You are here

ਪੰਜਾਬ

ਜਸੋਵਾਲ ਡਰੇਨ ਦੀ ਬੁਰਜੀ 0-26000 'ਤੇ ਮੱਛੀਆਂ ਫੜਨ ਦੀ ਬੋਲੀ ਹੁਣ 29 ਨੂੰ

ਲੁਧਿਆਣਾ, 27 ਸਤੰਬਰ (ਟੀ. ਕੇ. ) - ਲੁਧਿਆਣਾ ਜਲ ਨਿਕਾਸ ਮੰਡਲ, ਲੁਧਿਆਣਾ ਦੇ ਸਿੱਧਵਾਂ ਜਲ ਨਿਕਾਸ ਉਪ ਮੰਡਲ ਅਧੀਨ ਪੈਂਦੀ ਜਸੋਵਾਲ ਡਰੇਨ ਦੀ ਬੁਰਜੀ 0-26000 'ਤੇ ਮੱਛੀਆਂ ਫੜਨ ਦੀ ਬੋਲੀ ਹੁਣ 29 ਸਤੰਬਰ, 2023 ਨੂੰ ਦੁਪਹਿਰ 03:00 ਵਜੇ ਉਪ ਮੰਡਲ ਦਫ਼ਤਰ ਸਿੱਧਵਾਂ ਜਲ ਨਿਕਾਸ ਉਪ ਮੰਡਲ, ਲੁਧਿਆਣਾ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ।

ਪਹਿਲਾਂ ਇਹ ਬੋਲੀ 22 ਸਤੰਬਰ, 2023 ਨੂੰ ਰੱਖੀ ਗਈ ਸੀ ਜੋ ਘੱਟ ਬੋਲੀਕਾਰ ਹੋਣ ਕਰਕੇ ਰੱਦ ਕਰ ਦਿੱਤੀ ਗਈ ਸੀ। ਇਸਦੀ ਮਿਆਦ 01-10-2023 ਤੋਂ 30-09-2024 ਤੱਕ ਹੋਵੇਗੀ ਅਤੇ ਬੋਲੀ ਦੀ ਘੱਟੋ ਘੱਟ ਰਿਜਰਵ ਕੀਮਤ 1,58,000ੇ- ਰੁਪਏ ਰੱਖੀ ਗਈ ਹੈ।

ਉਪ ਮੰਡਲ ਅਫ਼ਸਰ, ਸਿੱਧਵਾਂ ਜਲ ਨਿਕਾਸ ਉਪ ਮੰਡਲ ਲੁਧਿਆਣਾ ਵਲੋਂ ਬੋਲੀ ਦੀਆਂ ਸ਼ਰਤਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੋਲੀ ਮੰਨਜੂਰ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ, ਲੁਧਿਆਣਾ ਜਲ ਨਿਕਾਸ ਮੰਡਲ, ਲੁਧਿਆਣਾ ਪਾਸ ਹੈ,  ਸਫਲ ਬੋਲੀਕਾਰ ਤੋ ਬੋਲੀ ਦੀ ਰਕਮ ਉਸੇ ਸਮੇ ਜਮ੍ਹਾਂ ਕਰਵਾਈ ਜਾਵੇਗੀ। ਜੇਕਰ ਅਜਿਹਾ ਨਹੀ ਕਰਦਾ ਤਾ ਬੋਲੀ ਰੱਦ ਸਮਝੀ ਜਾਵੇਗੀ। ਬੋਲੀ ਰੀਚ ਵਿੱਚ ਦਿੱਤੀ ਰੀਚ ਅਨੁਸਾਰ ਹੋਵੇਗੀ, ਸਫਲ ਬੋਲੀਕਾਰ ਨੂੰ ਆਪਣੀ ਸਫਲ ਬੋਲੀ ਤੇ ਰੀਚ ਵਿੱਚ ਮੱਛੀਆਂ ਫੜਨ ਦਾ ਅਧਿਕਾਰ ਹੋਵੇਗਾ। ਮਹੀਨਾ ਜੁਲਾਈ ਅਤੇ ਅਗਸਤ ਵਿੱਚ ਮੱਛੀਆ ਫੜਨ ਦੀ ਮਨਾਹੀ ਹੈ। ਬੋਲੀਕਾਰ ਨੂੰ ਮੱਛੀਆਂ ਫੜਨ ਲਈ ਜਹਿਰੀਲੀ ਦਵਾਈ ਅਤੇ ਬਿਜਲੀ ਦਾ ਕਰੰਟ ਵਰਤਣ ਦੀ ਮਨਾਹੀ ਹੋਵੇਗੀ। ਬੋਲੀਕਾਰ ਮੱਛੀਆ ਫੜਨ ਦੌਰਾਨ ਡਰੇਨ ਨੂੰ ਕੋਈ ਨੁਕਸਾਨ ਨਹੀ ਪਹੁੰਚਾਏਗਾ ਅਤੇ ਨਾ ਹੀ ਮਨਾਹੀ ਵਾਲੇ ਏਰੀਏ ਵਿਚ ਵੜੇਗਾ।

ਇਸ ਤੋਂ ਇਲਾਵਾ ਬੋਲੀ ਵਾਲੇ ਦਿਨ ਜੇਕਰ ਛੁੱਟੀ ਹੁੰਦੀ ਹੈ ਤਾਂ ਬੋਲੀ 03-10-2023 ਨੂੰ ਹੋਵੇਗੀ। ਬੋਲੀਕਾਰ ਆਪਣੇ ਨਾਲ ਆਪਣੇ ਅਸਲ ਆਈ।ਡੀ। ਪਰੂਫ ਅਤੇ ਉਸ ਪਰੂਫ ਦੀ ਇੱਕ ਕਾਪੀ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ।

ਵਿਧਾਇਕ ਪਰਾਸ਼ਰ ਵਲੋਂ 2.33 ਕਰੋੜ ਰੁਪਏ ਦੇ ਤਿੰਨ ਸੜਕ ਪੁਨਰ ਨਿਰਮਾਣ ਪ੍ਰਾਜੈਕਟਾਂ ਦਾ ਉਦਘਾਟਨ

ਲੁਧਿਆਣਾ, 27 ਸਤੰਬਰ(ਟੀ. ਕੇ.) ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਬੁੱਧਵਾਰ ਨੂੰ 2.33 ਕਰੋੜ ਰੁਪਏ ਦੇ ਤਿੰਨ ਸੜਕਾਂ ਦੇ ਪੁਨਰ ਨਿਰਮਾਣ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਇਨ੍ਹਾਂ ਸੜਕਾਂ ਦੇ ਪੁਨਰ ਨਿਰਮਾਣ ਕਾਰਜਾਂ ਵਿੱਚ ਬਸਤੀ ਜੋਧੇਵਾਲ ਤੋਂ ਸੁੰਦਰ ਨਗਰ ਇਲਾਕੇ ਨੂੰ ਜਾਣ ਵਾਲੀ ਸੜਕ ਦੇ ਪੁਨਰ ਨਿਰਮਾਣ ਦਾ ਪ੍ਰਾਜੈਕਟ ਵੀ ਸ਼ਾਮਲ ਹੈ। ਇਹ ਪ੍ਰਾਜੈਕਟ 72.80 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ।

ਇਸੇ ਤਰ੍ਹਾਂ ਵਿਧਾਇਕ ਨੇ 99.62 ਲੱਖ ਰੁਪਏ ਦੀ ਲਾਗਤ ਨਾਲ ਸਰਕੂਲਰ ਰੋਡ ਦੀ ਮੁੜ ਉਸਾਰੀ ਦੇ ਪ੍ਰਾਜੈਕਟ ਦਾ ਉਦਘਾਟਨ ਵੀ ਕੀਤਾ। ਇਸ ਤੋਂ ਇਲਾਵਾ 60.23 ਲੱਖ ਰੁਪਏ ਦੀ ਲਾਗਤ ਨਾਲ ਮੋਹਰ ਸਿੰਘ ਨਗਰ ਦੀਆਂ ਗਲੀਆਂ ਬਣਾਉਣ ਦੇ ਪ੍ਰੋਜੈਕਟ ਨੂੰ ਵੀ ਸ਼ੁਰੂ ਕੀਤਾ ਗਿਆ।
 
ਵਿਧਾਇਕ ਪਰਾਸ਼ਰ ਨੇ ਕਿਹਾ ਕਿ ਲੁਧਿਆਣਾ ਕੇਂਦਰੀ ਹਲਕੇ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਹਲਕੇ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਭਰ ਵਿੱਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ।

ਵਿਧਾਇਕ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਕੰਮਾਂ ਦੀ ਰਫ਼ਤਾਰ ਦੀ ਜਾਂਚ ਲਈ ਲਗਾਤਾਰ ਨਿਰੀਖਣ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੰਮਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ।

ਵਿਧਾਇਕ ਪਰਾਸ਼ਰ ਨੇ ਕਿਹਾ ਕਿ ਉਹ ਜ਼ਮੀਨੀ ਪੱਧਰ 'ਤੇ ਆ ਰਹੀਆਂ ਸਮੱਸਿਆਵਾਂ ਨੂੰ ਜਾਣਨ ਲਈ ਲੋਕਾਂ ਤੋਂ ਫੀਡਬੈਕ ਵੀ ਲੈ ਰਹੇ ਹਨ। ਹਲਕੇ ਵਿੱਚ ਵਿਕਾਸ ਕਾਰਜ ਕਰਨ ਵੇਲੇ ਲੋਕਾਂ ਦੇ ਸੁਝਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।

ਸੀਨੀਅਰ ਪੱਤਰਕਾਰ ਰਾਜੂ ਅਹੂਜਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਅੰਤਿਮ ਸਸਕਾਰ 25 ਸਤੰਬਰ ਦਿਨ ਸੋਮਵਾਰ ਨੂੰ ਧਰਮਕੋਟ ਵਿਖੇ ਦੁਪਹਿਰ 12.30 ਵਜੇ ਹੋਵੇਗਾ

ਧਰਮਕੋਟ, - (ਜਸਵਿੰਦਰ  ਸਿੰਘ  ਰੱਖਰਾ)ਧਰਮਕੋਟ ਪ੍ਰੈਸ ਕਲੱਬ ਦੇ ਖਜ਼ਾਨਚੀ ਅਤੇ ਸੀਨੀਅਰ ਪੱਤਰਕਾਰ ਰਾਜੂ ਅਹੂਜਾ, ਉਹਨਾਂ ਦੇ ਭਰਾ ਰਾਕੇਸ਼ ਆਹੂਜਾ ਅਤੇ ਸਮੂਹ ਆਹੂਜਾ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਜਦ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਸ਼੍ਰੀ ਸ਼ਾਦੀ ਰਾਮ ਆਹੂਜਾ ਪ੍ਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ , ਇਸ ਦੁਨੀਆ ਤੋਂ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਪ੍ਰਮਾਤਮਾ ਦੇ ਚਰਨਾ ਵਿਚ ਜਾ ਬਿਰਾਜੇ ਹਨ | ਸ੍ਰੀ ਸ਼ਾਦੀ ਰਾਮ ਆਹੂਜਾ ਦਾ ਅੰਤਿਮ ਸੰਸਕਾਰ ਮਿਤੀ 25 ਸਤੰਬਰ, 2023 ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 12.30 ਵਜੇ ਪੰਡੋਰੀ ਗੇਟ ਧਰਮਕੋਟ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ।

ਗੋਲਡਨ ਐਜੂਕੇਸ਼ਨ ਧਰਮਕੋਟ ਨੇ ਲਗਵਾਏ ਸ਼ਰਮਾ ਪਰਿਵਾਰ ਦੇ ਕੈਨੇਡਾ ਵਿਜ਼ਟਰ ਵੀਜ਼ੇ

 6 ਸਾਲ ਬੱਚੇ ਦਾ ਵੀ ਲਗਵਾਇਆ ਕੈਨੇਡਾ ਵੀਜ਼ਾ--  ਅਮਰਿੰਦਰ ਸਿੰਘ ਸੈਂਡੀ

 ਧਰਮਕੋਟ ਵਿੱਚ ਸਭ ਤੋਂ ਵੱਧ ਵੀਜ਼ੇ ਲਗਵਾਉਣ ਵਾਲੀ ਬਣੀ ਸੰਸਥਾ - ਅਰੋੜਾ,  ਪਲਤਾ  
ਧਰਮਕੋਟ ( ਜਸਵਿੰਦਰ ਸਿੰਘ ਰੱਖਰਾ)
ਗੋਲਡਨ ਐਜੂਕੇਸ਼ਨ ਧਰਮਕੋਟ ਸੰਸਥਾ ਵੱਖ ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ। ਇਸੇ ਤਹਿਤ ਹੀ ਸੰਸਥਾ ਵੱਲੋਂ ਰਾਜੇਸ਼ ਭਾਰਦਵਾਜ ਤੇ ਕਿਰਨ ਸ਼ਰਮਾ ਵਾਸੀ ਧਰਮਕੋਟ ਦਾ ਕੈਨੇਡਾ ਦੇ ਵਿਜ਼ਟਰ ਵੀਜ਼ੇ ਲਗਵਾ ਕੇ ਦਿੱਤਾ ਹੈ ਤੇ ਨਾਲ ਹੀ ਉਹਨਾਂ ਦੇ 6 ਸਾਲਾ ਬੇਟੇ ਦਾ ਵੀ ਵੀਜ਼ਾ ਲਗਵਾ ਕੇ ਦਿੱਤਾ ਹੈ। ਸੰਸਥਾ ਦੀ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਅਤੇ ਸੁਭਾਸ਼ ਪਲਤਾ ਨੇ ਕਿਹਾ ਕਿ ਵਿਦੇਸ਼ ਵਿੱਚ ਘੁੰਮਣ ਫਿਰਨ ਪੜ੍ਹਾਈ ਕਰਨ ਦੇ ਚਾਹਵਾਨ ਕਿਸੇ ਵੀ ਵਿਦਿਆਰਥੀ ਤੇ ਮਾਪਿਆਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਕਿ ਸੰਸਥਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਫਾਇਲ ਤਿਆਰ ਕੀਤੀ ਜਾਂਦੀ ਹੈ ਤੇ ਵਧੀਆ ਤਰੀਕੇ ਨਾਲ ਤਿਆਰ ਕੀਤੇ ਕੇਸ ਨਾਲ ਕਿਸੇ ਨੂੰ ਵੀਜ਼ਾ ਲਗਵਾਉਣ ਵਿਚ ਮੁਸ਼ਕਿਲ ਨਹੀਂ ਆਉਂਦੀ । ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਧੜਾ ਧੜ ਵੀਜ਼ੇ ਲਗਵਾਏ  ਜਾ ਰਹੇ ਹਨ ਤੇ ਇਹ ਵੀਜ਼ੇ ਸਿਰਫ 10 ਦਿਨਾਂ ਵਿੱਚ ਆਏ ਹਨ। ਉਹਨਾਂ ਰਾਜੇਸ਼ ਭਾਰਦਵਾਜ ਤੇ ਕਿਰਨ ਸ਼ਰਮਾ  ਨੂੰ ਵੀਜ਼ੇ ਸੌਂਪਦਿਆਂ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ | ਉਹਨਾਂ ਦੱਸਿਆ ਕਿ ਸੰਸਥਾ ਦੀ ਇੱਕੋ ਛੱਤ ਹੇਠ ਹਵਾਈ ਟਿਕਟਾਂ, ਵੈਸਟਰਨ ਯੂਨੀਅਨ, ਆਈਲਸ, ਇੰਮੀਗ੍ਰੇਸ਼ਨ, ਪੀ.ਟੀ.ਈ, ਇੰਡੋੋ-ਕੈਨੇਡੀਅਨ ਬੱਸ ਬੁਕਿੰਗ ਅਤੇ ਪਾਸਪੋਰਟ ਅਪਲਾਈ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਨਾਲ ਅਮਰਿੰਦਰ ਸਿੰਘ ਸੈਂਡੀ, ਮਨਵੀਰ ਕੌਰ, ਮਨਜੋਤ ਕੌਰ, ਸਤਿੰਦਰ ਕੌਰ, ਰਮਨਦੀਪ ਕੌਰ , ਸਨਦੀਪ ਕੌਰ, ਵਿਸ਼ਵਜੀਤ ਸਿੰਘ? ਗੁਰਪ੍ਰੀਤ ਸਿੰਘ ਮਨੀ ਤੋਂ ਇਲਾਵਾ ਸੰਸਥਾ ਦਾ ਸਮੁੱਚਾ ਸਟਾਫ ਹਾਜ਼ਰ ਸੀ।
ਤਸਵੀਰ ਸਮੇਤ ..
ਗੋਲਡਨ ਐਜੂਕੇਸ਼ਨ ਧਰਮਕੋਟ ਵਿਖੇ ਤਸਵੀਰ ਕਰਵਾਉਦੇ ਹੋਏ ਡਾਇਰੈਕਟਰ ਰਾਜੇਸ਼ , ਕਿਰਨ ਸ਼ਰਮਾ ਪਰਿਵਾਰ।

