ਸੈਸ਼ਨ 2024-25 ਤਹਿਤ ਜਮਾਤ ਨੌਵੀਂ ਅਤੇ ਗਿਆਰਵੀਂ ਵਿੱਚ ਖਾਲੀ ਪਈਆਂ ਸੀਟਾਂ ਲਈ ਪ੍ਰੀਖਿਆ ਲਈ ਜਾਣੀ ਹੈ
ਲੁਧਿਆਣਾ, 9 ਅਕਤੂਬਰ (ਟੀ. ਕੇ. ) - ਜਵਾਹਰ ਨਵੋਦਿਆ ਵਿਦਿਆਲਿਆ ਲੁਧਿਆਣਾ ਵਿੱਚ ਵਿਦਿਅਕ ਸੈਸ਼ਨ 2024-25 ਤਹਿਤ ਜਮਾਤ ਨੌਵੀਂ ਅਤੇ ਗਿਆਰਵੀਂ ਵਿੱਚ ਖਾਲੀ ਪਈਆਂ ਸੀਟਾਂ ਲਈ ਪ੍ਰੀਖਿਆ ਲਈ ਜਾਣੀ ਹੈ। ਦਾਖਲੇ ਲਈ ਮਿਤੀ 10 ਫ਼ਰਵਰੀ 2024 ਨੂੰ ਹੋਣ ਵਾਲੀ ਪ੍ਰੀਖਿਆ ਲਈ, ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ 31 ਅਕਤੂਬਰ 2023 ਨਿਰਧਾਰਿਤ ਕੀਤੀ ਗਈ ਹੈ।
ਜਵਾਹਰ ਨਵੋਦਿਆ ਵਿਦਿਆਲਿਆ, ਧਨਾਨਸੂ ਦੇ ਪ੍ਰਿੰਸੀਪਲ ਨੀਸ਼ੂ ਗੋਇਲ ਵਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਦਾਖਲਾ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈੱਬਸਾਈਟ (www.navodaya.gov.in) ਜਾਂ ਜਵਾਹਰ ਨਵੋਦਿਆ ਵਿਦਿਆਲਿਆ ਲੁਧਿਆਣਾ ਦੀ ਵੈੱਬ ਸਾਈਟ 'ਤੇ (https://navodaya.gov.in/nvs/nvs-school/Ludhiana/en/home/) ਜਾ ਕੇ ਮੁਫ਼ਤ ਭਰੇ ਜਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਜਮਾਤ ਨੌਵੀਂ ਲਈ ਫਾਰਮ ਭਰਨ ਦੇ ਚਾਹਵਾਨ ਵਿਦਿਆਰਥੀ ਜ਼ਿਲ੍ਹੇ ਦਾ ਪੱਕਾ ਵਸਨੀਕ ਹੋਵੇ ਅਤੇ ਜ਼ਿਲ੍ਹੇ ਦੇ ਨਾਲ਼ ਸਬੰਧਤ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2023 ਦੌਰਾਨ ਜਮਾਤ ਅੱਠਵੀਂ ਵਿਚ ਪੜ੍ਹਦਾ ਹੋਵੇ। ਇਸ ਤੋਂ ਇਲਾਵਾ ਵਿਦਿਆਰਥੀ ਦੀ ਉਮਰ ਹੱਦ 01-05-2009 ਤੋਂ 31-07-2011 ਦੇ ਵਿਚਕਾਰ (ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ।
ਪ੍ਰਿੰਸੀਪਲ ਨੀਸ਼ੂ ਗੋਇਲ ਨੇ ਦੱਸਿਆ ਕਿ ਜਮਾਤ ਗਿਆਰਵੀਂ ਲਈ ਫਾਰਮ ਭਰਨ ਦੇ ਚਾਹਵਾਨ ਵਿਦਿਆਰਥੀ ਦੀ ਰਿਹਾਇਸ਼ ਅਤੇ ਸਕੂਲ ਦਾ ਜ਼ਿਲ੍ਹਾ ਜੇਕਰ ਇਕੋ ਹੀ ਹੈ ਤਾਂ ਹੀ ਉਮੀਦਵਾਰ ਨੂੰ ਜ਼ਿਲ੍ਹਾ ਪੱਧਰੀ ਮੈਰਿਟ ਲਈ ਵਿਚਾਰਿਆ ਜਾਵੇਗਾ। ਉਮੀਦਵਾਰ ਕਿਸੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਵਿਚ ਸਾਲ 2023-24 (ਅਪ੍ਰੈਲ 2023 ਤੋਂ ਮਾਰਚ-2024) ਦੌਰਾਨ ਜਮਾਤ ਦਸਵੀਂ ਵਿਚ ਪੜ੍ਹਦਾ ਹੋਵੇ ਅਤੇ ਉਸਦੀ ਦੀ ਉਮਰ 01-06-2007 ਤੋਂ 31-07-2009 ਦੇ ਵਿਚਕਾਰ (ਦੋਨੋਂ ਮਿਤੀਆਂ ਸ਼ਾਮਲ) ਹੋਣੀ ਚਾਹੀਦੀ ਹੈ।