You are here

ਪੰਜਾਬ

ਮਨੀਲਾ ਵਿਚ 16 ਅਕਤੂਬਰ ਤੋਂ ਸ਼ੁਰੂ ਹੋਵੇਗੀ 5 ਰੋਜਾ ਕਾਨਫਰੰਸ

ਡਾ : ਇੰਦਰਜੀਤ ਸਿੰਘ ਅਤੇ ਡਾ: ਨੇਹਾ  ਵਿਸ਼ਵ ਸਿਹਤ ਸੰਗਠਨ ਦੀ ਕੌਮਾਂਤਰੀ ਕਾਨਫਰੰਸ ਵਿਚ ਐਕੂਪੰਕਚਰ ਇਲਾਜ ਉਪਰ ਕੁੰਜੀਵਤ ਪਰਚੇ ਪੜ੍ਹਨਗੇ
ਲੁਧਿਆਣਾ, 9 ਅਕਤੂਬਰ (ਟੀ. ਕੇ.) -
ਡਾ. ਕੋਟਨਿਸ ਐਕਯੂਪੰਕਚਰ ਹਸਪਤਾਲ ਦੇ  ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੁਆਰਾ ਵਰਲਡ ਫੈਡਰੇਸ਼ਨ ਆਫ ਐਕਯੂਪੰਕਚਰ ਐਂਡ ਮੋਕਸੀਬਸਟਿਨ ਸੋਸਾਇਟੀਜ਼, ਬੀਜਿੰਗ (ਡਬਲਯੂ.ਐਫ.ਏ.ਐਸ.) ਦੁਆਰਾ ਨੁਮਾਇੰਦੇ ਵਜੋਂ ਸੱਦਾ ਦੇ ਕੇ ਇੱਕ ਅਸਾਧਾਰਨ ਸਨਮਾਨ ਪ੍ਰਾਪਤ ਹੋਇਆ ਹੈ। ਮਨੀਲਾ, ਫਿਲੀਪੀਨਜ਼ ਵਿੱਚ ਹੋਣ ਵਾਲੇ 74ਵੇਂ ਖੇਤਰੀ ਕਮੇਟੀ ਸੈਸ਼ਨ ਵਿੱਚ ਹਿੱਸਾ ਲੈਣ ਲਈ। ਇਹ ਬਹੁ-ਵੱਕਾਰੀ ਕਾਨਫਰੰਸ 16 ਅਕਤੂਬਰ ਤੋਂ 20 ਅਕਤੂਬਰ ਤੱਕ ਮਨੀਲਾ ਦੇ ਖੇਤਰੀ ਦਫ਼ਤਰ ਵਿਖੇ ਹੋਵੇਗੀ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਕਮੇਟੀ ਸੈਸ਼ਨ ਪ੍ਰਸਿੱਧ ਇਕੱਠ ਹਨ ਜੋ ਪੱਛਮੀ ਪ੍ਰਸ਼ਾਂਤ ਖੇਤਰ ਦੇ ਵੱਖ-ਵੱਖ ਦੇਸ਼ਾਂ ਦੇ ਸਿਹਤ ਸੰਭਾਲ ਨੇਤਾਵਾਂ, ਮਾਹਿਰਾਂ ਅਤੇ ਫੈਸਲੇ ਲੈਣ ਵਾਲਿਆਂ ਨੂੰ ਜਨਤਕ ਸਿਹਤ ਨੂੰ ਬਿਹਤਰ ਬਣਾਉਣ ਲਈ ਗੰਭੀਰ ਸਿਹਤ ਮੁੱਦਿਆਂ ਅਤੇ ਰਣਨੀਤੀਆਂ 'ਤੇ ਵਿਚਾਰ ਕਰਨ ਲਈ ਇਕੱਠੇ ਕਰਦੇ ਹਨ। ਇਸ ਮੌਕੇ  ਅਸੈਂਬਲੀ ਵਿੱਚ ਡਾ. ਇੰਦਰਜੀਤ ਸਿੰਘ ਦੀ ਸ਼ਮੂਲੀਅਤ ਸਿਹਤ ਸੰਭਾਲ ਦੇ ਖੇਤਰ ਵਿੱਚ, ਖਾਸ ਤੌਰ 'ਤੇ ਐਕਯੂਪੰਕਚਰ ਅਤੇ ਵਿਕਲਪਕ ਦਵਾਈ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਉਜਾਗਰ ਕਰਦੀ ਹੈ। ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ ਦੇ ਡਾਇਰੈਕਟਰ ਵਜੋਂ ਡਾ. ਇੰਦਰਜੀਤ ਸਿੰਘ ਨੇ ਖੇਤਰ ਵਿੱਚ ਐਕਿਊਪੰਕਚਰ ਦੀ ਸਮਝ ਅਤੇ ਅਭਿਆਸ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੰਪੂਰਨ ਅਤੇ ਏਕੀਕ੍ਰਿਤ ਸਿਹਤ ਸੰਭਾਲ ਪ੍ਰਤੀ ਉਸਦੇ ਸਮਰਪਣ ਨੇ ਮਰੀਜ਼ਾਂ ਦੇ ਨਤੀਜਿਆਂ ਅਤੇ ਤੰਦਰੁਸਤੀ 'ਤੇ ਕਾਫ਼ੀ ਪ੍ਰਭਾਵ ਪਾਇਆ ਹੈ। ਵਿਸ਼ਵ ਸਿਹਤ ਸੰਗਠਨ ਦਾ ਇਹ ਸੱਦਾ ਸਿਹਤ ਸੰਭਾਲ ਅਭਿਆਸਾਂ ਅਤੇ ਨੀਤੀਆਂ ਨੂੰ ਅੱਗੇ ਵਧਾਉਣ ਲਈ ਉਸਦੀ ਮਹਾਰਤ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। 74ਵੇਂ ਖੇਤਰੀ ਕਮੇਟੀ ਸੈਸ਼ਨ ਵਿੱਚ ਵਿਸ਼ਵਵਿਆਪੀ ਸਿਹਤ ਚੁਣੌਤੀਆਂ ਲਈ ਚੱਲ ਰਹੀ ਪ੍ਰਤੀਕਿਰਿਆ, ਸਿਹਤ ਸੰਭਾਲ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਲਈ ਰਣਨੀਤੀਆਂ, ਅਤੇ ਵਿਸ਼ਵਵਿਆਪੀ ਸਿਹਤ ਕਵਰੇਜ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੀਤੀਆਂ ਪਹਿਲਕਦਮੀਆਂ ਸਮੇਤ ਕਈ ਮਹੱਤਵਪੂਰਨ ਸਿਹਤ ਵਿਸ਼ਿਆਂ ਨੂੰ ਕਵਰ ਕਰਨ ਦੀ ਉਮੀਦ ਹੈ। ਡਾ. ਸਿੰਘ ਨੇ ਇਸ ਮਹੱਤਵਪੂਰਨ ਸੱਦੇ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਵਿਸ਼ਵ ਸਿਹਤ ਸੰਗਠਨ ਖੇਤਰੀ ਕਮੇਟੀ ਦੇ ਸੈਸ਼ਨ ਵਿੱਚ ਆਪਣੇ ਮਰੀਜ਼ਾਂ, ਹਸਪਤਾਲ ਅਤੇ ਵਿਆਪਕ ਸਿਹਤ ਸੰਭਾਲ ਭਾਈਚਾਰੇ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਹ ਹੈਲਥਕੇਅਰ ਦੇ ਖੇਤਰ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਉਸਾਰੂ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਣ, ਸੂਝ ਸਾਂਝੀ ਕਰਨ ਅਤੇ ਸਾਥੀ ਸਿਹਤ ਸੰਭਾਲ ਨੇਤਾਵਾਂ ਨਾਲ ਸਹਿਯੋਗ ਕਰਨ ਦੀ ਉਮੀਦ ਕਰਦਾ ਹੈ।ਇਸ ਮੌਕੇ ਡਾ ਇੰਦਰਜੀਤ ਸਿੰਘ ਨਾਲ ਡਾ: ਨੇਹਾ ਢੀਂਗਰਾ ਵੀ ਜਾਣਗੇ ਅਤੇ ਐਕੂਪੰਕਚਰ ਇਲਾਜ ਪ੍ਰਣਾਲੀ ਉਪਰ ਆਪਣੇ ਕੁੰਜੀਵਤ ਪਰਚੇ ਪੜ੍ਹਣਗੇ ਅਤੇ ਆਪਣੇ ਤਜਰਬੇ ਸਾਂਝੇ ਕਰਨਗੇ।

ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖ਼ਲੇ ਲਈ 31 ਅਕਤੂਬਰ ਤੱਕ ਭਰੇ ਜਾ ਸਕਦੇ ਹਨ ਫਾਰਮ

ਸੈਸ਼ਨ 2024-25 ਤਹਿਤ ਜਮਾਤ ਨੌਵੀਂ ਅਤੇ ਗਿਆਰਵੀਂ ਵਿੱਚ ਖਾਲੀ ਪਈਆਂ ਸੀਟਾਂ ਲਈ ਪ੍ਰੀਖਿਆ ਲਈ ਜਾਣੀ ਹੈ
ਲੁਧਿਆਣਾ, 9 ਅਕਤੂਬਰ (ਟੀ. ਕੇ. ) -
ਜਵਾਹਰ ਨਵੋਦਿਆ ਵਿਦਿਆਲਿਆ ਲੁਧਿਆਣਾ ਵਿੱਚ ਵਿਦਿਅਕ ਸੈਸ਼ਨ 2024-25 ਤਹਿਤ ਜਮਾਤ ਨੌਵੀਂ ਅਤੇ ਗਿਆਰਵੀਂ ਵਿੱਚ ਖਾਲੀ ਪਈਆਂ ਸੀਟਾਂ ਲਈ ਪ੍ਰੀਖਿਆ ਲਈ ਜਾਣੀ ਹੈ। ਦਾਖਲੇ ਲਈ ਮਿਤੀ 10 ਫ਼ਰਵਰੀ 2024 ਨੂੰ ਹੋਣ ਵਾਲੀ ਪ੍ਰੀਖਿਆ ਲਈ, ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ 31 ਅਕਤੂਬਰ 2023 ਨਿਰਧਾਰਿਤ ਕੀਤੀ ਗਈ ਹੈ। 

ਜਵਾਹਰ ਨਵੋਦਿਆ ਵਿਦਿਆਲਿਆ, ਧਨਾਨਸੂ ਦੇ ਪ੍ਰਿੰਸੀਪਲ ਨੀਸ਼ੂ ਗੋਇਲ ਵਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਦਾਖਲਾ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ (www.navodaya.gov.in) ਜਾਂ ਜਵਾਹਰ ਨਵੋਦਿਆ ਵਿਦਿਆਲਿਆ ਲੁਧਿਆਣਾ ਦੀ ਵੈੱਬ ਸਾਈਟ 'ਤੇ  (https://navodaya.gov.in/nvs/nvs-school/Ludhiana/en/home/)  ਜਾ ਕੇ ਮੁਫ਼ਤ ਭਰੇ ਜਾ ਸਕਦੇ ਹਨ। 

ਉਨ੍ਹਾਂ ਅੱਗੇ ਦੱਸਿਆ ਕਿ ਜਮਾਤ ਨੌਵੀਂ ਲਈ ਫਾਰਮ ਭਰਨ ਦੇ ਚਾਹਵਾਨ ਵਿਦਿਆਰਥੀ ਜ਼ਿਲ੍ਹੇ ਦਾ ਪੱਕਾ ਵਸਨੀਕ ਹੋਵੇ ਅਤੇ ਜ਼ਿਲ੍ਹੇ ਦੇ ਨਾਲ਼ ਸਬੰਧਤ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2023 ਦੌਰਾਨ ਜਮਾਤ ਅੱਠਵੀਂ ਵਿਚ ਪੜ੍ਹਦਾ ਹੋਵੇ। ਇਸ ਤੋਂ ਇਲਾਵਾ ਵਿਦਿਆਰਥੀ ਦੀ ਉਮਰ ਹੱਦ 01-05-2009 ਤੋਂ 31-07-2011 ਦੇ ਵਿਚਕਾਰ (ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ।

ਪ੍ਰਿੰਸੀਪਲ ਨੀਸ਼ੂ ਗੋਇਲ ਨੇ ਦੱਸਿਆ ਕਿ ਜਮਾਤ ਗਿਆਰਵੀਂ ਲਈ ਫਾਰਮ ਭਰਨ ਦੇ ਚਾਹਵਾਨ ਵਿਦਿਆਰਥੀ ਦੀ ਰਿਹਾਇਸ਼ ਅਤੇ ਸਕੂਲ ਦਾ ਜ਼ਿਲ੍ਹਾ ਜੇਕਰ ਇਕੋ ਹੀ ਹੈ ਤਾਂ ਹੀ ਉਮੀਦਵਾਰ ਨੂੰ ਜ਼ਿਲ੍ਹਾ ਪੱਧਰੀ ਮੈਰਿਟ ਲਈ ਵਿਚਾਰਿਆ ਜਾਵੇਗਾ। ਉਮੀਦਵਾਰ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2023-24 (ਅਪ੍ਰੈਲ 2023 ਤੋਂ ਮਾਰਚ-2024) ਦੌਰਾਨ ਜਮਾਤ ਦਸਵੀਂ ਵਿਚ ਪੜ੍ਹਦਾ ਹੋਵੇ ਅਤੇ ਉਸਦੀ ਦੀ ਉਮਰ 01-06-2007 ਤੋਂ 31-07-2009 ਦੇ ਵਿਚਕਾਰ (ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ।

