿਆ ਨਹੀਂ ਦੇਵੇਗੀ। ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇਸ ਗੱਲੋਂ ਵੀ ਆੜੇ ਹੱਥੀ ਲਿਆ ਕਿ ਜਦੋਂ ਇਹ ਬਿੱਲ ਹਾਊਸ ਵਿੱਚ ਜ਼ੁਬਾਨੀ ਵੋਟ ਰਾਹੀਂ ਪਾਸ ਹੋਇਆ ਸੀ ਤਾਂ ਉਹ ਸਦਨ ਵਿੱਚ ਮੌਜੂਦ ਸੀ ਅਤੇ ਪੰਜਾਬ ਦੇ ਕਿਸਾਨਾਂ ਦੀ ਹਿੱਤਾਂ ਦੀ ਰੱਖਿਆ ਕਰਨ ਵਿੱਚ ਅਸਫਲ ਰਿਹਾ ਜਿਨਾਂ ਦਾ ਮਸੀਹਾ ਹੋਣ ਦਾ ਉਨਾਂ ਦੀ ਪਾਰਟੀ ਦਾ ਦਾਅਵਾ ਕਰਦੀ ਹੈ। ਉਨਾਂ ਕਿਹਾ ਕਿ ਸੁਖਬੀਰ ਅਤੇ ਅਕਾਲੀ ਦਲ ਸਪੱਸ਼ਟ ਤੌਰ ’ਤੇ ਕੇਂਦਰ ਸਰਕਾਰ ਵੱਲੋਂ ਕੀਤੇ ਫਰੇਬ ਵਿੱਚ ਸ਼ਾਮਲ ਹਨ ਜਿਨਾਂ ਨੇ ਇਸ ਬਿੱਲ ਨੂੰ ਪਾਸ ਕਰਕੇ ਉਨਾਂ ਕਿਸਾਨਾਂ ਦੇ ਹੱਕ ਖੋਹਣ ਦਾ ਰਾਹ ਪੱਧਰਾ ਕੀਤਾ ਹੈ ਜਿਨਾਂ ਨੇ ਦਹਾਕਿਆਂ ਤੋਂ ਦੇਸ਼ ਦਾ ਢਿੱਡ ਭਰਦਿਆਂ ਦੇਸ਼ ਨੂੰ ਅੰਨ ਸੁਰੱਖਿਆ ਮੁਹੱਈਆ ਕਰਵਾਈ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਨੂੰ ਪੁੱਛਿਆ, ‘‘ਕੀ ਤੁਸੀਂ ਕੇਂਦਰ ਵਿੱਚ ਸੱਤਾਧਾਰੀ ਗਠਜੋੜ ਛੱਡੋਗੇ ਜਾਂ ਫੇਰ ਤੁਸੀ ਉਨਾਂ ਦੇ ਦਰਵਾਜ਼ੇ ਦੇ ਬਾਹਰ ਬੈਠੇ ਟੁਕੜੇ ਦਾ ਇੰਤਜ਼ਾਰ ਕਰਨਾ ਜਾਰੀ ਰੱਖੋਗੇ ਜੋ ਉਹ ਤੁਹਾਡੇ ਲਈ ਸੁੱਟਦੇ ਹਨ?’’ ਉਨਾਂ ਕਿਹਾ ਕਿ ਅਕਾਲੀ ਇਕ ਵਾਰ ਫੇਰ ਆਪਣੇ ਸੂਬੇ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਅਸਫਲ ਹੋਏ ਹਨ। ਸੁਖਬੀਰ ਦੇ ਬਿਆਨ ਕਿ ਅਕਾਲੀ ਦਲ ਆਪਣੇ ਸੀਨੀਅਰ ਆਗੂਆਂ ਦੀ ਕਿਸਾਨਾਂ ਦੇ ਹਿੱਤਾਂ ਲਈ ਖੜਨ ਦੀ ਵਿਰਾਸਤ ’ਤੇ ਖਰਾ ਉਤਰੇਗਾ, ਉਤੇ ਵਿਅੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਅਜਿਹੀ ਵਿਰਾਸਤ ਨੂੰ ਹੁਲਾਰਾ ਦੇ ਰਿਹਾ ਹੈ ਜਿਹੜੀ ਹਮੇਸ਼ਾ ਹੀ ਆਪਣੇ ਨਿੱਜੀ ਹਿੱਤਾਂ ਨੂੰ ਪੰਜਾਬ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਦੇ ਹਿੱਤਾਂ ਨਾਲੋਂ ਵੱਧ ਪਹਿਲ ਦਿੰਦਾ ਹੈ।