ਕਿਸਾਨ ਜਥੇਬੰਦੀਆਂ ਨੇ ਡੀ.ਸੀ ਮੋਗਾ ਦੇ ਦਫ਼ਤਰ ਦਾ ਕੀਤਾ ਘਿਰਾਓ

ਹੜ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਆਲ ਇੰਡੀਆ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਨੇ ਡੀ.ਸੀ ਮੋਗਾ ਦੇ ਦਫ਼ਤਰ ਦਾ ਕੀਤਾ ਘਿਰਾਓ,ਦਿੱਤਾ ਮੰਗ ਪੱਤਰ 

ਮੋਗਾ 24 ਸਤੰਬਰ ( ਜਸਵਿੰਦਰ ਸਿੰਘ ਰੱਖਰਾ  ) ਦੇਸ਼ ਭਰ ਚ ਪਿਛਲੇ ਦਿਨੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਆਲ ਇੰਡੀਆ ਵੱਲੋ ਭਾਰਤ ਪੱਧਰ ਤੇ ਸਖ਼ਤ ਐਕਸ਼ਨ ਉਲੀਕੇ ਗਏ ਸਨ। ਜਿਸ ਦੀ ਲੜੀ ਤਹਿਤ ਅੱਜ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਦਾ ਘਿਰਾਓ ਕੀਤਾ ਗਿਆ। ਇਸ ਸਮੇਂ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੌਮੀ ਜਨਰਲ ਸਕੱਤਰ ਸੁੱਖ ਗਿੱਲ ਤੋਤਾ ਸਿੰਘ ਵਾਲਾ,ਪ੍ਰਗਟ ਸਿੰਘ ਸਾਫੂਵਾਲਾ ਕਿਰਤੀ ਕਿਸਾਨ ਯੂਨੀਅਨ,ਮੇਜਰ ਸਿੰਘ ਦਬੁਰਜੀ ਬਹਿਰੂ ਗਰੁੱਪ,ਭੁਪਿੰਦਰ ਸਿੰਘ ਗਰੇਵਾਲ ਬੀਕੇਯੂ ਲੱਖੋਵਾਲ,ਜਸਵੰਤ ਸਿੰਘ ਰਾਜਾ ਕੌਮੀ ਕਿਸਾਨ ਯੂਨੀਅਨ,ਬਿੱਕਰ ਸਿੰਘ ਚੂਹੜ ਚੱਕ,ਹਰਦਿਆਲ ਸਿੰਘ ਘਾਲੀ ਕੁਲ ਹਿੰਦ ਕਿਸਾਨ ਸਭਾ ਨੇ ਮੋਗਾ ਤੋ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਦਿਨ ਰੋਸ ਪ੍ਰਦਰਸ਼ਨਾਂ ਵਿੱਚ ਕਿਸਾਨ ਭਰਾਵਾਂ ਦੇ ਨਾਲ ਨਾਲ ਕਿਸਾਨ ਸੁਆਣੀਆਂ ਨੇ ਵੀ ਭਰਵੀਂ ਸ਼ਮੂਲੀਅਤ ਕਰ ਮੋਰਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਹੈ ਅਤੇ ਉਹਨਾਂ ਅੱਗੇ ਮੰਗਾ ਦੁਹਰਾਉਂਦਿਆਂ ਕਿਹਾ ਕਿ ਨਰੇਂਦਰ ਮੋਦੀ ਦੀ ਕੇਂਦਰ ਸਰਕਾਰ ਇਨ੍ਹਾਂ ਹੜ੍ਹਾਂ ਨੂੰ ਫੌਰੀ ਕੌਮੀ ਆਫਤ ਐਲਾਨ ਕਰਕੇ ਪੰਜਾਬ ਨੂੰ ਦੱਸ ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਦੇਵੇ। ਹੜਾਂ ਨਾਲ ਹੋਏ ਨੁਕਸਾਨ ਦੇ ਮੱਦੇਨਜ਼ਰ ਮੁਆਵਜਾ ਵੰਡਣ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇ ਤਾਂ ਜੋ ਪੀੜਤ ਲੋਕਾਂ ਨੂੰ ਜਾਨ-ਮਾਲ ਦੇ ਹੋਏ ਨੁਕਸਾਨ ਦਾ  ਢੁੱਕਵਾਂ ਮੁਆਵਜਾ ਮਿਲ ਸਕੇ।ਪੰਜਾਬ ਸਰਕਾਰ ਵਿਸ਼ੇਸ਼ ਗਿਰਦਾਵਰੀ ਦੇ ਕੀਤੇ ਹੁਕਮਾਂ ’ਤੇ ਅਮਲਦਾਰੀ ਯਕੀਨੀ ਬਣਾਵੇ,ਸੁੱਖ ਗਿੱਲ ਤੋਤਾ ਸਿੰਘ ਵਾਲਾ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਜਿੰਨ੍ਹਾਂ ਕਿਸਾਨਾਂ ਨੇ ਤਬਾਹ ਹੋਈਆਂ ਫ਼ਸਲਾਂ ਮੁੜ ਬੀਜੀਆਂ ਹਨ,ਉਨ੍ਹਾਂ ਦੇ ਨੁਕਸਾਨ ਨੂੰ ਗਿਰਦਾਵਰੀ ਵਿੱਚ ਗਿਣਿਆ ਜਾਵੇ,ਇਸ ਸਬੰਧੀ ਪਿੰਡਾਂ ਦੀਆਂ  ਪੰਚਾਇਤਾਂ,ਕਿਸਾਨ ਜਥੇਬੰਦੀਆਂ ਅਤੇ ਨੰਬਰਦਾਰਾਂ ਦੀ ਗਵਾਹੀ ਨੂੰ ਸਬੂਤ ਮੰਨਿਆ ਜਾਵੇ ਅਤੇ    ਫ਼ਸਲਾਂ ਦੇ ਹੋਏ ਖਰਾਬੇ ਦਾ ਕਿਸਾਨਾਂ ਨੂੰ ਸਲੈਬਾਂ ਬਣਾ ਕੇ ਮੁਆਵਜ਼ਾ ਦਿੱਤਾ ਜਾਵੇ,ਜਿਨ੍ਹਾਂ ਕਿਸਾਨਾਂ ਦੀ ਇਸ ਸੀਜਨ ਦੀ ਪੂਰੀ ਫ਼ਸਲ ਖਰਾਬ ਅਤੇ ਅਗਲੇ ਸੀਜ਼ਨ ਦੀ ਫ਼ਸਲ ਉੱਪਰ ਵੀ ਸੰਕਟ ਮੰਡਰਾ ਰਿਹਾ,ਉਹਨਾਂ ਨੂੰ ਇੱਕ ਲੱਖ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ,ਜਿਨ੍ਹਾਂ ਕਿਸਾਨਾਂ ਦੀ ਇਸ ਸੀਜ਼ਨ ਦੀ ਫ਼ਸਲ ਖਰਾਬ ਹੋਣ ਕਾਰਨ ਪੈਦਾਵਾਰ ਨਹੀਂ ਹੋਵੇਗੀ,ਉਨ੍ਹਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ,ਜਿਨ੍ਹਾਂ ਕਿਸਾਨਾਂ ਦੇ ਝੋਨਾ ਜਾਂ ਕੋਈ ਹੋਰ ਫ਼ਸਲ ਖਰਾਬ ਹੋਈ ਪ੍ਰੰਤੂ ਪਾਣੀ ਉੱਤਰਨ ਮਗਰੋਂ ਉਨ੍ਹਾਂ ਫਸਲ ਬੀਜ ਲਈ ਉਨ੍ਹਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ,ਜਿਨ੍ਹਾਂ ਕਿਸਾਨਾਂ ਦੇ ਟਿਊਬਵੈੱਲ ਖੜ ਗਏ ਹਨ ਜਾਂ ਖੇਤਾਂ ਵਿੱਚ ਮਿੱਟੀ ਜਾਂ ਰੇਤ ਭਰ ਗਈ ਹੈ,ਉਨ੍ਹਾਂ ਨੂੰ ਰੇਤਾ ਅਤੇ ਮਿੱਟੀ ਚੁਕਾਉਣ ਲਈ ਨਿਯਮਾਂ ਵਿੱਚ ਛੋਟ ਦਿੱਤੀ ਜਾਵੇ,ਟਿਊਬਵੈਲਾਂ ਨੂੰ ਚਾਲੂ ਹਾਲਤ ਵਿੱਚ ਕਰਨ ਲਈ ਅਤੇ ਜ਼ਮੀਨ ਨੂੰ ਖੇਤੀ ਯੋਗ ਬਣਾਉਣ ਲਈ ਉਨ੍ਹਾਂ ਕਿਸਾਨਾਂ ਨੂੰ ਖਰਾਬੇ ਦੇ ਮੁਆਵਜੇ ਦੇ ਨਾਲ-ਨਾਲ ਹੋਏ ਨੁਕਸਾਨ ਦੇ ਅਨੁਸਾਰ ਵਿਸ਼ੇਸ਼ ਮੁਆਵਜਾ ਅਲੱਗ ਤੋਂ ਦਿੱਤਾ ਜਾਵੇ,ਜਿੰਨਾ ਪਰਿਵਾਰਾਂ ਦੇ ਜੀਅ ਦੀ ਮੌਤ ਹੋਈ ਹੈ ਓਹਨਾਂ ਨੂੰ 10 ਲੱਖ ਰੁਪਏ ਪ੍ਰਤੀ ਜੀਅ ਅਤੇ ਮਰੇ ਪਸ਼ੂ ਦਾ ਇੱਕ ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜਾ ਦਿੱਤਾ ਜਾਵੇ,ਘਰਾਂ ਦੇ ਹੋਏ ਨੁਕਸਾਨ ਦਾ 5 ਲੱਖ ਰੁਪਏ ਪ੍ਰਤੀ ਘਰ ਮੁਆਵਜਾ ਦਿੱਤਾ ਜਾਵੇ,ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਨੂੰ ਅੱਗੇ ਪਾਇਆ ਜਾਵੇ ਅਤੇ ਇਸ ਵਾਰ ਦਾ ਵਿਆਜ ਮੁਆਫ਼ ਕੀਤਾ ਜਾਵੇ ਜਾਂ ਸਰਕਾਰ ਭਰੇ,ਸੱਤਲੁਜ,ਬਿਆਸ ਅਤੇ ਘੱਗਰ ਦਰਿਆ ਦੇ ਪਾਣੀ ਨੂੰ ਸੰਭਾਲਣ ਲਈ ਮਾਸਟਰ ਪਲਾਨ ਤਿਆਰ ਕਰਕੇ ਯੋਜਨਾ ਅਮਲ ਵਿੱਚ ਲਿਆਂਦੀ ਜਾਵੇ,ਦਰਿਆਵਾਂ ਦੇ ਹੜਾਂ ਦੀ ਅਕਸਰ ਮਾਰ ਸਹਿਣ ਵਾਲੇ ਇਲਾਕਿਆਂ ਨੂੰ ਬੇਟ ਜਾਂ ਕੰਡੀ ਇਲਾਕਾ ਐਲਾਨ ਕੇ ਵਿਸ਼ੇਸ਼ ਦਰਜਾ ਦੇ ਕੇ ਸਹੂਲਤਾਂ ਦਿੱਤੀਆਂ ਜਾਣ,ਇਸ ਭਾਰਤ ਪੱਧਰੀ ਰੋਸ ਧਰਨੇ ਵਿੱਚ ਸੁੱਖਾ ਸਿੰਘ ਵਿਰਕ ਜਿਲ੍ਹਾ ਪ੍ਰਧਾਨ,ਕੁਲਜੀਤ ਸਿੰਘ ਪੰਡੋਰੀ,ਸ਼ਬੇਗ ਸਿੰਘ ਜਲਾਲਾਂਬਾਦ,ਦਵਿੰਦਰ ਸਿੰਘ ਕੋਟ,ਪੂਰਨ ਸਿੰਘ ਗਿੱਲ,ਸਾਬ ਲਾਟੀ ਤੋਤਾ ਸਿੰਘ ਵਾਲਾ,ਬਲਵੰਤ ਗਿੱਲ,ਕਾਰਜ ਸਿੰਘ ਮਸੀਤਾਂ,ਭਜਨ ਸਿੰਘ,ਗੁਰਨੇਕ ਸਿੰਘ ਦੌਲਤ ਪੁਰਾ,ਫਤਿਹ ਸਿੰਘ ਭਿੰਡਰ ਮੀਤ ਪ੍ਰਧਾਨ,ਗੁਰਪ੍ਰਤਾਪ ਸਿੰਘ ਮੁੱਖ ਬੁਲਾਰਾ,ਨਰਿੰਦਰ ਸਿੰਘ ਬੁੱਕਣ ਵਾਲਾ,ਛਿੰਦਰ ਕੌਰ,ਲੱਖਾ ਜੁਲਕਾ ਆਦਿ ਕਿਸਾਨ ਆਗੂਆਂ ਨੇ ਭਾਗ ਲਿਆ!

ਆਰੀਆ ਕਾਲਜ  ਦੀਆਂ ਵਿਦਿਆਰਥਣਾਂ ਵਲੋਂ ਬਾਲ ਭਵਨ ਦਾ ਦੌਰਾ 

ਲੁਧਿਆਣਾ, 24 ਸਤੰਬਰ (ਟੀ. ਕੇ.) ਆਰੀਆ ਕਾਲਜ ਗਰਲਜ਼  ਦੇ ਸਮਾਜ ਸ਼ਾਸਤਰ ਵਿਭਾਗ ਦੀਆਂ ਵਿਦਿਆਰਥਣਾਂ ਵਿੱਚ ਹਮਦਰਦੀ ਅਤੇ ਸਮਾਜਿਕ ਚੇਤਨਾ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਬਾਲ ਭਵਨ (ਅਨਾਥ ਆਸ਼ਰਮ) ਦਾ  ਦੌਰਾ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਬੱਚਿਆਂ ਨਾਲ ਗੱਲਬਾਤ ਕਰਨਾ, ਸਫਾਈ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਦੇ ਕੇ ਖੁਸ਼ੀਆਂ ਦੇਣਾ ਸੀ। ਡਾ: ਐੱਸ.ਐੱਮ. ਸ਼ਰਮਾ, ਸਕੱਤਰ ਏ.ਸੀ.ਐਮ.ਸੀ. ਨੇ ਬਿਹਤਰ ਭਵਿੱਖ ਬਣਾਉਣ ਲਈ ਨੌਜਵਾਨਾਂ ਵਿੱਚ ਹਮਦਰਦੀ ਦੀ ਭਾਵਨਾ ਪੈਦਾ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਪਿ੍ੰਸੀਪਲ ਡਾ: ਸੂਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਅਜਿਹੀਆਂ ਸਮਾਜਿਕ ਗਤੀਵਿਧੀਆਂ ਵਿਦਿਆਰਥਣਾਂ ਅੰਦਰ ਸੰਵੇਦਨਸ਼ੀਲਤਾ ਪੈਦਾ ਕਰਦੀਆਂ ਹਨ। ਇਸ ਮੌਕੇ ਇੰਚਾਰਜ ਪ੍ਰਿੰਸੀਪਲ ਡਾ: ਮਮਤਾ ਕੋਹਲੀ ਨੇ ਕਿਹਾ ਕਿ ਇਹ ਦੌਰਾ ਭਾਈਚਾਰਕ ਸਾਂਝ ਨੂੰ ਵਧਾਉਣ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਕਰਵਾਇਆ  ਗਿਆ। ਇਸ ਮੌਕੇ ਗਤੀਵਿਧੀ ਦਾ ਸੰਚਾਲਨ ਸਮਾਜ ਸ਼ਾਸਤਰ ਵਿਭਾਗ ਦੀ ਅਧਿਆਪਕਾ ਸ੍ਰੀਮਤੀ ਅਰਚਨਾ ਹਾਂਡਾ ਅਤੇ ਪੰਜਾਬੀ ਵਿਭਾਗ ਦੀ ਸ੍ਰੀਮਤੀ ਪ੍ਰੀਤੀ ਥਾਪਰ ਵਲੋਂ ਕੀਤਾ ਗਿਆ।

ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਨਵੇਂ ਵਿਦਿਆਰਥੀਆਂ ਲਈ ਚਿੱਟੇ ਕੋਟ ਦੀ ਰਸਮ ਅਦਾ 