ਮੁੱਖ ਬੋਰਡ ਪੰਜਾਬੀ ਭਾਸ਼ਾ 'ਚ ਲਿਖੇ ਜਾਣ ਦੀ ਮਿਆਦ 'ਚ 21 ਨਵੰਬਰ ਤੱਕ ਵਾਧਾ

ਲੁਧਿਆਣਾ, 09 ਅਕਤੂਬਰ (ਟੀ. ਕੇ. ) - ਪੰਜਾਬ ਰਾਜ ਦੀਆਂ ਗ਼ੈਰ-ਸਰਕਾਰੀ ਸੰਸਥਾਵਾਂ, ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਆਦਿ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿੱਚ ਲਿਖੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਤਹਿਤ ਮਿੱਥੀ ਗਈ ਸਮਾਂ ਸੀਮਾ ਦੀ ਮਿਆਦ ਵਧਾ ਕੇ 21 ਨਵੰਬਰ  ਕਰ ਦਿੱਤੀ ਗਈ ਹੈ।

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਰਾਹੀਂ ਪਹਿਲਾਂ ਇਸਦੀ ਮਿਆਦ ਮਿਤੀ 21 ਫ਼ਰਵਰੀ  ਤੱਕ ਨਿਰਧਾਰਤ ਕੀਤੀ ਗਈ ਸੀ।

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਅਤੇ ਪੂਰਾ ਮਾਣ-ਸਨਮਾਨ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਹਦਾਇਤਾਂ ਵਿੱਚ ਸਰਕਾਰੀ ਅਦਾਰਿਆਂ ਤੋਂ ਇਲਾਵਾ ਗ਼ੈਰ-ਸਰਕਾਰੀ, ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਨੂੰ ਵੀ ਆਪੋ-ਆਪਣੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿਚ ਲਿਖੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੀਆਂ ਗ਼ੈਰ-ਸਰਕਾਰੀ ਸੰਸਥਾਵਾਂ, ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ, ਸਾਈਨ ਬੋਰਡ ਆਦਿ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿੱਚ ਲਿਖੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਦੇ ਨਾਲ਼ ਹੀ ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਅਜਿਹਾ ਕਰਦੇ ਸਮੇਂ ਸਭ ਤੋਂ ਉਪਰ ਪੰਜਾਬੀ ਭਾਸ਼ਾ/ਗੁਰਮੁਖੀ ਲਿਪੀ ਵਿਚ ਲਿਖਿਆ ਜਾਵੇ ਅਤੇ ਜੇਕਰ ਕਿਸੇ ਹੋਰ ਭਾਸ਼ਾ ਵਿਚ ਲਿਖਣਾ ਹੋਵੇ ਤਾਂ ਹੇਠਾਂ ਦੂਸਰੀ ਭਾਸ਼ਾ ਵਿੱਚ ਲਿਖਿਆ ਜਾਵੇ।

ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਸ ਕਾਰਜ ਲਈ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਅਤੇ ਮੁੱਖ ਬੋਰਡ ਲਿਖਣ ਸਮੇਂ ਪੰਜਾਬੀ ਸ਼ਬਦ-ਜੋੜਾਂ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ।

ਡਾ.ਸੰਦੀਪ ਸ਼ਰਮਾ ਨੇ ਇਹ ਵੀ ਦੱਸਿਆ ਕਿ ਪੰਜਾਬ ਰਾਜ ਭਾਸ਼ਾ ਐਕਟ ਇਹ ਸੁਨਿਸ਼ਚਿਤ ਕਰਦਾ ਹੈ ਕਿ ਪੰਜਾਬ ਰਾਜ ਅੰਦਰ ਸਾਰੇ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਦਾ ਸਾਰਾ ਦਫ਼ਤਰੀ ਕੰਮ-ਕਾਜ ਪੰਜਾਬੀ ਵਿੱਚ ਕਰਨਾ ਯਕੀਨੀ ਬਣਾਉਆ ਜਾਵੇ।

ਆਰੀਆ ਕਾਲਜ ਗਰਲਜ਼ 'ਚ 'ਦਾਨ ਉਤਸਵ' ਤਹਿਤ  ਮੁਹਿੰਮ ਸ਼ੁਰੂ 

ਲੁਧਿਆਣਾ, 9 ਅਕਤੂਬਰ (ਟੀ. ਕੇ.) ਆਰੀਆ ਕਾਲਜ ਗਰਲਜ਼ ਸੈਕਸ਼ਨ ਨੇ ਭਾਰਤ ਸਰਕਾਰ ਦੇ ਆਰ.ਆਰ.ਆਰ ਪ੍ਰੋਜੈਕਟ ਤਹਿਤ ਨਗਰ ਨਿਗਮ, ਲੁਧਿਆਣਾ ਵੱਲੋਂ ਦਾਨ ਉਤਸਵ ਦੇ ਨਾਮ ਨਾਲ ਦੋ ਦਿਨਾਂ ਦਾਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਫੈਕਲਟੀ ਅਤੇ ਵਿਦਿਆਰਥੀ ਵਰਤੇ ਹੋਏ ਕੱਪੜੇ, ਕਿਤਾਬਾਂ, ਖਿਡੌਣੇ, ਭਾਂਡੇ ਅਤੇ ਹੋਰ ਇਲੈਕਟ੍ਰਾਨਿਕ ਉਪਕਰਣ ਦਾਨ ਕਰਨ ਲਈ ਅੱਗੇ ਆਏ। ਏ.ਸੀ.ਐਮ.ਸੀ. ਦੇ ਸਕੱਤਰ ਡਾ: ਐਸ. ਐਮ ਸ਼ਰਮਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥਣਾਂ ਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ: ਸੁਕਸ਼ਮ ਆਹਲੂਵਾਲੀਆ ਨੇ ਵਿਦਿਆਰਥਣਾਂ ਨੂੰ ਇਸ ਮੁਹਿੰਮ ਵਿਚ ਪਾਏ ਵਿਸ਼ੇਸ਼ ਯੋਗਦਾਨ ਲਈ ਦਿਲੋਂ ਵਧਾਈ ਦਿੱਤੀ ਜਦ ਕਿ ਇੰਚਾਰਜ ਪ੍ਰਿੰਸੀਪਲ ਡਾ: ਮਮਤਾ ਕੋਹਲੀ ਨੇ ਕਿਹਾ ਕਿ ਦਾਨ ਘਰ ਤੋਂ ਸ਼ੁਰੂ ਹੁੰਦਾ ਹੈ, ਇਸ ਲਈ 'ਸ਼ਹਿਰ ਦੀ ਲੋੜ ਦਾਨ ਉਤਸਵ' ਮੁਹਿੰਮ ਲਈ ਦਾਨ ਦੇ ਕੇ ਸਰਕਾਰ ਦੀ ਮਦਦ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।

ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦਾ ਦੌਰਾ ਆਈ ਸੀ ਏ ਆਰ ਦੇ ਵਧੀਕ ਨਿਰਦੇਸ਼ਕ ਜਨਰਲ ਨੇ ਕੀਤਾ

ਲੁਧਿਆਣਾ 9 ਅਕਤੂਬਰ(ਟੀ. ਕੇ.) ਆਈ ਸੀ ਏ ਆਰ ਦੇ ਸਿੱਖਿਆ ਯੋਜਨਾਬੰਦੀ ਅਤੇ ਗ੍ਰਹਿ ਵਿਗਿਆਨ ਬਾਰੇ ਵਧੀਕ ਨਿਰਦੇਸ਼ਕ ਜਨਰਲ ਡਾ. ਬਿਮਲੇਸ਼ ਮਨ ਨੇ ਬੀਤੇ ਦਿਨੀਂ ਕਮਿਊਨਟੀ ਸਾਇੰਸ ਕਾਲਜ ਦਾ ਦੌਰਾ ਕੀਤਾ| ਪੀ.ਏ.ਯੂ. ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਇਸ ਮੌਕੇ ਡਾ. ਬਿਮਲੇਸ਼ ਮਨ ਲਈ ਜੀ ਆਇਆ ਦੇ ਸ਼ਬਦ ਕਹੇ| ਕਮਿਊਨਟੀ ਸਾਇੰਸ ਕਾਲਜ ਦੇ ਡੀਨ ਕਿਰਨਜੋਤ ਸਿੱਧੂ ਨੇ ਇਸ ਮੌਕੇ ਮਹਿਮਾਨ ਦਾ ਤੁਆਰਫ ਕਰਵਾਇਆ ਅਤੇ ਉਹਨਾਂ ਦੇ ਕੰਮ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਕਾਲਜ ਆਪਣੇ ਖੇਤਰ ਦੀਆਂ ਸਫਲ ਅਤੇ ਪ੍ਰਸਿੱਧ ਹਸਤੀਆਂ ਨੂੰ ਬੁਲਾ ਕੇ ਵਿਦਿਆਰਥੀਆਂ ਨਾਲ ਰੂਬਰੂ ਕਰਵਾਉਂਦਾ ਰਹੇਗਾ| ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਪੇਸ਼ੇਵਰ ਅਤੇ ਹੁਨਰ ਅਧਾਰਿਤ ਡਿਗਰੀਆਂ, ਡਿਪਲੋਮਿਆਂ ਅਤੇ ਸਰਟੀਫਿਕੇਟ ਕੋਰਸਾਂ ਨੂੰ ਕਮਿਊਨਟੀ ਸਾਇੰਸ ਕਾਲਜ ਵਿਚ ਸ਼ੁਰੂ ਕਰਨ ਦੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ| ਇਸ ਮੌਕੇ ਕਾਲਜ ਦੇ ਕੰਮਕਾਰ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਬਹੁਤ ਸਾਰੇ ਸੁਝਾਵਾਂ ਬਾਰੇ ਵਿਚਾਰ-ਵਟਾਂਦਰਾ ਹੋਇਆ| ਡਾ. ਬਿਮਲੇਸ਼ ਮਨ ਨੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਤਜਰਬਾ ਸਿਖਲਾਈ ਯੂਨਿਟ ਦਾ ਦੌਰਾ ਵੀ ਕੀਤਾ| ਇਸ ਮੌਕੇ ਉਹਨਾਂ ਨੇ ਬੇਕਰੀ ਅਤੇ ਕੰਨਫੈਕਸ਼ਨਰੀ ਦੇ ਨਾਲ ਸਿਹਤਮੰਦ ਭੋਜਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ| ਉਹਨਾਂ ਨੇ ਕਿਹਾ ਕਿ ਹੁਣ ਹੁਨਰ ਅਤੇ ਪੇਸ਼ੇਵਰ ਸਿੱਖਿਆ ਦਾ ਦੌਰ ਆ ਰਿਹਾ ਹੈ|

ਪੀ.ਏ.ਯੂ. ਵਿਚ ਨਵੀਆਂ ਸਥਾਨ ਕੇਂਦਰਿਤ ਤਕਨਾਲੋਜੀਆਂ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ

ਲੁਧਿਆਣਾ 9 ਅਕਤੂਬਰ(ਟੀ. ਕੇ.) ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਵਿਚ ਜੁਆਲੋਜੀਕਲ ਸੁਸਾਇਟੀ ਨੇ ਬੀਤੇ ਦਿਨੀਂ ਨਵੀਆਂ ਭੂ ਸਥਾਨਕ ਤਕਨਾਲੋਜੀਆਂ ਸੰਬੰਧੀ ਇਕ ਵਿਸ਼ੇਸ਼ ਭਾਸ਼ਣ ਕਰਵਾਇਆ| ਇਸ ਭਾਸ਼ਣ ਨੂੰ ਦੇਣ ਲਈ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਦੇ ਖੇਤੀ ਵਾਤਾਵਰਨ ਪ੍ਰਬੰਧ ਦੇ ਸਾਬਕਾ ਮੁਖੀ ਡਾ. ਅਨਿਲ ਸੂਦ ਮੌਜੂਦ ਸਨ| ਨਾਲ ਹੀ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ|

 ਵਿਭਾਗ ਦੇ ਮੁਖੀ ਡਾ. ਤੇਜਦੀਪ ਕੌਰ ਕਲੇਰ ਨੇ ਮਹਿਮਾਨ ਬੁਲਾਰੇ ਦਾ ਸਵਾਗਤ ਕਰਦਿਆਂ ਉਹਨਾਂ ਬਾਰੇ ਜਾਣਕਾਰੀ ਦਿੱਤੀ| ਇਸਦੇ ਨਾਲ ਹੀ ਉਹਨਾਂ ਨੇ ਸੀਨੀਅਰ ਜੀਵ ਵਿਗਿਆਨੀ ਡਾ. ਬੀ ਕੇ ਬੱਬਰ ਦੀ ਜਾਣ-ਪਛਾਣ ਵੀ ਕਰਵਾਈ|