ਸੰਸਦ 'ਚ ਆਰਡੀਨੈਂਸ ਪੇਸ਼ ਹੋਣ ਨਾਲ ਅਕਾਲੀ ਦਲ ਦਾ ਚਿਹਰਾ ਹੋਇਆ ਨੰਗਾ -ਮੁੱਖ ਮੰਤਰੀ

 ਚੰਡੀਗੜ੍ਹ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਵੱਲੋਂ ਖੇਤੀਬਾੜੀ ਆਰਡੀਨੈਂਸਾਂ ਨੂੰ ਕਾਨੂੰਨ ਵਿਚ ਬਦਲਣ ਸਬੰਧੀ ਬੀਤੇ ਦਿਨ ਸੰਸਦ ਵਿਚ ਬਿੱਲ ਪੇਸ਼ ਕਰਨ ਦੇ ਨਾਲ ਹੀ ਸ਼ੋ੍ਮਣੀ ਅਕਾਲੀ ਦਲ ਦਾ ਸੂਬੇ ਦੀ ਕਿਸਾਨੀ ਦੇ ਹਿੱਤਾਂ ਦੀ ਰੱਖਿਆ ਕਰਨ ਦੇ ਦਾਅਵਿਆਂ ਦਾ ਝੂਠ ਨੰਗਾ ਹੋ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਇਨ੍ਹਾਂ ਆਰਡੀਨੈਂਸਾਂ ਨੂੰ ਅੱਗੇ ਪਾਉਣ ਦੀ ਅਖੌਤੀ ਅਪੀਲ ਦੇ ਬਾਵਜੂਦ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੇ ਇਨ੍ਹਾਂ ਬਿੱਲਾਂ ਨੂੰ ਸੰਸਦ ਸੈਸ਼ਨ ਦੇ ਪਹਿਲੇ ਹੀ ਦਿਨ ਪੇਸ਼ ਕਰ ਦਿੱਤਾ, ਜਿਸ ਤੋਂ ਸਿੱਧ ਹੁੰਦਾ ਹੈ ਕਿ ਅਕਾਲੀ ਇਸ ਮੁੱਦੇ ਸਬੰਧੀ ਨਾਟਕਬਾਜ਼ੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਸਦਨ ਤੋਂ ਬਾਹਰ ਸੀ, ਜਦੋਂ ਇਹ ਆਰਡੀਨੈਂਸ ਸੰਸਦ ਵਿਚ ਕਾਨੂੰਨ ਬਣਾਉਣ ਲਈ ਪੇਸ਼ ਹੋਏ। ਇਸ ਤੋਂ ਸਿੱਧ ਹੁੰਦਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸਾਰਾ ਨਾਟਕ ਕਿਸਾਨ ਜਥੇਬੰਦੀਆਂ ਨੂੰ ਪਰਚਾਉਣ ਵਾਸਤੇ ਰਚਿਆ ਗਿਆ ਸੀ, ਜਿਨ੍ਹਾਂ ਨੇ ਇਸ ਵੇਲੇ ਆਰਡੀਨੈਂਸਾਂ ਦਾ ਸਖਤ ਵਿਰੋਧ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਕਮਰ ਕੱਸੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਾਫ਼ ਝਲਕਦਾ ਹੈ ਕਿ ਕਿਸਾਨਾਂ ਤੇ ਸੂਬਿਆਂ ਦੇ ਹਿੱਤਾਂ ਨੂੰ ਅੱਖੋਂ-ਪਰੋਖੇ ਕਰਦਿਆਂ ਸਾਜ਼ਿਸ਼ ਰਚੀ ਗਈ, ਜਦੋਂ ਕਿ ਖੇਤੀਬਾੜੀ ਸੰਵਿਧਾਨ ਅਨੁਸਾਰ ਸੂਬਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨਹੀਂ ਤਾਂ ਸੁਖਬੀਰ ਤੇ ਹਰਸਿਮਰਤ ਸੰਸਦ ਦੇ ਪਹਿਲੇ ਹੀ ਦਿਨ ਗ਼ਾਇਬ ਕਿਉਂ ਰਹਿੰਦੇ। ਅਕਾਲੀ ਦਲ ਦੇ ਪ੍ਰਧਾਨ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਆਰਡੀਨੈਂਸ ਜਿਨ੍ਹਾਂ 'ਤੇ ਅਕਾਲੀ ਦਲ ਨੇ ਵੀ ਮੋਹਰ ਲਾਈ ਹੈ, ਕਾਨੂੰਨ ਬਣਾਉਣ ਲਈ ਸੰਸਦ ਵਿਚ ਲਿਆਂਦੇ ਜਾਣਗੇ। ਉਧਰ, ਕੇਂਦਰੀ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਵੱਲੋਂ ਸੰਸਦ 'ਚ ਖੇਤੀਬਾੜੀ ਆਰਡੀਨੈਂਸਾਂ ਸਬੰਧੀ ਦਿੱਤੇ ਗਏ ਬਿਆਨ ਨੂੰ ਕੈਪਟਨ ਨੇ ਗ਼ੈਰ-ਲੋਕਤੰਤਰੀ ਅਤੇ ਨੈਤਿਕਤਾ ਦੇ ਖ਼ਿਲਾਫ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕੇਂਦਰੀ ਮੰਤਰੀ ਨੂੰ ਤੁਰੰਤ ਮਾਫ਼ੀ ਮੰਗਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਉਪਭੋਗਤਾ ਮਾਮਲੇ, ਖੁਰਾਕ ਤੇ ਜਨਤਕ ਵੰਡ ਰਾਜ ਮੰਤਰੀ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਕਾਂਗਰਸ ਪਾਰਟੀ ਅਤੇ ਸੂਬਾ ਸਰਕਾਰ ਨੂੰ ਬਦਨਾਮ ਕਰਨ ਦੀ ਮਿੱਥੀ ਸਾਜ਼ਿਸ਼ ਹੈ।   ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਅਤੇ ਅਧਿਕਾਰਾਂ ਨੂੰ ਘਟਾਉਣ ਵਾਲੇ ਕਿਸੇ ਵੀ ਕਦਮ ਦਾ ਹਮੇਸ਼ਾ ਹੀ ਵਿਰੋਧ ਕੀਤਾ ਹੈ। ਇਹ ਉਨ੍ਹਾਂ ਦੀ ਸਰਕਾਰ ਹੈ, ਜਿਸ ਨੇ ਵਿਧਾਨ ਸਭਾ 'ਚ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਮਤਾ ਲਿਆਂਦਾ ਸੀ ਅਤੇ ਉਨ੍ਹਾਂ ਨੇ ਨਿੱਜੀ ਤੌਰ 'ਤੇ ਦੋ ਵਾਰ ਪ੍ਰਧਾਨ ਮੰਤਰੀ ਨੂੰ ਲਿਖ ਕੇ ਇਨ੍ਹਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ, ਜੋ ਕਿ ਪੰਜਾਬ ਦੀ ਕਿਸਾਨੀ ਲਈ ਮਾਰੂ ਸਿੱਧ ਹੋਣਗੇ।