ਲੁਧਿਆਣਾ, 24 ਸਤੰਬਰ (ਟੀ. ਕੇ.) ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਨਵੇਂ ਦਾਖਲ ਹੋਏ ਐਮ. ਬੀ. ਬੀ. ਐੱਸ ਲਈ ਚਿੱਟੇ ਕੋਟ ਦੀ ਮਹੱਤਤਾ ਲਈ ਇਕ ਸਮਾਗਮ ਕਰਵਾਇਆ ਗਿਆ ਜੋ  ਨੈਸ਼ਨਲ ਮੈਡੀਕਲ ਕਮਿਸ਼ਨ ਵਲੋਂ ਨਿਰਧਾਰਿਤ ਪਾਠ-ਕ੍ਰਮ ਦਾ ਹਿੱਸਾ ਹੈ। ਚਿੱਟੇ ਕੋਟ ਦੀ ਮਹੱਤਤਾ ਸਬੰਧੀ ਕਰਵਾਏ ਗਏ ਸਮਾਗਮ ਦਾ ਸੰਚਾਲਨ ਡਾ: ਜੈਰਾਜ ਡੀ. ਪਾਂਡੀਅਨ, ਪ੍ਰਿੰਸੀਪਲ ਵਲੋਂ ਕੀਤਾ ਗਿਆ। ਇਸ ਮੌਕੇ 
ਨਵੇਂ ਦਾਖਲ ਹੋਏ ਐਮ. ਬੀ. ਬੀ. ਐਸ. ਵਿਦਿਆਰਥੀਆਂ ਨੂੰ ਸਹੁੰ ਚੁਕਾਉਣ ਦੀ ਰਸਮ ਪ੍ਰਿੰਸੀਪਲ ਡਾ: ਪਾਂਡੀਅਨ ਵਲੋਂ ਕੀਤੀ ਗਈ। ਇਸ ਮੌਕੇ ਡਾ ਪਾਂਡੀਅਨ ਨੇ ਨਵੇਂ ਦਾਖਲ ਹੋਏ ਡਾਕਟਰ-ਵਿਦਿਆਰਥੀਆਂ ਨੂੰ 
ਮਰੀਜ਼ਾਂ ਅਤੇ ਸਮਾਜ ਦੀ ਸੇਵਾ ਵਿੱਚ ਡਾਕਟਰੀ ਕਿੱਤੇ ਨਾਲ ਸਬੰਧਿਤ ਵਚਨਬੱਧਤਾ ਅਤੇ ਸਖ਼ਤ ਮਿਹਨਤ ਨੂੰ ਦੁਹਰਾਇਆ ਗਿਆ। ਇਸ ਮੌਕੇ ਨਵੇਂ ਦਾਖਲ ਵਿਦਿਆਰਥੀਆਂ ਨੂੰ  ਚਿੱਟੇ ਕੋਟ ਪਹਿਨਾਉਂਦਿਆਂ ਉਨ੍ਹਾਂ ਚਿੱਟੇ ਕੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। 
ਇਸ ਮੌਕੇ ਡਾ: ਬਡਿਆਲ ਦਿਨੇਸ਼ ਅਤੇ ਡਾ. ਅਭਿਲਾਸ਼ਾ ਵਿਲੀਅਮ ਨੇ ਡਾਕਟਰੀ ਸਿੱਖਿਆ ਨਾਲ ਸਬੰਧਿਤ ਪਾਠ-ਕ੍ਰਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅਜੇ ਕੁਮਾਰ ਰਜਿਸਟਰਾਰ ਤੋਂ ਇਲਾਵਾ ਫੈਕਲਟੀ ਮੈਂਬਰ ਡਾ. ਅਸ਼ੀਸ਼
ਵਰਗੀਸ, ਡਾ: ਪਾਮੇਲਾ ਕੇ ਐਲਿਸ, ਡਾ ਸ਼ੇਰੀਨ ਆਰ ਵਰਗੀਸ ਅਤੇ ਡਾ ਮਾਰੀਆ ਥਾਮਸ ਨੇ ਨਵੇਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

ਜਾਰੀ ਨੋਟੀਫਿਕੇਸ਼ਨ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਦਾ ਐਲਾਨ

ਮਜਦੂਰਾਂ ਦੀ  ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੇ ਪੰਜਾਬ ਸਰਕਾਰ ਦੇ ਫੈਸਲਾ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਨੇ ਕੀਤਾ ਮੁੱਢੋਂ ਰੱਦ
26 ਸਤੰਬਰ ਨੂੰ  ਪੰਜਾਬ ’ਚ ਬ੍ਰਾਂਚ ਪੱਧਰੀ ਰੋਹ ਭਰਪੂਰ ਪ੍ਰਦਰਸ਼ਨ ਕਰਨ ਉਪਰੰਤ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ -  ਮੋਮੀ
ਲੁਧਿਆਣਾ 24 ਸਤੰਬਰ ( ਟੀ. ਕੇ. ) -
ਭਾਰਤ ਸਰਕਾਰ ਵੱਲੋਂ ਕੋਰੋਨਾ ਕਾਲ ਦੇ ਸਮੇਂ ਦੌਰਾਨ ਰਾਜ ਸਰਕਾਰਾਂ ਨੂੰ ਆਪਣੇ ਨਵੇਂ ਲੇਬਰ ਕਾਨੂੰਨ ਬਣਾਉਣ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਮ ਲੋਕਾਂ ਦੀ ਹਿਤੈਸ਼ੀ ਹੋਣ ਦੇ ਫੋਕੇ ਦਾਅਵੇ ਕਰਨ ਵਾਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਵਰਤਮਾਨ ਪੰਜਾਬ ਸਰਕਾਰ ਨੇ ਕਿਰਤੀ-ਮਜਦੂਰ ਵਰਗ ਨੂੰ ਰਾਹਤ ਦੇਣ ਦੀ ਬਜਾਏ ਲੇਬਰ ਕਾਨੂੰਨਾਂ ਵਿਚ ਸੋਧ ਕਰਕੇ ਮਜ਼ਦੂਰਾਂ ਦੇ ਕੰਮ ਕਰਨ ਦੀ ਦਿਹਾੜੀ 8 ਘੰਟੇ ਤੋਂਂ ਵਧਾ ਕੇ 12 ਘੰਟੇ ਕਰਨ ਲਈ ਪੰਜਾਬ ਸਰਕਾਰ ਦੇ ਲੇਬਰ ਵਿਭਾਗ ਵੱਲੋਂ ਮਿਤੀ 20-09-2023 ਨੂੰ ਇਕ ਨੋਟੀਫਿਕੇਸ਼ਨ ਨੰਬਰ ਈ-517838/943 ਜਾਰੀ ਕਰਕੇ ਕਿਰਤੀਆਂ ਦੇ ਵਿਰੋਧ ਵਿਚ ਫੈਸਲਾ ਲਿਆ ਗਿਆ ਹੈ, ਜਿਸਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਵੱਲੋਂ ਮੁੱਢੋਂ ਰੱਦ ਕਰਦੇ ਹੋਏ ਕਿਰਤੀਆਂ ਦੇ ਵਿਰੋਧ ’ਚ ਲਏ ਮਾਰੂ ਫੈਸਲੇ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਅਤੇ ਸੂਬਾ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਵਾਲਾ ਨੇ ਕਿਹਾ ਕਿ ਮਈ ਦਿਵਸ ਦੇ ਮਹਾਨ ਸ਼ਹੀਦਾਂ ਵੱਲੋਂ ਸਾਲਾਂਬੱਧੀ ਅਰਸੇ ਤੱਕ ਲੜੇ ਸੰਘਰਸ਼ਾਂ ਦੀ ਬਦੌਲਤ ਕਿਰਤੀ-ਮਜਦੂਰ ਦੇ ਕੰਮ ਕਰਨ ਲਈ 8 ਘੰਟੇ ਕੰਮ ਦਿਹਾੜੀ ਤੈਅ ਕਰਵਾਈ ਗਈ ਸੀ ਪਰ ਹੁਣ ਮੌਜੂਦਾ ਪੰਜਾਬ ਸਰਕਾਰ ਵੱਲੋਂ ਕਿਰਤੀਆਂ ਦੇ ਖਿਲਾਫ਼ ਹਮਲਾ ਕਰਕੇ ਦਿਹਾੜੀ 12 ਘੰਟੇ ਕੰਮ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਕੰਮ ਕਰਨ ਦਾ ਸਮਾਂ ਵਧਾ ਦਿੱਤਾ ਗਿਆ ਹੈ। ਉਥੇ ਇਹ ਮਹਾਨ ਸ਼ਹੀਦ ਵੱਲੋਂ ਦਿੱਤੀ ਕੁਰਬਾਨੀ ਨੂੰ ਅਣਦੇਖਿਆ ਕਰਦੇ ਹੋਏ ਇਕ ਵਾਰ ਫਿਰ ਹਾਕਮ ਜਮਾਤਾਂ ਵੱਲੋਂ ਕਿਰਤੀਆਂ ਦੇ ਖਿਲਾਫ 1886 ਤੋਂ ਪਹਿਲਾਂ ਵਾਲੇ ਬੰਧੂਆਂ ਮਜਦੂਰਾਂ ਵਾਲੀ ਹਲਾਤ ਪੈਦਾ ਕਰਨ ਲਈ ਅਤੇ ਕਾਰਪੋਰੇਟਰਾਂ ਦੀ ਸੇਵਾ ਲਈ ਮਾਰੂ ਫੈਸਲਾ ਲਿਆ ਗਿਆ ਹੈ।
 ਸਰਕਾਰ ਦਾ ਮਾਰੂ ਫੈਸਲਾ ਪੰਜਾਬ ਦੇ ਸਿਰਫ ਠੇਕਾ ਮੁਲਾਜਮਾਂ ਦੇ ਵਿਰੋਧ ਲਈ ਹੀ ਨਹੀਂ ਹੈ, ਬਲਕਿ ਇਹ ਪੂਰੇ ਦੇਸ਼ ਦੇ  ਕਿਰਤੀ/ ਮਜਦੂਰਾਂ ਵਸਤੇ ਇਕ ਚਣੌਤੀ ਹੈ ਕਿਉਂਕਿ ਜਿਹੜੇ ਅੱਜ ਤੱਕ ਮਹਾਨ ਸ਼ਹੀਦਾਂ ਦੇ ਵਾਰਸ ਮੰਨ ਕੇ ਉਨ੍ਹਾਂ ਦੀ ਵਿਚਾਰਧਾਰਾਂ ਤੇ ਚੱਲਣ ਦਾ ਪ੍ਰਣ ਕਰਦੇ ਰਹੇ ਹਨ, ਅੱਜ ਉਹੀ ਕਿਰਤੀ-ਮਜਦੂਰ ਵਿਰੋਧੀ ਅਤੇ ਕਾਰਪੋਰੇਟਰਾਂ ਦੇ ਹਿੱਤਾਂ ਲਈ ਨੀਤੀਆਂ ਲਾਗੂ ਕਰ ਰਹੇ ਹਨ, ਇਨ੍ਹਾਂ ਕਿਰਤੀ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਦੇ ਨਾਲ ਨਾਲ 8 ਘੰਟੇ ਕੰਮ ਦਿਹਾੜੀ ਸਮੇਤ ਤਮਾਮ ਲੇਬਰ ਕਾਨੂੰਨਾਂ ਦੀ ਰਾਖੀ ਕਰਨ ਦਾ ਸਵਾਲ ਸਾਡੇ ਸਾਹਮਣੇ ਸਭ ਤੋਂ ਵੱਧ ਪ੍ਰਮੁੱਖ ਹੈ, ਜਿਸ ਸਬੰਧ ਵਿਚ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੋਂ ਇਹ ਫੈਸਲਾ ਲਿਆ ਗਿਆ ਹੈ ਕਿ ਮਿਤੀ 26 ਸਤੰਬਰ ਨੂੰ  ਪੰਜਾਬ ਦੇ ਅੰਦਰ ਸਰਕਾਰ ਦੇ ਇਸ ਹਮਲੇ ਵਿਰੁੱਧ ਰੈਲੀਆਂ ਅਤੇ ਰੋਸ ਮਾਰਚ ਕਰਨ ਉਪਰੰਤ ਮਜਦੂਰ ਵਿਰੋਧੀ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਭਵਿੱਖ ਵਿਚ ਇਸਨੂੰ ਮਜਦੂਰ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਲੈਣ ਲਈ ਸੰਘਰਸ਼ ਲੜਨ ਦਾ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਕੁਤਬੇਵਾਲ,  ਹਾਕਮ ਸਿੰਘ ਧਨੇਠਾ, ਰੁਪਿੰਦਰ ਸਿੰਘ ਫਿਰੋਜਪੁਰ, ਜਗਰੂਪ ਸਿੰਘ ਗੁਰਦਾਸਪੁਰ, ਮਨਪ੍ਰੀਤ ਸਿੰਘ ਮਲੇਰਕੋਟਲਾ, ਸੰਦੀਪ ਖਾਂ ਬਠਿੰਡਾ, ਪ੍ਰਦੂਮਣ ਸਿੰਘ ਅਮਿ੍ਰਤਸਰ, ਉਂਕਾਰ ਸਿੰਘ ਹੁਸ਼ਿਆਰਪੁਰ, ਸੁਰਿੰਦਰ ਸਿੰਘ ਮਾਨਸਾ, ਬਲਜੀਤ ਭੱਟੀ ਮੁਕਤਸਰ, ਤਰਜਿੰਦਰ ਮਾਨ ਪਠਾਨਕੋਟ, ਗੁਰਵਿੰਦਰ ਬਾਠ ਤਰਨਤਾਰਨ, ਜਸਵੀਰ ਜਿੰਦਬੜੀ ਰੋਪੜ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ (ਰਜਿ.31) ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ  ਉਕਤ ਮਿਤੀ ਨੂੰ ਪੰਜਾਬ ਭਰ ਵਿਚ ਬ੍ਰਾਂਚ ਪੱਧਰ ’ਤੇ ਰੋਹ ਭਰਪੂਰ ਵਿਰੋਧ ਪ੍ਰਦਰਸ਼ਨ ਕਰਨ ਉਪਰੰਤ ਪੰਜਾਬ ਸਰਕਾਰ ਦੇ ਲੇਬਰ ਵਿਭਾਗ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਪੱਤਰ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਵੇਗੀ ਕਿ ਜੇਕਰ ਇਹ ਕਿਰਤੀ ਵਿਰੋਧੀ ਫੈਸਲੇ ਨੂੰ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸ਼ੁਰੂ ਕੀਤੇ ਸੰਘਰਸ਼ ਨੂੰ ਜਾਰੀ ਰੱਖਦੇ ਹੋਏ ਲੋੜ ਪੈਣ ’ਤੇ ਮਜਬੂਰਨ ਤੇਜ ਕੀਤਾ ਜਾ ਸਕਦਾ ਹੈ।

ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਦੀ  ਸੂਬਾਈ ਜਥੇਬੰਦਕ ਕਨਵੈਨਸ਼ਨ ਸਫਲਤਾ ਪੂਰਵਕ ਸਮਾਪਤ 

ਪੈਨਸ਼ਨਰਜ਼ - ਮੁਲਾਜ਼ਮ ਸਾਂਝੇ ਫ਼ਰੰਟ ਵੱਲੋਂ ਸਰਕਾਰ ਖ਼ਿਲਾਫ਼ ਚੰਡੀਗੜ੍ਹ  'ਚ ਮਹਾਂ ਰੈਲੀ 14 ਅਕਤੂਬਰ ਨੂੰ