 ਜੀਵ ਵਿਗਿਆਨੀ ਡਾ. ਰਾਜਵਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ| ਆਪਣੀ ਗੱਲਬਾਤ ਦੌਰਾਨ ਡਾ. ਅਨਿਲ ਸੂਦ ਨੇ ਵਿਦਿਆਰਥੀਆਂ ਨੂੰ ਰਿਮੋਟ ਸੈਂਸਿੰਗ, ਜੀ ਪੀ ਐੱਸ ਅਤੇ ਜੀ ਆਈ ਐੱਸ ਤਕਨਾਲੋਜੀਆਂ ਦੀ ਵਰਤੋਂ ਕਰਕੇ ਭੂਮੀ ਦੀ ਪੈਮਾਇਸ਼, ਫਸਲਾਂ ਦੇ ਖਰਾਬੇ ਅਤੇ ਰਹਿੰਦ-ਖੂੰਹਦ ਸਾੜਨ ਆਦਿ ਦੀ ਨਿਗਰਾਨੀ ਬਾਰੇ ਜਾਣਕਾਰੀ ਦਿੱਤੀ| ਉਹਨਾਂ ਨੇ ਇਸ ਤੋਂ ਇਲਾਵਾ ਆਰਟੀਫੀਸ਼ੀਅਲ ਇੰਟੈਲੀਜੈਂਸ, ਖੇਤੀ ਵਿਚ ਰੋਬੋਟ ਦੀ ਵਰਤੋਂ ਅਤੇ ਫਸਲਾਂ ਦੀ ਹਾਲਤ ਦੇ ਜਾਇਜੇ ਲਈ ਡਰੋਨਾਂ ਦੀ ਵਰਤੋਂ ਆਦਿ ਨਵੀਆਂ ਭੂ ਸਥਾਨਕ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ|

 ਡਾ. ਸ਼ੰਮੀ ਕਪੂਰ ਨੇ ਜਾਣਕਾਰੀ ਭਰਪੂਰ ਭਾਸ਼ਣ ਲਈ ਬੁਲਾਰੇ ਦਾ ਸਵਾਗਤ ਕੀਤਾ| ਉਹਨਾਂ ਕਿਹਾ ਕਿ ਬਿਹਤਰ ਸਿੱਟਿਆਂ ਲਈ ਇਹਨਾਂ ਤਕਨਾਲੋਜੀਆਂ ਨੂੰ ਲਾਗੂ ਕਰਨਾ ਅੱਜ ਦੇ ਸਮੇਂ ਦੀ ਲੋੜ ਹੈ|

ਬਾਇਓਟਕਨਾਲੋਜੀ ਵਿਦਿਆਰਥੀਆਂ ਦਾ ਦਾਖਲਾ ਸੰਸਾਰ ਪ੍ਰਸਿੱਧ ਯੂਨੀਵਰਸਿਟੀਆਂ ਵਿਚ ਹੋਇਆ

ਲੁਧਿਆਣਾ 9 ਅਕਤੂਬਰ (ਟੀ. ਕੇ.) ਪੀ.ਏ.ਯੂ. ਦੇ ਖੇਤੀ ਬਾਇਓਟਕਨਾਲੋਜੀ ਸਕੂਲ ਤੋਂ ਮਾਸਟਰ ਡਿਗਰੀਆਂ ਹਾਸਲ ਕਰਨ ਵਾਲੇ ਕੁਮਾਰੀ ਹਿਤਾਸ਼ੀ ਅਗਰਵਾਲ, ਕੁਮਾਰੀ ਸਹਿਗੀਤ ਕੌਰ ਅਤੇ ਸ਼੍ਰੀ ਗਗਨਜੀਤ ਨੂੰ ਪੀ ਐੱਚ ਡੀ ਪ੍ਰੋਗਰਾਮ ਲਈ ਸੰਸਾਰ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿਚ ਦਾਖਲਾ ਮਿਲਿਆ ਹੈ| ਕੁਮਾਰੀ ਹਿਤਾਸ਼ੀ ਨੂੰ ਮੁਰਡੋਕ ਯੂਨੀਵਰਸਿਟੀ ਆਸਟਰੇਲੀਆ, ਕੁਮਾਰੀ ਸਹਿਗੀਤ ਕੌਰ ਨੂੰ ਵਰਜੀਨੀਆ ਟੈਕਨੀਕਲ ਯੂਨੀਵਰਸਿਟੀ ਅਮਰੀਕਾ ਅਤੇ ਸ਼੍ਰੀ ਗਗਨਜੀਤ ਨੂੰ ਕਲੈਮਸਨ ਪੀ ਡੀ ਖੋਜ ਅਤੇ ਵਿਦਿਆ ਕੇਂਦਰ ਅਮਰੀਕਾ ਵਿਚ ਦਾਖਲਾ ਹਾਸਲ ਹੋਇਆ ਹੈ|

 
ਇਹ ਵਿਦਿਆਰਥੀ ਪੀ ਐੱਚ ਡੀ ਦੌਰਾਨ ਸੰਸਾਰ ਦੇ ਪ੍ਰਸਿੱਧ ਵਿਗਿਆਨੀਆਂ ਨਾਲ ਕੰਮ ਕਰਨਗੇ| ਕੁਮਾਰੀ ਹਿਤਾਸ਼ੀ, ਪ੍ਰੋਫੈਸਰ ਵਾਰਸ਼ਨੇ ਦੀ ਨਿਗਰਾਨੀ ਹੇਠ ਜੀਨ ਸੰਪਾਦਨ ਬਾਰੇ ਆਪਣੀ ਖੋਜ ਕਰੇਗੀ| ਕੁਮਾਰੀ ਸਹਿਗੀਤ ਕੌਰ ਦੀ ਅਗਵਾਈ ਵਰਜੀਨੀਆ ਯੂਨੀਵਰਸਿਟੀ ਦੇ ਪੌਦਾ ਅਤੇ ਵਾਤਾਵਰਨ ਵਿਗਿਆਨ ਸਕੂਲ ਦੇ ਪ੍ਰੋਫੈਸਰ ਬੋਰਿਸ ਵਿਨਾਂਜ਼ਰ ਕਰਨਗੇ| ਗਗਨਜੀਤ ਸਿੰਘ ਡਾ. ਸਚਿਨ ਰਸਟਗੀ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਜਾਰੀ ਰੱਖਣਗੇ|

 
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਪ੍ਰਦੀਪ ਕੁਮਾਰ ਛੁਨੇਜਾ ਅਤੇ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਹਨਾਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ|

ਸਾਹਿਤ ਵਿਗਿਆਨ ਕੇਂਦਰ ਦੀ ਕਾਰਜਕਾਰਨੀ ਦੀ ਚੋਣ ਹੋਈ 

ਚੰਡੀਗੜ੍ਹ ,09 ਅਕਤੂਬਰ (ਗੁਰਕਿਰਤ ਜਗਰਾਓ/ਮਨਜਿੰਦਰ ਗਿੱਲ) ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਰਾਮਗੜ੍ਹੀਆਂ ਭਵਨ ਸੈਕਟਰ 27 ਚੰਡੀਗੜ੍ਹ ਵਿਖੇ ਗਜਲ ਉਸਤਾਦ ਸਿਰੀ ਰਾਮ ਅਰਸ਼ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨਵੀਂ ਕਾਰਜਕਾਰਨੀ ਬਨਾਉਣ ਬਾਰੇ ਚਰਚਾ ਕੀਤੀ ਗਈ।ਅਰਸ਼ ਜੀ ਨੇ ਸਾਹਿਤ ਵਿਗਿਆਨ ਕੇਂਦਰ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਤਸੱਲੀ ਪ੍ਰਗਟ ਕੀਤੀ ਕਿ ਸੰਸਥਾ ਲੰਬੇ ਸਮੇਂ ਤੋਂ ਬਹੁਤ ਵਧੀਆ ਕੰਮ ਰਹੀ ਹੈ।ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਜੀ ਨੇ ਕੇਂਦਰ ਦੀ ਪ੍ਰਧਾਨਗੀ ਲਈ ਸ: ਗੁਰਦਰਸ਼ਨ ਸਿੰਘ ਮਾਵੀ ਜੀ ਦਾ ਨਾਮ ਵਿਚਾਰਨ ਲਈ ਰੱਖਿਆ ਜਿਸ ਨੂੰ ਹਾਜਰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ।ਇਸ ਤੋਂ ਬਾਦ ਸੀਨੀਅਰ  ਮੀਤ ਪ੍ਰਧਾਨ ਦੇ ਅਹੁਦੇ ਲਈ ਸ੍ਰੀਮਤੀ ਸਤਬੀਰ ਕੌਰ ਦੇ ਨਾਮ ਤੇ ਸਹਿਮਤੀ ਬਣੀ ਅਤੇ ਨਾਲ ਹੀ ਦਰਸ਼ਨ ਸਿੰਘ ਸਿੱਧੂ ਜੀ ਨੂੰ ਮੀਤ ਪ੍ਰਧਾਨ ਲਈ ਚੁਣਿਆ ਗਿਆ।ਜਨਰਲ ਸਕੱਤਰ ਵਾਸਤੇ ਸ੍ਰੀਮਤੀ ਦਵਿੰਦਰ ਕੌਰ ਢਿੱਲੋਂ ਜੀ ਦਾ ਨਾਮ ਸਾਹਮਣੇ ਆਇਆ ਤਾਂ ਸਭ ਨੇ ਸੁਆਗਤ ਕੀਤਾ।ਸ: ਭਰਪੂਰ ਸਿੰਘ, ਸ: ਲਾਭ ਸਿੰਘ ਲਹਿਲੀ, ਸ੍ਰੀਮਤੀ ਰਜਿੰਦਰ ਰੇਨੂ, ਭਾਵ ਤਿੰਨਾਂ ਨੂੰ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ।ਸ: ਹਰਜੀਤ ਸਿੰਘ ਇਸ ਕੇਂਦਰ ਦੀ ਵਿੱਤ ਸਕੱਤਰ ਵਜੋਂ ਜਿੰਮੇਵਾਰੀ ਨਿਭਾਉਣਗੇ।ਪਰਲਾਦ ਸਿੰਘ ਜੀ ਪ੍ਰੈਸ ਸਕੱਤਰ ਹੋਣਗੇ ਜਦੋਂ ਕਿ ਸੱਤ ਕਾਰਜਕਾਰਨੀ ਮੈਂਬਰ ਨਾਮਜਦ ਕੀਤੇ ਗਏ ਜਿਹਨਾਂ ਵਿਚ ਪਰਮਜੀਤ ਪਰਮ, ਮਨਜੀਤ ਕੌਰ ਮੋਹਾਲੀ,ਸਿਮਰਜੀਤ ਕੌਰ ਗਰੇਵਾਲ, ਨਰਿੰਦਰ ਕੌਰ ਲੌਂਗੀਆ,ਚਰਨਜੀਤ ਕੌਰ ਬਾਠ, ਬਲਵਿੰਦਰ ਸਿੰਘ ਢਿੱਲੋਂ,ਪਾਲ ਅਜਨਬੀ ਸ਼ਾਮਲ ਹਨ।ਵਿਸ਼ੇਸ਼ ਮਹਿਮਾਨ ਵਜੋਂ ਸ: ਸਵਰਨ ਸਿੰਘ, ਸ: ਜੁਧਵੀਰ ਸਿੰਘ,ਜਸਟਿਸ ਜੇ,ਐਸ, ਖੁਸ਼ਦਿਲ,ਸ੍ਰੀ ਸਿਰੀ ਰਾਮ ਅਰਸ਼, ਸ੍ਰੀ ਪ੍ਰੇਮ ਵਿੱਜ, ਸ੍ਰੀ ਸੁਭਾਸ਼ ਭਾਸਕਰ,ਸ੍ਰੀ ਸੇਵੀ ਰਾਇਤ ਜੀ ਦਾ ਬੇਟਾ,ਸ: ਅਮਰਜੀਤ ਸਿੰਘ ਖੁਰਲ ਜੀ ਦਾ ਬੇਟਾ,ਸ: ਅਜੀਤ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ।ਸਾਰੀ ਚੋਣ ਪ੍ਰਕਿਰਿਆ ਬੜੇ ਹੀ ਸੁਖਾਵੇਂ ਮਾਹੌਲ ਵਿਚ ਨੇਪਰੇ ਚੜ੍ਹੀ।