ਕੈਪਟਨ ਸਰਕਾਰ ਵੱਲੋਂ ਢਿੱਲੋਂ ਦੇ ਯਤਨਾਂ ਸਦਕਾ ਹਲਕੇ ਦੇ ਪਿੰਡਾਂ ਦਾ  ਵਿਕਾਸ ਸ਼ਹਿਰੀ ਤਰਜ਼ ਤੇ ਕਰਵਾਇਆ ਜਾ ਰਿਹਾ.ਹੈਪੀ ਢਿੱਲੋਂ ਦੀਪ ਸੰਘੇੜਾ

ਮਹਿਲ ਕਲਾਂ/ਬਰਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ)-ਵਿਧਾਨ ਸਭਾ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਯਤਨਾ ਸਦਕਾ ਸਰਕਾਰ ਵੱਲੋਂ ਪਿੰਡ ਭੱਦਲਵੱਡ ਦੇ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਗਰਾਂਟ ਦੇ ਚੈੱਕ ਢਿੱਲੋਂ ਦੇ ਪੀਏ ਹਰਦੀਪ ਸਿੰਘ ਹੈਪੀ ਢਿੱਲੋਂ ਅਤੇ ਦੀਪ ਸਿੰਘ ਸੰਘੇੜਾ ਨੇ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਭੱਦਲਵੱਡ ਸਮੇਤ ਸਮੂਹ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਸ਼ਮਸ਼ਾਨਘਾਟ ਵਿਚ ਇੰਟਰਲਾਕ ਇੱਟਾਂ ਲਾ ਕੇ ਕੰਮ ਦੀ ਸ਼ੁਰੂਆਤ ਕਰਵਾਉਣ ਅਤੇ 10 ਲੱਖ ਰੁਪਏ ਦੀ ਰਾਸ਼ੀ ਦਾ ਵਿਕਾਸ ਕਾਰਜਾਂ ਲਈ ਸੈ਼ਕਸਨ ਲੈਟਰ ਭੇਂਟ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਦੀਪ ਸਿੰਘ ਹੈਪੀ ਢਿੱਲੋਂ ਅਤੇ ਦੀਪ ਸਿੰਘ ਸੰਘੇੜਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਵਿਕਾਸ ਪੁਰਸ  ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਬਰਨਾਲਾ ਦੇ ਪਿੰਡਾਂ ਦਾ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰੀ ਤਰਜ਼ ਤੇ ਕਰਵਾਕੇ ਪਿੰਡਾਂ ਦੇ ਨਕਸ਼ੇ ਬਦਲੇ ਜਾ ਰਹੇ ਹਨ ਕਿਉਂਕਿ ਕੈਪਟਨ ਸਰਕਾਰ ਵੱਲੋਂ ਪਿੰਡਾਂ ਦੀਆਂ ਗਲੀਆਂ ਨਾਲੀਆਂ ਵਿੱਚ ਇੰਟਰਲਾਕ ਇੱਟਾਂ ਪਾ ਕੇ ਪੱਕੀਆਂ ਕਰਨ ਡਰੇਨਾਂ ਨਹਿਰਾਂ ਅਤੇ ਰਜਵਾਹਿਆਂ ਦੇ ਖਸਤਾ ਹੋ ਚੁੱਕੇ ਪੁਲਾਂ ਨੂੰ ਨਵੇਂ ਸਿਰਿਓਂ ਬਣਾਉਣ ਅਤੇ ਪਿੰਡਾਂ ਨੂੰ ਜੋੜਦੀਆਂ ਲਿੰਕ ਸੜਕਾਂ ਦੀ ਪਹਿਲ ਦੇ ਆਧਾਰ ਤੇ ਮੁਰੰਮਤ ਕਰਵਾ ਕੇ ਸੂਬੇ ਨੂੰ ਵਿਕਾਸ ਤੇ ਖੁਸ਼ਹਾਲੀ ਪੱਖੋਂ ਤਰੱਕੀ ਵੱਲ ਲਿਜਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮਾਫ਼ ਕਰਕੇ ਆਪਣਾ ਕਿਸਾਨ ਹਤੈਸ਼ੀ ਹੋਣ ਦਾ ਸਬੂਤ ਦਿੱਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਅਦੇ ਕਰਨ ਤੋਂ ਇਲਾਵਾ ਕਿਸਾਨ ਵਿਰੋਧੀ ਆਰਡੀਨੈਂਸ ਲਿਆ ਕੇ ਕਿਸਾਨਾਂ ਦੇ ਖੇਤੀਬਾੜੀ ਦੇ ਧੰਦੇ ਤਬਾਹ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਤੋਂ ਵਾਪਸ ਲੈ ਕੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਨਾ ਚਾਹੀਦਾ ਹੈ ਉਨ੍ਹਾਂ ਸਮੂਹ ਲੋਕਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਵਧੇਰੇ ਸਹੂਲਤਾਂ ਲੈਣ ਲਈ ਕੈਪਟਨ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਇਸ ਮੌਕੇ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਭੱਦਲਵੱਡ ਨੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਵਿਧਾਨ ਸਭਾ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦਾ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਗਰਾਂਟ ਜਾਰੀ ਕਰਾਉਣ ਬਦਲੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਸ਼ਿਵਰਾਜ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਢਿੱਲੋਂ ਦੇ ਪੀਏ ਹਰਦੀਪ ਸਿੰਘ ਹੈਪੀ ਢਿੱਲੋਂ ਅਤੇ ਦੀਪ ਸਿੰਘ ਸੰਘੇੜਾ ਦਾ ਸਨਮਾਨ ਕੀਤਾ ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਸਰਪੰਚ ਰਾਜਵੰਤ ਸਿੰਘ ਗਿੱਲ, ਸਮਾਜ ਸੇਵੀ ਬਲਵਿੰਦਰ ਸਿੰਘ ਢਿੱਲੋਂ, ਜਤਿੰਦਰ ਸਿੰਘ ਢਿੱਲੋਂ, ਪੰਚ ਹਰਦੀਪ ਸਿੰਘ, ਪੰਚ ਗੁਰਪ੍ਰੀਤ ਸਿੰਘ, ਬਲਜੀਤ ਕੌਰ, ਸ਼ਿੰਦਰ ਕੌਰ, ਗੁਰਪ੍ਰੀਤ ਸਿੰਘ, ਸ਼ਿੰਦਰਪਾਲ ਕੌਰ ਤੋਂ ਇਲਾਵਾ ਹੋਰ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।