ਲੁਧਿਆਣਾ, 24 ਸਤੰਬਰ (ਟੀ. ਕੇ.) - ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸਿੰਘ ਵੱਲੋਂ  ਪੈਨਸ਼ਨਰ ਭਵਨ ਲੁਧਿਆਣਾ ਵਿਖੇ ਸੂਬਾ ਪੱਧਰੀ ਕੰਨਵੈਨਸ਼ਨ ਕੀਤੀ ਗਈ, ਜਿਸ ਵਿੱਚ ਸਮੁੱਚੇ ਪੰਜਾਬ ਵਿਚੋਂ ਵੱਖ ਵੱਖ ਸਮੂਹ ਯੂਨਿਟ ਦੇ 294 ਡੈਲੀਗੇਟ ਸ਼ਾਮਲ ਹੋਏ। ਇਸ ਮੌਕੇ ਕਨਵੈਨਸ਼ਨ  ਦੇ ਸ਼ੁਰੂ ਵਿੱਚ ਜਥੇਬੰਦੀ ਦੇ ਵਿਛੜ ਗਏ ਆਗੂ ਮਹਾਂ ਸੰਘ ਦੇ  ਪ੍ਰਧਾਨ ਸ੍ਰੀ ਪ੍ਰੇਮ ਸਾਗਰ ਸ਼ਰਮਾ, ਪੈਨਸ਼ਨਰ ਜੁਆਇੰਟ ਫਰੰਟ ਦੇ ਕਨਵੀਨਰ ਸ੍ਰੀ ਠਾਕਰ ਸਿੰਘ, ਦੇਸ਼ ਦੀ ਸੁਰੱਖਿਆ ਕਰਦੇ ਸ਼ਹੀਦ ਹੋਏ ਸੈਨਾ ਦੇ ਜਵਾਨ ਅਤੇ ਮਹਾਂ ਸਿੰਘ ਦੇ ਵੱਖ ਵੱਖ ਯੂਨਿਟਾਂ ਦੇ ਆਗੂਆਂ ਅਤੇ ਮੈਂਬਰਾਂ ਨੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸਿੰਘ ਦੇ ਜਨਰਲ ਸਕੱਤਰ ਅਤੇ ਟਰੇਡ ਯੂਨੀਅਨ ਲਹਿਰ ਦੇ ਬਾਬਾ ਬੋਹੜ  ਰਣਬੀਰ ਸਿੰਘ ਢਿੱਲੋਂ ਵੱਲੋਂ ਕਨਵੈਨਸ਼ਨ ਦਾ ਰਸਮੀ ਉਦਘਾਟਨ ਕੀਤਾ ਗਿਆ ਜਦ ਕਿ ਵਰਕਿੰਗ ਜਨਰਲ ਸਕੱਤਰ ਬੀ.ਐਸ. ਸੇਖੋਂ ਨੇ  ਕਨਵੈਨਸ਼ਨ ਦਾ ਉਦੇਸ਼ ਸਪਸ਼ਟ ਕਰਦੇ ਹੋਏ ਵਿਸਥਾਰਪੂਰਬਕ ਅਜੰਡਾ ਪੇਸ਼ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਡਾ: ਐਨ.ਕੇ. ਕਲਸੀ ਵਲੋਂ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਵੱਖ ਵੱਖ ਯੂਨਿਟਾਂ ਅਤੇ ਭਰਾਤਰੀ / ਸਹਿਯੋਗੀ ਜਥੇਬੰਦੀਆਂ ਦੀ ਸਮੂਹ ਸੂਝਵਾਨ ਲੀਡਰਸ਼ਿਪ ਦਾ ਸਵਾਗਤ ਕੀਤਾ ਗਿਆ ਅਤੇ ਪੈਨਸ਼ਨਰਾਂ ਦੀ ਧਿਰ ਨੂੰ 8 ਸਾਲਾਂ ਤੋਂ ਲਮਕਾਅ ਅਵਸਥਾ ਵਿੱਚ ਪਈਆਂ ਮੰਗਾਂ ਦਾ ਵਿਸਤਾਰ ਪੂਰਵਕ ਵੇਰਵਾ ਦਿੰਦੇ ਹੋਏ ਪੰਜਾਬ ਸਰਕਾਰ ਦੇ ਨਾਂ ਭੇਜੇ ਗਏ ਮੰਗ ਪੱਤਰਾਂ ਅਤੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਅਤੇ ਪੰਜਾਬ ਮੁਲਾਜ਼ਮ - ਪੈਨਸ਼ਨਰਜ਼ ਸਾਝਾਂ ਫਰੰਟ ਵਲੋਂ ਕੀਤੇ ਜਾ ਰਹੇ ਸੰਘਰਸ਼ਾਂ ਦੀ ਵਿਸਥਾਰ ਸਹਿਤ  ਰਿਪੋਰਟਿੰਗ ਕੀਤੀ ਅਤੇ ਮਹਾ ਸੰਘ ਵਿੱਚ ਸ਼ਾਮਲ ਹੋਏ ਨਵੇਂ ਯੂਨਿਟ ਦੀ ਲੀਡਰਸ਼ਿਪ ਦਾ ਹਾਰ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ  ਨੂੰ  ਟਰੇਡ ਯੂਨੀਅਨ - ਪੈਨਸ਼ਨਰਜ਼ ਮਹਾ ਸੰਘ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਲਾਈਫ ਟਾਈਮ ਅਚੀਵਮੈਂਟ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ । ਇਸ ਉਪਰੰਤ ਸਮੂਹ ਯੂਨਿਟ ਦੀ ਲੀਡਰਸ਼ਿਪ ਵੱਲੋਂ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਰੱਜ ਕੇ ਭੜਾਸ ਕੱਢੀ ਅਤੇ ਕਿਹਾ ਕਿ ਆਪਣੀ ਜਿੰਦਗੀ ਦੇ ਆਖਰੀ ਪੜਾਅ ਵਿੱਚ ਗੁਜਾਰਦੇ ਹੋਏ ਲਾਚਾਰ ਅਤੇ ਬੇਸਹਾਰਾ ਪੈਨਸ਼ਨਰਾਂ ਦੀਆਂ ਸੰਵਿਧਾਨਕ ਮੰਗਾਂ ਨਾ ਮੰਨ ਕੇ ਸਰਕਾਰ  ਬਜ਼ੁਰਗ ਪੈਨਸ਼ਨਰਾਂ ਨਾਲ ਧ੍ਰੋਹ ਕਮਾ ਰਹੀ ਹੈ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ  ਆਪਣੀ ਪੈਨਸ਼ਨ ਅਤੇ ਡੀ .ਏ. ਦੇ ਬਕਾਏ ਦੀ ਉਡੀਕ ਵਿੱਚ ਕਰੀਬ 35000 ਪੈਨਸ਼ਨਰਜ਼ ਸਵਰਗਵਾਸ ਹੋ ਗਏ ਹਨ ਪਰੰਤੂ ਪੰਜਾਬ ਸਰਕਾਰ ਆਪਣੀ ਜਿੱਦ ਕਾਰਨ ਮੰਗਾਂ ਮੰਨਣ ਲਈ ਟੱਸ ਤੋਂ ਮੱਸ ਨਹੀਂ ਹੋ ਰਹੀ।ਇਸ ਮੌਕੇ ਸਰਕਾਰ ਤੋਂ  ਮੰਗ ਕੀਤੀ ਗਈ ਕਿ ਪੈਨਸ਼ਨਰਾਂ ਦੀ ਸਰੀਰਕ ਅਤੇ ਵਿੱਤੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਮਿਤੀ 01.01 2016 ਤੋਂ ਪਹਿਲਾਂ ਦੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ 2.59 ਦੇ ਗੁਣਾਂਕ ਨਾਲ ਤੁਰੰਤ ਸੋਧੀਆਂ ਜਾਣ, ਕੌਮੀ ਅਧਾਰ 'ਤੇ ਪੈਨਸ਼ਨਾਂ ਸੰਬੰਧੀ ਸਬੰਧੀ ਲੋੜੀਂਦਾ ਸਪਸ਼ਟਕਰਨ ਜਾਰੀ ਕੀਤਾ ਜਾਵੇ, ਮਿਤੀ 01.01.2018 ਤੋਂ 30. 06. 2021. ਤੱਕ ਦਾ ਬਕਾਇਆ ਦਿੱਤਾ ਜਾਵੇ, ਡੀ.ਏ. ਦੀਆਂ ਕਿਸ਼ਤਾਂ  ਦਾ ਬਕਾਇਆ ਦਿੱਤਾ ਜਾਵੇ, ਕੌਂਸਲ ਹੈਲਥ ਸਕੀਮ ਲਾਗੂ ਕੀਤੀ ਜਾਵੇ ਅਤੇ ਬਾਕੀ ਸੰਵਿਧਾਨ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ । ਇਸ ਮੌਕੇ ਸੰਘ ਵਲੋਂ ਸਰਕਾਰ ਨੂੰ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਹੁਣ ਪੈਨਸ਼ਨਰਾਂ ਦੇ ਸਬਰ ਦਾ ਪਿਆਲਾ ਟੁੱਟ ਚੁੱਕਿਆ ਹੈ। ਜੇਕਰ ਹੁਣ ਹੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਗੌਰਮਿੰਟ ਪੈਨਸ਼ਨਰਜ ਜੁਆਇੰਟ ਫਰੰਟ ਅਤੇ ਪੰਜਾਬ ਮੁਲਾਜ਼ਮ - ਪੈਨਸ਼ਨਰਜ ਸਾਂਝਾਂ ਫਰੰਟ ਨਾਲ ਤਾਲ ਮੇਲ ਕਰਕੇ ਸਰਕਾਰ ਨਾਲ ਆਰ-ਪਾਰ ਦਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਇਕ ਮਤਾ ਪਾਸ ਕੀਤਾ ਗਿਆ ਜਿਸ ਵਿਚ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਹੜਤਾਲ ਨੂੰ ਦਬਾਉਣ ਲਈ ਲਗਾਏ ਐਸਮਾ ਕਾਨੂੰਨ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਐਸਮਾ ਵਾਪਸ ਲਿਆ ਜਾਵੇ। ਕਨਵੈਨਸ਼ਨ ਦੇ ਆਖੀਰ ਵਿੱਚ ਪ੍ਰਧਾਨਗੀ ਮੰਡਲ ਵਿਚ ਸ਼ਾਮਲ  ਸਾਥੀ ਹਰਪ੍ਰੀਤ ਇੰਦਰ ਸਿੰਘ ਨੇ ਕਨਵੈਨਸ਼ਨ ਦੀ ਕਾਮਯਾਬੀ ਲਈ ਸਵਾਗਤੀ ਕਮੇਟੀ ਪੈਨਸ਼ਨਰਜ਼ ਇਨਫਰਮੇਸ਼ਨ ਸੈਂਟਰ ਦੇ ਚੇਅਰਮੈਨ  ਦਲੀਪ ਸਿੰਘ ਅਤੇ  ਸੁਸ਼ੀਲ ਕੁਮਾਰ, ਡਾ: ਮਹਿੰਦਰ ਕੁਮਾਰ ਮਾਰਦਾ, ਪਵਿੱਤਰ ਸਿੰਘ ਲਖਬੀਰ ਸਿੰਘ ਭੱਟੀ ਅਤੇ ਸਮੂਹ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਡੈਲੀਗਟ / ਲੀਡਰਸ਼ਿਪ ਦਾ ਧੰਨਵਾਦ ਕੀਤਾ ।ਇਸ ਮੌਕੇ ਹੋਰਨਾਂ ਆਗੂਆਂ ਤੋਂ ਇਲਾਵਾ ਦਲੀਪ ਸਿੰਘ ਚੇਅਰਮੈਨ, ਸੁਸ਼ੀਲ ਕੁਮਾਰ, ਜਰਨੈਲ ਸਿੰਘ ਸਿੱਧੂ, ਜਸਵੰਤ ਸਿੰਘ, ਅਵਤਾਰ ਸਿੰਘ ਲੋਹੀ ਮਾਜਰਾ, ਗੁਰਨਾਮ ਸਿੰਘ ਔਲਖ, ਜਗਦੀਸ਼ ਚੰਦਰ ਸ਼ਰਮਾ,
ਅਤੇ ਰਾਮ ਸਿੰਘ ਕਾਲੜਾ ਨੇ ਵੀ ਸੰਬੋਧਨ ਕੀਤਾ ।

"ਵਿਸ਼ਵ ਦਿਲ ਦਿਵਸ"   ਦੇ ਸੰਦਰਭ ਵਿਚ ਵਾਕਾਥਨ ਕਰਵਾਈ 

ਲੁਧਿਆਣਾ, 24 ਸਤੰਬਰ (ਟੀ. ਕੇ.) ਵਿਸ਼ਵ ਦਿਲ ਦਿਵਸ ਨੂੰ ਮੱਦੇਨਜ਼ਰ  ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਵਾਕਥਨ ਕਰਵਾਈ ਗਈ। ਕਾਰਡੀਓਵੈਸਕੁਲਰ ਕੇਅਰ ਲਈ  "ਹਰ ਦਿਲ ਦੀ ਧੜਕਣ ਲਈ ਦਿਲ ਦੀ ਵਰਤੋਂ ਕਰੋ!" ਥੀਮ ਦੀ ਵਰਤੋਂ ਕਰਦੇ ਹੋਏ ਇੱਕ "ਵਾਕਥਨ" ਕਰਵਾਈ ਗਈ ਜੋ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚੋਂ ਗੁਜਰਦੀ ਹੋਈ ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਲਿਆਉਣ ਲਈ ਸੁਨੇਹਾ ਦਿੰਦੀ ਗਈ। ਇਸ ਵਾਕਥਨ ਵਿਚ 
 ਡਾਕਟਰਾਂ, ਨਰਸਾਂ, ਹਸਪਤਾਲ ਸਟਾਫ਼ ਅਤੇ ਕਾਲਜ/ ਹਸਪਤਾਲ ਦੀ ਟੀਮ ਦੇ ਮੈਂਬਰਾਂ ਸਮੇਤ ਡਾ. ਜੈਰਾਜ ਡੀ. ਪਾਂਡੀਅਨ ਪ੍ਰਿੰਸੀਪਲ ਮੈਡੀਕਲ ਕਾਲਜ, ਸ੍ਰੀ ਗਲੈਡਿਸ ਐਸ. ਕੁਮਾਰ ਨਰਸਿੰਗ ਸੁਪਰਡੈਂਟ, ਡੀ.ਵਾਈ.
 ਨਰਸਿੰਗ ਸੁਪਰਡੈਂਟ,  ਸੰਗੀਤਾ ਨਿਕੋਲਸ ਅਤੇ ਸੰਗੀਤਾ ਸੈਮੂਅਲ, ਡਾ: ਸ਼ਿਵਾਨੀ ਸੰਧੂ, ਡਾ: ਹਨੀ ਚੌਧਰੀ, ਡਾ: ਵਿਕਰਮਜੀਤ ਸਿੰਘ, ਡਾ: ਅਦਿਤੀ, ਡਾ: ਗੌਰਵ ਗੁਪਤਾ, ਡਾ: ਜਤਿੰਦਰਾ ਸਿੰਘ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਦਿਲ ਦੇ ਰੋਗਾਂ ਦੇ ਮਾਹਿਰ ਡਾ ਗੁਰਭੇਜ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਖਾਸ ਕਰਕੇ ਲੁਧਿਆਣਾ ਵਿੱਚ ਦਿਲ ਦੀਆਂ ਬਿਮਾਰੀਆਂ ਚਿੰਤਾਜਨਕ ਦਰ ਨਾਲ ਵੱਧ ਰਹੀਆਂ ਹਨ। ਗੈਰ-ਸਿਹਤਮੰਦ ਜੀਵਨਸ਼ੈਲੀ ਵਿਕਲਪਾਂ ਨੇ ਭਾਰਤੀ ਆਬਾਦੀ ਵਿੱਚ ਸ਼ੂਗਰ ਅਤੇ ਹਾਈਪਰਟੈਨਸ਼ਨ ਦੇ ਜੋਖਮ ਨੂੰ ਵਧਾ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਵਧੇਰੇ ਖ਼ਤਰਾ ਬਣ ਗਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਬਿਮਾਰੀ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖੀਏ ਅਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਤੁਰੰਤ ਰੋਕਥਾਮ ਵਾਲੇ ਕਦਮ ਉਠਾਈਏ।ਉਨ੍ਹਾਂ ਕਿਹਾ ਕਿ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਵਿਚ ਬਦਲਾਅ ਕਰਨਾ ਚਾਹੀਦਾ ਹੈ। ਡਾ: ਗੁਰਭੇਜ ਸਿੰਘ ਨੇ ਅੱਗੇ ਕਿਹਾ ਕਿ ਵੱਡੇ ਪੱਧਰ 'ਤੇ ਰੋਕਥਾਮਯੋਗ ਹੋਣ ਦੇ ਬਾਵਜੂਦ, ਕਾਰਡੀਓਵੈਸਕੁਲਰ ਬਿਮਾਰੀ (ਸੀ. ਵੀ. ਡੀ. )ਹਰ ਸਾਲ 20.5 ਮਿਲੀਅਨ ਤੋਂ ਵੱਧ ਮੌਤਾਂ ਦਾ ਕਾਰਨ ਬਣਦੀ ਹੈ। ਅੰਦਾਜ਼ਨ 80 ਫੀਸਦੀ ਕਾਰਡੀਓਵੈਸਕੁਲਰ ਰੋਗ, ਦਿਲ ਦੀ ਬਿਮਾਰੀ ਅਤੇ ਸਟ੍ਰੋਕ ਸਮੇਤ, ਰੋਕਥਾਮਯੋਗ ਹੈ। ਉਨ੍ਹਾਂ ਅੱਗੇ ਕਿਹਾ ਕਿ ਖਾਣ ਪੀਣ ਦੀਆਂ ਆਦਤਾਂ ਵਿਚ ਕੰਟਰੋਲ ਕਰਦਿਆਂ ਸਾਨੂੰ ਕਸਰਤ ਕਰਨ ਵਲ ਆਪਣਾ ਮੂੰਹ ਕਰਨਾ ਚਾਹੀਦਾ ਹੈ।

ਸਵ. ਪ੍ਰੀਤਮ ਸਿੰਘ ਜੀ ਦੀ ਯਾਦ ਵਿੱਚ ਪਿੰਡ ਨਥੇਹਾ ਵਿਖੇ ਦੂਸਰਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ

ਤਲਵੰਡੀ ਸਾਬੋ, 24 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪਿੰਡ ਨਥੇਹਾ ਵਿਖੇ ਦਿਲ/ ਛਾਤੀ, ਹੱਡੀਆਂ ਸਬੰਧੀ ਬਿਮਾਰੀਆਂ ਅਤੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਹ ਕੈਂਪ ਪਿੰਡ ਦੇ ਉੱਘੇ ਸਮਾਜ ਸੇਵੀ ਅਤੇ ਵੈਟਰਨਰੀ ਫਾਰਮਾਸਿਸਟ ਡਾ. ਸੁਖਜਿੰਦਰ ਸਿੰਘ ਨੇ ਆਪਣੇ ਪਿਤਾ ਸਵ. ਪ੍ਰੀਤਮ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਦੂਸਰਾ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਦਿਲ ਛਾਤੀ ਦੇ ਮਾਹਿਰ ਡਾ. ਰਾਜ ਕੁਮਾਰ ਅਗਰਵਾਲ ਹਸਪਤਾਲ ਸਰਦੂਲਗੜ੍ਹ, ਡਾ. ਚਮਕੌਰ ਸਿੰਘ ਅਤੇ ਡਾ. ਗਗਨਦੀਪ ਸਿੰਘ ਜੀ ਹੱਡੀਆਂ ਦੇ ਰੋਗਾਂ ਦੇ ਮਾਹਿਰ ਅਤੇ ਅੱਖਾਂ ਦੀ ਦੇ ਮਾਹਿਰ ਡਾ. ਚਰਨਜੀਤ ਸਿੰਘ ਜੀ ਮੱਲ੍ਹੀ ਆਈ ਹਸਪਤਾਲ ਤਲਵੰਡੀ ਸਾਬੋ ਨੇ ਵੱਖ-ਵੱਖ ਪਿੰਡਾਂ ਦੇ 300 ਮਰੀਜਾਂ ਨੂੰ ਚੈੱਕ ਕਰਕੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।

ਇਸ ਕੈਂਪ ਬਾਰੇ ਗੱਲਬਾਤ ਕਰਦਿਆਂ ਕੈਂਪ ਪ੍ਰਬੰਧਕ ਡਾ. ਸੁਖਜਿੰਦਰ ਸਿੰਘ ਨਥੇਹਾ ਨੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜਿੱਥੇ ਡਾਕਟਰਾਂ ਦੀ ਟੀਮ ਨੇ ਵੱਖ-ਵੱਖ ਬਿਮਾਰੀਆਂ ਤੋਂ ਬਚਣ ਲਈ ਸਮੇਂ-ਸਮੇਂ 'ਤੇ ਦਵਾਈਆਂ ਲੈਣ ਦੀ ਸਲਾਹ ਦੇ ਨਾਲ ਨਾਲ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ ਉਥੇ ਸ਼ੂਗਰ, ਈ.ਸੀ.ਜੀ ਦੇ ਟੈਸਟ ਕੀਤੇ ਅੱਖਾਂ ਦੀ ਬਿਮਾਰੀ ਲਈ ਦਵਾਈ ਅਤੇ ਐਨਕਾਂ ਵੀ ਤਕਸੀਮ ਕੀਤੀਆਂ। ਉਹਨਾਂ ਪਿੰਡਾਂ ਦੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜਿੱਥੇ ਸਿਹਤ ਸਹੂਲਤਾਂ ਦੀ ਘਾਟ ਹੈ ਜਾਂ ਡਾਕਟਰ ਨਹੀਂ ਹਨ ਉਥੇ ਇਸ ਤਰ੍ਹਾਂ ਦੇ ਕੈਂਪ ਆਯੋਜਨ ਕਰਕੇ ਮਰੀਜਾਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।

ਇਸ ਮੌਕੇ ਡਾਕਟਰਾਂ ਦੀ ਟੀਮ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਸ੍ਰ. ਜਗਸੀਰ ਸਿੰਘ ਸਿੱਧੂ, ਸਮੂਹ ਪੰਚਾਇਤ ਮੈਂਬਰ, ਮਾਤਾ ਬਲਜੀਤ ਕੌਰ, ਡਾ. ਕੁਲਵਿੰਦਰ ਸਿੰਘ ਜਟਾਨਾ, ਰਮਨਦੀਪ ਸਿੰਘ ਜਟਾਨਾ, ਮਾ. ਹਰਵਿੰਦਰ ਸਿੰਘ ਬਾਠ ਆਦਿ ਹਾਜ਼ਰ ਸਨ।

ਸਵੱਛਤਾ ਅਭਿਆਨ ਸੁਸਾਇਟੀ ਵੱਲੋਂ ਕਰਵਾਇਆ ਗਿਆ ਸ਼੍ਰਮਦਾਨ ਪ੍ਰੋਗਰਾਮ 

 ਬੱਸ ਸਟੈਂਡ ਫਗਵਾੜਾ ਵਿੱਚ ਚਲਾਈ ਗਈ ਸਵੱਛਤਾ ਮੁਹਿੰਮ 

  ਫਗਵਾੜਾ (24 ਸਤੰਬਰ):- ਸਵੱਛਤਾ ਅਭਿਆਨ ਸੁਸਾਇਟੀ ਰਜਿਸਟਰਡ ਫਗਵਾੜਾ ਦੇ ਪ੍ਰਧਾਨ ਅਸ਼ੀਸ਼ ਗਾਂਧੀ ਦੀ ਅਗਵਾਈ ਹੇਠ ਸਥਾਨਕ ਬੱਸ ਸਟੈਂਡ ਫਗਵਾੜਾ ਕੰਪਲੈਕਸ ਵਿਖੇ ਸ਼੍ਰਮਦਾਨ ਪ੍ਰੋਗਰਾਮ ਕਰਵਾਇਆ ਗਿਆ।  ਜਿਸ ਵਿੱਚ ਮੈਂਬਰਾਂ ਨੇ ਬੜੀ ਤਨਦੇਹੀ ਨਾਲ ਸ਼ਿਰਕਤ ਕੀਤੀ ਅਤੇ ਸਥਾਨਕ ਬੱਸ ਸਟੈਂਡ ਵਿੱਚ ਉੱਗੇ ਪੌਦਿਆਂ ਦੀ ਛਟਾਈ ਅਤੇ ਸਫ਼ਾਈ ਵੀ ਕੀਤੀ।  ਅਸ਼ੀਸ਼ ਗਾਂਧੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਰੇ ਲੋਕਾਂ ਨੂੰ ਜਨਤਕ ਸਥਾਨਾਂ ਨੂੰ ਸਾਫ਼ ਸੁਥਰਾ ਰੱਖਣ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਬੱਸ ਸਟੈਂਡ ਵਰਗੀਆਂ ਜਨਤਕ ਥਾਵਾਂ ਦੀ ਸਫ਼ਾਈ ਦਾ ਧਿਆਨ ਰੱਖਣ ਲਈ ਸਮਾਂ ਕੱਢਣਾ ਚਾਹੀਦਾ ਹੈ।  ਮੈਂਬਰਾਂ ਨੇ ਬੱਸ ਸਟੈਂਡ ’ਤੇ ਜਮ੍ਹਾਂ ਹੋਈ ਗੰਦਗੀ ਅਤੇ ਉੱਗੇ ਘਾਹ ਫੂਸ ਨੂੰ ਵੀ ਸਾਫ਼ ਕੀਤਾ।  ਚਾਰਟਰਡ ਦੇ ਪ੍ਰਧਾਨ ਮਦਨ ਮੋਹਨ ਖੱਟਰ ਨੇ ਕਿਹਾ ਕਿ ਲੋਕਾਂ ਨੂੰ ਆਪਣੀਆਂ ਆਦਤਾਂ ਸੁਧਾਰਨੀਆਂ ਚਾਹੀਦੀਆਂ ਹਨ ਅਤੇ ਕੂੜਾ ਇਧਰ-ਉਧਰ ਸੁੱਟਣ ਦੀ ਬਜਾਏ ਜਨਤਕ ਥਾਵਾਂ 'ਤੇ ਰੱਖੇ ਕੂੜਾਦਾਨਾਂ ਵਿੱਚ ਸੁੱਟਣਾ ਚਾਹੀਦਾ ਹੈ ਅਤੇ ਜਨਤਕ ਥਾਵਾਂ ਦੀ ਸਫ਼ਾਈ ਵਿਵਸਥਾ ਨੂੰ ਪ੍ਰਦੂਸ਼ਿਤ ਕਰਨ ਤੋਂ ਬਚਾਣਾ  ਚਾਹੀਦਾ ਹੈ।  ਸਮੂਹ ਮੈਂਬਰਾਂ ਨੇ ਇਸ ਪ੍ਰੋਗਰਾਮ ਲਈ ਪ੍ਰਧਾਨ ਅਸ਼ੀਸ਼ ਗਾਂਧੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਵੀ ਕੀਤਾ |  ਇਸ ਮੌਕੇ ਪ੍ਰਧਾਨ ਅਸ਼ੀਸ਼ ਗਾਂਧੀ ਤੋਂ ਇਲਾਵਾ ਜਸਵਿੰਦਰ ਸਿੰਘ ਚੱਗਰ, ਕਸ਼ਮੀਰ ਲਾਲ, ਨੀਰਜ ਕੁਮਾਰ, ਮੋਨਿਕਾ ਬੇਦੀ, ਮਦਨ ਮੋਹਨ ਖੱਟਰ, ਰਮਨ ਨਹਿਰਾ, ਸ਼ਿਆਮ ਸੁੰਦਰ ਸਿੰਘ ਬਿੱਲਾ ਆਦਿ ਹਾਜ਼ਰ ਸਨ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਹਫਤਾਵਾਰੀ ਕੀਰਤਨ ਸਮਾਗਮ ਆਯੋਜਿਤ

ਗੁਰੂ ਸਾਹਿਬਾਂ ਵੱਲੋਂ ਉਚਰੀ ਬਾਣੀ ਮੁਨੱਖੀ ਜੀਵਨ ਦਾ ਮੂਲ ਸ੍ਰੋਤ -ਭਾਈ ਕ੍ਰਿਪਾਲ ਸਿੰਘ

ਲੁਧਿਆਣਾ,24 ਸਤੰਬਰ (   ਕਰਨੈਲ ਸਿੰਘ ਐੱਮ ਏ)  ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਸਦਕਾ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਪੂਰੀ ਸ਼ਰਧਾ ਭਾਵਨਾ ਦੇ ਨਾਲ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਕੀਰਤਨ ਸਮਾਗਮ ਅੰਦਰ ਆਪਣੇ ਕੀਰਤਨੀ ਜੱਥੇ ਸਮੇਤ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਕ੍ਰਿਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਗੁਰਬਾਣੀ ਦਾ ਇਲਾਹੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਨਾਲ ਹੀ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਰੀ ਬਾਣੀ ਮੁਨੱਖੀ ਜੀਵਨ ਦਾ ਮੂਲ ਸਰੋਤ ਹੈ।

ਜਿਸ ਦੇ ਸਿਮਰਨ ਨਾਲ ਸਾਰੇ ਦੁੱਖ ਦਰਦ ਦੂਰ ਹੋ ਜ਼ਾਦੇ ਹਨ ਅਤੇ ਮੁਨੱਖ ਨੂੰ ਅਧਿਆਤਮਕ ਤੇ ਰੂਹਾਨੀਅਤ ਸਕੂਨ ਦੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸਵ. ਜੱਥੇਦਾਰ ਅਵਤਾਰ ਸਿੰਘ ਮੱਕੜ ਜੀ ਦੀ ਪ੍ਰੇਰਨਾ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ  ਪਿਛਲੇ ਕਈ ਸਾਲਾਂ ਤੋਂ ਨਿਰੰਤਰ ਚਲ ਰਹੀ  ਹਫਤਾਵਾਰੀ ਕੀਰਤਨ ਸਮਾਗਮ ਦੀ ਲੜੀ ਸੰਗਤਾਂ ਦੇ ਲਈ ਪ੍ਰੇਰਨਾ ਦਾ ਸਰੋਤ ਬਣ ਚੁੱਕੀ ਹੈ।ਇਸ ਦੌਰਾਨ ਸੁਸਾਇਟੀ ਦੇ ਮੁੱਖ ਸੇਵਾਦਾਰ ਸ੍ਰ. ਭੁਪਿੰਦਰ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਕਰਦਿਆਂ ਜਿੱਥੇ ਉਨ੍ਹਾਂ ਨੂੰ ਵਿਆਹ ਪੁਰਬ ਦੀਆਂ ਵਧਾਈਆਂ ਦਿੱਤੀਆਂ ਉੱਥੇ ਨਾਲ ਹੀ ਜਾਣਕਾਰੀ ਦਿੱਤੀ ਕਿ ਅਗਲੇ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਤਿੰਦਰਪਾਲ ਸਿੰਘ ਜੀ ਜਗਾਧਰੀ ਵਾਲੇ ਆਪਣੇ ਕੀਰਤਨੀ ਜੱਥੇ ਸਮੇਤ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ।ਇਸ ਦੌਰਾਨ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਾਝੇ ਤੌਰ ਤੇ ਗੁਰੂ ਘਰ ਦੇ ਕੀਰਤਨੀਏ  ਭਾਈ ਕ੍ਰਿਪਾਲ ਸਿੰਘ ਅਤੇ ਉਨ੍ਹਾਂ  ਦੇ ਕੀਰਤਨੀ ਜੱਥੇ  ਦੇ ਮੈਂਬਰਾਂ ਨੂੰ ਸਿਰਪਾਉ  ਭੇਟ ਕੀਤੇ। ਕੀਰਤਨ ਸਮਾਗਮ ਦੌਰਾਨ ਸ. ਇੰਦਰਜੀਤ ਸਿੰਘ ਮੱਕੜ,ਸ.ਜਤਿੰਦਰਪਾਲ ਸਿੰਘ ਸਲੂਜਾ,ਕਰਨੈਲ ਸਿੰਘ ਬੇਦੀ, ਮਨਜੀਤ ਸਿੰਘ ਟੋਨੀ ,ਭੁਪਿੰਦਰਪਾਲ  ਸਿੰਘ ਧਵਨ  ,ਬਲਬੀਰ ਸਿੰਘ ਭਾਟੀਆ,  ਜਗਪ੍ਰੀਤ ਸਿੰਘ ਮੱਕੜ, ਨਰਿੰਦਰਪਾਲ ਸਿੰਘ, ਮਨਜੀਤ ਸਿੰਘ ,ਤਰਲੋਚਨ ਸਿੰਘ ਸਾਂਬਰ,ਰਵਿੰਦਰ ਸਿੰਘ ਪੈਰੀ,ਆਗਿਆਪਾਲ ਸਿੰਘ ਚਾਵਲਾ,ਜੀਤ ਸਿੰਘ,  ਗੁਰਵਿੰਦਰ ਸਿੰਘ  ਆੜਤੀ, ਸੁਰਿੰਦਰ ਸਿੰਘ ਸਚਦੇਵਾ,ਇੰਦਰਪਾਲ ਸਿੰਘ ਕਾਲੜਾ, ਕਮਲਦੀਪ ਸਿੰਘ ਕਾਲੜਾ,ਹਰਕੀਰਤ ਸਿੰਘ ਬਾਵਾ,ਜੁਗਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ,ਏ.ਪੀ ਸਿੰਘ ਅਰੋੜਾ , ਜਗਦੇਵ ਸਿੰਘ ਕਲਸੀ,ਅੱਤਰ ਸਿੰਘ ਮੱਕੜ,ਮਹਿੰਦਰ ਸਿੰਘ ਡੰਗ, ਰਜਿੰਦਰ ਸਿੰਘ ਡੰਗ,ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹ ਦੀਪ ਸਿੰਘ,ਕਰਨਦੀਪ ਸਿੰਘ,, ਬਲ ਫਤਹਿ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਅਭਿਆਸ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

ਲੁਧਿਆਣਾ 24 ਸਤੰਬਰ (   ਕਰਨੈਲ ਸਿੰਘ ਐੱਮ ਏ      ) ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਅੱਜ ਹਫਤਾਵਾਰੀ ਨਾਮ ਅਭਿਆਸ ਸਮਾਗਮ ਹੋਇਆ। ਇਹ ਨਾਮ ਅਭਿਆਸ ਸਮਾਗਮ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਹੋਇਆ।
ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਨਾਮ ਸਿਮਰਨ ਅਤੇ ਗੁਰਮਤਿ ਵੀਚਾਰਾਂ ਨਾਲ ਜੋੜਿਆ। ਬਾਬਾ ਜੀ ਨੇ ਗੁਰਮਤਿ ਵੀਚਾਰਾਂ ਦੀ ਸਾਂਝ ਪਾਉਂਦਿਆਂ ਬਾਬਾ ਫਰੀਦ ਜੀ ਦੇ ਜੀਵਨ ਰਾਹੀ ਕਿਹਾ ਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਰਸ  ਨਾਲ ਜੁੜ ਕੇ ਬਾਬਾ ਫਰੀਦ ਜੀ ਤਰ੍ਹਾਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਜਿਹੜੇ ਵਿਅਕਤੀ ਨਾਮ ਰਸ ਵਿੱਚ ਭਿੱਜ ਜਾਂਦੇ ਹਨ ਉਹ ਬਾਹਰੀ ਵਸਤੂਆਂ ਬਾਰੇ ਨਹੀਂ ਸੋਚਦੇ ਹਨ। ਕਿਉਕਿ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਸੰਸਾਰ ਦੀ ਸਮੁੱਚੀ ਤਾਕਤ ਸਮਾਈ ਹੋਈ ਹੈ ਸਿਮਰਨ ਕੀਤਿਆਂ ਸੰਸਾਰ ਦੀ ਹਰ ਵਸਤੂ ਪ੍ਰਾਪਤ ਹੋ ਸਕਦੀ ਹੈ।ਸਤਿਗੁਰਾਂ ਨੇ ਬਾਣੀ ਰਾਹੀਂ ਸਮਝਾਉਣਾ ਕੀਤਾ ਹੈ ਕਿ ਪਰਮਾਤਮਾ ਸਾਰੀਆਂ ਦਾਤਾਂ ਦਾ ਮਾਲਕ ਹੈ ਤੇ ਜੋ ਵਾਹਿਗੁਰੂ ਕਿਸੇ ਨੂੰ ਕੁੱਝ ਨਾ ਦੇਣਾ ਚਾਹੇ ਤੇ ਸੰਸਾਰ ਦੀਆਂ ਲੱਖਾਂ ਬਾਹਵਾਂ ਜ਼ੋਰ ਲਾ ਲੈਣ ਨਹੀਂ ਮਿਲ ਸਕਦਾ ਤੇ ਜੇ ਪਰਮੇਸ਼ਰ ਦੇਣ ਤੇ ਆ ਜਾਏ ਫਿਰ ਸੰਸਾਰ ਜ਼ੋਰ ਲਾ ਲਵੇ ਨਹੀਂ ਖੋਹ ਸਕਦਾ। ਇਸ ਕਰਕੇ ਦਾਤਾਂ ਨਾਲ ਜੁੜਨ ਨਾਲੋਂ ਉਸ ਦਾਤਾਰ ਨਾਲ ਜੁੜਨਾ ਚਾਹੀਦਾ ਹੈ। ਦਾਤਾਂ ਛੱਪੜ ਸਮਾਨ ਹਨ ਤੇ ਪਰਮੇਸ਼ਰ ਸਮੁੰਦਰ ਹੈ ਇਸ ਕਰਕੇ ਸਮੁੰਦਰ ਨਾਲ ਜੁੜਨਾ ਚਾਹੀਦਾ ਹੈ ਵਾਹਿਗੁਰੂ ਦਾ ਸਿਮਰਨ ਕਰਕੇ ਜੀਵਨ ਨੂੰ ਲੇਖੇ ਲਾਉਣ ਦਾ ਜਤਨ ਕਰਨਾ ਚਾਹੀਦਾ ਹੈ। ਉਪਰੰਤ ਧੰਨ ਧੰਨ ਬਾਬਾ ਸ਼੍ਰੀ ਗੁਰੂ ਚੰਦ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸੰਬੰਧੀ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਜੀ ਨੇ ਆਪਣਾ ਸਾਰਾ ਜੀਵਨ ਬੰਦਗੀ ਕਰਦਿਆਂ ਉਦਾਸੀਨ ਸੰਪਰਦਾ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਤੇ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈ ਕੇ ਜੀਵਨ ਸਫਲਾ ਕਰਨਾ ਚਾਹੀਦਾ ਹੈ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ। 