ਜੋਨ ਤਲਵੰਡੀ ਸਾਬੋ ਸਰਦ ਰੁੱਤ ਜੋਨਲ ਟੂਰਨਾਂਮੈਟ 11 ਅਕਤੂਬਰ ਤੋਂ

ਤਲਵੰਡੀ ਸਾਬੋ, 09 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਿੱਖਿਆ ਵਿਭਾਗ ਦੇ ਨਿਰਦੇਸ਼ਾ ਅਨੁਸਾਰ ਜੋਨ ਤਲਵੰਡੀ ਸਾਬੋ ਦੇ ਸਰਦ ਰੁੱਤ ਟੂਰਨਾਮੈਂਟ 11 ਅਕਤੂਬਰ ਤੋਂ 13 ਅਕਤੂਬਰ ਤੱਕ ਸਥਾਨਕ ਮਾਤਾ ਸਾਹਿਬ ਕੌਰ ਗਰਲਜ ਕਾਲਜ ਵਿਖੇ ਕਰਵਾਏ ਜਾ ਰਹੇ ਹਨ। ਟੂਰਨਾਮੈਂਟ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਜੋਨਲ ਪ੍ਰਧਾਨ ਪ੍ਰਿੰਸੀਪਲ  ਅਮਨਪ੍ਰੀਤ ਸਿੰਘ ਜੀ ਵੱਲੋਂ ਵੱਖ-ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕਾਂ ਅਤੇ ਅਮਲੇ ਦੀਆਂ ਡਿਊਟੀਆਂ ਦੀਆਂ ਲਗਾ ਦਿੱਤੀਆਂ ਹਨ। ਜੋਨਲ ਸਕੱਤਰ ਰਜਿੰਦਰ ਸਿੰਘ ਪੀ ਟੀ ਆਈ ਮਾਹੀਨੰਗਲ ਵੱਲੋਂ ਖੇਡ ਸਥਾਨ ਤੇ ਢੁਕਵੇ ਪ੍ਰਬੰਧਾਂ ਦਾ ਜਾਇਜਾ ਲੈਦਿਆਂ ਦੱਸਿਆ ਕਿ ਹਰਮੰਦਰ ਸਿੰਘ ਪੀਟੀਆਈ ਲਾਲੇਆਣਾ ਨੂੰ (ਮੁਖੀ ਰਿਕਾਰਡ ਕਮੇਟੀ), ਨਿਰਮਲ ਸਿੰਘ ਲੈਕਚਰਾਰ ਕਲਾਲਵਾਲਾ (ਟੈਕਨੀਕਲ ਕਮੇਟੀ), ਗੁਰਜੰਟ ਸਿੰਘ ਡੀ ਪੀ ਈ ਚੱਠੇਵਾਲਾ (ਸਟੇਜ ਸਕੱਤਰ ਤੇ ਟੈਕਨੀਕਲ ਕਮੇਟੀ), ਕੇਸਰ ਸਿੰਘ ਡੀ ਪੀ ਈ ਮਲਕਾਣਾ (ਕਨਵੀਨਰ ਜੰਮਪਸ ਅਤੇ ਟੈਕਨੀਕਲ ਕਮੇਟੀ), ਗੁਰਤੇਜ ਸਿੰਘ ਪੀ ਟੀ ਆਈ ਕੌਰੇਆਣਾ (ਕਨਵੀਨਰ ਥਰੋਅਜ), ਸੁਖਪ੍ਰੀਤ ਸਿੰਘ ਡੀ ਪੀ ਈ ਕੋਟਬਖਤੂ (ਟੈਕਨੀਕਲ ਕਮੇਟੀ), ਜਗਦੀਪ ਸਿੰਘ ਡੀ ਪੀ ਈ ਬਹਿਮਣ ਜੱਸਾ (ਕੋ ਕਨਵੀਨਰ ਜੰਮਸ), ਜਸਦੀਪ ਕੌਰ ਡੀ ਪੀ ਈ ਰਾਮਾ, ਗੁਰਮੇਲ ਸਿੰਘ ਡੀ ਪੀ ਈ   ਭਾਗੀਵਾਂਦਰ, ਕੁਲਵਿੰਦਰ ਸਿੰਘ ਗਿਆਨਾ ਅਤੇ ਸ਼ੁਸ਼ਮਾ ਰਾਣੀ ਮਾਤਾ ਸਹਿਬ ਕੌਰ ਗਰਲਜ਼ ਕਾਲਜ (ਇੰਚਾਰਜ ਖੇਡ ਸਮਾਨ) ਤੇਜਿੰਦਰ ਕੁਮਾਰ, ਅਮਨਦੀਪ ਸਿੰਘ ਪੀ ਟੀ ਆਈ ਸ਼ੇਖਪੁਰਾ, ਸੁਖਪਾਲ ਸਿੰਘ ਨਥੇਹਾ, ਗੁਰਪ੍ਰੀਤ ਸਿੰਘ (ਕੋ ਕਨਵੀਨਰ ਟਰੈਕ) ਡੀ ਪੀ ਈ ਗਿਆਨਾ, ਤਰਸੇਮ ਸਿੰਘ ਪੀ ਟੀ ਆਈ ਜਗਾ, ਜਗਤਾਰ ਸਿੰਘ ਪੀ ਟੀ ਆਈ ਤਿਉਣਾ, ਹਰਪਾਲ ਸਿੰਘ ਖਾਲਸਾ ਸਕੂਲ, ਮੋਨਿਕਾ ਤਰਖਾਣ ਵਾਲਾ, ਜਸਵੀਰ ਕੌਰ ਲੇਲੇਵਾਲਾ, ਅਮਰੀਕ ਰਾਣੀ ਜੀਵਨ ਸਿੰਘ ਵਾਲਾ, ਲੈਕ. ਸੁਖਦੇਵ ਸਿੰਘ (ਕਨਵੀਨਰ ਟਰੈਕ ਅਤੇ ਟੈਕਨੀਕਲ ਕਮੇਟੀ) ਜੀਵਨ ਸਿੰਘ ਵਾਲਾ, ਕਮਲਪ੍ਰੀਤ ਸਿੰਘ ਪੀ ਟੀ ਆਈ ਬੰਗੀ ਕਲਾਂ,ਰੇਸ਼ਮਜੀਤ ਸਿੰਘ ਨੰਗਲਾ, ਕਰਨੀ ਸਿੰਘ ਸੀਂਗੋ, ਚਰਨਜੀਤ ਸਿੰਘ ਮਿਰਜੇਆਣਾ, ਪੁਖਰਾਜ ਸਿੰਘ ਡੀ ਪੀ ਈ ਮਾਡਲ ਸਕੂਲ ਨਥੇਹਾ, ਸੁਖਵੀਰ ਸਿੰਘ,
ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ ਯੂਨੀਵਰਸਲ ਸਕੂਲ ਆਦਿ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਡਿਊਟੀਆਂ ਦੀ ਲਿਸਟ ਜਾਰੀ ਕਰਨ ਉਪਰੰਤ ਜੋਨਲ ਪ੍ਰਧਾਨ ਸ੍ਰ. ਅਮਨਪ੍ਰੀਤ ਸਿੰਘ ਜੀ ਨੇ ਟੂਰਨਾਮੈਂਟ ਦੀ ਸਫਲਤਾ ਲਈ ਸਮੂਹ ਅਧਿਆਪਕਾਂ ਨੂੰ ਹਰ ਟੂਰਨਾਮੈਂਟ ਦੀ ਤਰ੍ਹਾਂ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ।

ਭਾਕਿਯੂ ਉਗਰਾਹਾਂ ਵੱਲੋਂ 'ਪਿੰਡ ਜਗਾਓ ਪਿੰਡ ਹਿਲਾਓ' ਮੁਹਿੰਮ ਤਹਿਤ ਪ੍ਰੋ. ਬਲਜਿੰਦਰ ਕੌਰ ਘਰ ਮੂਹਰੇ ਧਰਨਾ ਅੱਜ

ਤਲਵੰਡੀ ਸਾਬੋ, 9 ਅਕਤੂਬਰ (ਗੁਰਜੰਟ ਸਿੰਘ ਨਥੇਹਾ)- 'ਪਿੰਡ ਜਗਾਓ ਪਿੰਡ ਹਿਲਾਓ 'ਮੁਹਿੰਮ ਤਹਿਤ 1 ਅਕਤੂਬਰ ਤੋਂ 6 ਅਕਤੂਬਰ ਤੱਕ ਬਲਾਕ ਤਲਵੰਡੀ ਸਾਬੋ ਦੇ ਸਾਰੇ ਪਿੰਡਾਂ ਵਿੱਚ ਰੈਲੀਆਂ ਕਰਕੇ ਨਸ਼ਿਆਂ ਦੇ ਦੋਸ਼ੀ ਕੌਣ ਅਤੇ ਨਸ਼ਿਆਂ ਦੇ ਪੀੜਤ ਕੌਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਵੱਡੇ ਵੱਡੇ ਨਸ਼ਿਆਂ ਦੇ ਤਸਕਰਾਂ ਦੇ ਚਿਹਰੇ ਤੋਂ ਨਕਾਬ ਉਤਾਰ ਕੇ ਲੋਕਾਂ ਦੇ ਸਾਹਮਣੇ ਬੇਨਕਾਬ ਕੀਤਾ ਜਾ ਸਕੇ। ਇਸ ਲਈ ਕਿਸਾਨ ਆਗੂ ਵੱਖ ਵੱਖ ਟੀਮਾਂ ਬਣਾਕੇ ਪ੍ਰਚਾਰ ਕਰ ਰਹੇ ਸਨ। ਇਸ ਮੁਹਿੰਮ ਤਹਿਤ 10 ਅਕਤੂਬਰ ਕੱਲ ਨੂੰ ਸਾਰੇ ਪੰਜਾਬ ਵਿੱਚ ਐਮ ਐਲ ਏ ਦੇ ਰਿਹਾਇਸ਼ਾਂ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧਰਨੇ ਲਗਾਏ ਜਾ ਰਹੇ ਹਨ, ਇਸੇ ਲੜ੍ਹੀ ਤਹਿਤ ਤਲਵੰਡੀ ਸਾਬੋ ਵਿਖੇ ਐਮ ਐਲ ਏ ਤਲਵੰਡੀ ਸਾਬੋ ਬਲਜਿੰਦਰ ਕੌਰ (ਕੈਬਨਿਟ ਵਿਪ) ਦੇ ਪਿੰਡ ਰਾਮ ਤੀਰਥ ਜਗਾ ਵਿਖੇ ਘਰ ਅੱਗੇ ਧਰਨਾ ਲਗਾਇਆ ਜਾ ਰਿਹਾ ਹੈ ਤੇ ਨਸ਼ਿਆਂ ਦੀ ਰੋਕਥਾਮ ਲਈ ਮੰਗ ਪੱਤਰ ਦਿੱਤਾ ਜਾਵੇਗਾ। ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਨੂੰ 11 ਵਜੇ ਲੱਗਣ ਵਾਲੇ ਧਰਨੇ ਸੰਬੰਧੀ ਪੂਰੀ ਤਿਆਰੀ ਕਰ ਲਈ ਹੈ। ਸਾਰੇ ਇੰਤਜ਼ਾਮ ਮੁਕੰਮਲ ਹੋ ਗਏ ਹਨ। ਇਸ ਸਮੇਂ ਜ਼ਿਲ੍ਹਾ ਬਠਿੰਡਾ ਦੇ ਆਗੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੱਲ੍ਹ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਧਰਨੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਜ਼ੋ ਸਰਕਾਰ ਤੇ ਵੱਡਾ ਦਬਾਅ ਬਣਾਇਆ ਜਾ ਸਕੇ ਤੇ ਨਸ਼ਿਆਂ ਦੇ ਵੱਡੇ ਸਮਗਲਰਾਂ ਨੂੰ ਜੇਲ੍ਹ ਭੇਜਿਆ ਜਾ ਸਕੇ।ਇਸ ਸਮੇਂ ਬਲਾਕ ਤਲਵੰਡੀ ਸਾਬੋ ਦੇ ਜਰਨਲ ਸਕੱਤਰ ਕਾਲਾ ਚੱਠੇਵਾਲਾ, ਰਣਜੋਧ ਸਿੰਘ ਮਾਹੀ ਨੰਗਲ, ਜਸਵੀਰ ਸਿੰਘ ਮੌੜ ਤੇ ਜਸਵੀਰ ਸਿੰਘ ਲੇਲੇਵਾਲਾ ਹਾਜ਼ਰ ਸਨ।

ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ

ਸਮਾਜ ਸੇਵੀਆਂ ਦੀ ਕਤਾਰ 'ਚ ਕੈਂਪ ਲਗਾਉਣ ਵਾਲਿਆਂ ਦਾ ਅਹਿਮ ਯੋਗਦਾਨ- ਰਵੀ ਸਿੱਧੂ

ਤਲਵੰਡੀ ਸਾਬੋ, 9 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਰਾਧੇ ਕ੍ਰਿਸ਼ਨਾ ਆਈ ਕੇਅਰ ਹਸਪਤਾਲ ਬਠਿੰਡਾ ਵੱਲੋਂ ਭਾਰਤੀ ਜਨਤਾ ਪਾਰਟੀ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਪ੍ਰਧਾਨ ਜ਼ਿਲ੍ਹਾ ਦਿਹਾਤੀ ਅਤੇ ਉਘੇ ਸਮਾਜ ਸੇਵੀ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਦੇ ਸਹਿਯੋਗ ਨਾਲ ਬਾਜ਼ੀਗਰ ਧਰਮਸ਼ਾਲਾ ਤਲਵੰਡੀ ਸਾਬੋ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਦਾ ਪ੍ਰਬੰਧ ਬਲਦੇਵ ਰਾਮ ਦੇਬੂ ਭਾਜਪਾ ਜ਼ਿਲ੍ਹਾ ਦਿਹਾਤੀ ਮੀਤ ਪ੍ਰਧਾਨ ਐਸ.ਸੀ ਮੋਰਚਾ ਵੱਲੋਂ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਰਵੀਪ੍ਰੀਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਕੈਂਪ ਵਿੱਚ ਮਰੀਜ਼ਾਂ ਨੇ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਕੈਂਪ ਦਾ ਲਾਭ ਉਠਾਇਆ। ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕ ਅੱਪ ਕਰਦਿਆਂ ਦਵਾਈਆਂ ਦਿੱਤੀਆਂ ਗਈਆਂ। ਟੀਮ ਵੱਲੋਂ ਦੱਸਿਆ ਗਿਆ ਕਿ ਕੈਂਪ ਦੌਰਾਨ ਉਨ੍ਹਾਂ ਵੱਲੋਂ ਮਰੀਜ਼ਾਂ ਦੇ ਮੁਫ਼ਤ ਚੈਕਅੱਪ ਦੇ ਨਾਲ ਨਾਲ ਮੁਫਤ ਦਵਾਈਆਂ ਅਤੇ ਚਿੱਟੇ ਮੋਤੀਏ ਦੇ ਮੁਫ਼ਤ ਆਪ੍ਰੇਸ਼ਨ ਵੀ ਕੀਤੇ ਜਾਂਦੇ ਹਨ। ਇਸ ਸਮੇਂ ਕੈਂਪ ਦੇ ਮੁੱਖ ਮਹਿਮਾਨ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਸਮਾਜ ਸੇਵੀਆਂ ਦੀ ਕਤਾਰ ਵਿੱਚ ਕੈਂਪ ਲਗਾਉਣ ਵਾਲਿਆਂ ਦਾ ਅਹਿਮ ਯੋਗਦਾਨ ਹੈ, ਕਿਉਂਕਿ ਇਹ ਕੈਂਪ ਲੋੜਬੰਦਾ ਲਈ ਵਧੇਰੇ ਸਹਾਈ ਹੁੰਦੇ ਹਨ। ਇਸ ਮੌਕੇ ਸਿੱਧੂ ਦੇ ਨਿੱਜੀ ਸਹਾਇਕ ਹਰਤਾਬਲ ਸਿੰਘ ਸੁੱਖੀ, ਜ਼ਿਲ੍ਹਾ ਸੈਕਟਰੀ ਬਲਵਾਨ ਵਰਮਾ, ਸਰਕਲ ਪ੍ਰਧਾਨ ਰਵੀ ਕੁਮਾਰ ਕੋਕੀ, ਜ਼ਿਲ੍ਹਾ ਪ੍ਰਧਾਨ ਐਸ.ਸੀ ਮੋਰਚਾ ਹਰਬੰਸ ਸਿੰਘ ਸੁਖਲੱਧੀ, ਬੂਟਾ ਸਿੰਘ ਸੀਂਗੋ ਸਰਕਲ ਪ੍ਰਧਾਨ, ਜ਼ਿਲ੍ਹਾ ਦਿਹਾਤੀ ਕਿਸਾਨ ਵਿੰਗ ਪ੍ਰਧਾਨ ਅਵਤਾਰ ਸਿੰਘ, ਜ਼ਿਲ੍ਹਾ ਮਹਿਲਾ ਆਗੂ ਰਜਨੀ ਕੌਰ ਜੱਸਲ, ਕੁਲਵਿੰਦਰ ਕੌਰ ਸੀਂਗੋ, ਮਨਜੀਤ ਸਿੰਘ ਭਾਗੀਵਾਂਦਰ, ਗੁਰਸੇਵਕ ਸਿੰਘ ਗਹਿਲੇਵਾਲਾ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।

ਅੱਜ ਪਿੰਡ ਰਾਮੂਵਾਲਾ ਤੋਂ ਸਰਪੰਚ ਗੁਰਜਿੰਦਰ ਸਿੰਘ ਢਿੱਲੋਂ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ

ਫ਼ਤਹਿਗੜ੍ਹ ਪੰਜਤੂਰ, 09 ਅਕਤੂਬਰ (ਉਂਕਾਰ ਸਿੰਘ, ਗੁਰਮੀਤ ਸਿੰਘ) ਅੱਜ ਪਿੰਡ ਰਾਮੂਵਾਲਾ ਤੋਂ ਸਰਪੰਚ ਗੁਰਜਿੰਦਰ ਸਿੰਘ ਢਿੱਲੋਂ ਕਈ ਸਾਥੀਆਂ ਸਮੇਤ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਪਾਰਟੀ ਵਿੱਚ ਇਹਨਾਂ ਸਤਿਕਾਰਤ ਸ਼ਖ਼ਸੀਅਤਾਂ ਦਾ ਬਹੁਤ ਬਹੁਤ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਅਸੀਂ ਧੰਨਵਾਦ ਕਰਦੇ ਹਾਂ, ਸਾਰੇ ਸਾਥੀਆਂ ਦਾ ਅਤੇ ਕਿਹਾ ਹੈ ਕਿ, ਅਸੀਂ ਇਹਨਾਂ ਸਤਿਕਾਰਤ ਸ਼ਖ਼ਸੀਅਤਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ। ਜਿਨ੍ਹਾਂ ਨੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਹਿੱਸਾ ਲਿਆ ਹੈ। MLA  ਮਨਜੀਤ ਸਿੰਘ ਬਿਲਾਸਪੁਰ ਹਲਕਾ ਨਿਹਾਲ ਸਿੰਘ ਵਾਲਾ। MLA ਪੰਜਾਬ ਯੂਥ ਪ੍ਰਧਾਨ ਦਵਿੰਦਰਜੀਤ ਸਿੰਘ ਲਾਡੀ ਢੋਸ ਹਲਕਾ ਧਰਮਕੋਟ। ਜ਼ਿਲ੍ਹਾ ਮੋਗਾ ਪ੍ਰਧਾਨ / ਚੇਅਰਮੈਨ ਯੋਜਨਾ ਬੋਰਡ ਹਰਮਨਜੀਤ ਸਿੰਘ ਬਰਾੜ ਦਾ ਜੀ ਦਾ ਜਿਨ੍ਹਾਂ ਨੇ ਸਾਡੇ ਵੀਰ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ ਦਵਾਉਣੇ ਹਾਂ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ।

ਜਵੱਦੀ ਟਕਸਾਲ’ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਹੋਏ, ਸੰਗਤਾਂ ਨੂੰ ਅਗੰਮੀ ਢਾਹਸ ਪ੍ਰਾਪਤ ਹੋਈ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ‘ਵਾਹਿਗੁਰੂ ਜੀ ਦਾ ਸ਼ੁਧ ਗਿਆਨ ਹਨ- ਸੰਤ ਅਮੀਰ ਸਿੰਘ
ਲੁਧਿਆਣਾ 8 ਅਕਤੂਬਰ (     ਕਰਨੈਲ ਸਿੰਘ ਐੱਮ ਏ     )-
ਕੌਮ ਸਨਮੁੱਖ ਭਵਿੱਖ ਦੀਆਂ ਚਣੌਤੀਆਂ ਤੋਂ ਜਾਗਰੂਕ ਅਤੇ ਕੌਮੀ ਕਾਰਜ਼ਾਂ ਲਈ ਜੀਵਨ ਦਾ ਅਨਮੋਲ ਪਲ-ਪਲ ਲਗਾਉਣ ਵਾਲੀ ਅਜ਼ੀਮ ਸਿੱਖ ਸ਼ਖਸ਼ੀਅਤ ਸੰਤ ਬਾਬਾ ਸੁਚਾ ਸਿੰਘ ਜੀ ਦੇ ਜਾਨਸ਼ੀਨ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੱਲੋਂ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਵਿਖੇ ਮਹਾਂਪੁਰਸ਼ਾਂ ਦੇ ਦਰਸਾਏ ਆਦੇਸ਼ਾਂ ਅਨੁਸਾਰ ਹਫਤਾਵਾਰੀ ਨਾਮ ਅਭਿਅਸ ਸਮਾਗਮਾਂ ਦੀ ਲੜੀ ਤਹਿਤ ਸਜੇ ਦੀਵਾਨ ‘ਚ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਬਾਣੀ “ਨਾਮ” ਦੇ ਵਹਿੰਦੇ ਦਰਿਆ ‘ਚ ਬੇਨਤੀ, ਬਿਰਹੋ, ਨਿਰਮਲ ਭਾਉ, ਗਿਆਨ, ਸੇਵਾ, ਸਿਮਰਨ, ਸ਼ਰਧਾ, ਪਿਆਰ, ਪ੍ਰੇਮਾ ਭਗਤੀ ਆਦਿ ਪੱਖਾਂ ਦੇ ਹਵਾਲੇ ਨਾਲ ਸਮਝਾਇਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਧ ਗਿਆਨ ਹਨ। ਗੁਰਬਾਣੀ ਸ਼ਬਦਾਂ ਦੀ ਇਕ ਚਾਲ, ਇਕੋ ਰੂਪ ਅਤੇ ਇਕੋ ਧੁਮੀ ਸੁਣਦੀ ਮਹਿਸੂਸ ਹੋਵੇਗੀ, ਕਿਧਰੋ ਵੀ ਚਖੋ, ਮਿੱਠਾ ਮਿੱਠਾ ਰਸ ਹੀ ਆਵੇਗਾ।ਮਹਾਪੁਰਸ਼ਾਂ ਨੇ ਸਮਝਾਇਆ ਕਿ ਗੁਰਬਾਣੀ ਵਿਚੋਂ ਸਾਰੇ ਸਵਾਦ-ਆਤਮਿਕ, ਸਾਹਿਤਕ, ਸੁਹਜ-ਆਤਮਿਕ ਅਤੇ ਧਾਰਮਿਕ ਪੱਖ ਮਾਣੇ ਜਾ ਸਕਦੇ ਹਨ। ਇਹ ਇਕ ਅਜਿਹਾ ਵਹਾਅ ਜੋ ਸੋਮਾ ਤੋਂ ਸਾਗਰ ਤੱਕ ਇਕੋ ਜਿਹਾ ਸਵੱਛ, ਸੀਤਲ ਅਤੇ ਨਿਰਮਲ ਹੈ। ਉਨ੍ਹਾਂ ਗੁਰਬਾਣੀ, ਗੁਰਇਤਿਹਾਸ, ਭਾਈ ਗੁਰਦਾਸ ਜੀ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦੇ ਹਵਾਲਿਆਂ ਨਾਲ ਅੱਜ ਦੇ ਦਿਹਾੜੇ ਦੇ ਮਹੱਤਵ ਸਬੰਧੀ ਸਮਝਾਉਦਿਆਂ ਫੁਰਮਾਇਆ ਕਿ ਭਗਤੀ ਸੰਗੀਤ ਜਿਸ ਵੇਲੇ ਅੰਤਿਮ ਸਵਾਸਾਂ ‘ਤੇ ਸੀ, ਉਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਾ ਕੇਵਲ ਜੀਅ-ਦਾਨ ਹੀ ਦਿੱਤਾ ਸਗੋਂ ਧਾਰਮਿਕ ਪਦਵੀ ਦੇ ਕੇ ਉਸ ਦੀ ਧੁਨ ਵੀ ਘਰ-ਘਰ ਪਹੁੰਚਾਈ।ਜਿਥੇ ਕੀਰਤਨ ਦੀਆਂ ਮਧੁਰ ਸੁਰਾਂ ਦੀ ਝਨਕਾਰ ਛਿੜੀ, ਉਥੇ ਘਰ-ਘਰ ਧਰਮਸ਼ਾਲ ਬਣੀ।ਗੁਰੂ ਸਾਹਿਬ ਜੀ ਦੇ ਮਿੱਠੜੇ ਬੋਲਾਂ ਨਾਲ ਜਦੋਂ ਭਾਈ ਮਰਦਾਨਾ ਦੀ ਰਬਾਬ ਗੂੰਜੀ ਤਾਂ ਲੋਕਾਈ ਨੂੰ ਆਤਮਕ ਸ਼ਾਂਤੀ ਅਤੇ ਅਗੰਮੀ ਢਾਰਸ ਪ੍ਰਾਪਤ ਹੋਈ। ਸਮਾਗਮ ਉਪ੍ਰੰਤ ਗੁਰੂ ਕਾ ਲੰਗਰ ਅਟੁੱਟ ਵਰਤਿਆ।