ਸੁਪਰੀਮ ਕੋਰਟ ਵੱਲੋਂ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ

 

ਮੁਹਾਲੀ, ਸਤੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਦੇਸ਼ ਦੀ ਸਰਵਉੱਚ ਅਦਾਲਤ ਨੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤ-ਭਰੀ ਹਾਲਤ ਵਿਚ ਲਾਪਤਾ ਕਰਨ ਦੇ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਰਾਹਤ ਦਿੰਦਿਆਂ ਉਸ ਦੀ ਗ੍ਰਿਫ਼ਤਾਰੀ ’ਤੇ ਫ਼ਿਲਹਾਲ ਆਰਜ਼ੀ ਰੋਕ ਲਗਾ ਦਿੱਤੀ ਹੈ। ਸੈਣੀ ਨੂੰ ਵੀ ਪੁਲੀਸ ਜਾਂਚ ਵਿਚ ਸਹਿਯੋਗ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਸੂਬਾ ਸਰਕਾਰ ਨੂੰ ਤਿੰਨ ਹਫ਼ਤਿਆਂ ਅੰਦਰ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਸਰਕਾਰੀ ਵਕੀਲ ਅਨੁਸਾਰ ਸਰਕਾਰ ਦੀ ਲਿਖਤੀ ਸਟੇਟਮੈਂਟ ਮਗਰੋਂ ਚੌਥੇ ਹਫ਼ਤੇ ਬਚਾਅ ਪੱਖ ਆਪਣਾ ਜਵਾਬ ਦੇਵੇਗਾ। ਸੁਪਰੀਮ ਕੋਰਟ ਵਿਚ ਅਗਲੀ ਸੁਣਵਾਈ 27 ਅਕਤੂਬਰ ਨੂੰ ਹੋਵੇਗੀ। ਸੁਪਰੀਮ ਕੋਰਟ ਦੇ ਜੱਜ ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਆਰ ਸੁਭਾਸ਼ ਰੈੱਡੀ ਅਤੇ ਜਸਟਿਸ ਐਮ.ਆਰ. ਸ਼ਾਹ ’ਤੇ ਆਧਾਰਿਤ ਵਿਸ਼ੇਸ਼ ਬੈਂਚ ਨੇ ਅੱਜ ਵੀਡੀਓ ਕਾਨਫਰੰਸ ਰਾਹੀਂ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਕੀਤੀ। ਸੈਣੀ ਨੇ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਰਾਹੀਂ ਬੀਤੀ 7 ਸਤੰਬਰ ਨੂੰ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਸਾਬਕਾ ਡੀਜੀਪੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮੁੱਢੋਂ ਰੱਦ ਕਰ ਦਿੱਤੀ ਸੀ।