23 ਸਤੰਬਰ ਲਈ ਬਾਬਾ ਫ਼ਰੀਦ ਮੇਲੇ ’ਤੇ ਵਿਸ਼ੇਸ਼

ਮਹਾਨ ਤਿਆਗੀ,ਤਪੱਸਵੀ ਤੇ ਵਿਦਵਾਨ ਸ਼ੇਖ਼ ਫ਼ਰੀਦ ਜੀ
ਮਹਾਨ ਸੂਫ਼ੀ ਸੰਤ ਸ਼ੇਖ ਫ਼ਰੀਦ ਜੀ ਦਾ ਸਮਾਂ ਈਸਾ ਦੀ 12ਵੀਂ ਸਦੀ ਹੈ। ਸ਼ੇਖ਼ ਫ਼ਰੀਦ ਦਾ ਸਥਾਨ ਪੰਜਾਬੀ ਸਾਹਿਤ ਵਿੱਚ ਉਹ ਹੈ ਜੋ ਚਾਸਰ ਦਾ ਅੰਗਰੇਜ਼ੀ ਸਾਹਿਤ ਵਿੱਚ ਹੈ। ਸ਼ੇਖ਼ ਫ਼ਰੀਦ ਦਾ ਜਨਮ ਸ਼ੇਖ ਜਮਾਲੁਦੀਨ ਸੁਲੇਮਾਨ ਦੇ ਗ੍ਰਹਿ ਮਾਤਾ ਮਰੀਅਮ ਦੀ ਕੁੱਖ ਤੋਂ ਕੋਠੀਵਾਲ ਪਿੰਡ ਵਿੱਚ ਸੰਮਤ 1230 ਬਿਕਰਮੀ, ਸੰਨ 1173 ਈ: ਨੂੰ ਹੋਇਆ। ਫ਼ਰੀਦ ਜੀ ਨੂੰ ਬਚਪਨ ਵਿੱਚ ਹੀ ਵਿੱਦਿਆ ਪੜ੍ਹਨ ਲਈ ਬਿਠਾਇਆ ਗਿਆ। ਵਿੱਦਿਆ ਪ੍ਰਾਪਤੀ ਲਈ ਆਪ ਕੋਠੀਵਾਲ ਨੂੰ ਛੱਡ ਕੇ ਮੁਲਤਾਨ ਚਲੇ ਗਏ ਕਿਉਂਕਿ ਉਹਨਾਂ ਦਿਨਾਂ ਵਿੱਚ ਮੁਲਤਾਨ ਸੰਸਾਰਿਕ ਤੇ ਰੂਹਾਨੀ ਵਿੱਦਿਆ ਦਾ ਕੇਂਦਰ ਸੀ। ਇਸ ਲਈ ਆਪ ਦੀ ਮੁੱਢਲੀ ਵਿੱਦਿਆ ਮੁਲਤਾਨ ਵਿੱਚ ਹੀ ਸ਼ੁਰੂ ਹੋਈ। ਫ਼ਰੀਦ ਜੀ ਖ਼ਵਾਜਾ ਬਖ਼ਤਿਆਰ ਕਾਕੀ ਦੇ ਮੁਰੀਦ ਹੋਏ ਹਨ।
ਬਾਬਾ ਫ਼ਰੀਦ ਜੀ ਮਹਾਨ ਤਿਆਗੀ, ਪਰਮ ਤਪੱਸਵੀ, ਕਰਤਾਰ ਦੇ ਅਨਿੰਨ ਉਪਾਸ਼ਕ ਤੇ ਵੱਡੇ ਵਿਦਵਾਨ ਸਨ। ਆਪ ਦਾ ਇੱਕ ਵਿਆਹ ਨਾਸਰਦੀਨ ਮਹਿਮੂਦ ਬਾਦਸ਼ਾਹ ਦਿੱਲੀ ਦੀ ਪੁੱਤਰੀ ਹਜ਼ਬਰਾ ਨਾਲ ਹੋਇਆ। ਜਿਸ ਨੂੰ ਉਹਨਾਂ ਨੇ ਦਰਵੇਸ਼ੀ ਕੱਪੜੇ ਪਹਿਨਾ ਕੇ ਆਪਣੇ ਅੰਗ-ਸੰਗ ਰੱਖਿਆ। ਇਸ ਤੋਂ ਇਲਾਵਾ ਤਿੰਨ ਹੋਰ ਇਸਤਰੀਆਂ ਫ਼ਰੀਦ ਜੀ ਦੀਆਂ ਪਹਿਲਾਂ ਸਨ। ਆਪ ਜੀ ਦੀਆਂ ਤਿੰਨ ਪੁੱਤਰੀਆਂ ਤੇ ਪੰਜ ਪੁੱਤਰ ਸਨ। ਸ਼ੇਖ਼ ਫ਼ਰੀਦ ਜੀ 93 ਸਾਲ ਦੀ ਉਮਰ ਬਤੀਤ ਕਰਕੇ ਸੰਮਤ 1323 ਬਿਕਰਮੀ, ਸੰਨ 1266 ਈ: ਨੂੰ ਪਾਕਪਟਨ ਵਿਖੇ ਹੋਇਆ।
ਸ਼ੇਖ਼ ਫ਼ਰੀਦ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾਰ ਸ਼ਬਦ ਹਨ। ਰਾਗ ਆਸਾ (ਅੰਗ 488) ਵਿੱਚ ਇੱਕ ਚਉਪਦਾ ਤੇ ਇੱਕ ਅਸਟਪਦੀ ਅਤੇ ਰਾਗ ਸੂਹੀ (ਅੰਗ 794) ਵਿੱਚ ਇੱਕ ਚਉਪਦਾ ਅਤੇ ਇੱਕ ਤਿਪਦਾ। ਸਲੋਕ ਸ਼ੇਖ਼ ਫ਼ਰੀਦ ਕੇ ਦੇ ਸਿਰਲੇਖ ਹੇਠ 130 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਗ 1377 ਤੋਂ 1384 ਤੱਕ ਦਰਜ ਹਨ। ਉਹ ਪਹਿਲੇ ਕਵੀ ਹਨ। ਜਿਨ੍ਹਾਂ ਨੇ ਆਪਣੇ ਖ਼ਿਆਲ ਪੰਜਾਬੀ ਵਿੱਚ ਪ੍ਰਗਟ ਕੀਤੇ। ਪੰਜਾਬੀ ਦੇ ਇਸ ਜੇਠੇ ਤੇ ਉੱਤਮ ਕਵੀ ਨੇ ਇੱਕ ਨਵੀਂ ਸ਼ੈਲੀ ਸ਼ਬਦਾਵਲੀ ਨੂੰ ਜਨਮ ਦਿੱਤਾ। ਆਪ ਦੇ ਕਲਾਮ ਵਿੱਚ ਪਹਿਲਾਂ ਫ਼ਾਰਸੀ, ਅਰਬੀ ਸ਼ਬਦਾਂ ਨੂੰ ਪੰਜਾਬੀ ਰੂਪ ਦਿੱਤਾ ਗਿਆ। ਸ਼ੇਖ਼ ਫ਼ਰੀਦ ਲਹਿੰਦੇ ਪੰਜਾਬ ਦੇ ਵਸਨੀਕ ਸਨ। ਇਸ ਕਰਕੇ ਇਹਨਾਂ ਦੀ ਭਾਸ਼ਾ ਨੂੰ ਲਹਿੰਦੀ ਕਿਹਾ ਜਾਂਦਾ ਹੈ।
ਪਾਕਿਸਤਾਨ ਵਿੱਚ ਬਾਬਾ ਫ਼ਰੀਦ ਦਾ ਮਕਬਰਾ ਅੱਜ ਵੀ ਕਾਇਮ ਹੈ। ਉਥੇ ਹਿੰਦੂ, ਮੂਸਲਮਾਨ, ਸਿੱਖ, ਈਸਾਈ ਸਭ ਨੂੰ ਸ਼ਾਮਲ ਕਰਕੇ ਇੱਕ ਟ੍ਰਸਟ ਕਾਇਮ ਕੀਤਾ ਗਿਆ। ਜਿਸ ਦਾ ਨਾਂ ‘ਜਾਤੀ ਉਮਰਾ ਹਿੰਦ-ਪਾਕਿ ਪਰਿਵਾਰ ਮਿਲਾਪ ਚੈਰਿਟੀ ਟ੍ਰਸਟ’ ਹੈ। ਇਸ ਟ੍ਰਸਟ ਦੇ ਸਰਪ੍ਰਸਤ ਮੀਆਂ ਮੁਹੰਮਦ ਸਾਹਿਬ ਹਨ।
ਸ਼ੇਖ਼ ਫ਼ਰੀਦ ਖੋਜ ਕਰਦਿਆਂ ਕਰਦਿਆਂ, ਮੋਕਲਹਰ ਸ਼ਹਿਰ ਆ ਗਏ। ਜਿਸ ਅਸਥਾਨ ਤੇ ਉਹ ਠਹਿਰੇ ਉਸ ਨੂੰ ਅੱਜ ਗੋਦੜੀ ਸਾਹਿਬ ਕਿਹਾ ਜਾਂਦਾ ਹੈ। ਗੁਰਦੁਆਰਾ ਗੋਦੜੀ ਸਾਹਿਬ ਦੇ ਇਤਿਹਾਸ ਬਾਰੇ ਕਿਹਾ ਜਾਂਦਾ ਹੈ ਕਿ ਬਾਬਾ ਫ਼ਰੀਦ ਜੀ 1215 ਈ: ਵਿੱਚ ਜਦੋਂ ਦਿੱਲੀ ਤੋਂ ਪਾਕਪਟਨ ਜਾ ਰਹੇ ਸਨ ਤਾਂ ਇੱਥੇ ਆ ਕੇ ਉਹਨਾਂ ਆਪਣੇ ਗੁਰੂ ਬਖ਼ਤਿਆਰ ਕਾਕੀ ਵੱਲੋਂ ਬਖ਼ਸ਼ੀ ਹੋਈ ਗੋਦੜੀ ਦਰੱਖ਼ਤ ਤੇ ਟੰਗ ਦਿੱਤੀ ਅਤੇ ਆਪ ਖਾਣ-ਪੀਣ ਦਾ ਸਮਾਨ ਲੈਣ ਚਲੇ ਗਏ। ਉਸ ਵੇਲੇ ਇੱਥੋਂ ਦੇ ਰਾਜੇ ਮੋਕਲਹਰ ਵੱਲੋਂ ਕਿਲ੍ਹੇ ਦੀ ਉਸਾਰੀ ਕਰਵਾਈ ਜਾ ਰਹੀ ਸੀ। ਰਾਜੇ ਦੇ ਮੁਲਾਜਮਾਂ (ਅਹਿਲਕਾਰਾਂ) ਵੱਲੋਂ ਬਾਬਾ ਫ਼ਰੀਦ ਜੀ ਨੂੰ ਫੜ ਕੇ ਵਗਾਰ ਵਿੱਚ ਲਾ ਲਿਆ ਅਤੇ ਉਹ ਕਿਲੇ੍ਹ ਦੀ ਉਸਾਰੀ ਵਿੱਚ ਗਾਰਾ ਫੜ੍ਹਾਉਣ ਲਗੇ।   ਅਚਾਨਕ ਰਾਜੇ ਦੀ ਨਿਗ੍ਹਾ ਬਾਬਾ ਫ਼ਰੀਦ ਜੀ ਤੇ ਪਈ। ਉਹਨਾਂ ਦੇਖਿਆ ਕਿ ਜਦੋਂ ਬਾਬਾ ਜੀ ਗਾਰੇ ਦੇ ਟੋਕਰੇ ਚੁੱਕਦੇ ਹਨ ਤਾਂ ਟੋਕਰਾ (ਬੱਨਲ/ਤਸਲਾ) ਉਹਨਾਂ ਦੇ ਸਿਰ ਤੋਂ ਰੱਬੀ ਸ਼ਕਤੀ ਨਾਲ ਆਪਣੇ ਆਪ ਉੱਚਾ ਹੋ ਜਾਂਦਾ ਸੀ ਅਤੇ ਟੋਕਰੇ ਦਾ ਭਾਰ ਉਹਨਾਂ ਦੇ ਸਿਰ ’ਤੇ ਨਹੀਂ ਆਉਂਦਾ ਸੀ। ਇਹ ਕੌਤਕ ਦੇਖ ਕੇ ਰਾਜਾ ਸਮਝ ਗਿਆ ਕਿ ਇਹ ਕੋਈ ਫ਼ਕੀਰ ਹਨ। ਉਸ ਨੇ ਬਾਬਾ ਫ਼ਰੀਦ ਜੀ ਦੇ ਚਰਨ (ਪੈਰ) ਫੜ ਕੇ ਮੁਆਫ਼ੀ ਮੰਗੀ।    ਬਾਬਾ ਫ਼ਰੀਦ ਵਗਾਰ ਵਿੱਚ ਫੜੇ ਹੋਏ ਗ਼ਰੀਬ ਲੋਕਾਂ ਨੂੰ ਰਿਹਾਅ ਕਰਵਾਉਣ ਉਪਰੰਤ ਜਦ ਮੁੜ ਛੱਪੜੀ ਦੇ ਕਿਨਾਰੇ ਪਹੁੰਚੇ ਤਾਂ ਕੁਝ ਮੁੰਡੇ ਬਾਬਾ ਜੀ ਦੀ ਗੋਦੜੀ ਦੀ ਖੁੱਦੋ (ਗੇਂਦ) ਬਣਾ ਕੇ ਖੇਡ ਰਹੇ ਸਨ। ਬਾਬਾ ਜੀ ਨੇ ਆਪਣੇ ਗੁਰੂ ਵੱਲੋਂ ਬਖ਼ਸ਼ੀ ਗੋਦੜੀ ਤੋਂ ਵੱਖ ਹੋਣ ਦੀ ਭੁੱਲ ਨੂੰ ਬਖ਼ਸ਼ਾਉਣ ਲਈ 40 ਦਿਨ ਚਲੀਹਾ ਕੱਟਿਆ। ਬਾਅਦ ਵਿੱਚ ਇਸ ਅਸਥਾਨ ਦਾ ਨਾਂ ‘ਗੋਦੜੀ ਸਾਹਿਬ’ ਪੈ ਗਿਆ, ਜਿੱਥੇ ਲੋਕ ਆ ਕੇ ਨਤਮਸਤਕ ਹੁੰਦੇ ਹਨ ਅਤੇ ਮਨ-ਇੱਛਤ ਕਾਮਨਾਵਾਂ ਪੂਰੀਆਂ ਕਰਦੇ ਹਨ।
ਇਸ ਪਿੱਛੋਂ ਰਾਜਾ ਮੋਕਲਹਰ ਨੇ ਆਪਣਾ ਨਾਂ ਹਟਾ ਕੇ ਦਰਵੇਸ਼/ਫ਼ਕੀਰ ਦੇ ਨਾਂ ਤੇ ਨਗਰ ਦਾ ਨਾਂ ‘ਫ਼ਰੀਦਕੋਟ’ ਰੱਖ ਦਿੱਤਾ। ਇਸ ਸ਼ਹਿਰ ਨੂੰ ਬਾਬਾ ਫ਼ਰੀਦ ਜੀ ਦੇ ਸ਼ਹਿਰ ਫ਼ਰੀਦਕੋਟ ਵਜੋਂ ਜਾਣਿਆ ਜਾਂਦਾ ਹੈ। ਫ਼ਰੀਦਕੋਟ ਵਿੱਚ ਗੁਰਦੁਆਰਾ ਟਿੱਲਾ ਬਾਬਾ ਸ਼ੇਖ਼ ਫ਼ਰੀਦ ਜੀ ਦਾ ਗੁਰਦੁਆਰਾ ਸਥਿਤ ਹੈ ਜੋ ਅੱਜ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਉਹ ਵਣ ਦਾ ਦਰੱਖ਼ਤ ਜਿਸ ਨਾਲ ਬਾਬਾ ਫ਼ਰੀਦ ਜੀ ਨੇ ਗਾਰੇ ਦੀ ਟੋਕਰੀ ਚੁੱਕਦੇ ਸਮੇਂ ਆਪਣੇ ਗਾਰੇ ਨਾਲ ਲਿੱਬੜੇ ਹੋਏ ਹੱਥ ਪੂੰਝੇ (ਸਾਫ਼ ਕੀਤੇ) ਸਨ। ਬਾਬਾ ਜੀ ਦੇ ਇਸ ਅਸਥਾਨ ਤੇ ਪਿਛਲੇ ਸੈਂਕੜੇ ਸਾਲਾਂ ਤੋਂ ਜੋਤ ਲਗਾਤਾਰ ਜਲ ਰਹੀ ਹੈ। ਇਸ ਅਸਥਾਨ ਤੇ ਹਰ ਵੀਰਵਾਰ ਨੂੰ ਵੱਡੀ ਤਾਦਾਦ ਵਿੱਚ ਸੰਗਤਾਂ ਪਹੁੰਚਦੀਆਂ ਹਨ। ਸੰਗਤਾਂ ਵੱਲੋਂ ਨਮਕ, ਝਾੜੂ, ਅਤੇ ਮਿਸ਼ਰੀ ਦਾ ਪ੍ਰਸ਼ਾਦ ਚੜ੍ਹਾਏ ਜਾਂਦੇ ਹਨ। ਸਵੇਰ ਤੋਂ ਰਾਤ ਤੱਕ ਰਾਗੀ, ਢਾਡੀ, ਪ੍ਰਚਾਰਕ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। ਬਾਜ਼ਾਰ ਵਿੱਚ ਵੀ ਖ਼ੂਬ ਚਹਿਲ-ਪਹਿਲ ਹੁੰਦੀ ਹੈ।
ਬਾਬਾ ਫ਼ਰੀਦ ਜੀ ਇੱਕ ਧਾਰਮਿਕ ਸ਼ਖ਼ਸੀਅਤ ਸਨ। ਪਰ ਅਜੋਕੇ ਸਮੇਂ ਵਿੱਚ ਬਾਬਾ ਫ਼ਰੀਦ ਜੀ ਦੇ ਨਾਂ ’ਤੇ ਅਨੇਕਾਂ ਸੰਸਥਾਵਾਂ ਫ਼ਰੀਦਕੋਟ ਵਿੱਚ ਹੀ ਨਹੀਂ ਸਗੋਂ ਆਲੇ ਦੁਆਲੇ ਦੇ ਪਿੰਡਾਂ, ਸ਼ਹਿਰਾਂ ਵਿੱਚ ਵੀ ਬਣ ਚੁੱਕੀਆਂ ਹਨ। ਗੁਰਦੁਆਰਾ ਗੋਦੜੀ ਸਾਹਿਬ, ਬਾਬਾ ਫ਼ਰੀਦ ਸੁਸਾਇਟੀ, ਟਿੱਲਾ ਬਾਬਾ ਫ਼ਰੀਦ, ਬਾਬਾ ਫ਼ਰੀਦ ਹੈਲਥ ਯੂਨੀਵਰਸਿਟੀ, ਬਾਬਾ ਫ਼ਰੀਦ ਸੱਭਿਆਚਾਰਕ ਕੇਂਦਰ, ਬਾਬਾ ਫ਼ਰੀਦ ਪਬਲਿਕ ਸਕੂਲ, ਬਾਬਾ ਫ਼ਰੀਦ ਹਾਕੀ, ਫੁੱਟਬਾਲ, ਕਬੱਡੀ, ਬਾਸਕਟਬਾਲ ਕਲੱਬਾਂ, ਬਾਬਾ ਫ਼ਰੀਦ ਆਰਟ ਸੁਸਾਇਟੀ, ਬਾਬਾ ਫ਼ਰੀਦ ਕੁਸ਼ਤੀ ਅਖਾੜਾ ਆਦਿ ਬਾਬਾ ਫ਼ਰੀਦ ਜੀ ਦੇ ਨਾਂ ਤੇ ਫ਼ਰੀਦਕੋਟ ਵਿਖੇ ਸਥਾਪਿਤ ਹਨ। ਬਾਬਾ ਫ਼ਰੀਦ ਸੁਸਾਇਟੀ ਦੇ ਪ੍ਰਧਾਨ ਸ੍ਰ: ਇੰਦਰਜੀਤ ਸਿੰਘ ਖ਼ਾਲਸਾ ਹਨ। ਇਹਨਾਂ ਦੇ ਉੱਦਮ ਸਦਕਾ ਹੀ ਸੰਨ 1979 ਈਸਵੀ ਤੋਂ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੀ ਖ਼ੁਸ਼ੀ ਵਿੱਚ ਮੇਲਾ ਮਨਾਉਣਾ ਸ਼ੁਰੂ ਕੀਤਾ ਗਿਆ।

