ਪੈਨਸ਼ਨਰਜ਼ - ਮੁਲਾਜ਼ਮ ਸਾਂਝੇ ਫ਼ਰੰਟ ਵੱਲੋਂ ਸਰਕਾਰ ਖ਼ਿਲਾਫ਼ ਚੰਡੀਗੜ੍ਹ 'ਚ ਮਹਾਂ ਰੈਲੀ 14 ਅਕਤੂਬਰ ਨੂੰ
ਲੁਧਿਆਣਾ, 24 ਸਤੰਬਰ (ਟੀ. ਕੇ.) - ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸਿੰਘ ਵੱਲੋਂ ਪੈਨਸ਼ਨਰ ਭਵਨ ਲੁਧਿਆਣਾ ਵਿਖੇ ਸੂਬਾ ਪੱਧਰੀ ਕੰਨਵੈਨਸ਼ਨ ਕੀਤੀ ਗਈ, ਜਿਸ ਵਿੱਚ ਸਮੁੱਚੇ ਪੰਜਾਬ ਵਿਚੋਂ ਵੱਖ ਵੱਖ ਸਮੂਹ ਯੂਨਿਟ ਦੇ 294 ਡੈਲੀਗੇਟ ਸ਼ਾਮਲ ਹੋਏ। ਇਸ ਮੌਕੇ ਕਨਵੈਨਸ਼ਨ ਦੇ ਸ਼ੁਰੂ ਵਿੱਚ ਜਥੇਬੰਦੀ ਦੇ ਵਿਛੜ ਗਏ ਆਗੂ ਮਹਾਂ ਸੰਘ ਦੇ ਪ੍ਰਧਾਨ ਸ੍ਰੀ ਪ੍ਰੇਮ ਸਾਗਰ ਸ਼ਰਮਾ, ਪੈਨਸ਼ਨਰ ਜੁਆਇੰਟ ਫਰੰਟ ਦੇ ਕਨਵੀਨਰ ਸ੍ਰੀ ਠਾਕਰ ਸਿੰਘ, ਦੇਸ਼ ਦੀ ਸੁਰੱਖਿਆ ਕਰਦੇ ਸ਼ਹੀਦ ਹੋਏ ਸੈਨਾ ਦੇ ਜਵਾਨ ਅਤੇ ਮਹਾਂ ਸਿੰਘ ਦੇ ਵੱਖ ਵੱਖ ਯੂਨਿਟਾਂ ਦੇ ਆਗੂਆਂ ਅਤੇ ਮੈਂਬਰਾਂ ਨੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸਿੰਘ ਦੇ ਜਨਰਲ ਸਕੱਤਰ ਅਤੇ ਟਰੇਡ ਯੂਨੀਅਨ ਲਹਿਰ ਦੇ ਬਾਬਾ ਬੋਹੜ ਰਣਬੀਰ ਸਿੰਘ ਢਿੱਲੋਂ ਵੱਲੋਂ ਕਨਵੈਨਸ਼ਨ ਦਾ ਰਸਮੀ ਉਦਘਾਟਨ ਕੀਤਾ ਗਿਆ ਜਦ ਕਿ ਵਰਕਿੰਗ ਜਨਰਲ ਸਕੱਤਰ ਬੀ.ਐਸ. ਸੇਖੋਂ ਨੇ ਕਨਵੈਨਸ਼ਨ ਦਾ ਉਦੇਸ਼ ਸਪਸ਼ਟ ਕਰਦੇ ਹੋਏ ਵਿਸਥਾਰਪੂਰਬਕ ਅਜੰਡਾ ਪੇਸ਼ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਡਾ: ਐਨ.ਕੇ. ਕਲਸੀ ਵਲੋਂ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਵੱਖ ਵੱਖ ਯੂਨਿਟਾਂ ਅਤੇ ਭਰਾਤਰੀ / ਸਹਿਯੋਗੀ ਜਥੇਬੰਦੀਆਂ ਦੀ ਸਮੂਹ ਸੂਝਵਾਨ ਲੀਡਰਸ਼ਿਪ ਦਾ ਸਵਾਗਤ ਕੀਤਾ ਗਿਆ ਅਤੇ ਪੈਨਸ਼ਨਰਾਂ ਦੀ ਧਿਰ ਨੂੰ 8 ਸਾਲਾਂ ਤੋਂ ਲਮਕਾਅ ਅਵਸਥਾ ਵਿੱਚ ਪਈਆਂ ਮੰਗਾਂ ਦਾ ਵਿਸਤਾਰ ਪੂਰਵਕ ਵੇਰਵਾ ਦਿੰਦੇ ਹੋਏ ਪੰਜਾਬ ਸਰਕਾਰ ਦੇ ਨਾਂ ਭੇਜੇ ਗਏ ਮੰਗ ਪੱਤਰਾਂ ਅਤੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਅਤੇ ਪੰਜਾਬ ਮੁਲਾਜ਼ਮ - ਪੈਨਸ਼ਨਰਜ਼ ਸਾਝਾਂ ਫਰੰਟ ਵਲੋਂ ਕੀਤੇ ਜਾ ਰਹੇ ਸੰਘਰਸ਼ਾਂ ਦੀ ਵਿਸਥਾਰ ਸਹਿਤ ਰਿਪੋਰਟਿੰਗ ਕੀਤੀ ਅਤੇ ਮਹਾ ਸੰਘ ਵਿੱਚ ਸ਼ਾਮਲ ਹੋਏ ਨਵੇਂ ਯੂਨਿਟ ਦੀ ਲੀਡਰਸ਼ਿਪ ਦਾ ਹਾਰ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਨੂੰ ਟਰੇਡ ਯੂਨੀਅਨ - ਪੈਨਸ਼ਨਰਜ਼ ਮਹਾ ਸੰਘ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਲਾਈਫ ਟਾਈਮ ਅਚੀਵਮੈਂਟ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ । ਇਸ ਉਪਰੰਤ ਸਮੂਹ ਯੂਨਿਟ ਦੀ ਲੀਡਰਸ਼ਿਪ ਵੱਲੋਂ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਰੱਜ ਕੇ ਭੜਾਸ ਕੱਢੀ ਅਤੇ ਕਿਹਾ ਕਿ ਆਪਣੀ ਜਿੰਦਗੀ ਦੇ ਆਖਰੀ ਪੜਾਅ ਵਿੱਚ ਗੁਜਾਰਦੇ ਹੋਏ ਲਾਚਾਰ ਅਤੇ ਬੇਸਹਾਰਾ ਪੈਨਸ਼ਨਰਾਂ ਦੀਆਂ ਸੰਵਿਧਾਨਕ ਮੰਗਾਂ ਨਾ ਮੰਨ ਕੇ ਸਰਕਾਰ ਬਜ਼ੁਰਗ ਪੈਨਸ਼ਨਰਾਂ ਨਾਲ ਧ੍ਰੋਹ ਕਮਾ ਰਹੀ ਹੈ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਪੈਨਸ਼ਨ ਅਤੇ ਡੀ .ਏ. ਦੇ ਬਕਾਏ ਦੀ ਉਡੀਕ ਵਿੱਚ ਕਰੀਬ 35000 ਪੈਨਸ਼ਨਰਜ਼ ਸਵਰਗਵਾਸ ਹੋ ਗਏ ਹਨ ਪਰੰਤੂ ਪੰਜਾਬ ਸਰਕਾਰ ਆਪਣੀ ਜਿੱਦ ਕਾਰਨ ਮੰਗਾਂ ਮੰਨਣ ਲਈ ਟੱਸ ਤੋਂ ਮੱਸ ਨਹੀਂ ਹੋ ਰਹੀ।ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਦੀ ਸਰੀਰਕ ਅਤੇ ਵਿੱਤੀ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਪੇਅ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਮਿਤੀ 01.01 2016 ਤੋਂ ਪਹਿਲਾਂ ਦੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ 2.59 ਦੇ ਗੁਣਾਂਕ ਨਾਲ ਤੁਰੰਤ ਸੋਧੀਆਂ ਜਾਣ, ਕੌਮੀ ਅਧਾਰ 'ਤੇ ਪੈਨਸ਼ਨਾਂ ਸੰਬੰਧੀ ਸਬੰਧੀ ਲੋੜੀਂਦਾ ਸਪਸ਼ਟਕਰਨ ਜਾਰੀ ਕੀਤਾ ਜਾਵੇ, ਮਿਤੀ 01.01.2018 ਤੋਂ 30. 06. 