ਇੰਸਪੈਕਟਰ ਪ੍ਰਦੀਪ ਸਿੰਘ ਬਹਿਬਲ ਕਾਂਡ ਬਣੇਗਾ ਵਾਅਦਾ ਮੁਆਫ਼ ਗਵਾਹ

ਫ਼ਰੀਦਕੋਟ, ਸਤੰਬਰ 2020 , (ਗੁਰਦੇਵ ਗਾਲਿਬ/ਮਨਜਿੰਦਰ ਗਿੱਲ)- ਬਹਿਬਲ ਗੋਲੀ ਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਅੱਜ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਨੇ ਵਾਅਦਾਮੁਆਫ਼ ਗਵਾਹ ਬਣਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਇਹ ਇਜਾਜ਼ਤ ਵਿਸ਼ੇਸ਼ ਜਾਂਚ ਟੀਮ ਦੀ ਉਸ ਅਰਜ਼ੀ ਨੂੰ ਸਵੀਕਾਰ ਕਰਦਿਆਂ ਦਿੱਤੀ, ਜਿਸ ਵਿਚ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਇੰਸਪੈਕਟਰ ਪ੍ਰਦੀਪ ਸਿੰਘ ਬਹਿਬਲ ਗੋਲੀ ਕਾਂਡ ਦਾ ਸਭ ਤੋਂ ਉੱਤਮ ਗਵਾਹ ਹੈ ਕਿਉਂਕਿ ਗੋਲੀ ਕਾਂਡ ਤੋਂ ਪਹਿਲਾਂ ਸਾਜ਼ਿਸ਼ ਰਚਣ ਵਾਲੇ ਪੁਲੀਸ ਅਧਿਕਾਰੀਆਂ ਨਾਲ ਪ੍ਰਦੀਪ ਸਿੰਘ ਦਾ ਨੇੜਿਓਂ ਰਾਬਤਾ ਸੀ। ਇੰਸਪੈਕਟਰ ਪ੍ਰਦੀਪ ਸਿੰਘ ਆਪਣਾ 18 ਸਫ਼ਿਆਂ ਦਾ ਬਿਆਨ ਵੀ ਅਦਾਲਤ ਵਿਚ ਦਰਜ ਕਰਵਾ ਚੁੱਕਾ ਹੈ, ਜਿਸ ਵਿਚ ਉਸ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਹਿਬਲ ਕਲਾਂ ਵਿਚ ਕਥਿਤ ਤੌਰ ’ਤੇ ਗੋਲੀ ਚਲਾਉਣ ਲਈ ਸਾਜ਼ਿਸ਼ ਰਚਣ ਦਾ ਕਸੂਰਵਾਰ ਠਹਿਰਾਇਆ ਹੈ। ਇਸ ਗੋਲੀ ਕਾਂਡ ਵਿਚ ਸ਼ਾਂਤਮਈ ਰੋਸ ਧਰਨੇ ’ਤੇ ਬੈਠੇ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਜਾਂਚ ਟੀਮ ਅਨੁਸਾਰ ਧਰਨੇ ਦੌਰਾਨ ਪੁਲੀਸ ਦੀ ਗੋਲੀ ਨਾਲ ਮਰਨ ਵਾਲੇ ਕ੍ਰਿਸ਼ਨ ਭਗਵਾਨ ਅਤੇ ਗੁਰਜੀਤ ਸਿੰਘ ਨੂੰ ਗੋਲੀਆਂ ਪੁਲੀਸ ਦੀ ਰਾਈਫ਼ਲ ਨਾਲ ਮਾਰੀਆਂ ਗਈਆਂ ਸਨ। ਪ੍ਰਦੀਪ ਸਿੰਘ ਘਟਨਾ ਸਮੇਂ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਦਾ ਰੀਡਰ ਸੀ ਅਤੇ ਚਰਨਜੀਤ ਸ਼ਰਮਾ ਨੂੰ ਬਹਿਬਲ ਕਲਾਂ ਵਿਚ ਰੋਸ ਮੁਜ਼ਾਹਰੇ ’ਤੇ ਕੰਟਰੋਲ ਰੱਖਣ ਲਈ ਭੇਜਿਆ ਗਿਆ ਸੀ। ਚਰਨਜੀਤ ਸ਼ਰਮਾ ਪਹਿਲਾਂ ਹੀ ਪ੍ਰਦੀਪ ਸਿੰਘ ਨੂੰ ਵਾਅਦਾਮੁਆਫ਼ ਗਵਾਹ ਬਣਾਉਣ ਦਾ ਵਿਰੋਧ ਕਰ ਚੁੱਕੇ ਹਨ। ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਤੋਂ ਪਹਿਲੀ ਪੇਸ਼ੀ ’ਤੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਪ੍ਰਦੀਪ ਸਿੰਘ ਨੂੰ ਵਾਅਦਾਮੁਆਫ਼ ਗਵਾਹ ਬਣਾ ਕੇ ਘਟਨਾ ਦਾ ਸਾਰਾ ਸੱਚ ਅਦਾਲਤ ਸਾਹਮਣੇ ਲਿਆਉਣਾ ਚਾਹੁੰਦੇ ਹਨ। ਅਦਾਲਤ ਨੇ ਅੱਜ ਵਿਸ਼ੇਸ਼ ਜਾਂਚ ਟੀਮ ਦੀ ਮੰਗ ਨੂੰ ਸਵੀਕਾਰ ਕਰ ਲਿਆ। ਵਿਸ਼ੇਸ਼ ਜਾਂਚ ਟੀਮ ਹੁਣ ਪ੍ਰਦੀਪ ਸਿੰਘ ਦੇ ਬਿਆਨ ਦੇ ਆਧਾਰ ’ਤੇ ਆਈਜੀ ਉਮਰਾਨੰਗਲ ਅਤੇ ਸੁਮੇਧ ਸੈਣੀ ਖ਼ਿਲਾਫ਼ ਜਾਂਚ ਨੂੰ ਅੱਗੇ ਤੋਰੇਗੀ।

ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਫ਼ੈਸਲੇ ਵਾਪਸ ਨਾ ਲਏ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਪਾਰਲੀਮੈਂਟ ਦਾ ਘਿਰਾਓ ਕੀਤਾ ਜਾਵੇਗਾ.ਕਿਸਾਨ ਆਗੂ 

 ਮਹਿਲ ਕਲਾਂ /ਬਲਨਾਲਾ-ਸਤੰਬਰ 2020 -(ਗੁਰਸੇਵਕ ਸਿੰਘ ਸੋਹੀ) ਅੱਜ ਮਹਿਲ ਕਲਾਂ ਵਿਖੇ ਸੂਬਾ ਕਮੇਟੀਆਂ ਦੇ ਸੱਦੇ ਉੱਪਰ11ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਅਤੇ ਬਿਜਲੀ ਸੋਧ ਬਿੱਲ ਨੂੰ ਵਾਪਸ ਕਰਾਉਣ ਨੂੰ ਲੈ ਕੇ ਮਹਿਲ ਕਲਾਂ ਦੇ ਬੱਸ ਸਟੈਂਡ ਵਿਖੇ 12 ਵਜੇ ਤੋਂ ਲੈਕੇ 2 ਵਜੇ ਤੱਕ ਟਰੈਫ਼ਿਕ ਆਵਾਜਾਈ ਠੱਪ ਕਰਕੇ 700 ਦੇ ਕਰੀਬ ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਦੇ ਫ਼ੈਸਲੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ, ਉੱਪ ਪ੍ਰਧਾਨ ਜਗਤਾਰ ਸਿੰਘ, ਪ੍ਰਧਾਨ ਜਸਪਾਲ ਸਿੰਘ ਕਲਾਲ ਮਾਜਰਾ,ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ,ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ,ਅਕਾਲੀ ਪ੍ਰਧਾਨ ਕੁਲਦੀਪ ਸਿੰਘ ਸਹਿਜੜਾ,ਮਨਜੀਤ ਸਿੰਘ ਸਹਿਜੜਾ, ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੈਸ਼ਨ ਦੌਰਾਨ ਪੇਸ਼ ਕੀਤੇ ਬਿੱਲ ਸਮੇਂ ਅਕਾਲੀਆਂ ਦਾ ਪਾਰਲੀਮੈਂਟ ਵਿੱਚੋਂ ਗ਼ੈਰਹਾਜ਼ਰ ਰਹਿਣਾ ਕਿਸਾਨ ਵਿਰੋਧੀ ਹੋਣ ਦਾ ਚਿਹਰਾ ਸਾਹਮਣੇ ਆਇਆ ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਨ ਦਾ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ ਹੈ ਪਰ ਦੂਜੇ ਪਾਸੇ ਦੇਸ਼ ਦੇ ਛੇ ਮੁੱਖ ਮੰਤਰੀਆਂ ਵੱਲੋਂ ਆਰਡੀਨੈੱਸ ਤੇ ਹੱਕ ਵਿੱਚ ਲਿਖ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਭੇਜਿਆ ਗਿਆ ਹੈ ਉਨ੍ਹਾਂ ਸਮੂਹ ਕਿਸਾਨਾਂ ਨੂੰ ਸਿਆਸੀ ਪਾਰਟੀਆਂ ਦਾ ਖਹਿੜਾ ਛੱਡ ਕੇ ਆਪਣੇ ਹੱਕ ਪ੍ਰਾਪਤ ਕਰਨ ਲਈ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕ ਪਲੇਟਫਾਰਮ ਤੇ ਆ ਕੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਕਿਸਾਨ ਵਿਰੋਧੀ ਫ਼ੈਸਲਿਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਇਸ ਮੌਕੇ ਬੀ ਕੇ ਯੂ ਲੱਖੋਵਾਲ ਦੇ ਆਗੂ ਜਸਵਿੰਦਰ ਸਿੰਘ ਨਾਈਵਾਲਾ, ਮੋਹਨ ਸਿੰਘ ਰਾਏਸਰ ਪ੍ਰੈਸ ਸਕੱਤਰ, ਡਾ ਜਰਨੈਲ ਸਿੰਘ ਸਹੌਰ, ਸਿੱਧੂਪੁਰ ਦੇ ਆਗੂ ਬਲਦੇਵ ਸਿੰਘ ਮੂੰਮ ਰਾਜੇਵਾਲ,ਮਲਕੀਤ ਸਿੰਘ ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰਾਂ ਦੇ ਇਕੱਠਾਂ ਤੇ ਲਾਈਆਂ ਪਾਬੰਦੀਆਂ ਰੱਦ ਕਰਨ,ਸਵਾਮੀਨਾਥਨ ਰਿਪੋਰਟ ਲਾਗੂ ਕਰਨ ਲਈ,ਸਾਰੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨ ਦੀ ਮੰਗ ਕੀਤੀ ਅਤੇ ਬਿਜਲੀ ਸੋਧ ਬਿੱਲ ਵਾਪਸ ਨਾ ਲਏ ਤਾਂ ਜਥੇਬੰਦੀਆਂ ਪਾਰਲੀਮੈਂਟ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਗੀਆਂ ਇਸ ਮੌਕੇ ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨ ਸਰਾਂ,ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ,ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਬੀ ਕੇ ਯੂ ਰਾਜੇਵਾਲ ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਹਿਲ,ਬਲਾਕ ਰਾਏਕੋਟ ਦੇ ਪ੍ਰਧਾਨ ਅਵਤਾਰ ਸਿੰਘ,ਤਰਲੋਚਨ ਸਿੰਘ ਬਰਮੀ,ਦਰਬਾਰਾ ਸਿੰਘ ਗਹਿਲ,ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ, ਬੀ ਕੇ ਯੂ ਲੱਖੋਵਾਲ ਦੇ ਆਗੂ ਮਿੱਤਰਪਾਲ ਸਿੰਘ,ਸਤਨਾਮ ਸਿੰਘ ਰਾਏਸਰ,ਬਲਵੰਤ ਸਿੰਘ ਢਿੱਲੋਂ, ਹਰਭਜਨ ਸਿੰਘ ਕਲਾਲਾ,ਮੱਘਰ ਸਿੰਘ ਸਹਿਜੜਾ,ਹਰਜੀਤ ਸਿੰਘ,ਬਿੱਟੂ ਗਾਗੇਵਾਲ,ਸੁਖਵਿੰਦਰ ਸਿੰਘ, ਦੁਕਾਨਦਾਰ ਯੂਨੀਅਨ ਦੇ ਆਗੂ ਕਰਮ ਸਿੰਘ ਉੱਪਲ ,ਗੁਰਮੀਤ ਸਿੰਘ ਸਹੌਰ ਕਿਸਾਨ ਆਗੂ ਹਾਜ਼ਰ ਸਨ।

ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੇ ਆਪਣਾ 76ਵਾਂ ਸਥਾਪਨਾ ਦਿਵਸ ਮਨਾਇਆ

 

ਪਟਿਆਲਾ , ਸਤੰਬਰ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-  ਸੋਮਵਾਰ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ 76ਵਾਂ ਸਥਾਪਨਾ ਦਿਵਸ ਮਨਾਇਆ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਲਗਾਤਾਰ ਗੁਰਮਿਤ ਪ੍ਰਚਾਰ ਮੁਹਿੰਮ ਨਿਰੰਤਰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ। ਨੌਵੇਂ ਪਾਤਸ਼ਾਹ ਦੇ ਪਵਿੱਤਰ ਅਸਥਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਗੁਰਮਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ, ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਹਰਭਜਨ ਸਿੰਘ ਕਸ਼ਮੀਰੀ, ਜਸਨਪ੍ਰੀਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਆਰਮਡ ਫੋਰਸ ਐਕਡਮੀ ਸਮੇਤ ਹੋਰ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਫੈੱਡਰੇਸ਼ਨ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਤੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹਮੇਸ਼ਾ ਹੱਕ ਤੇ ਸੱਚ ਲਈ ਸੰਘਰਸ਼ ਕੀਤਾ ਹੈ ਤੇ ਕਰਦੀ ਰਹੇਗੀ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਫੈੱਡਰੇਸ਼ਨ 'ਚ ਸੰਪੂਰਨ ਏਕਤਾ ਕਰਵਾਉਣ ਲਈ ਪਹਿਲਕਦਮੀ ਕਰਦਿਆਂ ਪੱਤਰ ਦਿੱਤਾ। ਅੱਜ ਦੇ ਇਕੱਠ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਤਿੰਨ ਅਹਿਮ ਮਤੇ ਪਾਸ ਕਰਦਿਆਂ ਕੇਂਦਰ ਸਰਕਾਰ ਨੂੰ ਸਖਤ ਤਾੜਨਾ ਕੀਤੀ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੋਂ ਬਾਜ ਆਵੇ। ਪਹਿਲੇ ਮਤੇ ਰਾਹੀਂ ਪੰਜਾਬ ਦੀ ਧਰਤੀ 'ਤੇ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ੰਥ ਸਹਿਬ ਜੀ ਦੇ 328 ਪਾਵਨ ਪਵਿੱਤਰ ਸਰੂਪਾ ਬਾਰੇ ਬਿਨਾਂ ਕਿਸੇ ਦੇਰੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਪੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਰੱਖਣ ਅਤੇ ਹੋਈਆਂ ਬੇਨਿਯਮੀਆਂ ਦੀ ਖੁੱਲੇ ਮਨ ਨਾਲ ਮਾਫੀ ਮੰਗਣ ਤੇ ਧਾਰਮਿਕ ਸਜਾ ਲਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਗੱਲ ਸਪਸ਼ਟ ਤੌਰ 'ਤੇ ਪ੍ਰਵਾਨ ਕਰਨੀ ਚਾਹੀਦੀ ਹੈ ਕਿ ਸ਼੍ਰੋਮਣੀ ਕਮੇਟੀ 'ਤੇ ਪਿਆ ਬੇਲੋੜਾ ਸਿਆਸੀ ਪ੍ਰਭਾਵ ਹੀ ਸਾਰੇ ਘਟਨਾਕ੍ਮ ਲਈ ਜਿੰਮੇਵਾਰ ਹੈ। ਮਤਾ ਨੰਬਰ ਦੋ ਵਿਚ ਦੇਸ਼ ਦੀਆ ਜੇਲ੍ਹਾਂ ਵਿਚ ਨਜ਼ਰਬੰਦ ਸਮੂਹ ਸਿੰਘ-ਸਿੰਘਣੀਆਂ ਦੀ ਬਿਨਾਂ ਸ਼ਰਤ ਰਿਹਾਈ ਕੀਤੀ ਜਾਵੇ। ਮਤਾ ਨੰਬਰ ਤਿੰਨ ਵਿਚ ਕਿਸਾਨੀ ਨੂੰ ਖਤਮ ਕਰਨ ਲਈ ਕੇਂਦਰ ਵੱਲੋਂ ਪਾਸ ਕੀਤੇ ਪੰਜ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।