ਰਾਮ ਵਿਲਾਸ ਪਾਸਵਾਨ ਦਾ ਬਰਸੀ ਸਮਾਗਮ ਮੌਕੇ ਲੋੜਵੰਦਾਂ ਨੂੰ ਵੰਡੀ ਗਈ ਰਾਸ਼ਨ ਸਮੱਗਰੀ

ਜੋਧਾਂ / ਸਰਾਭਾ 8 ਅਕਤੂਬਰ (ਦਲਜੀਤ ਸਿੰਘ ਰੰਧਾਵਾ ) - ਨਿੱਧੜਕ ਨੇਤਾ, ਸਾਬਕਾ ਕੇਂਦਰੀ ਮੰਤਰੀ, ਦਲਿਤ ਸਮਾਜ ਦੀ ਹਮੇਸ਼ਾ ਆਵਾਜ਼ ਬੁਲੰਦ ਕਰਨ ਵਾਲੇ ਸਵਰਗਵਾਸੀ ਸ੍ਰੀ ਰਾਮ ਵਿਲਾਸ ਪਾਸਵਾਨ ਦਾ ਸਲਾਨਾ ਬਰਸੀ ਸਮਾਗਮ ਲੁਧਿਆਣਾ ਵਿਖੇ ਰਾਸ਼ਟਰੀ ਲੋਕ ਜਨ ਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਿੰਦਰ ਸਿੰਘ ਸਿੰਘਪੁਰਾ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਵੰਡੀ ਗਈ। ਇਸ ਮੌਕੇ ਰਾਸ਼ਟਰੀ ਲੋਕ ਜਨ ਸ਼ਕਤੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਈਸ਼ਰ ਸਿੰਘ ਟਿੱਬਾ ਪ੍ਰਧਾਨ ਰਜਿੰਦਰ ਸਿੰਘ ਸਿੰਘਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਮ ਵਿਲਾਸ ਪਾਸਵਾਨ ਨੇ ਸਖ਼ਤ ਮਿਹਨਤ ਅਤੇ ਮਜ਼ਬੂਤ ਇਰਾਦੇ ਨਾਲ ਸਿਆਸਤ 'ਚ ਕਦਮ ਰੱਖਿਆ, ਇੱਕ ਨੌਜਵਾਨ ਆਗੂ ਦੇ ਤੌਰ ਤੇ ਉਹਨਾਂ ਨੇ ਐਮਰਜੈਂਸੀ ਦੌਰਾਨ ਅੱਤਿਆਚਾਰ ਅਤੇ ਲੋਕਤੰਤਰ 'ਤੇ ਹਮਲੇ ਦਾ ਵਿਰੋਧ ਕੀਤਾ। ਉਹ ਬੇਮਿਸਾਲ ਸਾਂਸਦ ਅਤੇ ਮੰਤਰੀ ਸਨ ਜਿਨਾਂ ਨੇ ਕਈ ਨੀਤੀਗਤ ਖੇਤਰਾਂ 'ਚ ਸਥਾਈ ਯੋਗਦਾਨ ਦਿੱਤਾ। ਉਹਨਾਂ ਕਿਹਾ ਕਿ ਸ੍ਰੀ ਪਾਸਵਾਨ ਬਿਹਾਰ ਤੋਂ ਲੋਕ ਸਭਾ ਲਈ ਨੌ ਵਾਰ ਸੰਸਦ ਚੁਣੇ ਗਏ ਅਤੇ ਉਹਨਾਂ ਨੇ ਛੇ ਪ੍ਰਧਾਨ ਮੰਤਰੀਆਂ ਨਾਲ ਕੰਮ ਕਰਕੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ। ਅੱਜ ਸਾਰਾ ਦੇਸ਼ ਉਸ ਮਰਹੂਮ ਨੇਤਾ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ ਨਾਇਬ ਸਿੰਘ, ਕੁਲਦੀਪ ਸਿੰਘ, ਰੁਪਿੰਦਰ ਸਿੰਘ, ਦਲਜੀਤ ਸਿੰਘ, ਇਕਬਾਲ ਸਿੰਘ, ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।

ਅੱਜ ਪਿੰਡ ਕੇਸ਼ੋਪੁਰ ਛੰਭ ਕਮਿਊਨਿਟੀ ਵਿਖੇ ਰਿਜਰਵ ਜੰਗਲੀ ਜੀਵ ਸਪਤਾਹ ਮਨਾਇਆ ਗਿਆ          

ਗੁਰਦਾਸਪੁਰ(ਹਰਪਾਲ ਸਿੰਘ,ਪ੍ਰਭਜੋਤ ਕੌਰ) ਅੱਜ ਜ਼ਿਲਾ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਸਥਿਤ ਪਿੰਡ ਕੇਸ਼ੋਪੁਰ ਛੰਭ ਦੇ ਨੇੜੇ ਜੰਗਲੀ ਜੀਵ ਮੰਡਲ ਅਫਸਰਾਂ ਅਤੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਣ ਮੰਡਲ ਅਫਸਰ ਜੰਗਲੀ ਜੀਵ ਮੰਡਲ ਪਠਾਨਕੋਟ  ਸ਼੍ਰੀ ਪਰਮਜੀਤ ਸਿੰਘ  ਜੀ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਣ ਰੇਂਜ ਅਫਸਰ ਜੰਗਲੀ ਜੀਵ ਗੁਰਦਾਸਪੁਰ ਸ੍ਰੀ ਦੀਪਕ ਕਪੂਰ ਜੀ ਦੀ ਯੋਗ ਅਗਵਾਈ ਹੇਠ ਉਹ ਕੇਸ਼ੋਪੁਰ ਛੰਭ ਕਮਿਊਨਿਟੀ ਰਿਜਰਵ ਵਿਖੇ ਜੰਗਲੀ ਜੀਵ ਸਪਤਾਹ ਮਨਾਇਆ ਗਿਆ ।ਇਸ ਮੌਕੇ ਇੰਚਾਰਜ ਸ਼੍ਰੀ ਸਚਿਨ ਦੀਪ  ਵੱਲੋਂ ਲੋਕਾਂ ਅਤੇ ਸਕੂਲੀ ਬੱਚਿਆਂ ਨੂੰ  ਵੈਟਲੈਂਡ ਜੰਗਲੀ ਜੀਵਾਂ ਅਤੇ ਪਰਵਾਸੀ ਪੰਛੀਆਂ ਕੇਸ਼ੋਪੁਰ ਛੰਭ  (ਰਾਮਸਰ ਸਾਈਟ) ਬਾਰੇ ਜਾਣਕਾਰੀ ਦਿੱਤੀ ਗਈ ਅਤੇ ਓਹਨਾ ਕਿਹਾ ਅੱਜ ਸਾਰਿਆ ਨੂੰ ਮਿਲ ਕੇ ਜੰਗਲੀ ਜੀਵਾ ਦੀ ਰੱਖਿਆ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਇਸ ਸਮੇਂ ਸੰਦੀਪ ਕੁਮਾਰ, ਅਮਿਤਲੀਨ ਕੌਰ, ਨਵਜੋਤ ਕੌਰ , ਰਮਨਦੀਪ ਕੌਰ  , ਮਨਵੀਰ ਸਿੰਘ, ਧੀਰ ਸਿੰਘ , ਸਕੂਲੀ ਬੱਚੇ  ਅਤੇ ਵੈਟਲੈਂਡ ਮਿੱਤਰ ਹਾਜ਼ਰ ਸਨ ।

ਉਪ ਮੰਡਲ ਇੰਜੀਨੀਅਰ ਸੰਧੂ ਦਾ ਸੇਵਾ ਮੁਕਤੀ ਉਪਰੰਤ ਜੱਥੇਬੰਦੀ ਵੱਲੋਂ ਵਿਸ਼ੇਸ਼ ਸਨਮਾਨ

ਲੁਧਿਆਣਾ, 8 ਅਕਤੂਬਰ (ਟੀ. ਕੇ. ) ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਪੰਜਾਬ ਵਿੱਚ ਕੰਮ ਕਰ ਰਹੇ ਜੂਨੀਅਰ ਇੰਜੀਨੀਅਰ,ਸਹਾਇਕ ਇੰਜੀਨੀਅਰ, ਉਪ ਮੰਡਲ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ (ਜੇ: ਈ: ਕਾਡਰ ਤੋਂ ਪਦ ਉੱਨਤ) ਦੀ ਨੁਮਾਇੰਦਾ ਜੱਥੇਬੰਦੀ ਡਿਪਲੋਮਾ ਇੰਜੀਨੀਅਰਜ਼ ਐਸ਼ੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਪੰਜਾਬ ਅਤੇ ਸਮੂਹ ਦਫਤਰੀ ਸਟਾਫ ਵੱਲੋਂ ਸਾਂਝੇ ਤੌਰ ਤੇ ਉਪ ਮੰਡਲ ਇੰਜੀਨੀਅਰ ਲਖਵਿੰਦਰ ਸਿੰਘ ਸੰਧੂ ਦੀ ਸੇਵਾ ਮੁਕਤੀ ਉਪਰੰਤ ਸ਼ਾਨਦਾਰ ਵਿਦਾਇਗੀ ਪਾਰਟੀ ਦੇ ਕੇ ਵਿਸ਼ੇਸ ਸਨਮਾਨ ਕੀਤਾ ਗਿਆ। ਇੰਜ: ਦਿਲਪ੍ਰੀਤ ਸਿੰਘ ਲੋਹਟ ਸੂਬਾ ਪ੍ਰਧਾਨ ਅਤੇ ਇੰਜ: ਰਾਜਿੰਦਰ ਕੁਮਾਰ ਗੌੜ ਮੁੱਖ ਸਰਪ੍ਰਸਤ ਕੌਸਲ ਵੱਲੋਂ ਇੰਜ: ਸੰਧੂ ਵੱਲੋਂ ਨਿਭਾਈਆਂ ਗਈਆਂ ਜੱਥੇਬੰਦਕ ਅਤੇ ਵਿਭਾਗੀ  ਸੇਵਾਵਾਂ ਦਾ ਵਿਸੇਸ਼ ਤੌਰ ਤੇ ਜ਼ਿਕਰ ਕਰਦੇ ਹੋਏ ਪ੍ਰਸੰਸਾ ਕੀਤੀ ਗਈ। ਇਸ ਸਨਮਾਨ ਸਮਾਗਮ ਵਿੱਚ ਇੰਜ: ਸ਼ਿਵਪ੍ਰੀਤ ਸਿੰਘ, ਇੰਜ: ਸੁਗੰਧ ਸਿੰਘ ਭੁੱਲਰ (ਦੋਵੇਂ ਕਾਰਜਕਾਰੀ ਇੰਜੀਨੀਅਰ) ਇੰਜ: ਨਰੇਸ਼ਇੰਦਰ ਸਿੰਘ ਵਾਲੀਆਂ,ਇੰਜ: ਜਸਵੀਰ ਸਿੰਘ ਜੱਸੀ (ਦੋਵੇਂ ਕਾਰਜਕਾਰੀ ਇੰਜੀਨੀਅਰ -ਸੇਵਾ ਮੁਕਤ) ਇਂਜ: ਹਰਪਾਲ ਸਿੰਘ ਬੈਂਸ, ਇੰਜ: ਕੁਲਵੰਤ ਸਿੰਘ ਸੰਧੂ, ਇੰਜ: ਕਰਨੈਲ ਸਿੰਘ ਸੈਣੀ, ਇੰਜ: ਗਜਿੰਦਰ ਸਿੰਘ ਚਾਹਲ, ਇੰਜ: ਸ਼ਰਨਜੀਤ ਸਿੰਘ ਮਾਵੀ (ਸਾਰੇ ਉਪ ਮੰਡਲ ਇੰਜੀਨੀਅਰ -ਸੇਵਾ ਮੁਕਤ) ਇੰਜ:ਮੁਨੀਸ਼ ਬਾਂਸਲ ਸਰਕਲ ਪ੍ਰਧਾਨ, ਇੰਜ: ਸੁਖਬੀਰ ਸਿੰਘ ਸਰਕਲ ਜਨਰਲ ਸਕੱਤਰ, ਇੰਜ: ਸੰਜੀਵ ਕੁਮਾਰ ਸ਼ਰਮਾ ਕਨਵੀਨਰ ਕੌਂਸਲ ਰੂਪਨਗਰ, ਇੰਜ: ਓਮ ਪ੍ਰਕਾਸ਼,ਇੰਜ: ਰਾਜ ਕੁਮਾਰ ਗਰਗ, ਇੰਜ: ਰਾਜੀਵ ਕੁਮਾਰ, ਇੰਜ: ਕਮਲਪ੍ਰੀਤ ਸਿੰਘ (ਸਾਰੇ ਜੂਨੀਅਰ/ਸਹਾਇਕ ਇੰਜੀਨੀਅਰ) ਸ੍ਰੀ ਕੁਸ਼ ਭੱਲਾ,ਸੀਨੀਅਰ ਸਹਾਇਕ, ਇੰਜ: ਮਹਿੰਦਰ ਸਿੰਘ ਮਲੋਆ ਪ੍ਰਧਾਨ ਮੁਲਾਜ਼ਮ ਤਾਲਮੇਲ ਸਾਂਝੀ ਕਮੇਟੀ ਗਮਾਡਾ, ਇੰਜ: ਰੇਸ਼ਮ ਸਿੰਘ ਗਮਾਡਾ, ਇੰਜ: ਹਰਮਨਜੀਤ ਸਿੰਘ ਧਾਲੀਵਾਲ ਵਾਈਸ ਚੇਅਰਮੈਨ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ (ਪੰਜ ਰਾਜ) ਇੰਜ: ਕੁਲਬੀਰ ਸਿੰਘ ਬੈਨੀਪਾਲ ਜੀ ਸੂਬਾ ਪ੍ਰੈਸ ਸਕੱਤਰ ਡੀ: ਈ: ਏ: ਲੋ: ਨਿ: ਵਿ:( ਭ ਤੇ ਮ ਸ਼ਾਖਾ) ਪੰਜਾਬ, ਇ‌ੰਜ਼: ਮੋਹਨ ਸਿੰਘ ਸਹੋਤਾ ਸੂਬਾ ਸੀਨੀਅਰ ਮੀਤ ਪ੍ਰਧਾਨ,ਇੰਜ: ਰਾਜੀਵ ਅਰੋੜਾ,  ਇੰਜ: ਮਨਜੀਤ ਸਿੰਘ ਗੋਲਡੀ( ਦੋਵੇਂ ਉਪ ਮੰਡਲ ਇੰਜੀਨੀਅਰ) ਇੰਜ: ਹਰਿੰਦਰ ਸਿੰਘ ਗਿੱਲ ਸੂਬਾ ਪ੍ਰਧਾਨ ਜੇ ਈ/ਏ ਈ, ਉਪ ਮੰਡਲ ਅਫਸਰ ( ਪਦ ਉੱਨਤ) ਐਸ਼ੋਸੀਏਸ਼ਨ ਪੰਚਾਇਤੀ ਰਾਜ ਪੰਜਾਬ ਆਦਿ ਸਮੇਤ, ਸਮੂਹ ਦਫਤਰੀ ਸਟਾਫ ਇੰਜ: ਲਖਵਿੰਦਰ ਸਿੰਘ ਸੰਧੂ ਦੀ ਧਰਮਪਤਨੀ, ਬੇਟਾ, ਪਿਤਾ, ਭਰਾ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ/ਮਿੱਤਰ ਸ਼ਾਮਲ ਹੋਏ। ਇਸ ਸਨਮਾਨ ਸਮਾਰੋਹ ਦੇ ਅਖੀਰ ਵਿੱਚ ਇੰਜ: ਐਲ. ਐਸ. ਸੰਧੂ ਤੇ ਉਨ੍ਹਾਂ ਦੀ ਧਰਮਪਤਨੀ ਦਾ ਸਥਾਨਕ ਸਰਕਲ ਦੀ ਜੱਥੇਬੰਦੀ ਤੇ ਸਮੂਹ ਦਫਤਰੀ ਸਟਾਫ, ਠੇਕੇਦਾਰਾਂ ਵੱਲੋਂ ਸਾਂਝੇ ਤੌਰ ਤੇ ਸ਼ਾਲ, ਮੋਮੰਟੋ ਅਤੇ ਹੋਰ ਤੋਹਫੇ ਆਦਿ ਦੇ ਕੇ ਸਨਮਾਨ ਕੀਤਾ ਗਿਆ।

