You are here

ਭਾਕਿਯੂ ਉਗਰਾਹਾਂ ਵੱਲੋਂ 'ਪਿੰਡ ਜਗਾਓ ਪਿੰਡ ਹਿਲਾਓ' ਮੁਹਿੰਮ ਤਹਿਤ ਪ੍ਰੋ. ਬਲਜਿੰਦਰ ਕੌਰ ਘਰ ਮੂਹਰੇ ਧਰਨਾ ਅੱਜ

ਤਲਵੰਡੀ ਸਾਬੋ, 9 ਅਕਤੂਬਰ (ਗੁਰਜੰਟ ਸਿੰਘ ਨਥੇਹਾ)- 'ਪਿੰਡ ਜਗਾਓ ਪਿੰਡ ਹਿਲਾਓ 'ਮੁਹਿੰਮ ਤਹਿਤ 1 ਅਕਤੂਬਰ ਤੋਂ 6 ਅਕਤੂਬਰ ਤੱਕ ਬਲਾਕ ਤਲਵੰਡੀ ਸਾਬੋ ਦੇ ਸਾਰੇ ਪਿੰਡਾਂ ਵਿੱਚ ਰੈਲੀਆਂ ਕਰਕੇ ਨਸ਼ਿਆਂ ਦੇ ਦੋਸ਼ੀ ਕੌਣ ਅਤੇ ਨਸ਼ਿਆਂ ਦੇ ਪੀੜਤ ਕੌਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਵੱਡੇ ਵੱਡੇ ਨਸ਼ਿਆਂ ਦੇ ਤਸਕਰਾਂ ਦੇ ਚਿਹਰੇ ਤੋਂ ਨਕਾਬ ਉਤਾਰ ਕੇ ਲੋਕਾਂ ਦੇ ਸਾਹਮਣੇ ਬੇਨਕਾਬ ਕੀਤਾ ਜਾ ਸਕੇ। ਇਸ ਲਈ ਕਿਸਾਨ ਆਗੂ ਵੱਖ ਵੱਖ ਟੀਮਾਂ ਬਣਾਕੇ ਪ੍ਰਚਾਰ ਕਰ ਰਹੇ ਸਨ। ਇਸ ਮੁਹਿੰਮ ਤਹਿਤ 10 ਅਕਤੂਬਰ ਕੱਲ ਨੂੰ ਸਾਰੇ ਪੰਜਾਬ ਵਿੱਚ ਐਮ ਐਲ ਏ ਦੇ ਰਿਹਾਇਸ਼ਾਂ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧਰਨੇ ਲਗਾਏ ਜਾ ਰਹੇ ਹਨ, ਇਸੇ ਲੜ੍ਹੀ ਤਹਿਤ ਤਲਵੰਡੀ ਸਾਬੋ ਵਿਖੇ ਐਮ ਐਲ ਏ ਤਲਵੰਡੀ ਸਾਬੋ ਬਲਜਿੰਦਰ ਕੌਰ (ਕੈਬਨਿਟ ਵਿਪ) ਦੇ ਪਿੰਡ ਰਾਮ ਤੀਰਥ ਜਗਾ ਵਿਖੇ ਘਰ ਅੱਗੇ ਧਰਨਾ ਲਗਾਇਆ ਜਾ ਰਿਹਾ ਹੈ ਤੇ ਨਸ਼ਿਆਂ ਦੀ ਰੋਕਥਾਮ ਲਈ ਮੰਗ ਪੱਤਰ ਦਿੱਤਾ ਜਾਵੇਗਾ। ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਨੂੰ 11 ਵਜੇ ਲੱਗਣ ਵਾਲੇ ਧਰਨੇ ਸੰਬੰਧੀ ਪੂਰੀ ਤਿਆਰੀ ਕਰ ਲਈ ਹੈ। ਸਾਰੇ ਇੰਤਜ਼ਾਮ ਮੁਕੰਮਲ ਹੋ ਗਏ ਹਨ। ਇਸ ਸਮੇਂ ਜ਼ਿਲ੍ਹਾ ਬਠਿੰਡਾ ਦੇ ਆਗੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੱਲ੍ਹ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਧਰਨੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਜ਼ੋ ਸਰਕਾਰ ਤੇ ਵੱਡਾ ਦਬਾਅ ਬਣਾਇਆ ਜਾ ਸਕੇ ਤੇ ਨਸ਼ਿਆਂ ਦੇ ਵੱਡੇ ਸਮਗਲਰਾਂ ਨੂੰ ਜੇਲ੍ਹ ਭੇਜਿਆ ਜਾ ਸਕੇ।ਇਸ ਸਮੇਂ ਬਲਾਕ ਤਲਵੰਡੀ ਸਾਬੋ ਦੇ ਜਰਨਲ ਸਕੱਤਰ ਕਾਲਾ ਚੱਠੇਵਾਲਾ, ਰਣਜੋਧ ਸਿੰਘ ਮਾਹੀ ਨੰਗਲ, ਜਸਵੀਰ ਸਿੰਘ ਮੌੜ ਤੇ ਜਸਵੀਰ ਸਿੰਘ ਲੇਲੇਵਾਲਾ ਹਾਜ਼ਰ ਸਨ।