 

ਕਰਨੈਲ ਸਿੰਘ ਐੱਮ.ਏ.ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
5mail- karnailSinghma0gmail.com

ਮਹੰਤ ਕਾਹਨ ਸਿੰਘ 'ਸੇਵਾਪੰਥੀ ' ਦਾ ਗੋਨਿਆਣਾ ਮੰਡੀ ਪਹੁੰਚਣ ਤੇ ਨਿੱਘਾ ਸਵਾਗਤ

ਲੁਧਿਆਣਾ (ਕਰਨੈਲ ਸਿੰਘ ਐੱਮ ਏ)  ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਗੋਨਿਆਣਾ ਮੰਡੀ (ਬਠਿੰਡਾ) ਦੇ ਮੁਖੀ ਸ਼੍ਰੀਮਾਨ ਮਹੰਤ ਕਾਹਨ ਸਿੰਘ ਜੀ ਜੋ ਪਿਛਲੇ ਕਈ ਮਹੀਨਿਆਂ ਤੋਂ ਵਿਦੇਸ਼ਾਂ ਕੈਨੇਡਾ, ਅਮਰੀਕਾ  ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ। ਉਹਨਾਂ ਅਨੇਕਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ। ਮਹੰਤ ਕਾਹਨ ਸਿੰਘ ਜੀ ਬੀਤੇ ਦਿਨੀਂ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਵਿਖੇ ਪਹੁੰਚੇ। ਟਿਕਾਣਾ ਸਾਹਿਬ ਦੇ ਸੇਵਾਦਾਰਾਂ, ਗੋਨਿਆਣਾ ਮੰਡੀ ਦੀਆਂ ਸੰਗਤਾਂ ਨੇ ਉਹਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਮਹੰਤ ਕਾਹਨ ਸਿੰਘ ਜੀ ਨੇ ਦਰਬਾਰ ਹਾਲ ਵਿਖੇ ਤੇ ਬਾਬਾ ਜਗਤਾ ਜੀ ਦੇ ਅਸਥਾਨ ਤੇ ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ । ਇਸ ਮੌਕੇ ਸੰਤ ਜਗਜੀਤ ਸਿੰਘ ਜੀ, ਮੈਨੇਜਰ ਜਗਦੇਵ ਸਿੰਘ, ਸ੍ਰ : ਅਮੀਰ ਸਿੰਘ , ਬਾਬਾ ਜੀਤਾ ਸਿੰਘ  ਤੇ ਵੱਡੀ ਤਾਦਾਦ ਵਿੱਚ ਸੰਗਤਾਂ ਹਾਜ਼ਰ ਸਨ।

ਕਾਮਰੇਡ ਰਣਜੋਧ ਸਿੰਘ ਲਲਤੋਂ ਨੂੰ ਸ਼ਰਧਾਂਜਲੀ ਭੇਂਟ ਸਮੇਂ ਉਹਨਾਂ ਦੇ ਸ਼ੰਘਰਸੀ ਤੇ ਇਨਕਲਾਬੀ ਸਿਰੜ ਨੂੰ ਸਲਾਮ ਕੀਤਾ

ਲੁਧਿਆਣਾ , 23 ਸਤੰਬਰ (ਜਨ ਸ਼ਕਤੀ ਨਿਊਜ਼ ਬਿਊਰੋ )   ਜ਼ਿੰਦਗੀ ਦੇ ਪੰਧ ਨੂੰ ਬਹੁੱਤ ਹੀ ਸਿਰੜ ਤੇ ਅਣਥੱਕ ਕਦਮਾਂ ਨਾਲ ਸਮੇਟਣ ਵਾਲੇ ਕਾਮਰੇਡ ਰਣਜੋਧ ਸਿੰਘ ਲਲਤੋਂ ਜੋ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ , ਦਾ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਲਲਤੋਂ ਖੁਰਦ ਵਿੱਖੇ ਕੀਤਾ ਗਿਆ।ਇਸ ਸਮਾਗਮ ਦੀ ਰਿਪੋਰਟ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਜਸਵੰਤ ਜੀਰਖ ਨੇ ਦੱਸਿਆ ਗਿਆ ਕਿ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ ਕਿਹਾ ਕਿ ਕਿਸੇ ਵਿਅਕਤੀ ਦਾ ਸਰਧਾਂਜਲੀ ਸਮਾਗਮ ਅਸਲ ਵਿੱਚ ਉਸ ਦੀਆਂ ਸਮਾਜ ਪ੍ਰਤੀ ਪ੍ਰਾਪਤੀਆਂ ਨੂੰ ਜਾਨਣ ਦਾ ਸਮਾਂ ਹੁੰਦਾ ਹੈ , ਜਿਹਨਾਂ ਨੂੰ ਜਾਣਕੇ ਉਹਨਾਂ ਨੂੰ ਅੱਗੇ ਟੋਰਨ ਦੀ ਲੋੜ ਹੁੰਦੀ ਹੈ। ਉਹਨਾਂ ਮਨੁੱਖ ਦੀ ਨਿਰਬਲਤਾ ਨੂੰ ਗੁਲਾਮੀ ਵਿੱਚ ਜੀਣ ਦਾ ਮੁੱਖ ਕਾਰਣ ਦੱਸਦਿਆਂ  ਕਿਹਾ , ਕਿ ਇਸ ਨਿਰਬਲਤਾ ਨੂੰ ਸਿਰਫ ਮਨੁੱਖੀ ਜੱਥੇਬੰਦਕ ਤਾਕਤ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। ਦੋ ਸਾਲ ਪਹਿਲਾਂ ਦਿੱਲੀ ਵਿੱਖੇ ਚੱਲੇ ਕਿਸਾਨੀ ਸੰਘਰਸ਼ ਦੀ  ਉਦਾਹਰਣ ਦਿੰਦਿਆਂ ਉਹਨਾਂ ਸਪਸਟ ਕੀਤਾ ਕਿ ਇਸ ਤਰ੍ਹਾਂ ਦੇ ਲੋਕ ਬਲ ਦੀ ਵਰਤੋਂ ਨਾਲ ਵੱਡੇ ਵੱਡੇ ਹੈਂਕੜ ਬਾਜ਼ਾਂ ਨੂੰ ਭਾਂਜ ਦਿੱਤੀ ਜਾ ਸਕਦੀ ਹੈ, ਜੋ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ।ਮਾ ਜਸਦੇਵ ਲਲਤੋਂ ਨੇ ਕਾ ਰਣਜੋਧ ਸਿੰਘ ਦੇ ਸਮੁੱਚੇ ਜੀਵਨ ਤੇ ਝਾਤ ਮਾਰਵਾਉਂਦਿਆਂ ਦੱਸਿਆ ਕਿ ਕਿਵੇਂ ਉਹਨਾਂ ਭਰ ਜਵਾਨੀ ਦੀ ਉਮਰ ਵਿੱਚ ਦੱਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਉੱਠੀ ਮਹਾਨ ਕ੍ਰਾਂਤੀਕਾਰੀ ਲਹਿਰ ਨਕਸਲਬਾੜੀ  ਵਿੱਚ ਸਿਰੜੀ ਸਿਪਾਹੀ ਵਜੋਂ ਅਹਿਮ ਭੂਮਿਕਾ ਨਿਭਾਕੇ ਸਮਾਜ ਵਿੱਚ ਹੱਕ , ਇਨਸਾਫ਼ ਅਤੇ ਬਰਾਬਰਤਾ ਵਾਲਾ ਸਮਾਜ ਬਣਾਉਣ ਲਈ ਕਈ ਸੰਘਰਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਈ।ਇਸੇ ਪਿੰਡ ਦੇ ਜੰਮ-ਪਲ ਗ਼ਦਰ ਪਾਰਟੀ ਦੇ ਆਗੂ ਬਾਬਾ ਗੁਰਮੁਖ ਸਿੰਘ ਲਲਤੋਂ ਅਤੇ ਬਾਬਾ ਬੂਝਾ ਸਿੰਘ ਵਰਗੇ ਮਹਾਨ ਇਨਕਲਾਬੀਆਂ ਦੀ ਪ੍ਰੇਰਣਾ ਲੈ ਕੇ ਇੱਕ ਸੱਚੇ ਸੁੱਚੇ ਅਤੇ ਸਿੱਦਕ ਦਿਲੀ ਵਾਲੇ ਮਨੁੱਖ ਵਜੋਂ ਜ਼ਿੰਦਗੀ ਜਿਉਂਦਿਆਂ ਅੰਤ ਤੱਕ ਇੱਕ ਯੋਧੇ ਦੇ ਤੌਰ ਤੇ ਵਿਚਰਦੇ ਰਹੇ।ਉਹਨਾਂ ਪ੍ਰਵਾਰ ਵੱਲੋਂ , ਇਸ ਸਮਾਗਮ ਵਿੱਚ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਜਿਹਨਾਂ ਵਿੱਚ ਮੋਲਡਰ ਤੇ ਸਟੀਲ ਵਰਕਰਜ ਯੂਨੀਅਨ ਦੇ ਹਰਜਿੰਦਰ ਸਿੰਘ, ਦਲਜੀਤ ਸਿੰਘ, ਜੋਰਾ ਸਿੰਘ ਪ੍ਰਧਾਨ ਗ਼ਦਰੀ ਬਾਬਾ ਗੁਰਮਖ ਸਿੰਘ ਯਾਦਗਾਰ ਕਮੇਟੀ,ਇਨਕਲਾਬੀ ਲੇਖਿਕ ਉਜਾਗਰ ਲਲਤੋਂ .  ਮਨਪ੍ਰੀਤ ਸਿੰਘ ਸਕੱਤਰ,ਉਜਾਗਰ ਸਿੰਘ ਬੱਦੋਵਾਲ ਕਾਮਾਗਾਟਾ ਯਾਦਗਾਰ ਕਮੇਟੀ, ਕਾਮਰੇਡ ਤਰਸੇਮ ਯੋਧਾਂ, ਜਸਵੰਤ ਜੀਰਖ ਆਗੂ ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੁਸਾਇਟੀ, ਬਲਵਿੰਦਰ ਸਿੰਘ ਮੁੱਖੀ ਲੁਧਿਆਣਾ ਯੂਨਿਟ, ਆਤਮਾ ਸਿੰਘ ਵਿੱਤ ਮੁੱਖੀ,ਰਾਜਿੰਦਰ ਸਿੰਘ ਆਗੂ ਪੈਨਸ਼ਨਰ ਯੂਨੀਅਨ, ਡਾ ਅਜੀਤ ਰਾਮ ਝਾਂਡੇ ਆਗੂ ਜਮਹੂਰੀ ਕਿਸਾਨ ਸਭਾ, ਤਰਲੋਚਨ ਝਾਂਡੇ ਕੇਂਦਰੀ ਲੇਖਿਕ ਸਭਾ, ਪ੍ਰੋ ਏ ਕੇ ਮਲੇਰੀ ਸੂਬਾ ਉੱਪ ਪ੍ਰਧਾਨ ਜਮਹੂਰੀ ਅਧਿਕਾਰ ਸਭਾ, ਡਾ ਮੋਹਨ ਸਿੰਘ, ਮਾ ਸੁਰਜੀਤ ਸਿੰਘ ਸਮੇਤ ਪਿੰਡ ਵਾਸੀ ਅਤੇ ਰਿਸ਼ਤੇਦਾਰ ਸ਼ਾਮਲ ਸਨ।

ਇੱਕ ਇਨਕਲਾਬੀ ਮਜਾਹਰੇ ਦੀ ਅਗਵਾਈ ਕਰ ਰਹੇ ਸਾਥੀ ਰਣਜੋਧ ਸਿੰਘ ਲਲਤੋਂ ਸਭ ਤੋਂ ਅੱਗੇ ਜਾਂਦੇ ਹੋਏ

ਰਾਜ ਸਰਕਾਰ ਨੇ ਬਕਾਇਆ ਪ੍ਰਾਪਰਟੀ ਟੈਕਸ ਲਈ ਵਨ ਟਾਈਮ ਸੈਟਲਮੈਂਟ ਨੀਤੀ ਦਾ ਐਲਾਨ ਕਰਕੇ ਸ਼ਹਿਰ ਵਾਸੀਆਂ ਨੂੰ ਦਿੱਤਾ ਵੱਡਾ ਬੋਨਾਂਜ਼ਾ

