ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ
ਲੁਧਿਆਣਾ, ਅਗਸਤ 2019 -( ਮਨਜਿੰਦਰ ਗਿੱਲ )-ਜ਼ਿਲਾ ਲੁਧਿਆਣਾ ਵਿੱਚ ਹੜ ਦੀ ਸਥਿਤੀ 'ਤੇ ਪੂਰੀ ਤਰਾਂ ਕਾਬੂ ਪਾ ਲਿਆ ਗਿਆ ਹੈ। ਜ਼ਿਲਾ ਪ੍ਰਸਾਸ਼ਨ ਵੱਲੋਂ ਹੁਣ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਾਉਣ ਦੇ ਨਾਲ-ਨਾਲ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸਮੇਂ ਸਿਰ ਕੀਤੇ ਗਏ ਰਾਹਤ ਉਪਰਾਲਿਆਂ ਦੇ ਚੱਲਦਿਆਂ ਜ਼ਿਲਾ ਲੁਧਿਆਣਾ ਵਿੱਚ ਮਹਾਂਮਾਰੀ ਆਦਿ ਫੈਲਣ ਦਾ ਕੋਈ ਡਰ ਨਹੀਂ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਜਿਉਂ ਹੀ ਹੜ• ਵਰਗੀ ਸਥਿਤੀ ਪੈਦਾ ਹੋਣ ਦਾ ਪਤਾ ਲੱਗਾ ਸੀ ਤਾਂ ਉਸੇ ਵੇਲੇ ਹੀ ਸਿਹਤ ਵਿਭਾਗ ਵੱਲੋਂ ਬਚਾਅ ਕਾਰਜ ਆਰੰਭ ਕਰ ਦਿੱਤੇ ਗਏ ਸਨ। ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਹਾਲੇ ਤੱਕ ਵਾਟਰ ਬੌਰਨ ਜਾਂ ਬੈਕਟਰ ਬੌਰਨ ਬਿਮਾਰੀਆਂ ਨਾਲ ਸੰਬੰਧਤ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਹੁਣ ਕਿਉਂਕਿ ਹੜ ਅਤੇ ਮੀਂਹ ਦੇ ਪਾਣੀ 'ਤੇ ਪੂਰੀ ਤਰਾਂ ਕਾਬੂ ਪਾ ਲਿਆ ਗਿਆ ਹੈ ਤਾਂ ਸਪੱਸ਼ਟ ਹੈ ਕਿ ਜ਼ਿਲ•ਾ ਲੁਧਿਆਣਾ ਵਿੱਚ ਕੋਈ ਮਹਾਂਮਾਰੀ ਫੈਲਣ ਦਾ ਕੋਈ ਡਰ ਨਹੀਂ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੜ ਪ੍ਰਭਾਵਿਤ ਖੇਤਰਾਂ ਅਤੇ ਪਿੰਡਾਂ ਵਿੱਚ ਲਗਾਤਾਰ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਿੰਡ ਗੜੀ ਫਾਜ਼ਲ, ਭੋਲੇਵਾਲ ਕਦੀਮ ਅਤੇ ਨਵਾਂ ਖਹਿਰਾ ਬੇਟ ਵਿੱਚ ਪੱਕੇ ਤੌਰ 'ਤੇ ਕੈਂਪ ਲਗਾਏ ਗਏ ਹਨ, ਜਦਕਿ ਬਾਕੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਲਈ 16 ਟੀਮਾਂ ਲਗਾਤਾਰ ਤਾਇਨਾਤ ਹਨ। ਇੱਕ ਟੀਮ ਵਿੱਚ ਇੱਕ ਐੱਮ. ਬੀ. ਬੀ. ਐੱਸ. ਡਾਕਟਰ, ਇੱਕ ਸਟਾਫ਼ ਨਰਸ ਤੋਂ ਇਲਾਵਾ ਦੋ ਪੈਰਾਮੈਡੀਕਲ ਸਟਾਫ਼ ਮੈਂਬਰ ਤਾਇਨਾਤ ਹਨ। ਟੀਮਾਂ ਦੀ ਰੋਸਟਰ ਬਣਾ ਕੇ 24 ਘੰਟੇ ਦੀ ਡਿਊਟੀ ਲਗਾਈ ਗਈ ਹੈ। ਉਨਾਂ ਕਿਹਾ ਕਿ ਹੜ ਦੀ ਸਥਿਤੀ ਦੌਰਾਨ ਉਨਾਂ ਕੋਲ ਹੁਣ ਤੱਕ 550 ਦੇ ਕਰੀਬ ਮਰੀਜ਼ ਦਵਾਈ ਲਈ ਪਹੁੰਚੇ ਹਨ, ਜਿਨਾਂ ਨੂੰ ਜਨਰਲ ਦਵਾਈ ਹੀ ਦੇਣ ਦੀ ਲੋੜ ਪਈ ਹੈ। ਕਿਸੇ ਵੀ ਮਰੀਜ਼ ਨੂੰ ਚਮੜੀ ਜਾਂ ਹੋਰ ਭਿਆਨਕ ਬਿਮਾਰੀ ਸਾਹਮਣੇ ਨਹੀਂ ਆਈ ਹੈ। ਮਰੀਜ਼ਾਂ ਨੂੰ ਦੇਣ ਲਈ ਵਿਭਾਗ ਕੋਲ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਓ. ਆਰ. ਐੱਸ. ਦੇ ਪੈਕੇਟ ਅਤੇ ਕਲੋਰੀਨ ਦੀਆਂ ਗੋਲੀਆਂ ਲੋੜੀਂਦੀ ਮਾਤਰਾ ਵਿੱਚ ਵੰਡੀਆਂ ਜਾ ਰਹੀਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁਝ ਦਿਨ 20 ਲੀਟਰ ਪਾਣੀ ਵਿੱਚ ਇੱਕ ਕਲੋਰੀਨ ਦੀ ਗੋਲੀ ਪਾ ਕੇ ਅਤੇ 30 ਮਿੰਟ ਤੱਕ ਉਬਾਲਣ ਉਪਰੰਤ ਪੁਣਛਾਣ ਕਰਕੇ ਪੀਣ ਨੂੰ ਤਰਜੀਹ ਦੇਣ। ਉਨਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਤਰਾਂ ਦੀ ਦਿੱਕਤ ਆਉਂਦੀ ਹੈ ਤਾਂ ਕੋਈ ਵੀ ਵਿਅਕਤੀ ਸਿਹਤ ਵਿਭਾਗ ਦੇ ਜ਼ਿਲਾ ਲੁਧਿਆਣਾ ਲਈ ਹੈੱਲਪਲਾਈਨ ਨੰਬਰ 0161-2444193 'ਤੇ ਕਿਸੇ ਵੀ ਵੇਲੇ ਸੰਪਰਕ ਕਰ ਸਕਦੇ ਹਨ। ਜਾਣਕਾਰੀ ਦੇਣ ਮੌਕੇ ਜ਼ਿਲਾ ਮਹਾਂਮਾਰੀ ਰੋਕਥਾਮ ਅਫ਼ਸਰ ਡਾ. ਰਮੇਸ਼ ਵੀ ਉਨਾਂ ਨਾਲ ਸਨ।