2021. ਤੱਕ ਦਾ ਬਕਾਇਆ ਦਿੱਤਾ ਜਾਵੇ, ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ ਦਿੱਤਾ ਜਾਵੇ, ਕੌਂਸਲ ਹੈਲਥ ਸਕੀਮ ਲਾਗੂ ਕੀਤੀ ਜਾਵੇ ਅਤੇ ਬਾਕੀ ਸੰਵਿਧਾਨ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ । ਇਸ ਮੌਕੇ ਸੰਘ ਵਲੋਂ ਸਰਕਾਰ ਨੂੰ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਹੁਣ ਪੈਨਸ਼ਨਰਾਂ ਦੇ ਸਬਰ ਦਾ ਪਿਆਲਾ ਟੁੱਟ ਚੁੱਕਿਆ ਹੈ। ਜੇਕਰ ਹੁਣ ਹੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਗੌਰਮਿੰਟ ਪੈਨਸ਼ਨਰਜ ਜੁਆਇੰਟ ਫਰੰਟ ਅਤੇ ਪੰਜਾਬ ਮੁਲਾਜ਼ਮ - ਪੈਨਸ਼ਨਰਜ ਸਾਂਝਾਂ ਫਰੰਟ ਨਾਲ ਤਾਲ ਮੇਲ ਕਰਕੇ ਸਰਕਾਰ ਨਾਲ ਆਰ-ਪਾਰ ਦਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਇਕ ਮਤਾ ਪਾਸ ਕੀਤਾ ਗਿਆ ਜਿਸ ਵਿਚ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਹੜਤਾਲ ਨੂੰ ਦਬਾਉਣ ਲਈ ਲਗਾਏ ਐਸਮਾ ਕਾਨੂੰਨ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਐਸਮਾ ਵਾਪਸ ਲਿਆ ਜਾਵੇ। ਕਨਵੈਨਸ਼ਨ ਦੇ ਆਖੀਰ ਵਿੱਚ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਾਥੀ ਹਰਪ੍ਰੀਤ ਇੰਦਰ ਸਿੰਘ ਨੇ ਕਨਵੈਨਸ਼ਨ ਦੀ ਕਾਮਯਾਬੀ ਲਈ ਸਵਾਗਤੀ ਕਮੇਟੀ ਪੈਨਸ਼ਨਰਜ਼ ਇਨਫਰਮੇਸ਼ਨ ਸੈਂਟਰ ਦੇ ਚੇਅਰਮੈਨ ਦਲੀਪ ਸਿੰਘ ਅਤੇ ਸੁਸ਼ੀਲ ਕੁਮਾਰ, ਡਾ: ਮਹਿੰਦਰ ਕੁਮਾਰ ਮਾਰਦਾ, ਪਵਿੱਤਰ ਸਿੰਘ ਲਖਬੀਰ ਸਿੰਘ ਭੱਟੀ ਅਤੇ ਸਮੂਹ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਡੈਲੀਗਟ / ਲੀਡਰਸ਼ਿਪ ਦਾ ਧੰਨਵਾਦ ਕੀਤਾ ।ਇਸ ਮੌਕੇ ਹੋਰਨਾਂ ਆਗੂਆਂ ਤੋਂ ਇਲਾਵਾ ਦਲੀਪ ਸਿੰਘ ਚੇਅਰਮੈਨ, ਸੁਸ਼ੀਲ ਕੁਮਾਰ, ਜਰਨੈਲ ਸਿੰਘ ਸਿੱਧੂ, ਜਸਵੰਤ ਸਿੰਘ, ਅਵਤਾਰ ਸਿੰਘ ਲੋਹੀ ਮਾਜਰਾ, ਗੁਰਨਾਮ ਸਿੰਘ ਔਲਖ, ਜਗਦੀਸ਼ ਚੰਦਰ ਸ਼ਰਮਾ,
ਅਤੇ ਰਾਮ ਸਿੰਘ ਕਾਲੜਾ ਨੇ ਵੀ ਸੰਬੋਧਨ ਕੀਤਾ ।