You are here

ਖੇਡਾਂ ਵਤਨ ਪੰਜਾਬ ਦੀਆਂ-2023 

ਜ਼ਿਲ੍ਹਾ ਪੱਧਰੀ ਮੁਕਾਬਲੇ 30 ਸਤੰਬਰ ਤੋਂ 05 ਅਕਤੂਬਰ ਤੱਕ ਵੱਖ-ਵੱਖ ਖੇਡ ਮੈਦਾਨਾਂ 'ਚ ਕਰਵਾਏ ਜਾਣਗੇ 
ਲੁਧਿਆਣਾ, 27 ਸਤੰਬਰ (ਟੀ. ਕੇ. )
- ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ 30 ਸਤੰਬਰ ਤੋਂ 5 ਅਕਤੂਬਰ,  ਤੱਕ ਵੱਖ-ਵੱਖ ਉਮਰ ਵਰਗ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾਣਗੇ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਹ ਮੁਕਾਬਲੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਖੇਡ ਮੈਦਾਨਾਂ, ਇੰਡੋਰ ਬੈਡਮਿੰਟਨ ਹਾਲ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ, ਗੁਰੂ ਨਾਨਕ ਸਟੇਡੀਅਮ ਲੁਧਿਆਣਾ ਦੇ ਮਲਟੀਪਰਪਜ ਹਾਲ, ਸਾਸ਼ਤਰੀ ਹਾਲ ਵਿਖੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਰਕਾਰੀ ਕਾਲਜ ਲੜਕੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਾਹਨੇਵਾਲ, ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ, ਨਰੇਸ਼ ਚੰਦਰ ਸਟੇਡੀਅਮ ਖੰਨਾ, ਕਿਸ਼ੋਰੀ ਲਾਲ ਜੇਠੀ ਸੀਨੀਅਰ ਸੈਕੰਡਰੀ ਸਕੂਲ, ਖੰਨਾ, ਬੀ.ਵੀ.ਐਮ. ਸਕੂਲ, ਊਧਮ ਸਿੰਘ ਨਗਰ, ਲੁਧਿਆਣਾ, ਏਸ ਲਾਅਨ ਟੈਨਿਸ ਅਕੈਡਮੀ, ਸਰਾਭਾ ਨਗਰ, ਸੈਕਰਡ ਸੋਲ ਕਾਨਵੈਂਟ ਸਕੂਲ, ਧਾਂਦਰਾ ਵਿਖੇ ਖੇਡਾਂ ਕਰਵਾਈਆਂ ਜਾਣਗੀਆਂ। ਸਵਿਮਿੰਗ ਦੇ ਮੁਕਾਬਲੇ ਨਗਰ ਨਿਗਮ ਪੂਲ, ਲੁਧਿਆਣਾ ਵਿਖੇ ਹੋਣਗੇ।
 ਬਰਾੜ ਨੇ ਅੱਗੇ ਦੱਸਿਆ ਕਿ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ ਖੇਡਾਂ ਦੀ ਸਿਲੈਕਸ਼ਨ ਬਲਾਕ ਪੱਧਰੀ ਖੇਡਾਂ ਵਿੱਚੋਂ ਪਹਿਲਾਂ ਹੀ ਹੋ ਚੁੱਕੀ ਹੈ। ਬਾਕੀ ਖੇਡਾਂ ਦੀ ਆਨਲਾਈਨ ਐਂਟਰੀ ਅਤੇ ਆਫਲਾਈਨ ਐਂਟਰੀ ਲੈ ਕੇ ਟੂਰਨਾਂਮੈਂਟ ਕੰਡਕਟ ਕਰਵਾਇਆ ਜਾਵੇਗਾ।

ਜ਼ਿਲ੍ਹਾ ਖੇਡ ਅਫਸਰ  ਬਰਾੜ ਨੇ ਦੱਸਿਆ ਕਿ ਜਿਲ੍ਹਾ ਪ੍ਰਸਾਸਨ ਦੀ ਮਦਦ ਨਾਲ ਇਸ ਜਿਲ੍ਹਾ ਪੱਧਰੀ ਟੂਰਨਾਂਮੈਂਟ ਦੀਆਂ ਤਿਆਰੀਆਂ ਮੁੰਕਮਲ ਹੋ ਚੁੱਕੀਆਂ ਹਨ ਅਤੇ ਇਨ੍ਹਾਂ ਖੇਡਾਂ ਵਿੱਚ ਖੇਡ ਵਿਭਾਗ ਦੇ ਕੋਚਾਂ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਕਾਰੀ ਬਲਾਕ ਪੱਧਰ ਵਾਂਗ ਹੀ ਇਸ ਟੂਰਨਾਂਮੈਂਟ ਨੂੰ ਕੰਡਕਟ ਕਰਵਾਉਣ ਲਈ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾ ਖਿਡਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਟੂਰਨਾਂਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣਾ ਅਧਾਰ ਕਾਰਡ, ਜਨਮ ਮਿਤੀ ਦਾ ਸਰਟੀਫਿਕੇਟ ਸਬੂਤ ਦੇ ਤੌਰ 'ਤੇ ਖੇਡ ਵੈਨਿਯੂ 'ਤੇ ਲੈ ਕੇ ਆਉਣਾ ਯਕੀਨੀ ਬਣਾਉਣ।