ਪਾਵਨ ਸਰੂਪ ਨਾ ਗੁੰਮ ਹੋਏ ਹਨ ਅਤੇ ਨਾ ਹੀ ਕੋਈ ਬੇਅਦਬੀ ਹੋਈ ਹੈ-ਭਾਈ ਲੌਂਗੋਵਾਲ

ਲੌਂਗੋਵਾਲ, ਸਤੰਬਰ 2020  ( ਗੁਰਸੇਵਕ ਸੋਹੀ)  ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਥਿਤ ਤੌਰ ’ਤੇ ਗਾਇਬ ਪਾਵਨ ਸਰੂਪਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਗ੍ਰਹਿ ਵਿਖੇ ਰੱਖੇ ਗਏ ਸਮਾਗਮ ਤੋਂ ਪਹਿਲਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜ਼ਿਲੇ ਦੇ ਸੀਨੀਅਰ ਅਕਾਲੀ ਆਗੂਆਂ ਦੀ ਮੌਜੂਦਗੀ ’ਚ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਸ਼੍ਰੀ ਅਕਾਲ ਤਖ਼ਤ ਵਲੋਂ ਕਰਵਾਈ ਗਈ ਜਾਂਚ ਤੋਂ ਬਾਅਦ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਨਾ ਹੀ ਕਿਧਰੇ ਗਾਇਬ ਹੋਏ ਹਨ ਅਤੇ ਨਾ ਹੀ ਪਾਵਨ ਸਰੂਪਾਂ ਦੀ ਕੋਈ ਬੇਅਦਬੀ ਹੋਈ ਹੈ। ਬਲਕਿ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚ ਕੰਮ ਕਰਦੇ ਕੁੱਝ ਮੁਲਾਜ਼ਮਾਂ ਨੇ ਭਿ੍ਰਸ਼ਟਾਚਾਰ ਕਰ ਕੇ ਸੰਗਤਾਂ ਨੂੰ ਹੀ ਦਿੱਤੇ ਹਨ। ਜਾਂਚ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ 328 ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਪੈਸੇ ਦੇ ਲਾਲਚ ਵਿਚ ਰਿਕਾਰਡ ਵਿਚ ਹੇਰਾ ਫੇਰੀ ਕਰ ਕੇ ਸੰਸਥਾਵਾਂ ਜਾਂ ਸ਼ਰਧਾਲੂਆਂ ਨੂੰ ਦਿੱਤੇ ਹਨ। ਇਸ ਘਪਲੇ ਲਈ ਜ਼ਿੰਮੇਵਾਰ 16 ਕਰਮਚਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਇਸ ਸੰਵੇਦਨਸ਼ੀਲ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਬੇਹੱਦ ਗੰਭੀਰ ਹੈ ਅਤੇ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਧਰਨਾ

ਅੰਮ੍ਰਿਤਸਰ, ਸਤੰਬਰ 2020 -(ਜਸਮੇਲ਼ ਗਾਲਿਬ/ਮਨਜਿੰਦਰ ਗਿੱਲ)- ਸਤਿਕਾਰ ਕਮੇਟੀਆਂ ਤੇ ਹੋਰ ਸਿੱਖ ਜਥੇਬੰਦੀਆਂ ਨੇ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਹੈ। ਉਹ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ। ਸਿੱਖ ਜਥੇਬੰਦੀਆਂ ਨੇ ਅੱਜ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇਕੱਠ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਨੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕਥਾ ਮਗਰੋਂ ਇਸ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਇਸ ਦੇ ਬਾਹਰ ਆਪਣੇ ਕਰਮਚਾਰੀ ਤਾਇਨਾਤ ਕਰ ਦਿਤੇ। ਇਸ ਦੌਰਾਨ ਸਿੱਖ ਜਥੇਬੰਦੀਆਂ ਦੇ ਕੁਝ ਕਾਰਕੁਨਾਂ ਨੇ ਦੀਵਾਨ ਹਾਲ ਮੰਜੀ ਸਾਹਿਬ ਦੇ ਬਾਹਰ ਧਰਨਾ ਦੇ ਦਿੱਤਾ। ਕੁਝ ਸਿੱਖ ਕਾਰਕੁਨਾਂ ਨੂੰ ਗੁਰਦੁਆਰਾ ਬਾਬਾ ਅਟੱਲ ਰਾਏ ਨੇੜੇ ਗੇਟ ਦੇ ਬਾਹਰ ਰੋਕ ਲਿਆ ਗਿਆ ਅਤੇ ਉਨ੍ਹਾਂ ਨੇ ਸੜਕ ਵਿੱਚ ਹੀ ਧਰਨਾ ਦੇ ਦਿੱਤਾ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਹੋਈ ਗੱਲਬਾਤ ਤੋਂ ਬਾਅਦ ਸਿੱਖ ਕਾਰਕੁਨਾਂ ਦਾ ਜਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਧਰਨਾ ਦੇ ਕੇ ਬੈਠ ਗਿਆ ਹੈ।