ਰਾਹਤ ਸਮੱਗਰੀ ਅਤੇ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਲਈ ਜ਼ਿਲਾ ਵਾਸੀਆਂ ਦਾ ਧੰਨਵਾਦ-ਡਿਪਟੀ ਕਮਿਸ਼ਨਰ
ਲੁਧਿਆਣਾ, ਅਗਸਤ 2019 -( ਮਨਜਿੰਦਰ ਗਿੱਲ )-ਜ਼ਿਲਾ ਪ੍ਰਸਾਸ਼ਨ ਲੁਧਿਆਣਾ ਵੱਲੋਂ ਹੜ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲਿਆਂ ਜਲੰਧਰ ਅਤੇ ਕਪੂਰਥਲਾ ਦੇ ਲੋਕਾਂ ਲਈ ਰਾਹਤ ਸਮੱਗਰੀ ਭੇਜੀ ਗਈ ਹੈ। ਰਾਹਤ ਸਮੱਗਰੀ ਦੇ ਟਰੱਕਾਂ ਨੂੰ ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਤੋਂ ਸਹਾਇਕ ਕਮਿਸ਼ਨਰ ਡਾ. ਪੂਨਮ ਪ੍ਰੀਤ ਕੌਰ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਸ ਰਾਹਤ ਸਮੱਗਰੀ ਵਿੱਚ ਚੌਲ, ਆਟਾ, ਖੰਡ, ਕਾਲੇ ਛੋਲੇ, ਕੈਟਲ ਫੀਡ, ਘਿਉ, ਦਾਲਾਂ, ਕਾਲੇ ਮਾਂਹ, ਆਲੂ, ਪਿਆਜ, ਦਾਲ ਪੀਲੀ, ਕਾਲੀ ਦਾਲ ਆਦਿ ਸ਼ਾਮਿਲ ਹੈ। ਜ਼ਿਲਾ ਜਲੰਧਰ ਨਾਲ ਸੰਬੰਧਤ ਰਾਹਤ ਸਮੱਗਰੀ ਪਾਰਕਲੈਂਡ ਪੈਲੇਸ ਲੋਹੀਆਂ ਵਿਖੇ ਐੱਸ. ਡੀ. ਐੱਮ. ਸ਼ਾਹਕੋਟ ਨੂੰ ਸਪੁਰਦ ਕੀਤੀ ਜਾਵੇਗੀ। ਜਦਕਿ ਜ਼ਿਲਾ ਕਪੂਰਥਲਾ ਦੀ ਸਮੱਗਰੀ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਐੱਸ. ਡੀ. ਐੱਮ. ਕਪੂਰਥਲਾ ਨੂੰ ਸਪੁਰਦ ਕੀਤੀ ਜਾਵੇਗੀ। ਅਗਰਵਾਲ ਨੇ ਦੱਸਿਆ ਕਿ ਇਸ ਸਮੱਗਰੀ ਨੂੰ ਉਕਤ ਥਾਵਾਂ 'ਤੇ ਪਹੁੰਚਾਉਣ ਲਈ ਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀ ਡਿਊਟੀ ਲਗਾਈ ਗਈ ਹੈ। ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜ਼ਿਲਾ ਪ੍ਰਸਾਸ਼ਨ ਵੱਲੋਂ ਜ਼ਿਲਾ ਰੋਪੜ ਦੇ ਹੜ ਪੀੜਤਾਂ ਲਈ ਕੱਪੜੇ ਅਤੇ ਹੋਰ ਸਮੱਗਰੀ ਭੇਜੀ ਗਈ ਸੀ। ਅਗਰਵਾਲ ਨੇ ਰਾਹਤ ਸਮੱਗਰੀ ਅਤੇ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਵਾਲੇ ਜ਼ਿਲਾ ਵਾਸੀਆਂ ਅਤੇ ਦਾਨੀਆਂ ਦਾ ਧੰਨਵਾਦ ਕੀਤਾ। ਅਗਰਵਾਲ ਨੇ ਦੱਸਿਆ ਕਿ ਜੇਕਰ ਕਿਸੇ ਦਾਨੀ ਸੱਜਣ ਨੇ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਲਈ ਦਾਨ ਰਾਸ਼ੀ ਦੇਣੀ ਹੋਵੇ ਤਾਂ ਉਹ ਸਿੱਧੇ ਤੌਰ 'ਤੇ ਆਰ. ਟੀ. ਜੀ. ਐੱਸ./ਚੈੱਕ/ਡਰਾਫ਼ਟ ਰਾਹੀਂ ਇਹ ਰਾਸ਼ੀ ਉਕਤ ਫੰਡ ਵਿੱਚ ਜਮਾਂ ਕਰਵਾ ਸਕਦਾ ਹੈ। ਜਿਸ ਦਾ ਖਾਤਾ ਨੰਬਰ 001934001000589 ਹੈ। ਇਹ ਖਾਤਾ ਪੰਜਾਬ ਰਾਜ ਸਹਿਕਾਰੀ ਬੈਂਕ ਨਾਲ ਸੰਬੰਧਤ ਹੈ ਅਤੇ ਇਸ ਦਾ ਆਈ. ਐੱਫ. ਐੱਸ. ਸੀ. ਕੋਡ ਯੂ ਟੀ ਆਈ ਬੀ 0 ਪੀ ਐੱਸ ਸੀ ਬੀ 01 (”“92੦PS32੦੧) ਹੈ। ਇਸ ਸੰਬੰਧੀ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੈੱਲਪ ਡੈੱਸਕ ਵੀ ਸਥਾਪਤ ਕੀਤਾ ਜਾ ਰਿਹਾ ਹੈ। ਵਧੇਰੀ ਜਾਣਕਾਰੀ ਲਈ ਨੋਡਲ ਅਫ਼ਸਰ ਸਹਾਇਕ ਕਮਿਸ਼ਨਰ ਸ੍ਰੀਮਤੀ ਪੂਨਮ ਪ੍ਰੀਤ ਕੌਰ (9646501343) ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।