31 ਦਸੰਬਰ ਤੱਕ ਇਕਮੁਸ਼ਤ ਬਕਾਇਆ ਪ੍ਰਾਪਰਟੀ ਟੈਕਸ ਬਿਨਾਂ ਜੁਰਮਾਨੇ ਅਤੇ ਵਿਆਜ ਤੋਂ ਜਮ੍ਹਾਂ ਕਰ ਸਕਦੇ ਹਨ
 ਲੁਧਿਆਣਾ, 18 ਸਤੰਬਰ (ਟੀ. ਕੇ.)
ਵਸਨੀਕਾਂ ਨੂੰ ਇੱਕ ਵੱਡੀ ਰਾਹਤ ਦਿੰਦਿਆਂ ਰਾਜ ਸਰਕਾਰ ਨੇ ਬਕਾਇਆ ਪ੍ਰਾਪਰਟੀ/ਜਾਇਦਾਦ ਟੈਕਸ ਲਈ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਨੀਤੀ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਸੋਮਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਸਮੇਤ ਹੋਰਨਾਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਓ.ਟੀ.ਐਸ. ਨੀਤੀ ਦੇ ਤਹਿਤ ਵਸਨੀਕਾਂ ਨੂੰ ਵੱਡਾ ਬੋਨਾਨਜ਼ ਦਿੱਤਾ ਹੈ।

ਨਿਯਮਾਂ ਅਨੁਸਾਰ ਜਿਨ੍ਹਾਂ ਸ਼ਹਿਰ ਵਾਸੀਆਂ ਨੇ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੈ, ਉਨ੍ਹਾਂ ਨੂੰ ਬਕਾਇਆ ਪ੍ਰਾਪਰਟੀ ਟੈਕਸ 'ਤੇ 20 ਫੀਸਦੀ ਜੁਰਮਾਨਾ ਅਤੇ 18 ਫੀਸਦੀ ਸਾਲਾਨਾ ਵਿਆਜ ਦੇਣਾ ਪੈਂਦਾ ਹੈ।

ਪਰ ਇਸ ਓ.ਟੀ.ਐਸ. ਨੀਤੀ ਦੇ ਤਹਿਤ, ਵਸਨੀਕ ਹੁਣ 31 ਦਸੰਬਰ, 2023 ਤੱਕ ਬਿਨਾਂ ਜੁਰਮਾਨੇ ਅਤੇ ਵਿਆਜ ਦੇ ਇੱਕਮੁਸ਼ਤ ਟੈਕਸ ਦਾ ਭੁਗਤਾਨ ਕਰ ਸਕਦੇ ਹਨ। ਰਾਜ ਸਰਕਾਰ ਦੁਆਰਾ 31 ਦਸੰਬਰ, 2023 ਤੱਕ 100 ਪ੍ਰਤੀਸ਼ਤ ਜੁਰਮਾਨੇ ਅਤੇ ਵਿਆਜ ਮੁਆਫੀ ਦਾ ਐਲਾਨ ਕੀਤਾ ਗਿਆ ਹੈ।

ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਇੱਕ ਹੋਰ ਕਦਮ ਅੱਗੇ ਵਧਾਇਆ ਹੈ।

ਜੇਕਰ ਕਿਸੇ ਵੀ ਸਥਿਤੀ ਵਿੱਚ, ਵਸਨੀਕ 31 ਦਸੰਬਰ, 2023 ਤੱਕ ਬਕਾਇਆ ਟੈਕਸ ਦਾ ਇੱਕਮੁਸ਼ਤ ਭੁਗਤਾਨ ਕਰਨ ਵਿੱਚ ਅਸਫ਼ਲ ਰਹਿੰਦੇ ਹਨ ਤਾਂ ਵੀ ਵਸਨੀਕ 1 ਜਨਵਰੀ, 2024 ਤੋਂ 31 ਮਾਰਚ, 2024 ਤੱਕ ਇੱਕਮੁਸ਼ਤ ਟੈਕਸ ਦੇ ਭੁਗਤਾਨ 'ਤੇ 50 ਪ੍ਰਤੀਸ਼ਤ ਜੁਰਮਾਨੇ ਅਤੇ ਵਿਆਜ ਦੀ ਛੋਟ ਦੇ ਯੋਗ ਹੋਣਗੇ। 31 ਮਾਰਚ, 2024 ਤੋਂ ਬਾਅਦ, ਵਸਨੀਕਾਂ ਨੂੰ ਨਿਯਮਾਂ ਅਨੁਸਾਰ ਬਕਾਇਆ ਪ੍ਰਾਪਰਟੀ ਟੈਕਸ 'ਤੇ ਪੂਰਾ ਜੁਰਮਾਨਾ ਅਤੇ ਵਿਆਜ ਅਦਾ ਕਰਨਾ ਹੋਵੇਗਾ।

ਵਿਧਾਇਕਾਂ ਨੇ ਕਿਹਾ ਕਿ 'ਆਪ' ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸੁਧਾਰ ਲਈ ਕੰਮ ਕਰ ਰਹੀ ਹੈ। ਨਿਵਾਸੀਆਂ ਨੂੰ ਇਸ ਨੀਤੀ ਦਾ ਲਾਭ ਲੈਣਾ ਚਾਹੀਦਾ ਹੈ ਅਤੇ 31 ਦਸੰਬਰ, 2023 ਤੱਕ ਬਿਨਾਂ ਕਿਸੇ ਜੁਰਮਾਨੇ ਅਤੇ ਵਿਆਜ ਦੇ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣਾ ਚਾਹੀਦਾ ਹੈ।

ਨਿਵਾਸੀ ਮੌਜੂਦਾ ਵਿੱਤੀ ਸਾਲ ਲਈ ਟੈਕਸ ਦੇ ਭੁਗਤਾਨ 'ਤੇ 10 ਪ੍ਰਤੀਸ਼ਤ ਦੀ ਛੋਟ ਵੀ ਲੈ ਸਕਦੇ ਹਨ:
ਵਿਧਾਇਕਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਵਸਨੀਕ 30 ਸਤੰਬਰ ਤੱਕ ਮੌਜੂਦਾ ਵਿੱਤੀ  ਸਾਲ (2023-24) ਲਈ ਪ੍ਰਾਪਰਟੀ ਟੈਕਸ ਦੇ ਭੁਗਤਾਨ 'ਤੇ 10 ਫੀਸਦੀ ਛੋਟ ਦਾ ਵੀ ਲਾਭ ਲੈ ਸਕਦੇ ਹਨ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ (2023-24) ਲਈ ਪ੍ਰਾਪਰਟੀ ਟੈਕਸ ਦੇ ਭੁਗਤਾਨ 'ਤੇ ਹੀ 10 ਫੀਸਦੀ ਛੋਟ ਦਿੱਤੀ ਜਾ ਰਹੀ ਹੈ।

ਸ੍ਰੀ ਕ੍ਰਿਸ਼ਨਾ ਕਲੱਬ ਪੁਰਾਣੀ ਦਾਣਾ ਮੰਡੀ ਵੱਲੋਂ 19 ਵਾਂ ਭੰਡਾਰਾ ਅਤੇ ਜਗਰਾਤਾ 23 ਸਤੰਬਰ ਨੂੰ 

ਜਗਰਾਉ 18ਸਤੰਬਰ (ਅਮਿਤਖੰਨਾ) ਸ੍ਰੀ ਕ੍ਰਿਸ਼ਨਾ ਕਲੱਬ ਪੁਰਾਣੀ ਦਾਣਾ ਮੰਡੀ ਵੱਲੋਂ 19 ਵਾਂ ਭੰਡਾਰਾ ਅਤੇ ਜਗਰਾਤਾ 23 ਸਤੰਬਰ  ਦਿਨ ਸ਼ਨੀਵਾਰ ਨੂੰ  ਕਰਵਾਇਆ ਜਾ ਰਿਹਾ ਹੈ  ਸ੍ਰੀ ਕ੍ਰਿਸ਼ਨਾ ਕਲੱਬ ਦੇ ਪ੍ਰਧਾਨ ਰੋਹਿਤ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਜਗਰਾਤੇ ਤੇ ਗੌਤਮ ਜਲੰਧਰੀ ਜਲੰਧਰ ਵਾਲੇ ਰਾਤੀਂ 8.30ਵਜੇ ਤੋਂ 12 ਵਜੇ ਤੱਕ  ਅਤੇ ਕਨ੍ਹੱਈਆ ਬ੍ਰਿਜਵਾਸੀ ਮਥੁਰਾ ਵਰੀਦਾਵਨ ਵਾਲੇ  12ਵਜੇ ਤੋਂ ਲਗਾਤਾਰ ਮਹਾਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ  ਇਸ ਮੌਕੇ ਮੁੱਖ ਮਹਿਮਾਨ   ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਅਤੇ ਸਰਦਾਰ ਕਰਨਜੀਤ ਸਿੰਘ ਸੋਨੀ ਗਾਲਿਬ ਹੋਣਗੇ  ਇਸ ਜਗਰਾਤੇ ਵਿਚ ਮਾਤਾ ਚਿੰਤਪੂਰਨੀ ਦਰਬਾਰ  ਤੋਂ ਪਵਿੱਤਰ ਜੋਤ ਲਿਆਈ ਜਾ ਰਹੀ ਹੈਇਸ ਮੌਕੇ ਜੋਤੀ ਪੂਜਨ ਰੋਹਿਤ ਗੋਇਲ ਪੁੱਤਰ ਸ਼੍ਰੀ ਰਮੇਸ਼ ਕੁਮਾਰ ਵਾਲ਼ੇ ਕਰਨਗੇ   ਅਤੇ ਭੰਡਾਰੇ ਦਾ ਉਦਘਾਟਨ ਸ .ਸਤਵਿੰਦਰ ਸਿੰਘ ਵਿਰਕ ਡੀ ਐਸ ਪੀ   ਕਰਨਗੇ 19 ਵੇ  ਵਿਸ਼ਾਲ ਜਾਗਰਣ ਵਿਚ ਮਾਤਾ ਦਾ ਅਸ਼ੀਰਵਾਦ ਹਾਸਲ ਕਰਨ ਲਈ  ਹੈਪੀ ਰਾਏ ਪਹਿਲਵਾਨ ਦਾ ਢਾਬਾ ਰਜਤ ਅਰੋੜਾ ਅਜੰਤਾ ਪੈਟਰੋਲ ਪੰਪ ਵਾਲਿਆਂ  ਨੂੰ ਸੱਦਾ ਪੱਤਰ ਦਿੱਤਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਚਿੱਟੇ ਵਰਗੇ ਨਸ਼ੇ ਦੇ ਵਿਰੁੱਧ ਲਹਿਰ ਨੂੰ ਕੀਤਾ ਹੋਰ ਤੇਜ਼

ਜਗਰਾਉ/ ਸਿੱਧਵਾ ਬੇਟ,18 ਸਤੰਬਰ  ( ਡਾ.ਮਨਜੀਤ ਸਿੰਘ ਲੀਲਾਂ )ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਿੱਧਵਾਂ ਬੇਟ ਦੀ ਵਧਵੀ ਮੀਟਿੰਗ ਬਲਾਨ ਪ੍ਰਧਾਨ ਦੇਵਿੰਦਰ ਸਿੰਘ ਦੀ ਅਗਵਾਈ ਹੇਠ ਮਲਸੀਹਾ ਭਾਈਕੇ ਵਿਖੇ ਕੀਤੀ ਗਈ। ਇਸ ਮੌਕੇ  ਜਿਲਾਂ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਬੋਲਦਿਆ ਕਿਹਾ ਕਿ 6 ਸੰਤਬਰ ਦੇ ਜਿਲਾਂ ਪੱਧਰੀ ਧਰਨਿਆਂ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕਰ ਕੇ ਜਾਨ ਲੇਵਾ ਨਸ਼ਿਆਂ
 ਖਿਆਲ ਲੜਾਈ ਨੂੰ  ਤਾਕਤ ਦਿੱਤੀ ਹੈ। ਜਥੇਬੰਦੀ ਨੇ ਵੱਖ-ਵੱਖ ਬਲਾਕਾਂ ਵਿਚ ਮੀਟਿੰਗਾਂ ਦੌਰਾਨ ਨਸੇ ਦੇ ਪਿੰਡਾ ਵਿੱਚ ਵਧਾਰੇ ਬਾਰੇ ਚਾਨਣਾ ਪਾਇਆ ਗਿਆ ਕਿ ਇਹ ਨਸਾ ਪੁਲਿਸ ਸਰਕਾਰਾਂ ਤੇ  ਤਸਕਰਾਂ ਦੇ ਗੱਠਜੋੜ ਕਰਕੇ ਘਰ ਘਰ ਪਹੁੰਚਾਇਆ ਇਸੇ ਕਰਕੇ ਸਾਨੂੰ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਸ ਤਹਿਤ ਸਾਨੂੰ ਵੱਡੇ ਤਸਕਰਾਂ ਤੇ ਸਾਧਦੇ ਹੌਏ ਪਿੰਡਾ ਦੇ ਛੋਟੇ ਮੋਟੇ ਨਸ਼ਾ ਵੇਚਣ ਵਾਲਿਆ ਨੂੰ ਸਮਝਾ ਕੇ ਆਪਣੇ ਨਾਲ ਲਾਉਣਾ ਚਾਹੀਦਾ ਹੈ। ਚਿੱਟਾ ਖਾਣ ਵਾਲੇ ਨੌਜਵਾਨ ਦਾ ਇਲਾਜ ਕਰਵਾਉਣ ਲਈ ਨਸ਼ਾ ਛੁਡਾਉ ਕੇਂਦਰਾਂ  ਵਿੱਚ ਮਾਨਸਿਕ ਰੋਗਾਂ ਦੇ ਡਾਕਟਰਾਂ ਦਾ ਪ੍ਰਬੰਧ ਕਰਨ ਲਈ ਸਰਕਾਰ ਤੇ ਦਬਾਅ ਬਣਾਉਣ ਚਾਹੀਦਾ ਹੈ।ਜੱਥੇਬੰਦੀ ਵੱਲੋ ਆਗਲੇ ਪੜਅ  ਤੇ 'ਪਿੰਡ  ਜਗਾਉ ਪਿੰਡ ਹਲਾਉ 'ਮੁਹਿੰਮ ਦੇ ਸਿਖਰ ਤੇ10 ਅਕਤੂਬਰ ਨੂੰ ਪੰਜਾਬ ਸਰਕਾਰ ਮੰਤਰੀਆਂ ਤੇ ਆਪ ਵਿਧਾਇਕਾਂ ਘਰਾ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ। ਜਿਲਾਂ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ 30 ਸਤੰਬਰ ਤੱਕ ਪਿੰਡਾ ਵਿੱਚ ਰੈਲੀਆਂ ਮੀਟਿੰਗਾ ਕੀਤੀਆ ਜਾਣਗੀਆ ਨਸ਼ੇ ਦੀ ਲੱਤ ਨਾਲ ਮਰੇ ਹੋਏ ਨੌਜਵਾਨਾਂ ਦੀਆ ਫੋਟੋਆਂ ਲੈ ਕੈ ਮੰਤਰੀਆ ਦੇ ਦਰਵਾਜੇ ਦੇ ਜਾ ਕੇ ਮੰਗ ਕੀਤੀ ਜਾਵੇਗੀ ਕਿ ਇਹਨਾ ਕਤਲ ਹੋਏ ਲੋਕਾਂ ਦੇ ਜਖਮਾਂ ਦੇ ਮਲਮ ਪੱਟੀ ਲਾਉਂਦੇ ਹੋਏ ਨਸੇ  ਦਾ ਪਿੰਡਾ ਵਿੱਚੋ ਸਫਾਇਆ ਕੀਤਾ ਜਾਵੇ ।ਬਲਾਕ ਸਕੱਤਰ ਰਾਮਸ਼ਰਨ ਸਿੰਘ ਅਤੇ  ਪਰਵਾਰ ਸਿੰਘ ਗਾਲਿਬ ਨੇ  ਉਕਤ ਜਾਣਕਾਰੀਦਿੰਦੇ ਦਸਿਆ   ਕਿ ਜੱਥੇਬੰਦੀ ਵੱਲ ਦਿੱਤੇ ਪ੍ਰੋਗਾਮ ਨੂੰ ਪੁਰੀ ਤਨਦੇਹੀ ਨਾਲ ਨਿਭਾਇਆ ਜਾਵੇਗਾ। ਅੱਜ ਦੀ ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ, ਜਸਵੰਤ ਸਿੰਘ ਭੱਟੀਆ ,ਪਰਮਜੀਤ ਸਿੰਘ ਸਵੱਦੀ ,ਲਵਲੀ ਮਾਜਰੀ ,ਮਨਜਿੰਦਰ ਸਿੰਘ ਭੂੰਦੜੀ ,ਦੇਵਿੰਦਰ ਸਿੰਘ ਰਸੂਲਪੁਰ, ਸਰਜੀਤ ਸਿੰਘ ਰਾਮਗੜ੍ਹ ਸੁਰਿੰਦਰ ਸਿੰਘ ਅੱਬੂਪੁਰਾ ਆਦਿ ਸ਼ਾਮਲ ਸਨ ਅੰਤ ਵਿੱਚ ਦਰਸ਼ਨ ਸਿੰਘ ਗਾਲਿਬ ਨੇ ਆਇਆ ਹੋਇਆ ਇਕਾਈਆ ਦਾ ਧੰਨਵਾਦ ਕੀਤਾ ਗਿਆ