You are here

ਪੀ.ਏ.ਯੂ. ਵਿਚ ਨਵੀਆਂ ਸਥਾਨ ਕੇਂਦਰਿਤ ਤਕਨਾਲੋਜੀਆਂ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ

ਲੁਧਿਆਣਾ 9 ਅਕਤੂਬਰ(ਟੀ. ਕੇ.) ਪੀ.ਏ.ਯੂ. ਦੇ ਜੁਆਲੋਜੀ ਵਿਭਾਗ ਵਿਚ ਜੁਆਲੋਜੀਕਲ ਸੁਸਾਇਟੀ ਨੇ ਬੀਤੇ ਦਿਨੀਂ ਨਵੀਆਂ ਭੂ ਸਥਾਨਕ ਤਕਨਾਲੋਜੀਆਂ ਸੰਬੰਧੀ ਇਕ ਵਿਸ਼ੇਸ਼ ਭਾਸ਼ਣ ਕਰਵਾਇਆ| ਇਸ ਭਾਸ਼ਣ ਨੂੰ ਦੇਣ ਲਈ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਦੇ ਖੇਤੀ ਵਾਤਾਵਰਨ ਪ੍ਰਬੰਧ ਦੇ ਸਾਬਕਾ ਮੁਖੀ ਡਾ. ਅਨਿਲ ਸੂਦ ਮੌਜੂਦ ਸਨ| ਨਾਲ ਹੀ ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਸ਼ੰਮੀ ਕਪੂਰ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ|

 ਵਿਭਾਗ ਦੇ ਮੁਖੀ ਡਾ. ਤੇਜਦੀਪ ਕੌਰ ਕਲੇਰ ਨੇ ਮਹਿਮਾਨ ਬੁਲਾਰੇ ਦਾ ਸਵਾਗਤ ਕਰਦਿਆਂ ਉਹਨਾਂ ਬਾਰੇ ਜਾਣਕਾਰੀ ਦਿੱਤੀ| ਇਸਦੇ ਨਾਲ ਹੀ ਉਹਨਾਂ ਨੇ ਸੀਨੀਅਰ ਜੀਵ ਵਿਗਿਆਨੀ ਡਾ. ਬੀ ਕੇ ਬੱਬਰ ਦੀ ਜਾਣ-ਪਛਾਣ ਵੀ ਕਰਵਾਈ|

 ਜੀਵ ਵਿਗਿਆਨੀ ਡਾ. ਰਾਜਵਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ| ਆਪਣੀ ਗੱਲਬਾਤ ਦੌਰਾਨ ਡਾ. ਅਨਿਲ ਸੂਦ ਨੇ ਵਿਦਿਆਰਥੀਆਂ ਨੂੰ ਰਿਮੋਟ ਸੈਂਸਿੰਗ, ਜੀ ਪੀ ਐੱਸ ਅਤੇ ਜੀ ਆਈ ਐੱਸ ਤਕਨਾਲੋਜੀਆਂ ਦੀ ਵਰਤੋਂ ਕਰਕੇ ਭੂਮੀ ਦੀ ਪੈਮਾਇਸ਼, ਫਸਲਾਂ ਦੇ ਖਰਾਬੇ ਅਤੇ ਰਹਿੰਦ-ਖੂੰਹਦ ਸਾੜਨ ਆਦਿ ਦੀ ਨਿਗਰਾਨੀ ਬਾਰੇ ਜਾਣਕਾਰੀ ਦਿੱਤੀ| ਉਹਨਾਂ ਨੇ ਇਸ ਤੋਂ ਇਲਾਵਾ ਆਰਟੀਫੀਸ਼ੀਅਲ ਇੰਟੈਲੀਜੈਂਸ, ਖੇਤੀ ਵਿਚ ਰੋਬੋਟ ਦੀ ਵਰਤੋਂ ਅਤੇ ਫਸਲਾਂ ਦੀ ਹਾਲਤ ਦੇ ਜਾਇਜੇ ਲਈ ਡਰੋਨਾਂ ਦੀ ਵਰਤੋਂ ਆਦਿ ਨਵੀਆਂ ਭੂ ਸਥਾਨਕ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ|

 ਡਾ. ਸ਼ੰਮੀ ਕਪੂਰ ਨੇ ਜਾਣਕਾਰੀ ਭਰਪੂਰ ਭਾਸ਼ਣ ਲਈ ਬੁਲਾਰੇ ਦਾ ਸਵਾਗਤ ਕੀਤਾ| ਉਹਨਾਂ ਕਿਹਾ ਕਿ ਬਿਹਤਰ ਸਿੱਟਿਆਂ ਲਈ ਇਹਨਾਂ ਤਕਨਾਲੋਜੀਆਂ ਨੂੰ ਲਾਗੂ ਕਰਨਾ ਅੱਜ ਦੇ ਸਮੇਂ ਦੀ ਲੋੜ ਹੈ|