'ਮੇਰੀ ਮਾਟੀ - ਮੇਰਾ ਦੇਸ਼' ਮਾਂਗਟ 3 ਬਲਾਕ  ਪੱਧਰੀ ਮੁਕਾਬਲੇ ਧਨਾਨਸੂ ਸਕੂਲ ਵਿਚ ਕਰਵਾਏ 

ਲੁਧਿਆਣਾ, 8 ਅਕਤੂਬਰ (ਟੀ. ਕੇ.) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਲੁਧਿਆਣਾ ਸ੍ਰੀਮਤੀ ਡਿੰਪਲ ਮਦਾਨ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੇਰੀ ਮਾਟੀ ਮੇਰਾ ਦੇਸ਼ ਦੇ ਬਲਾਕ ਮਾਂਗਟ 3 ਦੇ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਧਨਾਨਸੂ ਵਿੱਚ  ਪ੍ਰਿੰਸੀਪਲ ਸ੍ਰੀਮਤੀ ਬਿੰਦੂ ਸੂਦ ਬਲਾਕ ਨੋਡਲ ਅਫ਼ਸਰ ਦੀ ਅਗਵਾਈ ਹੇਠ ਵੱਖ ਵੱਖ ਵੰਨਗੀਆਂ ਅਧੀਨ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵਿਸ਼ੇਸ਼ ਤੌਰ 'ਤੇ  ਜਵਾਹਰ ਨਵੋਦਿਆ ਵਿਦਿਆਲਿਆ ਧਨਾਨਸੂ ਦੇ ਪ੍ਰਿੰਸੀਪਲ ਸ਼੍ਰੀਮਤੀ ਨਿਸ਼ੀ ਗੋਇਲ   ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਮਰਦੀਪ ਸਿੰਘ ਗਿੱਲ ਪ੍ਰਾਇਮਰੀ ਸਕੂਲ ਧਨਾਨਸੂ ਦੇ ਚੇਅਰਮੈਨ ਗੁਰਇਕਬਾਲ ਸਿੰਘ ਗ੍ਰਾਮ ਪੰਚਾਇਤ ਧਨਾਨਸੂ ਤੋਂ ਸੰਦੀਪ ਸਿੰਘ ,ਸਾਬਕਾ ਚੇਅਰਮੈਨ ਤਰਲੋਚਨ ਸਿੰਘ ਵਿਸ਼ੇਸ ਤੌਰ ਤੇ ਹਾਜ਼ਿਰ ਹੋਏ । ਇਸ ਮੌਕੇ ਆਏ ਹੋਏ ਮਹਿਮਾਨਾਂ ਅਤੇ ਵੱਖ ਸਕੂਲਾਂ ਤੋਂ ਆਏ  ਅਧਿਆਪਕਾਂ  ਅਤੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਆਏ ਹੋਏ ਵਿਦਿਆਰਥੀਆਂ ਦਾ   ਪ੍ਰਿੰਸੀਪਲ ਸ਼੍ਰੀਮਤੀ ਬਿੰਦੂ ਸੂਦ ਵੱਲੋਂ ਸਵਾਗਤ ਕਰਦਿਆਂ ਕਿਹਾ ਕਿ  ਵਿਭਾਗ ਵੱਲੋਂ ਕਰਵਾਏ ਜਾਂਦੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਸਕੂਲ ਚੇਅਰਮੈਨ ਅਮਰਦੀਪ ਸਿੰਘ ਗਿੱਲ ਅਤੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਗਿੱਲ ਨੇ ਵੀ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ  ਗ੍ਰਾਮ ਪੰਚਾਇਤ ਧਨਾਨਸੂ ਵੱਲੋ ਸਕੂਲ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਇਸ ਮੌਕੇ  ਬੀ.  ਐਮ. ਸੀਮਾ ਰਾਣੀ ਅਤੇ ਸ਼੍ਰੀਮਤੀ ਗੁਰਿੰਦਰ ਕੌਰ  ਵੱਲੋਂ ਵੱਖ ਵੱਖ ਮੁਕਾਬਲਿਆਂ ਦੇ ਜੱਜ  ਦੀ ਡਿਊਟੀ ਲਗਾਉਣ ਉਪਰੰਤ ਮੁਕਾਬਲੇ ਸ਼ੁਰੂ ਕਰਵਾਏ ਗਏ   ਇਹਨਾਂ ਮੁਕਾਬਲਿਆ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਵਿਚ  ਪਹਿਲੇ ਸਥਾਨ 'ਤੇ ਧਨਾਨਸੂ ਸਕੂਲ  ਦੂਸਰੇ ਸਥਾਨ ' ਤੇ ਭਾਗਪੁਰ  ਸਕੂਲ ਤੀਸਰੇ ਸਥਾਨ 'ਤੇ ਭਾਮੀਆਂ ਅਤੇ ਧਨਾਨਸੂ ਸਕੂਲ ਦੇ ਵਿਦਿਆਰਥੀ ਆਏ, ਰਚਨਾਤਮਿਕ ਮੁਕਾਬਲਿਆ ਵਿੱਚ ਪਹਿਲੇ ਸਥਾਨ' ਤੇ ਧਨਾਨਸੂ ਸਕੂਲ ਦੂਸਰੇ 'ਤੇ ਭਾਗਪੁਰ  ਸਕੂਲ ਜਦਕਿ ਤੀਸਰੇ ਸਥਾਨ' 'ਤੇ ਰਾਮਗੜ ਸਕੂਲ ਦੇ ਵਿਦਿਆਰਥੀ ਆਏ ।ਰੋਲ ਪਲੇਅ ਮੁਕਾਬਲਿਆ ਵਿੱਚ ਪਹਿਲੇ ਸਥਾਨ' ਤੇ ਮੰਗਲੀ ਨੀਚੀ ਸਕੂਲ ਦੂਸਰੇ ਸਥਾਨ 'ਤੇ ਕੂੰਮ ਕਲਾਂ  ਸਕੂਲ ਜਦਕਿ ਤੀਸਰੇ ਸਥਾਨ 'ਤੇ ਧਨਾਨਸੂ ਸਕੂਲ ਦੇ ਵਿਦਿਆਰਥੀ ਆਏ। ਲੋਕ ਨਾਚ ਮੁਕਾਬਲਿਆ ਵਿੱਚ  ਪਹਿਲੇ ਸਥਾਨ 'ਤੇ ਲੱਖੋ-ਗੱਦੋਵਾਲ  ਸਕੂਲ, ਦੂਸਰੇ ਸਥਾਨ 'ਤੇ ਜੀਵਨਪੁਰ   ਸਕੂਲ ਜਦਕਿ ਤੀਸਰੇ  ਸਥਾਨ 'ਤੇ ਭਾਮੀਆਂ ਕਲਾਂ ਸਕੂਲ ਦੀ ਵਿਦਿਆਰਥੀ ਜੇਤੂ ਰਹੇ। ਇਸ ਮੌਕੇ ਵਿਦਿਆਰਥੀਆਂ ਵਲੋਂ ਕੋਰੀਉਗਰਾਫੀ ਅਤੇ ਦੇਸ਼ ਭਗਤੀ ਦੇ ਗੀਤ ਗਾਏ  ਜਿਸ ਦੀ ਸਾਰਿਆਂ ਵੱਲੋ ਭਰਪੂਰ ਸ਼ਲਾਘਾ ਕੀਤੀ ਗਈ ।ਇਸ ਮੌਕੇ  ਸਕੂਲਾਂ ਦੇ ਅਧਿਆਪਕਾਂ  ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜੇਤੂ ਟੀਮਾਂ ਨੂੰ ਵਿਸ਼ੇਸ ਸਨਮਾਨ ਅਤੇ ਸਰਟੀਫਿਕੇਟ ਦਿੱਤੇ ਗਏ। ਧਨਾਨਸੂ ਸਕੂਲ ਵਲੋਂ ਲਖਵੀਰ ਸਿੰਘ ਗੁਰਿੰਦਰ ਕੌਰ  ਜਸਵੀਰ ਕੌਰ  ਅਤੇ  ਬੀ ਐਮ ਸ੍ਰੀਮਤੀ ਸੀਮਾ ਰਾਣੀ ਦਾ ਸਕੂਲ ਪ੍ਰਿੰਸੀਪਲ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸ਼੍ਰੀਮਤੀ ਸੰਤੋਸ਼ ਕੁਮਾਰੀ, ਸ਼੍ਰੀਮਤੀ ਬਦਨਦੀਪ ਕੌਰ ਸ੍ਰੀਮਤੀ ਦੀਕਸ਼ਾ ਸ਼੍ਰੀਮਤੀ ਗੁਰਪ੍ਰੀਤ ਕੌਰ ਸ਼੍ਰੀਮਤੀ ਮਨਜੀਤ ਨਾਹਰ ਸ੍ਰੀਮਤੀ ਸਰੂਚੀ ਜੁਨੇਜਾ ਅਤੇ  ਮਿਹਜੀਤ ਸਿੰਘ ਗਿੱਲ ਨੇ ਵਿਸ਼ੇਸ਼ ਤੌਰ  'ਤੇ ਯੋਗਦਾਨ ਪਾਇਆ । ਇਸ ਮੌਕੇ  ਧਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਹਨਾਂ ਮੁਕਾਬਲਿਆ ਵਿੱਚ 18 ਸਕੂਲਾਂ ਦੇ 80 ਵਿਦਿਆਰਥੀਆ ਨੇ ਹਿੱਸਾ ਲਿਆ। ਪਹਿਲੇ  ਸਥਾਨ ' ਤੇ ਆਉਣ ਵਾਲੀਆਂ ਟੀਮਾਂ /ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਸਕੂਲ ਵਲੋਂ ਆਏ ਬਾਹਰੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸਰਾਈਲ ਅਤੇ ਫਲਸਤੀਨ ਵਿਚਕਾਰ ਹਿੰਸਾ ਦਾ ਵਾਧਾ ਵਿਨਾਸ਼ਕਾਰੀ ਹੋਵੇਗਾ-ਡਾਕਟਰ-ਜਥੇਬੰਦੀ 

ਲੁਧਿਆਣਾ, 8 ਅਕਤੂਬਰ (ਟੀ. ਕੇ. )ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਹਿੰਸਾ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ, ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ (ਆਈ. ਡੀ. ਪੀ. ਡੀ. ) ਦੇ ਪ੍ਰਧਾਨ ਡਾ ਅਰੁਣ ਮਿੱਤਰਾ ਅਤੇ ਜਨਰਲ ਸਕੱਤਰ ਸ਼ਕੀਲ ਉਰ ਰਹਿਮਾਨ ਨੇ ਹਿੰਸਾ ਨੂੰ ਤੁਰੰਤ ਬੰਦ ਕਰਨ, ਸ਼ਾਂਤੀ ਦੀ ਬਹਾਲੀ ਅਤੇ ਸਥਾਈ ਸ਼ਾਂਤੀ ਲਈ ਅਰਥਪੂਰਨ ਕਦਮਾਂ ਲਈ ਗੱਲਬਾਤ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਹਾਲ ਹੀ ਵਿੱਚ ਹੋਈ ਹਿੰਸਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਦੋਵਾਂ ਪਾਸਿਆਂ ਦੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ ਹੈ, ਜਿਸ ਕਰਕੇ ਸਥਿਤੀ ਵਿੱਚ ਕੋਈ ਵੀ ਵਾਧਾ ਵਿਨਾਸ਼ਕਾਰੀ ਹੋਵੇਗਾ ਅਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਇਸ ਸੰਘਰਸ਼ ਵਿੱਚ ਫਸਣ ਦੀ ਸੰਭਾਵਨਾ ਹੈ। ਜੰਗ ਦੀ ਬਜਾਏ ਮਸਲੇ ਦਾ ਸੰਵਾਦ ਕਰਨਾ ਚਾਹੀਦਾ ਹੈ ਅਤੇ ਇਸ ਜੰਗ ਨੂੰ ਖਤਮ ਕਰਨ ਲਈ ਯੂ. ਐਨ. ਓ. ਨੂੰ ਤੁਰੰਤ ਦਖਲ ਦੇਣਾ ਚਾਹੀਦਾ ਹੈ ਅਤੇ ਫਲਸਤੀਨੀਆਂ ਦੇ ਜਾਇਜ਼ ਅਧਿਕਾਰਾਂ ਅਤੇ ਇਜ਼ਰਾਈਲ ਅਤੇ ਫਲਸਤੀਨ ਦੇ ਲੋਕਾਂ ਦੀ ਸ਼ਾਂਤੀਪੂਰਨ ਸਹਿ-ਹੋਂਦ ਨੂੰ ਯਕੀਨੀ ਬਣਾ ਕੇ ਸਥਾਈ ਹੱਲ ਲਈ ਦੋਵਾਂ ਧਿਰਾਂ ਵਿਚਕਾਰ ਗੱਲਬਾਤ ਦੀ ਸਹੂਲਤ ਪ੍ਰਦਾਨ ਕਰਨੀ ਚਾਹੀਦੀ ਹੈ।

ਯੂਨਾਇਟਡ ਵੈਲਫ਼ੇਅਰ ਸੁਸਾਇਟੀ ਵੱਲੋਂ ਸੰਦੋਹਾ ਵਿਖੇ ਲਗਾਇਆ 9ਵਾਂ ਖ਼ੂਨਦਾਨ ਕੈਂਪ

ਤਲਵੰਡੀ ਸਾਬੋ, 08 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਅੱਜ ਪਿੰਡ ਸੰਦੋਹਾ ਵਿਖੇ 9ਵਾਂ ਵਿਸ਼ਾਲ ਖ਼ੂਨਦਾਨ ਕੈਂਪ ਅਯੋਜਨ ਕੀਤਾ ਗਿਆ ਜਿਸ ਵਿੱਚ 43 ਖੂਨਦਾਨੀਆਂ ਨੇ ਖ਼ੂਨਦਾਨ ਕੀਤਾ। ਕੈਂਪ ਦਾ ਉਦਘਾਟਨ ਸਰਪੰਚ ਧਰਮ ਸਿੰਘ ਸਿੱਧੂ ਅਤੇ ਤਰਸੇਮ ਸਿੰਘ ਸਿੱਧੂ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਵੱਲੋਂ ਕੀਤਾ ਗਿਆ। ਕੈਂਪ ਬਾਰੇ ਜਣਕਾਰੀ ਦਿੰਦਿਆਂ ਤੇਜਿੰਦਰ ਸਿੰਘ ਸੰਦੋਹਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖ਼ੂਨਦਾਨ ਕੈਂਪ ਬੜੇ ਉਤਸ਼ਾਹ ਨਾਲ ਲਗਾਇਆ ਗਿਆ। ਕੈਂਪ ਵਿੱਚ ਮੌੜ ਮੰਡੀ, ਨੰਗਲਾ, ਬਹਿਣੀਵਾਲ, ਨਵਾਂ ਪਿੰਡ ਅਤੇ ਕਮਾਲੂ ਸਵੈਚ ਆਦ ਪਿੰਡਾਂ ਦੇ ਖ਼ੂਨਦਾਨੀ ਵੀਰਾਂ ਨੇ ਖ਼ੂਨਦਾਨ ਕੀਤਾ। ਸਰਪੰਚ ਧਰਮ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਸੰਸਥਾ 2017 ਦੇ ਬਣੀ ਸੀ ਉਦੋਂ ਤੋਂ ਹੀ ਹਰ ਸਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਹੈ ਤੇ ਅੱਜ ਵੀ ਯੂਨਾਇਟਡ ਵੈਲਫ਼ੇਅਰ ਸੁਸਾਇਟੀ ਬਠਿੰਡਾ ਵਲੋਂ ਕੈਂਪ ਲਗਾਇਆ ਗਿਆ ਜਿਸ ਵਿਚ ਸਿਵਲ ਹਸਪਤਾਲ ਬਠਿੰਡਾ ਦੀ ਬੱਲਡ ਬੈਂਕ ਵੱਲੋਂ 43 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਖੂਨਦਾਨੀ ਸੱਜਣਾਂ ਦੀ ਸਾਂਭ ਸੰਭਾਲ ਯੂਨਾਇਟਡ ਵੈਲਫ਼ੇਅਰ ਸੁਸਾਇਟੀ ਦੇ ਮੈਂਬਰ ਮਨਜੀਤ ਸਿੰਘ ਗੋਰਾ ਕੋਟਸ਼ਮੀਰ ਅਤੇ ਬਖਸ਼ੀਸ਼ ਸਿੰਘ ਨੇ ਕੀਤੀ ਅਤੇ ਖੂਨਦਾਨੀਆਂ ਨੂੰ ਰਫਰੈਸ਼ਮੈਂਟ ਵੀ ਦਿੱਤੀ ਗਈ। ਰੈੱਡ ਕਰਾਸ ਤੋਂ ਨਰੇਸ਼ ਪਠਾਣੀਆ ਅਤੇ ਯੂਨਾਇਟਡ ਵੈਲਫ਼ੇਅਰ ਸੁਸਾਇਟੀ ਦੇ ਬਾਨੀ ਵਿਜੈ ਭੱਟ ਵਿਸੇਸ਼ ਤੌਰ 'ਤੇ ਪਹੁੰਚੇ ਜਿਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਇਸ ਤੋਂ ਇਲਾਵਾ ਰਘੁਵੀਰ ਸਿੰਘ ਕਾਕਾ, ਜਗਸੀਰ ਸਿੰਘ ਮੈਂਬਰ, ਕਾਲਾ ਸਿੰਘ ਮੈਂਬਰ, ਗੁਰਸੇਵਕ ਸਿੰਘ ਸਰਾਂ, ਸੁਖਪਾਲ ਸਿੰਘ ਢਿੱਲੋਂ, ਜਗਦੇਵ ਸਿੰਘ ਸਿੱਧੂ, ਲੱਖਾ ਸਿੰਘ, ਅਮਰੀਕ ਸਿੰਘ ਮਾਨ, ਸੋਨੀ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ ਮਾਨ, ਗੁਰਪਰੀਤ ਸਿੰਘ, ਬੰਟੀ ਸਿੰਘ ਢਿੱਲੋ, ਗੱਗੂ ਸ਼ਰਮਾ, ਡਾ. ਰਾਮ ਸਿੰਘ, ਪ੍ਰਧਾਨ ਸਾਧੂ ਸਿੰਘ ਬੰਗੀ, ਨਸੀਬ ਸਿੰਘ ਮੈਂਬਰ, ਸੁਖਵਿੰਦਰ ਸਿੰਘ ਸਿੱਧੂ ਪਟਵਾਰੀ, ਨਵੀ ਸਿੰਘ ਨੰਬਰਦਾਰ, ਬਲਜੀਤ ਰਚਨਾ ਸਟੂਡੀਓ ਅਤੇ ਡਾ. ਸੰਦੀਪ ਸਿੰਘ ਨੰਗਲਾ ਹਾਜਰ ਸਨ।

ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ ਵੰਡੇ ਆਮ ਲੋਕਾਂ ਨੂੰ 400 ਪੌਦੇ

ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਕੀਤੀ ਅਪੀਲ-
ਬਠਿੰਡਾ, 8 ਅਕਤੂਬਰ (ਗੁਰਜੰਟ ਸਿੰਘ ਨਥੇਹਾ)-
ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਬਠਿੰਡਾ (ਭਾਰਤ ਸਰਕਾਰ ਦਾ ਇੱਕ ਉਪਕਰਨ) ਨੇ ਸਥਾਨਕ ਜੌਗਰ ਪਾਰਕ-ਰੋਜ਼ ਗਾਰਡਨ ਨੇੜੇ ਇੱਕ ਬਹੁਤ ਵਧੀਆ ਵਾਤਾਵਰਣ-ਅਨੁਕੂਲ ਪਹਿਲਕਦਮੀ ਕੀਤੀ। ਇਸ ਸੰਸਥਾ ਨੇ ਮੁਫਤ ਪੌਦੇ ਵੰਡਣ ਦਾ ਸਟਾਲ ਲਗਾਇਆ ਜਿਸ ਦਾ ਸੰਚਾਲਨ ਉਨ੍ਹਾਂ ਦੇ ਖੇਤਰੀ ਪ੍ਰਬੰਧਕ ਸ਼੍ਰੀ ਐਚ.ਐਸ. ਚਾਹਲ ਅਤੇ ਸ੍ਰੀ ਰਮੇਸ਼ ਗੋਇਲ ਸੀਨੀਅਰ ਡਿਵੀਜ਼ਨਲ ਮੈਨੇਜਰ ਅਤੇ ਟੀਮ ਨੇ ‌ਕੀਤਾ। ਇਸ ਮੌਕੇ ਸੰਸਥਾ ਨੇ ਆਮ ਲੋਕਾਂ ਨੂੰ 400 ਪੌਦੇ ਵੰਡੇ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਪੌਦਿਆਂ ਅਤੇ ਰੁੱਖਾਂ ਦੀ ਲੋੜ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਦੌਰਾਨ ਸੰਸਥਾ ਦੇ ਨੁਮਾਇੰਦਿਆਂ ਨੇ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਇਕੱਲਾ ਰੁੱਖ ਲਗਾਉਣਾ ਹੀ ਨਹੀਂ ਸਗੋਂ ਇਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸਾਡੀ ਸਾਰਿਆਂ ਦੀ ਨਿੱਜੀ ਜਿੰਮੇਵਾਰੀ ਹੈ। ਇਸ ਮੌਕੇ ਟੀਮ ਦੇ ਮੈਂਬਰ ਸ਼੍ਰੀ ਪ੍ਰੀਤਮ ਢੀਂਗਰਾ, ਸ਼੍ਰੀ ਐਚ.ਕੇ. ਕਪੂਰ, ਸ਼੍ਰੀ ਅਜੈ ਗੋਇਲ, ਸ਼੍ਰੀ ਸੁਰਜੀਤ ਸਿੰਘ, ਸੁਨੀਲ ਕੁਮਾਰ, ਉਪੇਸ਼, ਮਨਪ੍ਰੀਤ ਅਤੇ ਗੁਰਪ੍ਰੇਮ ‌ਆਦਿ ਹਾਜ਼ਰ ਸਨ।